ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੧)

Giani Sant Singh ji Maskeen · ਕਥਾ ਅਤੇ ਲੈਕਚਰ · ੧੮ / ੩੧੨

ਜੇ ਤਿਸੁ ਮਨਹੁ ਨ ਵੀਸਰਹਿ (ਪਾਰਟ ੧) ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ॥੨੩॥

ਇਹ ਤਾਂ ਠੀਕ ਹੈ ਕਿ ਸਿਫਤਿ-ਸਾਲਾਹ ਕਰਨ ਵਾਲਿਆਂ ਨੇ ਵੀ ਉਸਦਾ ਅੰਤ ਨਹੀਂ ਪਾਇਆ। ਵੱਡਾ ਵੱਡਾ ਆਖਣ ਵਾਲੇ ਵੀ ਉਸਦੀ ਵਡਿਆਈ ਦਾ ਹਿਸਾਬ ਨਹੀਂ ਪਾ ਸਕੇ। ਪਰ ਮਹਾਰਾਜ ਕਹਿੰਦੇ ਹਨ ਕਿ ਇਸਦਾ ਮਤਲਬ ਇਹ ਨਹੀਂ ਕਿ ਜਿਹਨਾਂ ਨੇ ਵੱਡਾ ਵੱਡਾ ਆਖਿਐ, ਉਹਨਾਂ ਦਾ ਆਖਿਆ ਵਿਅਰਥ ਚਲਾ ਗਿਆ ਹੈ, ਉਹਨਾਂ ਦੀ ਕੀਤੀ ਹੋਈ ਸਿਫਤਿ-ਸਾਲਾਹ ਵਿਅਰਥ ਚਲੀ ਗੲ ਹੈ। ਸਾਹਿਬ ਕਹਿੰਦੇ ਹਨ ਕਿ ਨਹੀਂ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ॥
ਉਸ ਸਾਲਾਹੁਣ ਯੋਗ ਪਰੀਪੂਰਨ ਪਰਮਾਤਮਾ ਦੀ ਸਿਫਤਿ-ਸਾਲਾਹ ਕਰਨ ਵਾਲਿਆਂ ਨੇ ਵੀ ਇਹ ਬੋਧ ਤਾਂ ਹਾਸਿਲ ਨਹੀਂ ਕੀਤਾ। “ਏਤੀ ਸੁਰਤਿ ਨ ਪਾਈਆ”- ਉਹ ਕਿੰਨਾ ਕੁ ਵੱਡਾ ਹੈ, ਪਾਤਾਲ ਕਿਤਨੇ ਹਨ, ਆਕਾਸ਼ ਕਿਤਨੇ ਹਨ, ਇਹ ਤਾਂ ਉਨ੍ਹਾਂ ਨੂੰ ਪਤਾ ਨਹੀਂ ਚੱਲ ਸਕਿਆ। ਲੇਕਿਨ ਉਨ੍ਹਾਂ ਦਾ ਆਖਣਾ ਵਿਅਰਥ ਨਹੀਂ ਗਿਆ। ਉਨ੍ਹਾਂ ਨੇ ਜੋ ਵੱਡਾ ਵੱਡਾ ਆਖਿਆ ਹੈ ਉਸਦਾ ਇਕ ਬਹੁਤ ਵੱਡਾ ਫਲ ਮਿਲਿਆ-ਕੀ? ਨਦੀਆ ਅਤੇ ਵਾਹ ਪਵਹਿ ਸਮੁੰਦਿ ਨ ਜਾਣੀਆਹਿ॥
ਜਿਵੇਂ ਨਾਲੇ, ਨਦੀਆਂ, ਦਰਿਆ ਸਾਗਰ ਤਕ ਪਹੁੰਚਦੇ ਹਨ ਤੇ ਸਾਗਰ ਵਿਚ ਲੀਨ ਹੋ ਜਾਂਦੇ ਹਨ, ਉਹ ਸਾਗਰ ਦੀ ਕੀ ਗਿਣਤੀ ਮਿਣਤੀ ਕਰਨ? ਉਹ ਤਾਂ ਸਾਗਰ ਦਾ ਰੂਪ ਹੋ ਗਈਆਂ ਹਨ। ਇਸ ਤਰ੍ਹਾਂ ਸਿਫਤਿ-ਸਾਲਾਹ ਕਰਨ ਵਾਲੇ ਪਰਮਾਤਮਾ ਦਾ ਹੀ ਰੂਪ ਹੋ ਗਏ। ਇਸ ਤਰ੍ਹਾਂ ਜਿਹੜੇ ਉਸ ਨੂੰ ਵੱਡਾ ਵੱਡਾ ਆਖਣ ਵਾਲੇ, ਉਸ ਦੀ ਤਹਿ ਤਕ ਪਹੁੰਚਣ ਦੇ ਅਭਿਲਾਸੀ, ਉਸ ਵੱਡੇ ਵਿਚ ਹੀ ਲੀਨ ਹੋ ਗਏ। ਧਾਰਮਿਕ ਦੁਨੀਆ ਵਿਚ ਇਕ ਨਿੱਕੀ ਜਿਹੀ ਗਾਥਾ ਚੱਲਦੀ ਹੈ। ਇਕ ਦਫ਼ਾ ਇਕ ਨਮਕ ਦੀ ਛੋਟੀ ਜੇਹੀ ਰੋੜੀ ਨੇ ਮਨ ਵਿਚ ਇਹ ਸੋਚਿਆ ਕਿ ਸਾਗਰ ਕਿੰਨਾ ਕੁ ਵੱਡਾ ਹੈ, ਇਸਦੀ ਤਹਿ ਨੂੰ ਮੈਂ ਵੇਖਣਾ ਹੈ, ਇਹ ਕਿੱਥੇ ਤਕ ਫੈਲਿਆ ਹੋਇਆ ਹੈ, ਇਸ ਵਿਚ ਕਿੰਨਾ ਕੁ ਜਲ ਹੈ। ਉਸਨੇ ਬੜੇ ਮਾਣ ਨਾਲ ਸਾਗਰ ਵਿਚ ਡੁਬਕੀ ਲਾਈ ਅਤੇ ਬੜੇ ਹੌਂਸਲੇ ਨਾਲ ਉਸਨੇ ਆਪਣੇ ਸਾਥੀਆਂ ਨੂੰ ਕਿਹਾ, “ਮੈਂ ਹੁਣੇ ਵਾਪਸ ਆ ਜਾਣਾ ਹੈ ਤੇ ਤੁਹਾਨੂੰ ਦੱਸ ਦੇਣਾ ਹੈ ਕਿ ਸਮੁੰਦਰ ਕਿਤਨਾ ਕੁ ਹੈ। ਸਾਗਰ ਕਿਤਨਾ ਕੁ ਹੈ। ਗੋਤਾ ਲਾਇਆ, ਡੁਬਕੀ ਲਾਈ। ਕਿਨਾਰੇ ‘ਤੇ ਖੜੀਆਂ ਨਮਕ ਦੀਆਂ ਰੋੜੀਆਂ ਉਸ ਰੋੜੀ ਦਾ ਇੰਤਜ਼ਾਰ ਪਈਆਂ ਕਰਦੀਆਂ ਹਨ। ਜਿਸ ਨੇ ਗੋਤਾ ਲਾ ਲਿਆ, ਜਿਸ ਨੇ ਡੁਬਕੀ ਲਾ ਲਈ ਅਤੇ ਜਿਵੇਂ ਡੁਬਕੀ ਗਹਿਰੀ ਹੁੰਦੀ ਗਈ, ਨਮਕ ਗਲਦਾ ਗਿਆ, ਰੋੜੀ ਗਲਦੀ ਗਈ। ਗਲ ਗਲ ਕੇ ਸਾਗਰ ਦਾ ਹੀ ਰੂਫ ਹੋ ਗਈ। ਕਹਿੰਦੇ ਹਨ-ਨਮਕ ਦੀਆਂ ਬਾਕੀ ਰੋੜੀਆਂ ਅਜੇ ਵੀ ਕਿਨਾਰੇ ‘ਤੇ ਖੜੀਆਂ ਹਨ, ਉਸ ਉਡੀਕ ਵਿਚ ਕਿ ਕਦੋਂ ਉਹ ਨਮਕ ਦੀ ਰੋੜੀ ਬਾਹਰ ਆਵੇ ਤੇ ਸਾਨੂੰ ਦੱਸੇ ਕਿ ਸਾਗਰ ਕਿੰਨਾ ਕੁ ਵਿਸ਼ਾਲ ਹੈ। ਇਹੀ ਗੱਲ ਸੰਤ ਜਨਾਂ ਦੀ ਹੈ। ਨਾਮ ਜਪਦਿਆਂ ਜਪਦਿਆਂ, ਰਸ ਮਾਣਦਿਆਂ ਮਾਣਦਿਆਂ, ਉਸ ਪਰਮ ਅਨੰਤ ਤੇ ਪਰਮ ਪੁਰਖ ਵਿਚ ਲੀਨ ਹੋ ਜਾਂਦੇ ਹਨ ਤੇ ਜਗਤ ਕਿਨਾਰੇ ’ਤੇ ਖੜਾ ਹੈ ਕਿਉਂਕਿ ਉਸ ਅੰਦਰ ਡੁਬਕੀ ਲਾਣ ਦੀ ਹਿੰਮਤ ਨਹੀਂ ਹੈ। ਸਿਰਫ਼ ਕਿਨਾਰੇ ’ਤੇ ਬੈਠਣ ਦੀ ਹਿੰਮਤ ਹੈ। ਅਕਸਰ ਧਾਰਮਿਕ ਅਸਥਾਨਾਂ ਵਿਚ ਜਿਹੜੇ ਲੋਕ ਜਾਂਦੇ ਹਨ, ਕੋਈ ਵਿਰਲਾ ਹੀ ਹੈ ਜੋ ਡੁਬਕੀ ਲਾਵੇ। ਕਿਨਾਰੇ ’ਤੇ ਹੀ ਖੜੇ ਰਹਿੰਦੇ ਹਨ, ਅਤੇ ਇਸ ਉਡੀਕ ਵਿਚ ਖੜੇ ਰਹਿੰਦੇ ਹਨ ਕਿ ਕੋਈ ਦੱਸੇ ਉਹ ਕਿੰਨਾ ਕੁ ਹੈ। ਪਰ ਜਿਸਨੇ ਜਾਣ ਲਿਆ, ਉਹ ਦੱਸਣ ਜੋਗਾ ਰਿਹਾ ਹੀ ਨਹੀਂ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੁਰਮਾਨ-“ਸੋਈ ਅਜਾਣੁ ਕਹੈ ਮੈ ਜਾਨਾ ਜਾਨਣਹਾਰੁ ਨ ਛਾਨਾ ਰੇ॥” ਜਿਹੜਾ ਇਹ ਦਾਅਵਾ ਕਰੇ ਕਿ ਮੈਂ ਜਾਣ ਲਿਆ ਹੈ, ਮੈ ਜਾਣ ਲਿਆ ਹੈ। ਵਾਕਿਆ ਹੀ ਉਸਨੇ ਜਾਣਿਆ ਨਹੀਂ। ਤੇ ਜਿਸ ਨੇ ਜਾਣ ਲਿਆ, ਉਹ ਤਾਂ ਉਸ ਵਿਚ ਹੀ ਲੀਨ ਹੋ ਗਿਆ। ਉਹ ਤਾਂ ਕਹਿਣ ਜੋਗਾ ਹੀ ਨਹੀਂ ਰਿਹਾ: ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ॥
(ਪੰਨਾ ੩੩੪)

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ