ਜਦ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਈ ਮਹੀਨੇ ਜੰਗ ਕਰ ਕੇ ਅਨੰਦਪੁਰ ਨੂੰ ਛੱਡਣ ਦੀ ਤਿਆਰੀ ਕੀਤੀ, ਤਦੋਂ ਸੂਰਜਮੱਲ ਦੇ ਪੁੱਤ੍ਰ, ਸੋਢੀ ਗੁਲਾਬ ਰਾਇ ਤੇ ਸਯਾਮ ਸਿੰਘ ਨੇ ਗੁਰੂ ਜੀ ਪਾਸ ਆ ਕਰ ਬੇਨਤੀ ਕੀਤੀ ਕਿ ਸਾਡੇ ਵਾਸਤੇ ਕੀ ਹੁਕਮ ਹੈ? ਕਿਉਂਕਿ ਏਥੇ ਤਾਂ ਪਹਾੜੀ ਰਾਜਯਾਂ ਨੇ ਸਾਨੂੰ ਰਹਿਣ ਨਹੀਂ ਦੇਣਾ। ਗੁਰੂ ਜੀ ਨੇ ਉਨਾਂ ਨੂੰ ਆਪਣਾ ਹੁਕਮ ਦੇ ਕਰ ਨਾਹਣ ਵਾਲੇ ਰਾਜੇ ਮੇਦਨੀ ਪ੍ਰਕਾਸ਼ ਪਾਸ ਭੇਜ ਦਿੱਤਾ। ਰਾਜੇ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਸੋਢੀ ਸਾਹਿਬਾਂ ਨੂੰ ਦੋ ਪਿੰਡ ਗਿਰਵੀ ਨਾਮ ਵਾਲੇ ਗ਼ੁਜ਼ਾਰੇ ਵਾਸਤੇ ਦੇ ਕਰ ਓਥੇ ਹੀ ਵਸਣ ਜੋਗ ਘਰ ਬਣਵਾਇ ਦਿੱਤੇ। ਕਈ ਬਰਸ ਆਪਣੇ ਕੁਟੰਬ ਸਮੇਤ ਸੋਢੀ ਓਸੇ ਥਾਂ ਵਸਦੇ ਰਹੇ। ਜਦ
ਬਾਬੇ ਬੰਦੇ ਬਹਾਦਰ ਨੇ ਸਰਹੰਦ ਦੀ ਬਾਉਨੀ ਨੂੰ ਆਪਣੇ ਹੱਥ ਲੈ ਕੇ ਪਹਾੜੀ ਰਾਜਯਾਂ ਨੂੰ ਭੀ ਸਜੰਗ ਆਪਣੀ ਈਨ ਮਨਾ ਲੀਤੀ, ਤਾਂ ਓਸ ਵੇਲੇ ਸੋਢੀ ਸਾਹਿਬਾਂ ਨੇ ਆਨੰਦਪੁਰ ਆ ਕਰ ਜੋ (ਬਿਲਾਸਪੁਰੀਏ ਰਾਜੇ ਅਜਮੇਰ ਚੰਦ ਨੇ ਲੜਾਈ ਕਰਨ ਬਦਲੇ ਗੁਰੂ ਦਾ ਬਿਸਵਾ ਜ਼ਬਤ ਕਰ ਰੱਖਯਾ ਸੀ) ਸੱਠ ਹਜ਼ਾਰ ਰੁਪਯਾ ਦੇਣਾ ਕਰ ਕੇ ਫੇਰ ਸਾਰੇ ਬਿਸਵੇ ਦਾ ਪਟਾ ਅਪਣੇ ਨਾਮ ਦਾ ਲਿਖਾ ਲੀਤਾ, ਜਿਸ ਕਰ ਕੇ ਸੋਢੀ ਸਾਹਿਬਾਂ ਨੇ ਅਨੰਦਪੁਰ ਵਿੱਚ ਅਪਣੀ ਵੱਸੋਂ ਕਰ ਲੀਤੀ। ਸਿੰਘਾਂ ਦੀ ਤੇਜ਼ੀ ਤੇ ਅਨੰਦਪੁਰ ਨੂੰ ਮੁੜ ਸੋਢੀਆਂ ਦੇ ਕਬਜ਼ੇ ਆਯਾ ਦੇਖ ਸੁਣ ਕੇ ਸਭ ਸੰਗਤਾਂ ਅਨੰਦਪੁਰ ਨੂੰ ਗੁਰੂ ਦੀ ਗੱਦੀ ਸਮਝ ਕੇ ਫੇਰ ਆਉਣ ਲਗ ਪਈਆਂ। ਸੋਢੀ ਗੁਲਾਬ ਰਾਇ ਜਿੱਥੇ ਦਸਵੇਂ ਪਾਤਸ਼ਾਹ ਬੈਠ ਕੇ ਸੰਗਤਾਂ ਤੋਂ ਭੇਟ, ਪੂਜਾ ਲਿਆ ਕਰਦੇ ਸੇ, ਓਥੇ ਗੁਰੂ ਜੀ ਦੀ ਗੱਦੀ ਉੱਤੇ ਬੈਠ ਕੇ ਜਿਗਾ, ਕਲਗੀ ਸ਼ਸਤ੍ਰ, ਬਸਤ੍ਰ, ਸਜਾ ਕਰ ਸੰਗਤਾਂ ਤੋਂ ਨਜ਼ਰ ਭੇਟ ਲੈਣ ਲਗ ਪਿਆ। ਮਾਯਾ ਬਹੁਤ ਆਉਣ ਲੱਗੀ ਜਿਸ ਵਿੱਚੋਂ ਰਾਜੇ ਦਾ ਰੁਪਯਾ ਪੂਰਾ ਕਰ ਦਿੱਤਾ ਤੇ ਆਪਣਾ ਭੀ ਅਰੂਜ ਬਣਾ ਲੀਤਾ। ਭਾਵੇਂ ਹੋਰ ਤਾਂ ਕਿਸੇ ਨੇ ਕੁਛ ਨਾ ਗਾਉਲੀ, ਪਰ ਭਾਈ ਗੁਰਬਖ਼ਸ਼ ਦਾ ਸੋਢੀ ਗੁਲਾਬ ਰਾਇ ਨੂੰ ਸਰਾਪ ਭਾਈ ਗੁਰਬਖ਼ਸ਼ ਨਾਮ ਉਦਾਸੀ ਸਾਧੂ ਨੂੰ (ਜੋ ਗੁਰੂ ਤੇਗ ਬਹਾਦਰ ਜੀ ਦੇ ਦੇਹੁਰੇ ਦੀ ਟਹਿਲ ਸੇਵਾ ਦਸਵੇਂ ਗੁਰੂ ਦੇ ਹੁਕਮ ਅਨੁਸਾਰ ਕਰਦਾ ਸੀ) ਬਹੁਤ ਅਨੀਤ ਮਾਲੂਮ ਹੋਈ ਓਸ ਨੇ ਸੋਢੀ ਗੁਲਾਬ ਰਾਇ ਨੂੰ ਆਖਯਾ ਕਿ ਆਪ ਗੁਰੂ ਕੀ ਗੱਦੀ ਉੱਤੇ ਬੈਠ ਕੇ ਪੂਜਾ ਨਾ ਲਓ। ਅਪਣੇ ਘਰ ਗਦੇਲੇ ਪੁਰ ਬੈਠ ਕੇ ਪੂਜਾ ਲਓ। ਗੁਰੂ ਜੀ ਦੀ ਗੱਦੀ ਪਰ ਬੈਠਣਾ ਆਪ ਦਾ ਅਧਿਕਾਰ ਨਹੀਂ। ਏਸੇ ਭਾਂਤ ਬੋਲ ਕੁਬੋਲ ਆਪਸ ਮੇਂ ਬਹੁਤ ਹੋਣੇ ਕਰ ਸੋਢੀ ਗੁਲਾਬ ਰਾਇ ਨੇ ਸਾਧ ਨੂੰ ਧੱਕੇ ਮਰਵਾ ਕੇ ਅਨੰਦਪੁਰ ਵਿੱਚੋਂ ਕਢਵਾ ਦਿਤਾ। ਓਹ ਰੋਂਦਾ ਹੋਯਾ ਕੋਟਲੇ ਪਿੰਡ ਜਾ ਰਿਹਾ। ਗੁਲਾਬ ਰਾਇ ਨੇ ਆਖਯਾਅਸੀਂ ਓਥੋਂ ਭੀ ਉਜਾੜ ਛਡਾਂਗੇ।ਏਸ ਬਾਤ ਪੁਰ ਕੋਪ ਹੋ ਕਰ ਸਾਧੂ ਬੋਲਿਆਸਾਡੇ ਧੂੰਏਂ ਪੁਰ ਤਾਂ ਏਥੇ ਕੋਈ ਕਮਲਾ ਬਾਜਾ ਬੈਠਾ ਹੀ ਰਹੇਗਾ। ਤੇਰਾ ਨਾਮ ਨਿਸ਼ਾਨ ਪਾਣੀ ਦੇਵਾ ਭੀ ਕੋਈ ਨਾ ਰਹੇਗਾ।ਏਹ ਸਰਾਪ ਸਾਧੂ ਦਾ ਐਸਾ ਸਫ਼ਲਾ ਹੋਇਆ ਕਿ ਥੋੜੇ ਹੀ ਦਿਨਾਂ ਵਿੱਚ ਗੁਲਾਬ ਰਾਇ ਪੁੱਤਾਂ ਸਮੇਤ ਕਾਲ ਦੀ ਚਬੀਣੀ ਹੋ ਗਿਆ। ਓਸ ਦੇ ਬੇਉਲਾਦ ਮਰੇ ਤੋਂ ਓਸ ਦੀ ਸਵਾਣੀ ਨੇ ਸੋਢੀ ਸਿਆਮ ਸਿੰਘ ਦੇ ਵੱਡੇ ਬੇਟੇ ਸੁਰਜਨ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲੈ ਕਰ ਗੁਰੂ ਗਾਦੀ ਪਰ ਟਿਕਾ ਦਿਤਾ। ਓਸ ਦਿਨ ਤੋਂ ਓਸ ਦੀ ਟਿੱਕਾ ਦੀ ਪਦਵੀ ਹੋ ਗਈ। ਓਸ ਗਦੀ ਪੁਰ ਬੈਠਣ ਵਾਲੇ ਦੀ ਹੁਣ ਤੱਕ ਟਿੱਕਾ ਜੀ ਪਦਵੀ ਚਲੀ ਆਉਂਦੀ ਹੈ। ਉਸ ਦੇ ਗ਼ੁਜ਼ਰੇ ਪਿੱਛੋਂ ਓਸ ਦਾ ਵੱਡਾ ਬੇਟਾ ਤ੍ਰਿਲੋਕ ਸਿੰਘ ਤਖ਼ਤ ਪਰ ਬੈਠਾ ਤੇ ਗੁਰੂ ਬਣ ਕੇ ਪੰਥ ਖਾਲਸੇ ਤੋਂ ਨਜ਼ਰ ਭੇਟਾ ਲੈਂਦਾ ਤੇ ਸਿਰੋਪਾਉ ਲੰਗਰ ਦਿੰਦਾ ਰਿਹਾ। ਓਸ ਦੇ ਪ੍ਰਲੋਕ ਸਿਧਾਰੇ ਪਿੱਛੋਂ ਓਸ ਦਾ ਭਾਈ ਦਿਦਾਰ ਸਿੰਘ ਗੱਦੀ ਨਸ਼ੀਨ ਹੋ ਕੇ ਗ਼ੁਜ਼ਰ ਗਿਆ। ਤਾਂ ਫੇਰ ਓਸ ਤੋਂ ਛੋਟੇ ਬੇਦੀ ਦਿਵਾਨ ਸਿੰਘ ਜੀ ਮਸਨਦ ਪੁਰ ਬੈਠੇ, ਓਨ੍ਹਾਂ ਦੇ ਮਗਰੋਂ ਓਨ੍ਹਾਂ ਦਾ ਬੇਟਾ ਬਜਿੰਦਰ ਸਿੰਘ ਗੱਦੀ ਦਾ ਵਾਰਸ ਹੋਯਾ। ਸੰਮਤ ੧੯੧੬ ਬਿਕ੍ਰਮੀ ਨੂੰ ਏਸ ਸੋਢੀ ਸਾਹਿਬ ਨੇ ਮਹਾਰਾਜੇ ਨਰਿੰਦ੍ਰ ਸਿੰਘ ਪਟਿਆਲੇ ਵਾਲੇ ਦੀ ਤਨਖਾਹ ਬਖ਼ਸ਼ੀ ਅਤੇ ਮਹਾਰਾਜੇ ਮਹਿੰਦਰ ਸਿੰਘ ਨੂੰ ਅੰਮ੍ਰਿਤ ਛਕਾਇਆ। ਓਨ੍ਹਾਂ ਦੇ ਪ੍ਰਲੋਕ ਗਮਨ ਪਿੱਛੋਂ ਓਨ੍ਹਾਂ ਦੇ ਪੁੱਤ੍ਰ ਹਰ ਨਰੈਣ ਸਿੰਘ
( ਜੀ ਨੇ ਗਦੀ ਗੁਰਿਆਈ ਪੁਰ ਬੈਠ ਕੇ ਮਹਾਰਾਜੇ ਰਜਿੰਦ੍ਰ ਸਿੰਘ ਜੀ ਨੂੰ ਤੇ ਕੌਰ ਰਣਬੀਰ ਸਿੰਘ ਨੂੰ ਅੰਮ੍ਰਿਤ ਛਕਾ ਕਰ ਸਿੰਘ ਧਰਮ ਵਿੱਚ ਕਾਇਮ ਕੀਤਾ। ਸੰਮਤ ੧੯੧੬ ਬਿਕ੍ਰਮੀ ਨੂੰ ਉਸ ਦੇ ਬੇਉਲਾਦ ਗ਼ੁਜ਼ਰੇ ਪਿੱਛੋਂ ਓਸ ਦੇ ਛੋਟੇ ਭਾਈ ਸਾਹਿਬ ਰਾਮਨਰੈਣ ਸਿੰਘ ਜੀ ਮਸਨਦ ਨਸ਼ੀਨ ਹੋਏ ਜੋ ਹੁਣ ਤੱਕ ਓਸ ਗੱਦੀ ਪਰ ਬਿਰਾਜਦੇ ਹਨ। ਆਪ ਚੰਗੇ ਲਿਖੇ ਪੜੇ ਲਿਆਕਤ ਵਾਲੇ ਤੇ ਸਿਆਣੇ ਪੁਰਸ਼ ਹਨ। ਆਪ ਦੀ ਹੁਣ ਭੀ ਚੰਗੀ ਮੰਨੀ ਜਾਂਦੀ ਹੈ।