ਦਿਆਰਪੁਰੀ ਨੇ ਸਰਹੰਦ ਜਾ ਕੇ ਲੋਕਾਂ ਪਾਸ ਸਰਹੰਦ ਨੂੰ ਗੁਰੂ ਕਾ ਸਰਾਪ ਹੋਯਾ ਦੱਸਯਾ, ਅਤੇ ਨਿਸਚੇ ਕਰਾ ਦਿੱਤਾ ਕਿ ਏਹ ਸ਼ੈਹਰ ਜ਼ਰੂਰ ਉਜੜ ਜਾਵੇਗਾ ਕਯੋਂਕਿ ਗੁਰੂ ਕੇ ਬਚਨ ਰਾਮ, ਕ੍ਰਿਸ਼ਨ ਜੀ ਦੇ ਬਾਣਾਂ ਵਾਂਙੂੰ ਅਮੋਘ ਹਨ। ਕਦੇ ਨਾ ਟਲਨਗੇ। ਏਹੋ ਜੇਹੇ ਬਚਨ ਦਿਆਲਪੁਰੀ ਤੋਂ ਸੁਣ ਕੇ ਜਦ ਲੋਕਾਂ ਨੇ ਸੂਬੇ ਬਜੀਦਖਾਨ ਪਾਸ ਚੌਗੁਣੇ ਕਰ ਕੇ ਵਰਨਨ ਕੀਤੇ ਅਤੇ ਏਹ ਭੀ ਦਸਯਾ ਕਿ ਗੁਰੂ ਗੋਬਿੰਦ ਸਿੰਘ ਜੀ ਹੁਣ ਫੇਰ ਤੁਸਾਂ ਨਾਲ ਜੰਗ ਕਰਨ ਲਈ ਮਾਲਵੇ ਦੇਸ ਵਿੱਚ ਫੌਜ ਜਮ੍ਹਾਂ ਕਰ ਰਹੇ ਹਨ, ਤਾਂ ਏਹ ਬ੍ਰਿਤਾਂਤ ਸੁਣਦੇ ਸਾਰ ਵਜੀਦ ਖਾਂ ਨੂੰ ਸਣੇ ਕਪੜੀਂ ਅੱਗ ਲਗ ਗਈ। ਓਸੇ ਘੜੀ ਚੌਧਰੀ ਸਮੀਰ ਲਖਮੀਰ ਦੇ ਨਾਮ ਪਰਵਾਣਾ ਭੇਜ ਕੇ ਏਹ ਧਮਕੀ ਦਿੱਤੀ ਕਿ ਜੱਟੋ! ਤੁਸੀਂ ਮੈਨੂੰ ਨਹੀਂ ਜਾਣਦੇ, ਜਿਸ ਨੇ ਤੁਸਾਡੇ ਗੁਰੂ ਨੂੰ ਸਜੰਗ ਅਨੰਦਪੁਰੋਂ ਕੱਢ ਕੇ ਬਰਬਾਦ ਕਰ ਛੱਡਿਆ। ਅਤੇ ਚਾਰੇ ਪੁਤ ਏਸ ਦੇ ਮਾਰੇ, ਕਬੀਲੇ ਕਿਧਰੇ ਚਲੇ ਗਏ, ਮਾਈ ਏਨ੍ਹਾਂ ਦੀ ਪੋਤ੍ਰਿਆਂ ਦੇ ਮੋਹ ਦੀ ਮਾਰੀ ਮਹਿਲ ਉੱਤੋਂ ਡਿਗ ਕੇ ਮਰ ਗਈ। ਹੁਣ ਮੈਂ ਭਲੀ ਭਾਂਤ ਜਾਣ ਲੀਤਾ, ਜੋ ਤੁਸੀਂ ਭੀ ਏਹੋ ਜੇਹੇ ਬਣਨਾ ਚਾਹੁੰਦੇ ਹੋ। ਬਾਦਸ਼ਾਹ ਦੇ ਵੈਰੀ ਨੂੰ ਆਪਣੇ ਪਿੰਡ ਵਿੱਚ ਟਿਕਾ ਰੱਖਯਾ ਹੈ ਤੇ ਮਦਦ
ਦਿੰਦੇ ਹੋ। ਕੀ ਤੁਸਾਨੂੰ ਆਪਣੇ ਜਾਨ ਮਾਲ ਦੇ ਬਚਾਉ ਦੀ ਲੋੜ ਨਹੀਂ? ਜਦ
ਏਹ ਪਰਵਾਨਾ ਸੂਬੇ ਦਾ ਚੌਧਰੀ ਸਮੀਰ ਨੇ ਸੁਣਿਆ ਤਾਂ ਭਾਈਆਂ ਨਾਲ ਸਲਾਹ ਕਰ ਕੇ ਸੂਬੇ ਨੂੰ ਐਉਂ ਲਿਖ ਭੇਜਿਆ ਕਿ ਖਾਂ ਸਾਹਿਬ ਜੀ ਸਾਡੇ ਗੁਰੂ ਬਿਚਰਦੇ ਹੋਏ ਏਥੇ ਆ ਗਏ ਹਨ। ਜੀਕੂੰ ਤੁਸੀਂ ਆਪਣੇ ਪੀਰਾਂ ਦੀ ਟਹਿਲ ਕਰਦੇ ਰਹਿੰਦੇ ਹੋ, ਏਸੇ ਭਾਂਤ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ। ਤੈਂ ਜੋ ਲਿਖਯਾ ਹੈ ਕਿ ਤੁਸੀਂ ਭੀ ਗੁਰੂ ਜੇਹੇ ਬਣਨਾ ਚਾਹੁੰਦੇ ਹੋ, ਸੋ ਐਡੇ ਵੱਡੇ ਭਾਗ ਸਾਡੇ ਕਿੱਥੇ ਹਨ, ਜੇ ਗੁਰੂ ਜੇਹੇ ਬਣ ਜਾਈਏ। ਏਹ ਚਿੱਠੀ ਦੇ ਕੇ ਨੌਕਰ ਨੂੰ ਸਰਹੰਦ ਘੱਲ ਦਿੱਤਾ ਅਤੇ ਆਖਯਾ ਓਥੇ ਕੁਛ ਦਿਨ ਠਹਿਰ ਕੇ ਪੱਕੀ ਖ਼ਬਰ ਲੈ ਕੇ ਆਵੀਂ, ਸੂਬੇ ਦੀ ਕੀ ਮਨਸ਼ਾ ਹੈ? ਜੇ ਲਸ਼ਕਰ ਲੈ ਕੇ ਆਉਣ ਵਾਲਾ ਹੋਵੇ ਤਾਂ ਝਬਦੇ ਖ਼ਬਰ ਦੇਵੀਂ।