ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੨)

Giani Sant Singh ji Maskeen · ਕਥਾ ਅਤੇ ਲੈਕਚਰ · ੧੯ / ੩੧੨

ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੨) ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥
(ਪੰਨਾ ੩੩੪) ਜਦ ਵੀ ਕੋਈ ਉਸਦੀ ਤਹਿ ਦਾ ਅੰਤ ਭਾਲਣ ਜਾਂਦਾ ਹੈ, ਉਸਦਾ ਹੀ ਰੂਪ ਹੋ ਜਾਂਦਾ ਹੈ। ਉਸ ਵਿਚ ਇਸ ਤਰ੍ਹਾਂ ਗਲ ਜਾਂਦਾ ਹੈ ਜਿਵੇਂ ਨਮਕ ਦਾ ਢੇਲਾ ਸਾਗਰ ਵਿਚ ਗਲ ਗਿਆ ਸੀ। ਉਸਦਾ ਚਿੰਤਨ ਕਰਨ ਵਾਲਾ ਹੂਬਹੂ ਉਸਦਾ ਰੂਪ ਹੋ ਜਾਂਦਾ ਹੈ। ਬੂੰਦ ਸਾਗਰ ਵਿਚ ਲੀਨ ਹੋ ਜਾਂਦੀ ਹੈ। ਫਿਰ ਬਾਹਰ ਨਿਕਲ ਕੇ ਉਹ ਕਹਿਣ ਜੋਗੀ ਨਹੀਂ ਰਹਿੰਦੀ ਕਿ ਸਾਗਰ ਕਿਤਨਾ ਕੁ ਵਿਸ਼ਾਲ ਹੈ। ਉਹ ਕਿੰਨਾ ਕੁ ਵੱਡਾ ਹੈ। ਸਾਹਿਬ ਕਹਿੰਦੇ ਹਨ-“ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥” ਨਦੀਆਂ ਤੇ ਛੋਟੇ ਛੋਟੇ ਵਾੜੇ ਜਦ ਸਮੁੰਦਰ ਵਿਚ ਲੀਨ ਹੋ ਜਾਂਦੇ ਹਨ ਤਾਂ ਫਿਰ ਸਾਗਰ ਵਿਚੋਂ ਉਨ੍ਹਾਂ ਦੀ ਹੋਂਦ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਕਿਵੇਂ ਕਹਿ ਸਕਾਂਗੇ ਕਿ ਇਸ ਵਿਚ ਗੰਗਾ ਦਾ ਜਲ ਕਿਹੜਾ ਹੈ, ਜਮਨਾ ਦਾ ਜਲ ਕਿਹੜਾ ਹੈ, ਨਰਬਦਾ ਦਾ ਪਾਣੀ ਕਿਹੜਾ ਹੈ। ਇਸ ਵਿਚ ਬਿਆਸ ਕਿਹੜਾ ਹੈ, ਸਤਲੁਜ ਦਾ ਪਾਣੀ ਕਿਹੜਾ ਹੈ, ਚਨਾਬ ਦਾ ਪਾਣੀ ਕਿਹੜਾ ਹੈ। ਇਹ ਤਾਂ ਸਾਗਰ ਹੀ ਸਾਗਰ ਹੈ। ਚਨਾਬ ਖੋਹ ਗਿਆ ਹੈ, ਸਤਲੁਜ ਖੋਹ ਗਿਆ ਹੈ। ਉੱਥੇ ਜਮਨਾ ਤੇ ਗੰਗਾ ਵੀ ਖੋਹ ਗਈ ਹੈ। ਠੀਕ ਇਸੇ ਤਰ੍ਹਾਂ ਜਦ ਕੋਈ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ, ਮਜ਼ਹਬ ਖੋਹ ਜਾਂਦੇ ਹਨ, ਜਾਤ ਪਾਤ ਖੋਹ ਜਾਂਦੇ ਹਨ, ਭਾਸ਼ਾ ਦੇ ਵਿਤਕਰੇ ਖੋਹ ਜਾਂਦੇ ਜਨ, ਪ੍ਰਾਂਤ ਦਾ ਮੋਹ ਖੋਹ ਜਾਂਦਾ ਹੈ। ਉੱਥੇ ਤਾਂ ਪਰਮਾਤਮਾ ਦੇ ਵਿਚ ਉਹ ਹੁੰਦਾ ਹੈ ਤੇ ਪਰਮਾਤਮਾ ਉਹਦੇ ਵਿਚ ਹੋ ਜਾਂਦਾ ਹੈ। ਬਾਕੀ ਸਭ ਕੁਛ ਮਿਟ ਜਾਂਦਾ ਹੈ। ਬਾਕੀ ਸਭ ਕੁਛ ਖੋਹ ਜਾਂਦਾ ਹੈ। ਜੈਸੇ ਨਦੀਆਂ ਸਾਗਰ ਵਿਚ ਲੀਨ ਹੋ ਕੇ ਆਪਣਾ ਨਾਮ ਖੋਹ ਬੈਠਦੀਆਂ ਹਨ, ਆਪਣਾ ਰੂਪ ਖੋਹ ਬੈਠਦੀਆਂ ਹਨ, ਆਪਣਾ ਆਕਾਰ ਖੋਹ ਬੈਠਦੀਆਂ ਹਨ, ਉਹ ਸਾਗਰ ਦਾ ਹੀ ਰੂਪ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਕੇ ਸੰਤ ਜਨ ਆਪਣੀ ਜਾਤ ਪਾਤ ਮਿਟਾ ਦਿੰਦੇ ਹਨ। ਭਾਸ਼ਾ, ਮਨੁੱਖਾਂ ਦੇ ਭੇਦ ਮਾਣ ਮਿਟਾ ਦਿੰਦੇ ਹਨ। ਸਮਗ੍ਰ ਸੰਸਾਰ ਉਨ੍ਹਾਂ ਦੀ ਵਿਰਾਸਤ ਬਣ ਜਾਂਦਾ ਹੈ। ਉਹ ਪਰਮਾਤਮਾ ਦੇ ਵਿਚ ਲੀਨ ਹੋ ਜਾਂਦੇ ਹਨ ਪਰਮਾਤਮਾ ਉਨ੍ਹਾਂ ਵਿਚ ਲੀਨ ਹੋ ਜਾਂਦਾ ਹੈ। ਉਨ੍ਹਾਂ ਨੂੰ ਸਾਰਾ ਜਗਤ ਆਪਣਾ ਹੀ ਵਿਖਾਈ ਦਿੰਦਾ ਹੈ: ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
(ਅੰਗ ੬੭੧) ਸਮੂਹ ਜਗਤ ਮਿੱਤਰ ਦਿਖਾਈ ਦਿੰਦਾ ਹੈ। ਫਿਰ ਸਮੂਹ ਜਗਤ ਦੇ ਭਲੇ ਮੰਗਣ ਦੀ ਭਾਵਨਾ ਵੀ ਅੰਦਰ ਪੈਦਾ ਹੋ ਜਾਂਦੀ ਹੈ। ਇਸੀ ਤਲ ’ਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਸੀ-“ਨਾਨਕ ਨਾਮੁ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ॥” ਹੇ ਈਸ਼ਵਰ! ਭਾਣਾ ਤਾਂ ਤੇਰਾ ਹੈ, ਰਜ਼ਾ ਤਾਂ ਤੇਰੀ ਹੈ, ਹੁਕਮ ਤਾਂ ਤੇਰਾ ਹੈ, ਇੰਤਜ਼ਾਰ ਮੇਰੀ ਹੈ, ਅਰਦਾਸ ਮੇਰੀ ਹੈ ਕਿ ਮੈਂ ਤੇਰੇ ਪਾਸੋਂ ਸਾਰਿਆਂ ਦਾ ਹੀ ਭਲਾ ਮੰਗਦਾ ਹਾਂ, ਸਾਰਿਆਂ ਦੀ ਨੇਕ-ਨਾਮੀ ਮੰਗਦਾ ਹਾਂ, ਸਾਰਿਆਂ ਦਾ ਫਾਇਦਾ ਮੰਗਦਾ ਹਾਂ। ਸਾਰੇ ਹੀ ਮੈਨੂੰ ਮਿੱਤਰ ਦਿਖਾਈ ਦਿੰਦੇ ਹਨ। ਹੁਣ ਤਾਂ: ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥
(ਅੰਗ ੧੨੯੯) ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥
ਇਥੇ ਇਕ ਸਵਾਲ ਖੜਾ ਹੋ ਜਾਏਗਾ ਕਿ ਜਿਹੜੇ ਲੀਨ ਹੋ ਗਏ, ਜਾਤ ਮਿਟ ਗਈ, ਪਾਤ ਮਿਟ ਗਈ, ਮਜ਼੍ਹਬ ਮਿਟ ਗਿਆ, ਦੇਹੀ ਦਾ ਮਾਣ ਮਿਟ ਗਿਆ, ਧਨ ਦਾ ਮਾਣ ਮਿਟ ਗਿਆ ਤਾਂ ਰਿਹਾ ਕੀ? ਉਨ੍ਹਾਂ ਕੋਲ ਫਿਰ ਕੀ ਰਹਿ ਗਿਆ? ਫਿਰ ਤਾਂ ਕੁਛ ਵੀ ਨਹੀਂ ਰਿਹਾ। ਆਖਿਰ ਜਗਤ ਵਿਚ ਲੋਕੀਂ ਜਾਤ ਦੇ ਮਾਣ ਕਰਕੇ, ਮੁਲਕ ਦੇ ਮਾਣ ਕਰਕੇ, ਭਾਸ਼ਾ ਦੇ ਮਾਣ ਕਰਕੇ, ਮਜ਼੍ਹਬ ਦੇ ਮਾਣ ਕਰਕੇ, ਰੰਗ ਰੂਪ ਦੇ ਮਾਣ ਕਰਕੇ, ਧਨ ਸੰਪਦਾ ਦੇ ਮਾਣ ਕਰਕੇ ਜਿਉਂਦੇ ਹਨ। ਜਦੋਂ ਇਹ ਸਭ ਕੁਛ ਨਸ਼ਟ ਹੋ ਗਿਆ ਤਾਂ ਫਿਰ ਕੀ ਪ੍ਰਾਪਤ ਹੋਇਆ। ਇਸ ਸੰਬੰਧ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਸੁੰਦਰ ਤੇ ਮਿਠੜੇ ਬੋਲ-“ਸਮੂੰਦ ਸਾਹ ਸੁਲਤਾਨ ਸੇਤੀ ਮਾਲੁ ਧਨੁ॥” ਕੋਈ ਮਨੁੱਖ ਇਤਨੇ ਵੱਡੇ ਇਲਾਕੇ ਦਾ ਬਾਦਸ਼ਾਹ ਹੋਵੇ, ਜਿਤਨਾ ਕਿ ਧਰਤੀ ਉੱਤੇ ਸਮੁੰਦਰ ਦਾ ਪਾਣੀ ਹੈ। ਖੋਜੀ ਕਹਿੰਦੇ ਹਨ ਕਿ ਧਰਤੀ ਦੇ ਖੇਤਰਫਲ ਵਿਚ ਤਿੰਨ ਹਿੱਸੇ ਪਾਣੀ ਹੈ, ਇਕ ਹਿੱਸਾ ਠੋਸ ਜਮੀਨ ਹੈ। ਇਸਦਾ ਮਤਲਬ ਹੈ ਠੋਸ ਜਮੀਨ ਨਾਲੋਂ ਕਈ ਗੁਣਾ ਜ਼ਿਆਦਾ ਪਾਣੀ ਹੈ। ਅਜੇ ਤਕ ਕੋਈ ਐਸਾ ਮਹਾਬਲੀ ਪੈਦਾ ਨਹੀਂ ਹੋਇਆ ਜੋ ਸਾਰੀ ਧਰਤੀ ਸਮਰਾਟ ਬਣ ਸਕਿਆ ਹੋਵੇ। ਸਾਰੀ ਜ਼ਮੀਨ ਦਾ ਬਾਦਸ਼ਾਹ ਬਣ ਸਕਿਆ ਹੋਵੇ। ਸਾਹਿਬ ਕਹਿੰਦੇ ਹਨ-ਜਿਤਨਾ ਪਾਣੀ ਫੈਲਿਆ ਹੋਇਆ, ਇਤਨੇ ਵੱਡੇ ਰਾਜ ਪਾਟ ਦਾ ਮਾਲਕ ਹੋਵੇ, ਰਾਜਾ ਹੋਵੇ, ਬਾਦਸ਼ਾਹ ਹੋਵੇ ਤੇ ਉਸਦੇ ਘਰ ਧਨ ਸੰਪਦਾ ਵੀ ਇਤਨੀ ਹੋਵੇ-“ਗਿਰਹਾ ਸੇਤੀ ਮਾਲੁ ਧਨੁ”- ਜਿਵੇਂ ਜ਼ਮੀਨ ਉੱਤੇ ਉੱਚੇ ਉੱਚੇ ਪਹਾੜ ਹਨ। ਉਸਦੇ ਘਰ ਇਤਨਾ ਸੋਨਾ ਚਾਂਦੀ ਹੋਵੇ, ਹੀਰੇ ਜਵਾਹਰਾਤ ਹੋਣ, ਮੋਤੀ ਮੁਖ਼ਤਾਹਲ ਹੋਣ, ਉਹ ਇੰਨਾ ਧਨਵਾਨ ਹੋਵੇ ਤਾਂ ਸਾਹਿਬ ਕਹਿੰਦੇ ਹਨ: ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥
ਜਾਨਵਰਾਂ ਅਤੇ ਕੀੜੇ ਮਕੌੜਿਆਂ ਦੀ ਦੁਨੀਆ ਵਿਚ ਕੀੜੀ ਦਾ ਆਕਾਰ ਸਭ ਤੋਂ ਛੋਟਾ ਹੈ। ਇਥੇ ਪਾਤਸ਼ਾਹ ਮਨੁੱਖ ਦੀ ਤੁਲਣਾ ਕੀੜੀ ਨਾਲ ਕਰਦੇ ਹਨ। ਕੀੜੀ (ਭਾਵ ਮਨੁੱਖ) ਉਹ ਜਿਸਦੀ ਜਾਤ ਵੀ ਉੱਚੀ ਨਾ ਹੋਵੇ ਤੇ ਨਾ ਹੀ ਉੱਚੀ ਜਾਤ ਦਾ ਮਾਣ ਕਰ ਸਕਣ ਦਾ ਉਸ ਕੋਲ ਕੋਈ ਵਸੀਲਾ ਹੀ ਹੋਵੇ। ਉਸ ਕੋਲ ਧਨ ਸੰਪਦਾ ਵੀ ਨਾ ਹੋਵੇ। ਹੋਰ ਵੱਡੀ ਗੱਲ ਇਹ ਕਿ ਉਸ ਕੋਲ ਰੰਗ ਰੂਪ ਵੀ ਨਾ ਹੋਵੇ, ਜੋਬਨ ਵੀ ਨਾ ਹੋਵੇ, ਪਰਿਵਾਰ ਵੀ ਨਾ ਹੋਵੇ, ਸਾਕ ਸੰਬੰਧੀ ਵੀ ਨਾ ਹੋਵਣ। ਹਾਲਤ ਅਜੇਹੀ ਹੋਵੇ ਜਿਸਦਾ ਇਕ ਦ੍ਰਿਸ਼ ਪਾਤਸ਼ਾਹ ਨੇ ਖਿਚਿਆ ਹੈ-“ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥
ਜਾਤਿ ਨ ਪਾਤ ਨ ਆਦਰੋ ਉਦਿਆਨ ਭ੍ਰਮਿੰਨਾ॥” ਫਿਰ ਰੰਗ ਤੇ ਰੂਪ ਵੀ ਨਾ ਹੋਵੇ, ਕੁਲ ਤੇ ਜਾਤ ਵੀ ਨਾ ਹੋਵੇ। ਸਾਹਿਬ ਕਹਿੰਦੇ ਹਨ-“ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮੁ ਮਨੁ ਭਿੰਨਾ॥” ਅਗਰ ਮਨ ਵਿਚ ਹਰੀ ਦਾ ਨਾਮ ਹੈ ਤਾਂ ਉਸਦੇ ਸਾਹਮਣੇ ਸਾਰੀ ਸ੍ਰਿਸ਼ਠੀ ਦਾ ਰਾਜਾ ਵੀ ਤੁਛ ਹੈ। ਉਹ ਹੇਚ ਹੈ। “ਸਗਲ ਸ੍ਰਿਸਟਿ ਕੋ ਰਾਜਾ ਦੁਖੀਆ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ॥” ਸਾਹਿਬ ਕਹਿੰਦੇ ਹਨ ਕਿ ਜੇ ਕਿਸੇ ਦੀ ਕੀੜੀ ਦੇ ਸਮਾਨ ਹਸਤੀ ਹੋਵੇ ਭਾਵ ਮਨੁੱਖਾਂ ਵਿਚ ਕਿਸੇ ਮਨੁੱਖ ਦੀ ਗਿਣਤੀ ਹੀ ਨਾ ਹੋਵੇ, ਮਹਾਰਾਜ ਕਹਿੰਦੇ ਹਨ ਕਿ ਕੋਈ ਉਸਨੂੰ ਜਾਣਦਾ ਅਤੇ ਮੰਨਦਾ ਹੀ ਨਾ ਹੋਵੇ, “ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ॥” ਇਸ ਤਰ੍ਹਾਂ ਦੀ ਮਾਮੂਲੀ ਜੇਹੀ ਜਗਤ ਵਿਚ ਸ਼ਖ਼ਸੀਅਤ ਬਣੀ ਹੋਈ ਹੋਵੇ ਕਿ ਮਨੁੱਖਾਂ ਦੀਆਂ ਨਜ਼ਰਾਂ ਵੀ ਉਸ ’ਤੇ ਨਹੀਂ ਪੈਂਦੀਆਂ। ਜਿਵੇਂ ਕੀੜੀ ਪੈਰਾਂ ਥੱਲੇ ਆ ਜਾਂਦੀ ਹੈ, ਦਿਖਾਈ ਨਹੀਂ ਦਿੰਦੀ, ਇਸੇ ਤਰ੍ਹਾਂ ਕਿਸੇ ਮਨੁੱਖ ਦੀਆਂ ਉਸ ਮਨੁੱਖ ਉੱਤੇ ਨਜ਼ਰਾਂ ਵੀ ਨਾ ਪੈਣ। ਉਹ ਕੀੜੀ ਦੇ ਸਮਾਨ ਤੁਛ ਹੋਵੇ। ਪਰ ਮਹਾਰਾਜ ਕਹਿੰਦੇ ਹਨ-“ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥” ਜੇ ਉਸਦੇ ਮਨ ਵਿਚ ਪ੍ਰਭੂ ਦਾ ਚਿੰਤਨ ਹੈ, ਉਸਨੂੰ ਪਰਮਾਤਮਾ ਨਾ ਵਿਸਰੇ, ਉਸ ਦੇ ਅੰਦਰ ਅਕਾਲ ਪੁਰਖ ਦੀ ਯਾਦ ਬਣੀ ਰਹੇ, ਤਾਂ ਉਸਦੇ ਸਾਹਮਣੇ ਉਹ ਰਾਜਾ ਤੁਛ ਹੈ। ਜੋ ਸਮੁੰਦਰੀ ਖੇਤਰਫਲ ਦਾ ਬਾਦਸ਼ਾਹ ਹੋਵੇ ਅਤੇ ਉਸ ਦੇ ਘਰ ਸੋਨਾ ਤੇ ਚਾਂਦੀ ਦੇ ਪਹਾੜ ਲੱਗੇ ਹੋਣ, ਉਹ ਉਸ ਮਨੁੱਖ ਦੇ ਸਾਹਮਣੇ ਤੁਛ ਹੈ, ਜੋ ਤੈ ਤਾਂ ਕੀੜੀ ਦੇ ਸਮਾਨ, ਪਰ ਮਨ ਵਿਚ ਪਰਮਾਤਮਾ ਦੀ ਯਾਦ ਹੈ, ਮਨ ਵਿਚ ਅਕਾਲ ਪੁਰਖ ਦਾ ਚਿੰਤਨ ਹੈ, ਮਨ ਵਿਚ ਪਰਮ ਅਨੰਦ ਹੈ। ਇਥੋਂ ਇਕ ਗੱਲ ਸਪੱਸ਼ਟ ਹੋ ਗਈ ਕਿ ਈਸ਼ਵਰ ਦੀ ਯਾਦ ਦੇ ਮਿਲਦਿਆਂ ਹੀ ਧਨ ਸੰਪਦਾ, ਜਾਤ ਪਾਤ, ਸਾਰੀ ਤੁਛ ਪ੍ਰਤੀਤ ਹੁੰਦੀ ਹੈ। ਇਕ ਦਿਨ ਇਕ ਉੱਚੀ ਕੁਲ ਦੇ ਬ੍ਰਾਹਮਣ ਧਨਾਢ ਨੇ ਭਗਤ ਕਬੀਰ ਜੀ ਨੂੰ ਕਿਹਾ ਕਿ ਤੇਰੇ ਕੋਲ ਤਾਂ ਮਾਣ ਕਰਨ ਯੋਗ ਕੁਛ ਵੀ ਨਹੀਂ। ਨਾ ਧਨ, ਨਾ ਸੰਪਦਾ, ਨਾ ਤੇਰੇ ਕੋਲ ਕੋਈ ਮਹਿਲ ਮਾੜੀਆਂ ਤੇ ਨਾ ਹੀ ਤੇਰੀ ਜਾਤ ਉੱਚੀ ਹੈ। ਤੂੰ ਤਾਂ ਜੁਲਾਹਾ ਹੈ, ਜਾਤ ਕਰਕੇ ਨੀਵਾਂ ਹੈ। ਸ਼ੁਦਰ ਹੈ। ਭਗਤ ਕਬੀਰ ਜੀ ਕਹਿੰਦੇ ਹਨ-“ਤੁਮ ਘਰਿ ਲਾਖ ਕੋਟਿ ਅਸਵ ਹਸਤੀ ਹਮ ਘਰਿ ਏਕੁ ਮੁਰਾਰੀ॥” ਤੁਹਾਡੇ ਘਰ ਕਈ ਹਾਥੀ ਘੋੜੇ ਹਨ, ਮਹਿਲ ਹਨ, ਧਨ ਸੰਪਦਾ ਹੈ। ਮੇਰੇ ਹਿਰਦੇ ਵਿਚ ਉਹ ਹੈ ਜੋ ਸਭ ਕੁਛ ਦੇਣ ਵਾਲਾ ਹੈ। ਸਭ ਕੁਛ ਬਣਾਉਣ ਵਾਲਾ ਹੈ। ਤੁਹਾਡੇ ਕੋਲ ਕ੍ਰਿਤ ਹੈ, ਮੇਰੇ ਕੋਲ ਕਰਤਾ ਹੈ। ਤੁਹਾਡੇ ਕੋਲ ਕ੍ਰਿਤ ਦਾ ਰਸ ਹੈ, ਤੇ ਮੇਰੇ ਕੋਲ ਕਰਤੇ ਦਾ ਰਸ ਹੈ। ਜਿਸਦੀ ਕ੍ਰਿਤ ਵਿਚ ਇਤਨਾ ਰਸ ਹੈ, ਉਸ ਕਰਤੇ ਵਿਚ ਕਿਤਨਾ ਰਸ ਹੋਵੇਗਾ। ਜਿਸਦੀ ਕ੍ਰਿਤ ਇਤਨੀ ਮਹਾਨ ਹੈ, ਉਹ ਕਰਤਾ ਆਪ ਕਿਤਨਾ ਮਹਾਨ ਹੋਵੇਗਾ। “ਤੁਮ ਘਰਿ ਲਾਖ ਕੋਟਿ ਅਸਵ ਹਸਤੀ ਹਮ ਘਰਿ ਏਕੁ ਮੁਰਾਰੀ॥” ਇਸ ਵਾਸਤੇ ਭਗਤ ਕਬੀਰ ਨੇ ਫੈਸਲਾਕੁੰਨ ਗੱਲ ਕਰ ਦਿੱਤੀ ਹੈ ਕਿ “ਕਹਿ ਕਬੀਰ ਨਿਰਧਨੁ ਹੈ ਸੋਈ॥
ਜਾ ਕੇ ਹਿਰਦੈ ਨਾਮੁ ਨ ਹੋਈ॥” ਸਹੀ ਅਰਥਾਂ ਵਿਚ ਨਿਰਧਨ, ਨਿਰਲੱਜ, ਨੀਵੀ ਜਾਤ ਵਾਲਾ ਉਹੀ ਹੈ ਜਿਸਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਹੈ, ਈਸ਼ਵਰ ਦਾ ਚਿੰਤਨ ਨਹੀਂ ਹੈ। ਤੇ ਬਾਬਾ ਫਰੀਦ ਜੀ ਤਾਂ ਕਹਿੰਦੇ ਹਨ-ਉਹ ਬੰਦੇ ਬੜੇ ਡਰਾਵਨੇ ਹੁੰਦੇ ਹਨ। (ਖੇਤ ਵਿਚ ਪੰਛੀਆਂ ਨੂੰ ਡਰਾਉਣ ਦੀ ਖਾਤਰ ਦੋ ਸੋਟੀਆਂ ਬੰਨ੍ਹ ਕੇ ਇਕ ਚੋਲਾ ਲਟਕਾ ਦਿੱਤਾ ਗਿਆ ਹੈ, ਉਹਨੂੰ ਡਰਾਵਣਾ ਕਹਿੰਦੇ ਹਨ)। ਬਾਬਾ ਫਰੀਦ ਜੀ ਕਹਿੰਦੇ ਹਨ-“ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ॥
ਐਥੇ ਦੁਖ ਘਣੇਰਿਆ ਅਗੈ ਠਉਰ ਨ ਠਾਉ॥” ਜਿਹਨਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਖੁਦਾ ਨੂੰ ਭੁਲਾ ਦਿੱਤਾ ਹੈ, ਉਹ ਡਰ ਰਹੇ ਹਨ, ਉਨ੍ਹਾਂ ਦੇ ਮੁੱਖ ਬੜੇ ਡਰਾਵਣੇ ਹਨ। ਉਹ ਤਾਂ ਉਸ ਚੇਲੇ ਦੀ ਤਰ੍ਹਾਂ ਹਨ ਜਿਨ੍ਹਾਂ ਦਾ ਕੋਈ ਵਜੂਦ ਹੀ ਨਹੀਂ ਰਿਹਾ। ਉਹ ਤਾਂ ਮ੍ਰਿਤਕ ਹਨ, ਮੁਰਦਾ ਹਨ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੁਰਮਾਨ-ਕੀੜੀ ਦੇ ਸਮਾਨ ਅਗਰ ਕਿਸੇ ਦੀ ਹਸਤੀ ਹੋਵੇ ਪਰ ਉਸਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੋਵੇ; ਤਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਉਸ ਦੇ ਸਾਹਮਣੇ ਤੁਛ ਹੈ। ਇਹ ਠੀਕ ਹੈ ਕਿ ਉਹ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ, ਘਰ ਪਰਮਾਤਮਾ ਦਾ ਚਿੰਤਨ ਕਰਦਿਆਂ ਕਰਦਿਆਂ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ ਦੇ ਗੁਣਾਂ ਦੇ ਮਾਲਕ ਹੋ ਜਾਂਦੇ ਹਨ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ