ਬਠਿੰਡੇ ਦੇ ਕਿਲ੍ਹੇ ਵਿੱਚੋਂ ਕਾਣੇ ਦੇਉ ਦਾ ਕੱਢਣਾ ਸੁਣ ਕੇ ਸਾਰੇ ਮਾਲਵੇ ਦੇਸ਼ ਵਿੱਚ ਇਸ ਗੱਲ ਦੀ ਧੁੰਮ ਪੈ ਗਈ ਕਿ ਜਿਸ ਤੋਂ ਡਰਦਾ ਦੇਉ ਭੀ ਨੱਠ ਗਿਆ, ਓਸ ਅੱਗੇ ਹੋਰ ਕਿਸੇ ਦੀ ਕੀ ਪੇਸ਼ ਜਾ ਸਕਦੀ ਹੈ? ਗੁਰੂ ਕੀ ਮਹਿਮਾ ਸੁਣ ਸੁਣ ਬੇਅੰਤ ਲੋਗ ਆਉਣ ਤੇ ਗੁਰੂ ਕੇ ਦਰਸ਼ਨ ਪਾਉਣ ਲੱਗੇ ਤੇ ਸਿੱਖ ਸੇਵਕ ਹੋ ਕੇ ਅਨੰਦ ਹਾਸਲ ਕਰਨ ਲੱਗੇ। ਗੋਦੜੀਆ ਸਾਧ ਤੇ ਮਾਈ ਭਾਗੋ ਤਾਂ ਗੁਰੂ ਜੀ ਦੇ ਬਹੀਰ ਨਾਲ ਰਾਤ ਦਿਨੇ ਫਿਰਦੇ ਰਹਿੰਦੇ ਸੇ। ਇੱਕ ਦਿਨ ਮਾਈ ਭਾਗੋ ਮਾਤਾ ਭਾਗੋ ਵਿਦੇਹ ਨੂੰ ਨੰਗੀ ਫਿਰਦੀ ਦੇਖ ਕੇ ਬਚਨ ਕੀਤਾਮਾਈ ਜੀ! ਭਾਵੇਂ ਤੁਹਾਨੂੰ ਤਾਂ ਕੋਈ ਲੇਪ ਨਹੀਂ ਪਰ ਮਹਾਤਮਾ ਪੁਰਸ਼ ਦੂਸਰੇ ਪੁਰਖਾਂ ਨੂੰ ਸ਼ੁਭ ਰਸਤੇ ਪਾਵਣ ਲਈ ਆਪ ਕਦੇ ਸ਼ੁਭ ਕਰਮਾਂ ਦਾ ਤਿਆਗ ਨਹੀਂ ਕਰਦੇ। ਸੋ ਤੁਸੀਂ ਤੇੜ ਕੱਛ ਤੇ ਗਲ ਵਿੱਚ ਚੋਲਾ ਜ਼ਰੂਰ ਰੱਖਯਾ ਕਰੋ।ਸੋ ਮਾਈ ਨੇ ਓਸੇ ਦਿਨ ਤੋਂ ਕੱਛ ਤੇ ਚੋਲਾ ਧਾਰਨ ਕਰ ਲਿਆ। ਗੁਰੂ ਜੀ ਕਿਲ੍ਹੇ ਵਿੱਚ; ਜਿੱਥੇ ਹੁਣ ਗੁਰਦੁਆਰਾ ਹੈ, ਬਿਰਾਜ ਰਹੇ ਸੇ ਤਾਂ ਰਾਤ ਨੂੰ ਬਲੋਚ ਸੱਸੀ ਦਾ ਗੀਤ ਸੱਸੀ ਪੰੁਨੂੰ ਚੰਗੀਆਂ ਸੁਰਾਂ ਨਾਲ ਗਾਉਂਦੇ ਰਹੇ। ਗੁਰੂ ਸਾਹਿਬ ਜੀ ਸੁਣ ਕੇ ਪ੍ਰਸੰਨ ਹੋਏ ਤੇ ਦਿਨ ਚੜ੍ਹੇ ਦੀਵਾਨ ਵਿੱਚ ਓਨ੍ਹਾਂ ਨੂੰ ਬੁਲਾ ਕੇ ਆਖਯਾਜਿਕੂੰ ਤੁਸੀਂ ਰਾਤ ਗਾਉਂਦੇ ਸੇ, ਓਸੇ ਭਾਂਤ ਹੁਣ ਸਾਨੂੰ ਸੁਣਾਓ।ਓਨ੍ਹਾਂ ਆਖਯਾਜੀ! ਹੁਣ ਤਾਂ ਤੁਸਾਡੇ ਪਾਸੋਂ ਸ਼ਰਮ ਆਉਂਦੀ ਹੈ। ਓਹੋ ਜੇਹਾ ਨਹੀਂ ਗਾਵਿਆਂ ਜਾਏਗਾ।ਓੜਕ ਓਹ ਬਚਨ ਮੰਨ ਕੇ ਗਾਉਣ ਤਾਂ ਲੱਗੇ, ਪਰ ਓਹੋ ਜੇਹਾ ਰਸ ਨਾ ਬਣਿਆ। ਬਲਕੇ ਪਾਸੋਂ ਕਿਸੇ ਕਿਸੇ ਸਿੱਖ ਨੇ ਜਦ ਤਰਕ ਕੀਤੀ ਤਾਂ ਗੁਰੂ ਜੀ ਆਖਯਾਭਾਈ ਸਿੱਖੋ! ਧਰਤੀ ਵਿੱਚ ਇੱਕ ਇੱਕ ਉਂਗਲ ਖੋਭੋ।ਜਦ ਕਿਸੇ ਤੋਂ ਨਾ ਖੁੱਭੀ ਤਾਂ ਮਹਾਰਾਜ ਬੋਲੇਤੁਸੀਂ ਇੱਕ ਉਂਗਲ ਜ਼ਮੀਨ ਵਿੱਚ ਨਹੀਂ ਧਸਾ ਸਕਦੇ। ਸੱਸੀ ਤਾਂ ਪੰੁਨੂੰ ਦੇ ਪ੍ਰੇਮ ਵਿੱਚ ਸਾਰੀ ਹੀ ਧਰਤੀ ਵਿੱਚ ਧਸ ਗਈ ਸੀ। ਹੁਣ ਓਸ ਦਾ ਪ੍ਰੇਮ ਚੰਗਾ ਹੋਯਾ ਕਿ ਤੁਸਾਡਾ। ਤਰਕ ਓਸੇ ਨੂੰ ਕਰੀਏ ਜਿਸ ਤੋਂ ਅਧਕ ਕਮਾਈ ਆਪ ਕੀਤੀ ਹੋਵੇ। ਭਾਈ ਸਿੱਖੋ! ਸਾਰੇ ਪੋਥੀਆਂ ਗ੍ਰੰਥਾਂ ਵਿੱਚ ਪ੍ਰੇਮ ਦੀ ਉਪਮਾ ਹੈ। ਪ੍ਰੇਮ ਬਿਨਾਂ ਜਪ ਤਪ ਛੂਛੇ ਹਨ। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ
ਹੀ ਪ੍ਰਭੁ ਪਾਇਓ ॥੯॥ ਸ੍ਰੀ ਦਸਮ ਗ੍ਰੰਥ - ਅਕਾਲ ਉਸਤਤਿ ਕਈ ਦਿਨ ਏਹੋ ਜੇਹਾ ਵਿਚਾਰ ਸਤਸੰਗ ਹੁੰਦਾ ਰਿਹਾ। ਬਠਿੰਡੇ ਤੋਂ ਚੜ੍ਹ ਕੇ ਅਨੇਕ ਵਾਰੀ ਸ਼ਿਕਾਰ ਲਾਮਾਂ ਦੇ ਪਿੰਡਾਂ ਵਿੱਚ ਦੂਰ ਦੂਰ ਤੱਕ ਜਾ ਕੇ ਜੰਗਲਾਂ ਤੇ ਪਿੰਡਾਂ ਨੂੰ ਪਵਿੱਤ੍ਰ ਕਰਦੇ ਰਹੇ। ਓੜਕ ਡੱਲੇ ਦੇ ਪ੍ਰੇਰੇ ਹੋਏ ਗੁਰੂ ਜੀ ਨੇ ਬਠਿੰਡੇ ਤੋਂ ਚੱਲ ਕੇ ਪੰਜਾਂ ਕੋਹਾਂ ਉੱਤੇ ਮਹਿਮੇਂ ਪਿੰਡ ਜਾ ਡੇਰਾ ਲਾਯਾ।