ਘੁਮੰਡ ਚੰਦ ਤੇ ਪੰਮੇ ਪ੍ਰੋਹਤ ਦਾ ਪ੍ਰਸੰਗ

ਸ੍ਰੀ ਗੁਰੂ ਗੋਬਿੰਦ ਸਿੰਘ ਜੀ · ਤਵਾਰੀਖ ਗੁਰੂ ਖ਼ਾਲਸਾ · ਭਾਗ ੬੪ / ੧੩੫

ਪੁਰਾਣੀ PDF ਤੋਂ ਮਸ਼ੀਨ ਨਾਲ ਬਦਲੀ · ਅਜੇ ਜਾਂਚੀ ਨਹੀਂ।

ਦੂਜੇ ਦਿਨ ਰਾਜੇ ਘੁਮੰਡ ਚੰਦ ਨੇ ਸਭਨਾਂ ਰਾਜਿਆਂ ਨੂੰ ਪੁਕਾਰ ਕੇ ਕਹਿ ਸੁਣਾਇਆ ਕਿ ਅੱਜ ਮੈਂ ਤੁਹਾਡੀ ਪਿਛਲੀ ਸਾਰੀ ਮੈਲ ਧੋਵਾਂਗਾ ਅਤੇ ਫੌਜਾਂ ਤਿਆਰ ਕਰ ਕੇ ਬਹੁਤ ਦਿਲਾਸਾ ਤੇ ਹੌਸਲਾ ਦੇ ਕੇ ਮੋਰਚਿਆਂ ਵਿੱਚ ਕਾਇਮ ਕਰ ਦਿੱਤਾ। ਦੋਹਾਂ ਪਾਸਿਆਂ ਤੋਂ ਜੰਗ ਹੋਣ ਲੱਗਾ। ਮੈਦਾਨ ਦੇ ਜੰਗੀ ਮੋਰਚੇ ਨੂੰ ਘੁਮੰਡ ਚੰਦ ਨੇ ਅੱਗੇ ਵਧਾ ਕੇ ਅਜੇਹੀ ਕਹਿਰ ਦੀ ਲੜਾਈ ਕੀਤੀ ਜੋ ਇੱਕ ਵਾਰੀ ਤਾਂ ਸਿੰਘਾਂ ਨੂੰ ਮਾਰ ਕੇ ਬਿਹਬਲ ਕਰ ਸੁਟਿਆ, ਜਿਸ ਤੋਂ ਹਾਰ ਕੇ ਸਿੰਘ ਮੁੜ ਲੋਹਗੜ੍ਹ ਵਿੱਚ ਜਾ ਧਸੇ। ਏਸੇ ਨੂੰ ਫ਼ਤੇ ਮੰਨ ਕੇ ਘੁਮੰਡ ਚੰਦ ਨੇ ਆਪਣੀ ਫੌਜ ਨੂੰ ਪਿੱਛੇ ਮੋੜਿਆ ਤਾਂ ਅਜੀਤ ਸਿੰਘ ਦੇ ਵੰਗਾਰੇ ਹੋਏ ਸਿੱਖ ਹੱਲਾ ਕਰ ਕੇ ਕਿਲ੍ਹੇ ਵਿੱਚੋਂ ਫੇਰ ਨਿੱਕਲ ਪਏ। ਭਾਰੀ ਲੜਾਈ ਹੋਈ। ਰਾਜੇ ਕਟੋਚ ਨੂੰ ਗੋਲੀ ਦਾ ਜ਼ਖ਼ਮ ਲਗਾ, ਜਿਸ ਤੋਂ ਖਿਝ ਕੇ ਸਭ ਰਾਜੇ ਮਦਨ ਪਾਲ, ਕਰਮ ਪ੍ਰਕਾਸ਼, ਵੀਰ ਸਿੰਘ ਜਸਵਾਲੀਆ ਕੇਸਰੀ ਸਿੰਘ ਦਾ ਭਾਈ ਵੀਰ ਸਿੰਘ ਗੁਲੇਰੀਏ, ਡਢਵਾਲੀਏ ਆਦਿਕ ਹੱਲਾ ਕਰ ਕੇ ਸਿੱਖਾਂ ਉੱਤੇ ਆ ਪਏ, ਜੋ ਬੀਸ ਹਜ਼ਾਰ ਦੇ ਲਗਪਗ ਚੀਏਂ ਮੀਏਂ ਲੋਕ ਸਨ। ਭਾਵੇਂ ਸਿੰਘਾਂ ਨੇ ਸ਼ੇਰਾਂ ਵਾਂਙੂੰ ਗੱਜ ਗੱਜ ਕੇ ਬਹੁਤ ਜ਼ੋਰ ਦਾ ਜੰਗ ਮਾਰਿਆ ਪਰ ਬਹੁਤਿਆਂ ਅੱਗੇ ਪੇਸ਼ ਨਾ ਜਾਣੇ ਕਰ ਸਿੱਖਾਂ ਨੂੰ ਮੁੜ ਕਿਲ੍ਹੇ ਵਿੱਚ ਆਉਣਾ ਪਿਆ। ਏਸੇ ਪ੍ਰਕਾਰ ਰੋਜ਼ ਥੋੜ੍ਹੀ ਥੋੜ੍ਹੀ ਲੜਾਈ ਹੁੰਦੀ ਨੂੰ ਜਦ ਵੀਹ ਦਿਨ ਤੋਂ ਉੱਤੇ ਹੋ ਗਏ ਤਾਂ ਦੇਸੀ ਸਿੱਖਾਂ ਨੂੰ ਅਜੇਹੀ ਚਿੜਪੜੀ ਲੱਗੀ ਜੋ ਆਪਣੇ ਆਪਣੇ ਘਰਾਂ ਤੋਂ ਖ਼ਰਚ ਬਨ੍ਹ ਕੇ ਸੈਂਕੜੇ ਚਲੇ ਆਏ। ਗੁਰੂ ਜੀ ਦੇ ਪਾਸ ਰੋਜ਼ ਅਧਕ ਤੋਂ ਅਧਕ ਕੱਠ ਹੁੰਦਾ ਦੇਖ ਕੇ ਰਾਜਿਆਂ ਨੇ ਗੁਰੂ ਜੀ ਪਾਸ ਸੁਲ੍ਹਾ ਕਰ ਲੈਣ ਦਾ ਏਹ ਸਨੇਹਾ ਭੇਜ ਦਿੱਤਾ ਕਿ ਤੁਸੀਂ ਬਹੁਤ ਸਿੱਖਾਂ ਦਾ ਕੱਠ ਏਥੇ ਨਾ ਰੱਖੋ ਅਤੇ ਕੁਛ ਸਾਲਾਨਾ ਦੌਲਤ ਸਾਨੂੰ ਦੇਣੀ ਕਰੋ, ਤਦ ਅਸੀਂ ਮੋਰਚੇ ਉਠਾ ਲੈਂਦੇ ਹਾਂ। ਗੁਰੂ ਜੀ ਨੇ ਜਵਾਬ ਦਿੱਤਾ, ਸਿੱਖ ਤਾਂ ਸਾਡੇ ਪ੍ਰਾਣ ਤੇ ਪੰਖੀ ਦੇ ਪਰਾਂ ਵਾਂਗੂੰ ਪਰ ਹਨ। ਅਸੀਂ ਏਨ੍ਹਾਂ ਨੂੰ ਦੂਰ ਨਹੀਂ ਕਰ ਸਕਦੇ। ਦੌਲਤ ਸਾਡੇ ਪਾਸ ਤਲਵਾਰਾਂ ਤੀਰਾਂ ਦੀ ਹੈ। ਜੇਕਰ ਲੈ ਸਕਦੇ ਹੋ, ਤਾਂ ਬੇਸ਼ੱਕ ਆਓ, ਵੰਡ ਛਕਾਂਗੇ। ਏਹ ਜਵਾਬ ਸੁਣ ਕੇ ਸਭ ਰਾਜੇ ਚੁਪਕੇ ਹੋ ਰਹੇ। ਓੜਕ ਜਦ

ਹੋਰ ਕੋਈ ਵੇਉਂਤ ਬਣਦੀ ਨਾ ਦੇਖੀ ਤੇ ਲੜਦਿਆਂ ਨੂੰ ਢੇਰ ਦਿਨ ਗ਼ੁਜ਼ਰਾਤ ਗਏ ਤਾਂ ਏਹੋ ਸਲਾਹ ਠਹਿਰਾਈ ਕਿ ਬਾਦਸ਼ਾਹੀ ਫ਼ੌਜ ਲਿਆ ਕੇ ਅਨੰਦਪੁਰ ਨੂੰ ਘੇਰ ਰੱਖੋ। ਆਪੇ ਭੁੱਖੇ ਮਰਦੇ ਸਿੱਖ ਗੁਰੂ ਨੂੰ ਛੱਡ ਜਾਣਗੇ। ਓਸ ਵੇਲੇ ਪੰਮੇ ਪ੍ਰੋਹਤ ਨੇ ਆਖਯਾਬਾਦਸ਼ਾਹੀ ਫੌਜ ਜਿਤਨੀ ਅਧਕ ਆਵੇਗੀ ਉਤਨਾਂ ਅਧਕ ਰੁਪਯਾ ਖ਼ਰਚੇ ਦਾ ਤੁਸਾਨੂੰ ਦੇਣਾ ਪਵੇਗਾ, ਕਿੱਥੋਂ ਤੋੜੀ ਤੁਸੀਂ ਦੇ ਸਕੋਗੇ? ਤਾਂ ਤੇ ਜੇ ਮੇਰੀ ਮੰਨੋ ਤਾਂ ਇੱਕ ਟੋਟਕੜਾ ਜਾਦੂ ਵਰਗਾ ਛੱਡਦੇ ਹਾਂ, ਜਿਸ ਤੋਂ ਪੂਰੀ ਉਮੈਦ ਹੈ ਕਿ ਗੁਰੂ ਹੁਣੇ ਅਨੰਦਪੁਰ ਛੱਡ ਜਾਵੇਗਾ।ਏਹ ਬਾਤ ਸੁਣ ਕੇ ਸਭੇ ਆਖਣ ਲੱਗੇ, ਤੂੰ ਐਸਾ ਮੰਤ੍ਰ ਹੋਰ ਕੇਹੜੇ ਵੇਲੇ ਵਾਸਤੇ ਰੱਖਿਆ ਹੈ?

ਛੇਤੀ ਕਰ। ਸਾਨੂੰ ਤਾਂ ਸਿੱਖਾਂ ਨੇ ਖੋਖਲੇ ਕਰ ਛੱਡਿਆ ਹੈ ਤੇ ਠੰਢੇ ਦੁੱਧ ਨੂੰ ਗੁਰੂ ਫੂਕਾਂ ਮਾਰਦਾ ਹੈ।ਪੰਮਾ ਬੋਲਿਆਗੁਰੂ ਨੂੰ ਧਰਮ ਬਹੁਤ ਪਿਆਰਾ ਹੈ। ਏਨ੍ਹਾਂ ਨੂੰ ਗਊ ਦੀ ਸੌਂਹ ਦੇ ਕੇ ਅਨੰਦਪੁਰ ਛੁਡਾਈਏ ਤਾਂ ਭਰੋਸਾ ਪੈਂਦਾ ਹੈ ਕਿ ਇੱਕ ਵਾਰੀ ਤਾਂ ਜ਼ਰੂਰ ਛੱਡ ਦੇਣਗੇ। ਫੇਰ ਤੁਸੀਂ ਆਪਣਾ ਬੰਦੋਬਸਤ ਕਰ ਲੈਣਾ। ਏਹੋ ਸਲਾਹ ਠੀਕ ਠਹਿਰਾ ਕੇ ਪੰਮੇ ਨੇ ਪਹਾੜੀਆਂ ਦਾ ਛਲ ਇੱਕ ਆਟੇ ਦੀ ਗਊ ਬਣਾਈ। ਇੱਕ ਕਾਗ਼ਜ਼ ਉੱਤੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ! ਆਪ ਨੇ ਧਰਮ ਦੀ ਰੱਖਯਾ ਤੇ ਤੁਰਕਾਂ ਨੂੰ ਮਾਰਨ ਵਾਸਤੇ ਅਵਤਾਰ ਧਾਰਿਆ ਹੈ। ਏਸੇ ਹਿੰਦੂ ਧਰਮ ਗਊ ਦੀ ਰਖਵਾਲੀ ਲਈ ਨੌਵੇਂ ਗੁਰੂ ਸਾਹਿਬ ਜੀ ਨੇ ਸੀਸ ਕੁਰਬਾਨ ਕੀਤਾ ਹੈ। ਅਸੀਂ ਭੁੱਲ ਗਏ ਜੋ ਤੁਸਾਂ ਨਾਲ ਲੜਾਈ ਕੀਤੀ। ਹੁਣ ਅੱਗੇ ਨੂੰ ਕਦੇ ਤੁਹਾਡੇ ਸਾਹਮਣੇ ਨਾ ਹੋਵਾਂਗੇ। ਹੁਣ ਤੁਸੀਂ ਇੱਕ ਵਾਰੀ ਏਸ ਗਊ ਦੀ ਆਣ ਮੰਨ ਕੇ ਸਾਡੀ ਲਾਜ ਰੱਖ ਲਓ। ਇੱਕ ਦਿਨ ਅਨੰਦਪੁਰ ਤੋਂ ਬਾਹਰ ਚਲੇ ਜਾਓ। ਫੇਰ ਚਾਹੇ ਦੂਜੇ ਦਿਨ ਹੀ ਏਥੇ ਆ ਵੱਸਣਾ। ਏਤਨੀ ਦਯਾ ਕਰਨ ਤੋਂ ਸਾਡੀ ਪਗੜੀ ਰਹਿ ਜਾਵੇਗੀ। ਏਸ ਬਹਾਨੇ ਅਸੀਂ ਪਿੱਛੇ ਨੂੰ ਮੁੜ ਜਾਣ ਜੋਗੇ ਹੋ ਜਾਵਾਂਗੇ। ਏਹ ਲਿਖਤ ਅਤੇ ਗਊ ਦੇ ਗਲ

( ਰੱਸੀ ਪਾ, ਰਾਤ ਨੂੰ ਅਨੰਦਗੜ੍ਹ ਦੇ ਕਿਲ੍ਹੇ ਅੱਗੇ ਥਾਉਂ ਲਿੱਪ ਕੇ ਓਥੇ ਰੱਖ ਗਏ। ਜਦ ਅੰਮ੍ਰਤ ਵੇਲੇ ਸਿੱਖਾਂ ਨੇ ਦੋਵੇਂ ਚੀਜ਼ਾਂ ਦੇਖ ਕੇ ਗੁਰੂ ਜੀ ਅੱਗੇ ਜਾ ਧਰੀਆਂ ਤਾਂ ਪੱਤ੍ਰਕਾ ਪੜ੍ਹ ਸੁਣ ਕੇ ਹੋਰ ਸਿੰਘ ਤਾਂ ਗੁਰੂ ਜੀ ਸਮੇਤ ਪਹਾੜੀਆਂ ਦੀ ਅਕਲ ਤੇ ਹੱਸਣ ਲਗ ਪਏ ਤੇ ਮਸੰਦਾਂ ਅਰ ਕਾਇਰ ਸਿੱਖਾਂ ਨੇ (ਜੋ ਲੜਾਈ ਤੋਂ ਡਰਦੇ ਥਰ ਥਰ ਕੰਬਦੇ ਸੇ) ਮਾਤਾ ਜੀ ਨੂੰ ਜਾ ਸਿਖਾਇਆ ਕਿ ਅੱਜ ਵੇਲਾ ਹੈ ਜੇ ਇੱਕ ਦਿਨ ਵਾਸਤੇ ਤੁਸੀਂ ਅਨੰਦਪੁਰ ਗੁਰੂ ਜੀ ਤੋਂ ਛੁਡਾ ਦਿਓ ਤਾਂ ਪਹਾੜੀਆਂ ਦੀ ਸੌਂਹ ਪਾਈ ਮੰਨੀ ਜਾਵੇ ਤਾਂ ਸਦਾ ਦਾ ਬਖੇੜਾ ਮਿਟ ਸਕਦਾ ਹੈ, ਕੱਲ੍ਹ ਨੂੰ ਫੇਰ ਏਥੇ ਹੀ ਆ ਵੱਸਾਂਗੇ ਭਾਵੇਂ ਗੁਰੂ ਸਾਹਿਬ ਜੀ ਤਾਂ ਛਲ ਝੂਠ ਕਪਟ ਨੂੰ ਚੰਗੀ ਤਰ੍ਹਾਂ ਜਾਣ ਰਹੇ ਸਨ, ਪਰ ਮਸੰਦਾਂ ਤੇ ਮਾਤਾ ਜੀ ਦਾ ਹਠ ਵੇਖ ਕਰ ਬਹੁਤ ਸਾਰੇ ਬਹਾਦਰ ਸਿੰਘਾਂ ਨੂੰ ਰਖਵਾਲੇ ਛੱਡ ਕੇ ਪਹਾੜੀਆਂ ਦੀ ਬੇਈਮਾਨੀ ਪਰਤੱਖ ਦਿਖਾਉਣ ਲਈ ਨਗਾਰਾ ਵਜਵਾ ਕੇ ਅਨੰਦਪੁਰ ਨੂੰ ਛਡਣ ਦੀ ਤਿਆਰੀ ਕਰ ਦਿੱਤੀ। ਜਦਪਿ ਬਹੁਤ ਸਾਰੇ ਬਹਾਦਰਾਂ ਨੇ ਬੇਨਤੀ ਕੀਤੀ ਕਿ ਵੈਰੀਆਂ ਦੀ ਪਾਈ ਹੋਈ ਸੌਂਹ ਮੰਨਣੀ ਯੋਗ ਨਹੀਂ। ਪਰ ਨਿਰਭੈ ਧਰਮ ਪਾਲਕ ਗੁਰੂ ਜੀ ਨੇ ਬਚਨ ਕੀਤਾ ਕਿ ਜੇ ਅਸੀਂ ਛੱਤ੍ਰੀ ਧਰਮ ਹੋ ਕੇ ਗਊ ਦੀ ਆਣ ਦਿੱਤੀ ਹੋਈ ਨਾ ਮੰਨੀਏਂ ਤਾਂ ਹੋਰ ਕੌਣ ਮੰਨੂੰ। ਸਾਨੂੰ ਏਹ ਸੰਸਾ ਨਹੀਂ ਜੋ ਪਹਾੜੀ ਅਨੰਦਪੁਰ ਨੂੰ ਮੱਲ ਲੈਣਗੇ ਤਾਂ ਫੇਰ ਅਸੀਂ ਕਿਕੂੰ ਛੁਡਾਵਾਂਗੇ? ਭਾਈ ਸਿੱਖੋ! ਅਸੀਂ ਏਨ੍ਹਾਂ ਕੱਚੇ ਪੱਕੇ ਤੁਰਕਾਂ ਨੂੰ ਸਰਬ ਭਾਂਤ ਝੂਠੇ ਕਰ ਕੇ ਮਾਰਨਾ ਹੈ। ਏਤਨਾ ਕਹਿ ਕੇ ਗੁਰੂ ਜੀ ਅਨੰਦਪੁਰ ਛੱਡ ਕੇ ਓਥੋਂ ਡੇਢ ਕੋਸ ਨਿਰਮੋਹ ਪਿੰਡ ਪਾਸ ਉੱਚੇ ਥਾਂ ਮਦਾਨ ਵਿੱਚ ਜਾ ਬੈਠੇ।

ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖ਼ਾਲਸਾ (1885/1891, public domain) — PDF edition from library.gurmat.info, converted from an old Punjabi font; not proofread · public domain · source ↗