ਧਰਮ ਖੰਡ ਕਾ ਏਹੋ ਧਰਮੁ (ਪਾਰਟ ੧) ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ ਅਨੇਕ ਅਨੰਤ॥
ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥
ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ ਓਥੈ ਪਾਇ॥
ਨਾਨਕ ਗਇਆ ਜਾਪੈ ਜਾਇ॥੩੪॥
ਜਪੁਜੀ ਸਾਬਿ ਵਿਚ ਜਿਨ੍ਹਾਂ ਪੰਜ ਖੰਡਾਂ ਦਾ ਜ਼ਿਕਰ ਆਇਆ ਹੈ, ਉਹ ਅਧਿਆਤਮਕ ਮੰਡਲ ਦੀਆਂ ਪੰਜ ਅਵਸਥਾਵਾਂ ਹਨ। ਚਾਰ ਅਵਸਥਾਵਾਂ ਪੜਾਉ ਹਨ ਤੇ ਪੰਜਵੀ ਅਵਸਥਾ ਅੰਤਲੀ ਮੰਜ਼ਿਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਵੀ ਅਵਸਥਾ ਨੂੰ ਸੱਚਖੰਡ ਆਖਿਆ ਹੈ। “ਸਚ ਖੰਡਿ ਵਸੈ ਨਿਰੰਕਾਰੁ॥” ਜਿਥੇ ਮਨੁੱਖ ਨਿਰੰਕਾਰ ਵਿਚ ਤੇ ਨਿਰੰਕਾਰ ਮਨੁੱਖ ਵਿਚ ਹੁੰਦਾ ਹੈ। ਹਰ ਮਾਰਗ ਦੇ ਕੁਛ ਪੜਾਉ ਹੁੰਦੇ ਹਨ। ਹਰ ਮਾਰਗ ਕਿਸੇ ਥਾਂ ਤੋਂ ਸ਼ੁਰੂ ਹੁੰਦਾ ਹੈ ਤੇ ਕਿਸੇ ਥਾਂ ‘ਤੇ ਉਸਦਾ ਅੰਤ ਹੁੰਦਾ ਹੈ। ਜਗਤ ਦੇ ਰਹਿਬਰੀ ਪੁਰਸ਼ਾਂ ਨੇ ਮਨੁੱਖ ਦੀ ਸੁਰਤ ਦੇ ਜੋ ਪੜਾਉ ਗਿਣੇ ਮਿਥੇ ਹਨ, ਉਨ੍ਹਾਂ ਸੰਬੰਧੀ ਜਾਣਕਾਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਇਸ ਰਚਨਾ ਵਿਚ ਕਰਵਾਉਂਦੇ ਹਨ। ਇਤਨੀ ਗੱਲ ਸਪੱਸ਼ਟ ਹੈ ਕਿ ਮਾਰਗ ਸੁਰਤਿ ਦਾ ਹੈ, ਧਿਆਨ ਦਾ ਹੈ; ਮਾਰਗ ਸਰੀਰ ਦਾ ਨਹੀ ਹੈ। ਇਸ ਮਾਰਗ ’ਤੇ ਸੁਰਤਿ ਨੇ ਚੱਲਣਾ ਹੈ ਤਨ ਨੇ ਨਹੀਂ ਚੱਲਣਾ। ਇਸ ਮਾਰਗ ’ਤੇ ਮਨ ਨੇ ਚੱਲਣਾ ਹੈ। ਇਸ ਵਾਸਤੇ ਪ੍ਰਭੂ ਪ੍ਰਾਪਤੀ ਦੀ ਸਮੁੱਚੀ ਸਾਧਨਾ ਮਨ ਦੀ ਸਾਧਨਾ ਹੈ, ਨਾ ਕਿ ਤਨ ਦੀ ਸਾਧਨਾ ਹੈ। ਸੁਰਤਿ ਦੀ ਸਾਧਨਾ ਹੈ, ਨਾ ਕਿ ਸਰੀ੍ਰ ਦੀ ਸਾਧਨਾ। ਜਦ ਸੁਰਤਿ ਨੇ ਗਗਨ ਮੰਡਲ ਵਿਚ ਜਾਣਾ ਹੈ, ਉਸ ਨਿਰੰਕਾਰ ਦੇ ਵਾਸੇ ਤਕ, ਭਾਵ ਸੱਚਖੰਡ ਤਕ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਸਤੇ ਦਾ ਜ਼ਿਕਰ ਕੀਤਾ ਹੈ। ਸਾਡੇ ਦੇਸ਼ ਵਿਚ ਧਰਮ ਸੰਬੰਧੀ ਜੋ ਕੁਛ ਅਨੁਭਵ ਪ੍ਰਾਪਤੀ ਹੋਈ ਉਹਨਾਂ ਵਿਚ ਦੋ ਪੜਾਉ ਦੱਸੇ ਹਨ ਤੇ ਤੀਸਰੀ ਮੰਜ਼ਲੇ ਮਕਸੂਦ। ਉਪਨਿਸ਼ਦਾਂ ਦੇ ਰਚਾਇਤਾ ਰਿਸ਼ੀ ਪਹਿਲੇ ਪੜਾਉ ਨੂੰ ਕਰਮ ਕਾਂਡ ਕਹਿੰਦੇ ਰਹੇ ਹਨ ਅਤੇ ਦੂਸਰੇ ਨੂੰ ਉਪਾਸ਼ਨਾ ਕਾਂਡ ਕਹਿੰਦੇ ਰਹੇ ਹਨ। ਤੀਸਰਾ ਪੜਾਉ ਮੰਜਲੇ ਮਕਸੂਦ ਹੈ, ਟਿਕਾਣਾ ਹੈ, ਅਸਥਾਨ ਹੈ ਜਿਸਨੂੰ ਉਹਨਾਂ ਗਿਆਨ ਕਾਂਡ ਆਖਿਆ ਹੈ। ਗਿਆਨ ਕਾਂਡ ਤਕ ਪਹੁੰਚਣਾ ਪਰਮਾਤਮਾ ਤਕ ਪਹੁੰਚਦਾ ਹੈ। ਪਰਮਾਤਮਾ ਕੀ ਹੈ? ਗਿਆਨ ਕੀ ਹੈ? ਉੱਤਰ ਹੈ-ਪ੍ਰਕਾਸ਼। “ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ॥” ਇਸੇ ਤਰ੍ਹਾਂ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਤਿੰਂ ਪੜਾਉ ਦੱਸੇ ਹਨ ਤੇ ਚੌਥੀ ਮੰਜ਼ਲ ਦੱਸੀ ਹੈ। ਉਹ ਕਹਿੰਦੇ ਹਨ ਕਿ ਪਹਿਲੇ ਖੁਦਾ ਦੇ ਮਾਰਗ ’ਤੇ ਚੱਲਣਾ ਹੈ ਤਾਂ ਯਾਤਰਾ ਸ਼ਰ੍ਹਾ ਤੋਂ ਆਰੰਭ ਕਰਨੀ ਪਏਗੀ। ਇਥੋਂ ਹੀ ਕਦਮ ਚੁੱਕਣਾ ਪਏਗਾ। ਪਹਿਲੇ ਸ਼ਰ੍ਹਾਂ ਵਿਚ ਆਉਣਾ ਹੈ ਤੇ ਫਿਰ ਤਰੀਕਤ ਭਾਵ ਕੁਝ ਤਰਕ ਕਰਨਾ ਹੈ, ਤਿਆਗ ਦੀ ਦੁਨੀਆ ਵਿਚ ਆਉਣਾ ਹੈ। ਤੀਸਰੀ ਮਾਰਫ਼ਤ ਦੀ ਦੁਨੀਆ ਹੈ ਅਤੇ ਚੌਥੀ ਹਕੀਕਤ ਦੀ। ਜਿਸ ਨੂੰ ਅਸੀਂ ਸਚਾਈ ਕਹਿੰਦੇ ਹਾਂ, ਉਸਨੂੰ ਅਰਬੀ ਵਿਚ ਹਕੀਕਤ ਕਹਿੰਦੇ ਹਨ। ਹੱਕ ਸੱਚ, ਹਕੀਕਤ ਸਚਾਈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਸੱਚ ਤਕ ਪਹੁੰਚਣਾ ਪਰਮਾਤਮਾ ਤਕ ਪਹੁੰਚਣਾ ਹੈ। ਮੁਹੰਮਦ ਸਾਹਿਬ ਦਾ ਕਹਿਣਾ-ਹਕੀਕਤ ਤਕ ਪਹੁੰਚਣਾ ਖੁਦਾ ਤਕ ਪਹੁੰਚਣਾ ਹੈ। ਗੱਲ ਬਿਲਕੁਲ ਇਕ ਹੈ। ਇਥੇ ਆ ਕੇ ਇਕ ਪੰਜਾਬੀ ਮੁਹਾਵਰਾ ਵੀ ਸਿੱਧ ਹੋ ਜਾਂਦਾ ਹੈ ਕਿ ‘ਸੋ ਸਿਆਣੇ ਇਕੋ ਮੱਤ, ਮੂਰਖਾ ਆਪੋ ਆਪਣੀ।’ ਸਿਆਣਿਆਂ ਨੇ, ਦਾਨਾ ਪੁਰਸ਼ਾਂ ਨੇ ਹਮੇਸ਼ਾਂ ਉਹੀ ਗੱਲ ਕਰਨੀ ਹੈ ਜਿਸਦੀ ਬੁਨਿਆਦ ਸੱਚ ਹੁੰਦੀ ਹੈ। ਜਿਸਦੇ ਵਿਚ ਉਛਾਲ ਸੁਗੰਧੀ ਗੁਣ ਸੱਚ ਦੇ ਹੀ ਹੁੰਦੇ ਹਨ। ਸੱਚ ਤਕ ਪਹੁੰਚਣਾ ਖੁਦਾ ਤਕ ਪਹੁੰਚਣਾ ਹੈ। ਸੱਚ ਤਕ ਪਹੁੰਚਣਾ ਪਰਮਾਤਮਾ ਤਕ ਪਹੁੰਚਣਾ ਹੈ। ਇਸ ਵਾਸਤੇ ਜਿਥੇ ਬੈਠ ਕੇ ਸਤਿ ਦਾ ਚਿੰਤਨ ਹੋਵੇ, ਸਤਿ ਨਾਲ ਧਿਆਨ ਜੋੜਿਆ ਜਾਵੇ, ਉਸ ਅਸਥਾਨ ਨੂੰ ਸਤਿਸੰਗ ਕਹਿੰਦੇ ਹਨ। ਉਹਨਾਂ ਬੰਦਿਆਂ ਦਾ ਇਕੱਠ ਜੋ ਸਤਿ ਦੀ ਪ੍ਰਾਪਤੀ ਲਈ ਰਲ ਬੈਠੇ ਹਨ, ਸਤਿ ਦੀ ਤਲਾਸ਼ ਕਰਨ ਆਏ ਹਨ, ਤੇ ਜਿਹਨਾਂ ਦਾ ਸਤਿ ਨਾਲ ਸੰਬੰਧ ਸਥਾਪਤ ਹੋ ਜਾਂਦਾ ਹੈ, ਉਸਨੂੰ ਸਤਿਸੰਗੀ ਕਹਿੰਦੇ ਹਨ। ਇਹ ਤਾਂ ਸਤਿ ਦਾ ਸੰਗੀ ਹੋ ਗਿਆ ਹੈ। ਅਤੇ ਸਤਿ ਦਾ ਸੰਗੀ ਹੋ ਜਾਣਾ ਪਰਮ ਸ਼ਕਤੀ ਦਾ ਸੰਗੀ, ਮੂਲ ਦਾ ਸੰਗੀ ਹੋਣਾ ਹੈ। ਇੰਜ ਕਹਿ ਲਉ ਕਿ ਉਸਨੂੰ ਅਜਿਹਾ ਮਿੱਤਰ ਮਿਲ ਗਿਆ ਹੈ, ਜਿਸਦੇ ਸਮਾਨ ਹੋਰ ਕੋਈ ਵੀ ਨਹੀਂ। ਸਾਡੇ ਦੇਸ਼ ਦੇ ਪੁਰਾਤਨ ਸਨਾਤਨੀ ਰਿਸ਼ੀਆਂ ਦੇ ਕਰਮ ਕਾਂਡ, ਉਪਾਸ਼ਨਾ ਕਾਂਡ ਤੇ ਫਿਰ ਗਿਆਨ ਕਾਂਡ ਦੱਸੇ ਹਨ। ਕਰਮ ਕਾਂਡ ਸਰੀਰ ਨੇ ਕਰਨਾ ਹੈ, ਉਪਾਸ਼ਨਾ ਕਾਂਡ ਮਨ ਨੇ ਕਰਨਾ ਹੈ ਅਤੇ ਗਿਆਨ ਕਾਂਡ ਫਲ ਹੈ। ਇੰਜ ਕਹਿ ਲਉ- ਕਰਮ ਕਾਂਡ ਬੀਜ ਹੈ, ਉਪਾਸ਼ਨਾ ਕਾਂਡ ਸਾਖਾਂ ਹਨ ਤੇ ਗਿਆਨ ਕਾਂਡ ਫਲ ਹੈ। ਕਰਮ ਦਾ ਫਲ ਹੀ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੁਰਮਾਨ ਹੈ: ਫਲ ਕਾਰਨ ਫੂਲੀ ਬਨਰਾਇ॥
ਲਾਗਾ ਤਬ ਫੂਲੁ ਬਿਲਾਇ॥
ਗਿਆਨੈ ਕਾਰਨ ਕਰਮ ਅਭਿਆਸੁ॥
ਗਿਆਨੁ ਭਇਆ ਤਹ ਕਰਮਹ ਨਾਸੁ॥੩॥
{ਅੰਗ ੧੧੬੭} ਫੁੱਲ ਖਿੜੇ ਹਨ ਫਲ ਨੂੰ ਜਨਮ ਦੇਣ ਲਈ ਅਤੇ ਜਿਵੇਂ ਫੁਲ ਵਿਚੋਂ ਫੱਲ ਨਿਕਲਦਾ ਹੈ, ਫੁੱਲਾਂ ਦਾ ਅੰਤ ਹੋ ਜਾਂਦਾ ਹੈ। ਜਿਵੇਂ ਜਿਵੇਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਕਰਮ ਕਾਂਡ ਦੀ ਦੁਨੀਆ ਖ਼ਤਮ ਹੋ ਜਾਂਦੀ ਹੈ। ਅਗਰ ਸਾਰੀ ਜ਼ਿੰਦਗੀ ਕਰਮ ਕਾਂਡ ਚੱਲ ਰਿਹਾ ਹੈ, ਤਾਂ ਇਤਨੀ ਗੱਲ ਸਪੱਸ਼ਟ ਹੈ ਕਿ ਇਸ ਬੰਦੇ ਕੋਲੳ ਹ ਫੁੱਲ ਹੈ ਜਿਸਦੇ ਵਿਚੋਂ ਅਜੇ ਤਕ ਫਲ ਨਹੀਂ ਨਿਕਲਿਆ। ਹਕੀਕਤ ਵਿਚ ਕੁਝ ਕਰਮ ਕਾਂਡ ਐਸੇ ਵੀ ਹਨ ਜਿਹਨਾਂ ਵਿਚ ਸੱਚਮੁੱਚ ਫਲ ਦੀ ਪ੍ਰਾਪਤੀ ਹੁੰਦੀ ਹੀ ਨਹੀਂ। ਜਿਸ ਨੂੰ ਅੱਜ ਕੱਲ੍ਹ ਨਾਨਕਮਤਾ ਕਹਿੰਦੇ ਹਾਂ ਕਿਸੇ ਵਕਤ ਇਸ ਅਸਥਾਨ ਦਾ ਨਾਂ ਗੋਰਖਮਾਤਾ ਸੀ। ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦੋਨੋਂ ਸਾਥੀਆਂ ਮਰਦਾਨੇ ਨੇ ਬਾਲੇ ਸਮੇਤ ਗੋਰਖਮਤੇ ਪਹੁੰਚੇ ਤਾਂ ਜੋਗੀਆਂ ਨੇ ਆਪਦਾ ਸਨਮਾਨ ਕੀਤਾ ਤੇ ਮੁਖੀ ਸਿਰਮੌਰ ਜੋਗੀ ਲੋਹਰੀਪਾ ਨਾਥ ਨੇ ਗੁਲਾਬ ਦਾ ਇਕ ਫੁੱਲ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਾ-“ਪਾਤਸ਼ਾਹ! ਫਹਿਲੇ ਸੁਮੇਰ ਪਰਬਤ ਤਾਂ ਜਾਂ ਵਟਾਲੇ ਜਿਥੇ ਜਿਥੇ ਵੀ ਗਏ ਹਾਂ, ਜੋਗੀ ਲੰਬੀ ਚੋੜੀ ਬਹਿਸ ਕਰਦੇ ਰਹੇ ਹਨ। ਪਰ ਹੁਣ ਇਨ੍ਹਾਂ ਦਾ ਸੁਬਾੳੇ ਬਿਲਕੁਲ ਬਦਲਿਆਂ ਹੋਇਆ ਹੈ। ਹੁਣ ਤਾਂ ਆਪ ਨੂੰ ਵੇਖ ਕੇ ਪ੍ਰਸੰਨ ਹੋ ਕੇ ਗੁਲਾਬ ਦਾ ਫੁੱਲ ਭੇਟ ਕਰ ਰਹੇ ਹਨ। ਪਾਤਸ਼ਾਹ ਇਨ੍ਹਾਂ ਦੇ ਸੁਭਾਉ ਵਿਚ ਤਬਦੀਲੀ ਆਈ ਹੈ। ਸਤਿਗੁਰੂ ਕਹਿਣ ਲੱਗੇ, “ਫੁੱਲ ਨਹੀਂ ਭੇਟ ਕੀਤਾ, ਅੱਗੋਂ ਇਕ ਸਵਾਲ ਉਠਾਇਆ ਹੈ। ਸਾਨੂੰ ਇਹ ਫੁੱਲ ਅਰਪਣ ਨਹੀਂ ਕੀਤਾ, ਇਹ ਤਾਂ ਸਮੁੱਚੇ ਜੋਗੀਆਂ ਨੇ ਇਕ ਸਵਾਲ ਖੜਾ ਕੀਤਾ ਹੈ। ਮਰਦਾਨਾ ਕਹਿਣ ਲੱਗਾ-ਪਾਸ਼ਾਹ ਸਵਾਲ? ਹਾਂ ਇਨ੍ਹਾਂ ਨੇ ਸਵਾਲ ਖੜਾ ਕੀਤਾ ਹੈ ਕਿ ਜੋਗ ਮੱਤ ਗੁਲਾਬ ਦੇ ਫੁੱਲ ਦੀ ਤਰ੍ਹਾਂ ਹੈ। ਇਸ ਵਿਚ ਰਿਧੀਆਂ ਸਿਧੀਆਂ ਦੀ ਸੁਗੰਧੀ ਹੈ, ਇਸ ਵਿਚ ਸੰਸਾਰਕ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਇਸ ਵਿਚ ਸਮਾਧੀ ਦੀ ਕੋਮਲਤਾ ਹੈ। ਅਤੇ ਇਹ ਕਹਿ ਰਹੇ ਹਨ ਕਿ ਗੁਰੂ ਨਾਨਕ ਦੇਵ ਜੀ, ਤੁਸੀਂ ਅੱਜ ਤਕ ਜੋਗ ਮੱਤ ਧਾਰਨ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ? ਕਿਉਂਕਿ ਸਿਧ ਗੋਸਟਿ ਵਿਚ ਬਾਕਾਇਦਾ ਇਨ੍ਹਾਂ ਜੋਗੀਆਂ ਦੇ ਬਚਨ ਵੀ ਮਿਲਦੇ ਹਨ। “ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਬਾ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ॥” ਸਾਰੇ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਹਨ-ਅਗਰ ਤੁਸੀ ਜੋਗੀ ਬਣ ਜਾਓ, ਮੁੰਦਰਾਂ ਧਾਰਨ ਕਰ ਲਉ, ਝੋਲੀ ਪਹਿਨ ਲਉ, ਖਿੰਥਾ ਧਾਰਨ ਕਰ ਲਓ ਤਾਂ ਅਸ਼ੀਂ ਤੁਹਾਨੂੰ ਜੋਗੀਆਂ ਦਾ ਜੋਗਿੰਦਰਾ ਬਣਾ ਦਿਆਂਗੇ; ਭਾਵ ਨਾਥ ਬਣਾ ਦਿਆਂਗੇ। ਸਾਰੇ ਤੁਹਾਰੀ ਤਾਬਿਆਂ ਵਿਚ ਰਹਿਣਗੇ। ਇਹ ਸਿੱਧਾਂ ਦੇ ਬਚਨ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿਧ ਗੋਸਟਿ ਵਿਚ ਕਲਮਬੰਦ ਕੀਤੇ ਹਨ। ਮਰਦਾਨੇ ਨੂੰ ਕਹਿੰਦੇ ਹਨ-ਨਹੀਂ ਮਰਦਾਨਿਆ! ਇਹ ਭੇਟ ਨਹੀਂ ਕੀਤਾ, ਇਹ ਤਾਂ ਕਹਿ ਰਹੇ ਨੇ ਤੁਸੀਂ ਹੁਣ ਤਕ ਜੋਗੀ ਕਿਉਂ ਨਹੀਂ ਬਣੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਫੁੱਲ ਜੋਗੀਆਂ ਨੂੰ ਵਾਪਸ ਕੀਤਾ ਤੇ ਆਖਿਆ-ਇਹ ਫੁੱਲ ਕੋਮਲ ਹੈ। ਇਸ ਵਿਚ ਸੁਗੰਧੀ ਵੀ ਹੈ, ਸੁੰਦਰ ਵੀ ਹੈ, ਪਰ ਨਾਨਕ ਉਸ ਫੁੱਲ ਦਾ ਪੁਜਾਰੀ ਹੈ ਜਿਸ ਫੁੱਲ ਵਿਚੋਂ ਫਲ ਵੀ ਨਿਕਲੇ। ਇਹ ਫੁੱਲ ਖੁਬਸੂਰਤ ਜ਼ਰੂਰ ਹੈ, ਪਰ ਕਿਸੇ ਖੁਬਸੁਰਤ ਤੇ ਮਿੱਠੇ ਫਲ ਨੂੰ ਨਹੀਂ ਜਨਮ ਦਿੰਦਾ। ਗੁਰੂ ਨਾਨਕ ਨੂੰ ਕੇਵਲ ਰਿਧੀ ਸਿਧੀ ਤੇ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ ਚਾਹੀਦੀ। ਉਸ ਨੂੰ ਨਾਮ ਦਾ ਫਲ ਚਾਹੀਦਾ ਹੈ। ਮੈਂ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਨੂੰ ਹੀ ਸਮਝਦਾ ਹਾਂ। ਜਿਸ ਕਰਮ ਵਿਚ ਨਾਮ ਰਸ ਨਹੀਂ, ਮੇਰੇ ਲਈ ਉਹ ਫੁੱਲ ਹੈ। ਜਿਸ ਵਿਚ ਕੋਈ ਫਲ ਹੀ ਨਹੀਂ, ਮੈਨੂੰ ਇਸ ਤਰ੍ਹਾਂ ਦੇ ਫੁੱਲ ਨਹੀਂ ਚਾਹੀਦੇ। ਜੋਗੀ ਖਾਮੋਸ਼ ਹੋ ਗਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਕਾਇਦਾ ਫੁਰਮਾਨ ਕੀਤਾ ਹੈ ਕਿ ਕਰਮ ਵੀ ਉਹ ਕਰਨਾ ਹੈ, ਜਿਸ ਕਰਮ ਦੇ ਬੀਜ ਵਿਚੋਂ ਗਿਆਨ ਨਿਕਲੇ। ਜਿਸ ਕਰਮ ਦਾ ਸੰਬੰਧ ਧਰਮ ਨਾਲ ਨਹੀਂ ਹੈ, ਉਹ ਕਰਮ ਪਾਖੰਡ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਹਨ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥
{ਅੰਗ ੭੪੭} ਹੁਣ ਜਗਤ ਵਿਚ ਇਹ ਉਪਦੇਸ਼ ਦਿੱਤਾ ਜਾਂਦਾ ਹੈ ਕਿ ਐ ਸੰਸਾਰੀਓ। ਕਰਮ ਧਰਮ ਕਰੋ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਉਹ ਕਰਮ ਜਿਹਨਾਂ ਵਿਚ ਗਿਆਨ ਨਹੀਂ, ਜਿਨ੍ਹਾਂ ਕਰਮਾਂ ਵਿਚ ਪ੍ਰਭੂ ਦੀ ਭਗਤੀ ਨਹੀਂ, ਜਿਸ ਕਰਮ ਵਿਚ ਨਾਮ ਦਾ ਰਸ ਨਹੀਂ, ਉਹ ਕਰਮ ਫੋਕਟ ਹੈ। “ਕਰਮ ਧਰਮ ਪਾਖੰਡ ਜੋ ਦੀਸਹਿ”- ਇਹ ਤਾਂ ਪਾਖੰਡ ਹੈ ਜੋ ਮਨ ਨੂੰ ਖੰਡਤ ਕਰੇਗਾ। ਦਰਅਸਲ ਕਰਮ ਕਾਂਡ ਉਹੀ ਸਹੀ ਹੈ ਜੋ ਮਨ ਨੂੰ ਅਖੰਡ ਕਰੇ, ਮਨ ਨੂੰ ਇਕ ਕਰੇ। ਜਿਸ ਕਰਮ ਦੇ ਕਰਦਿਆਂ ਖੰਡ ਖੰਡ ਵਿਚ ਜੀਵਣਾ ਪਵੇ, ਟੁਕੜਿਆਂ ਟੁਕੜਿਆਂ ਵਿਚ ਜੀਵਣਾ ਹੋਵੇ, ਸਾਹਿਬ ਕਹਿੰਦੇ ਹਨ-ਇਹ ਕਰਮ ਕਾਂਡ ਪਾਖੰਡ ਹੈ। ਵਿਅਰਥ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਫੁਰਮਾਨ ਹੈ-“ਕੇਵਲ ਕਰਮ ਭਰਮ ਸੋ ਚੀਨਹੁ ਧਰਮ ਕਰਮ ਅਨੁਰਾਗੋ॥” ਐ ਪਰਮਾਤਮਾ ਦੇ ਪੁਜਾਰੀਓ। ਕੇਵਲ ਉਹਨਾਂ ਕਰਮਾਂ ਦੇ ਆਸਰੇ ਚਿੰਤਨ ਕਰਦੇ ਹੋ ਜਿਹੜੇ ਕਰਮ ਭਰਮ ’ਤੇ ਖੜੇ ਹਨ। ਭਾਵ ਜਿਸ ਕਰਮ ਵਿਚੋਂ ਗਿਆਨ ਨਹੀਂ ਨਿਕਲਦਾ ਸਿਰਫ ਭਰਮ ਨਿਕਲਦਾ ਹੈ, ਜਿਨ੍ਹਾਂ ਕਰਮਾਂ ਵਿਚੋਂ ਭਗਤੀ ਰਸ ਨਹੀਂ ਨਿਕਲਦਾ।