ਭਾਈ ਮਨੀ ਸਿੰਘ ਦੇ ਦੋ ਵਿਆਹ ਹੋਏ ਸਨ। ਉਨ੍ਹਾਂ ਦਾ ਪਹਿਲਾ ਵਿਆਹ ਪਿੰਡ ਖੈਰਪੁਰ ਜ਼ਿਲ੍ਹਾ ਸੁਜ਼ੱਫਰਪੁਰ ਵਿਚ ਹੋਇਆ।
ਉਨ੍ਹਾਂ ਦੀ ਪਤਨੀ ਦਾ ਨਾਂ ਸੀਤੋ ਬਾਈ ਸੀ ਜਿਹੜੀ ਕਿ ਲੱਖੀ ਰਾਇ ਦੀ ਪੁੱਤਰੀ ਸੀ। ਲੱਖੀ ਰਾਇ ਇਕ ਵੱਡਾ ਵਪਾਰੀ ਸੀ ਤੇ ਉਹ ਪੱਛਮੀ ਪੰਜਾਬ ਦਾ ਮਾਲ ਦਿੱਲੀ ਵਿਖੇ ਵੇਚਿਆ ਕਰਦਾ ਸੀ।
ਉਸ ਦਾ ਦੂਜਾ ਵਿਆਹ ਗੁਰੀਆ ਚੌਹਾਨ ਦੀ ਪੁੱਤਰੀ ਖੇਮੀ ਬਾਈ ਨਾਲ ਹੋਇਆ।
ਭਾਈ ਮਨੀ ਸਿੰਘ ਦੇ ਘਰ ਦਸ ਪੁੱਤਰਾਂ ਨੇ ਜਨਮ ਲਿਤਾ।
ਉਨ੍ਹਾਂ ਦੇ ਦਸਾਂ ਪੁੱਤਰਾਂ ਦਾ ਹੀ ਸਿੱਖ ਇਤਿਹਾਸ ਵਿਚ ਬੜਾ ਉੱਚਾ ਥਾਂ ਹੈ।
ਗੁਰਬਖਸ਼ ਸਿੰਘ ਅਤੇ ਚਿਤਰ ਸਿੰਘ ਭਾਈ ਮਨੀ ਸਿੰਘ ਨਾਲ ਅੰਮ੍ਰਿਤਸਰ ਵਿਚ ਰਹਿੰਦੇ ਸਨ। ਦੋਵੇ ਪੁੱਤਰਾਂ ਨੂੰ ਜ਼ਕਰੀਆਂ ਖਾਂ ਨੇ ਭਾਈ ਮਨੀ ਸਿੰਘ ਨਾਲ ਗ੍ਰਿਫਤਾਰ ਕਰ ਲਿਤਾ ਸੀ।
ਭਾਈ ਉਦੈ ਸਿੰਘ ਇਕ ਬੜਾ ਸੂਰਬੀਰ ਯੋਧਾ ਸੀ ਤੇ ਉਸ ਲੋਹਗੜ੍ਹ ਦੀ ਲੜਾਈ ਵਿਚ ਰਾਜਾ ਕੇਸਰੀ ਚੰਦ ਨੂੰ ਮਾਰ ਮੁਕਾਇਆ ਸੀ।
ਭਾਈ ਬੱਚਿਤਰ ਸਿੰਘ ਵੀ ਬੜਾ ਬਲਵਾਨ ਯੋਧਾ ਸੀ। ਜਦ ਪਹਾੜੀ ਰਾਜਿਆਂ ਨੇ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ ਇਕ ਮਸਤ ਹਾਥੀ ਨੂੰ ਭੇਜਿਆ ਤਾਂ ਬਚਿੱਤਰ ਸਿੰਘ ਨੇ ਹਾਥੀ ਦੇ ਸਿਰ ਵਿਚ ਏਨੇ ਜ਼ੋਰ ਨਾਲ ਬਰਛਾ ਮਾਰਿਆ ਸੀ ਕਿ ਹਾਥੀ ਚੀਕਦਾ ਹੋਇਆ ਪਿਛਾਂਹ ਭੱਜ ਗਿਆ ਤੇ ਉਸ ਪਹਾੜੀ ਰਾਜਿਆਂ ਦੀ ਫ਼ੌਜ ਨੂੰ ਕੁਚਲ ਦਿੱਤਾ ਸੀ।
ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਵਿਚ ਸ਼ਹੀਦ ਹੋਏ।
ਭਾਈ ਮਨੀ ਸਿੰਘ ਦੇ ਤਿੰਨ ਪੁੱਤਰ ਪੁੱਤਰ ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ ਚਮਕੌਰ ਦੀ ਜੰਗ ਵਿਚ ਸ਼ਹੀਦੀਆਂ ਪਾ ਗਏ ਸਨ।
ਭਾਈ ਭਗਵਾਨ ਸਿੰਘ ਅਨੰਦਪੁਰ ਦੀ ਲੜਾਈ ਸਮੇਂ ਸ਼ਹੀਦ ਹੋਇਆ।
ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਦਸ ਪੁੱਤਰਾਂ ਵਿਚੋਂ ਸੱਤਾਂ ਨੇ ਸ਼ਹੀਦੀ ਦਾ ਜਾਮ ਪੀਤਾ।
ਉਨ੍ਹਾਂ ਦੇ ਇਕ ਪੁੱਤਰ ਭਾਈ ਦੇਸਾ ਸਿੰਘ ਨੇ ਰਹਿਤਨਾਮਾ ਲਿਖਿਆ ਸੀ। ਉਸ ਦਾ ਰਹਿਤਨਾਮਾ ਵੀ ਸਿੱਖ ਜਗਤ ਵਿਚ ਬਹੁਤ ਪ੍ਰਸਿੱਧ ਹੋਇਆ।
ਉਨ੍ਹਾਂ ਦੇ ਦਸ ਪੋਤਰੇ ਵੀ ਸਿੱਖ ਪੰਥ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਏ।