ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰ-ਗੱਦੀ 'ਤੇ ਬੈਠੇ ਤਾਂ ਭਾਈ ਮਨੀ ਸਿੰਘ ਉਨ੍ਹਾਂ ਦੇ ਦਰਸ਼ਨਾਂ ਨੂੰ ਗਏ।
ਬਾਲ ਗੁਰੂ ਜੀ ਦੇ ਦਰਸ਼ਨ ਕਰ ਕੇ ਉਹ ਬਹੁਤ ਪ੍ਰਸੰਨ ਹੋਏ। ਉਹ ਹਰ ਵੇਲੇ ਗੁਰੂ ਸਾਹਿਬ ਜੀ ਦੀ ਅਰਦਲ ਵਿਚ ਰਹਿੰਦੇ ਸਨ ਗੁਰੂ ਜੀ ਨਾਲ ਉਨ੍ਹਾਂ ਦਾ ਏਨਾ ਪਿਆਰ ਹੋ ਗਿਆ ਕਿ ਉਨ੍ਹਾਂ ਫਿਰ ਕੀਰਤਪੁਰ ਵਿਖੇ ਹੀ ਰਹਿਣ ਦਾ ਫੈਸਲਾ ਕਰ ਲਿਆ।
ਉਹ ਆਪਣੇ ਸਾਰੇ ਪਰਿਵਾਰ ਨੂੰ ਵੀ ਕੀਰਤਪੁਰ ਲੈ ਗਏ।
ਗੁਰਬਾਣੀ ਲਿਖਣ ਦੀ ਸੇਵਾ ਉਨ੍ਹਾਂ ਫਿਰ ਆਰੰਭ ਕਰ ਦਿੱਤੀ। ਉਹ ਗੁਰੂ ਜੀ ਦੇ ਮੁੱਖ ਸਲਾਹਕਾਰ ਬਣ ਗਏ।
ਗੁਰੂ ਜੀ ਜਦ ਵੀ ਕੋਈ ਕੰਮ ਆਰੰਭ ਕਰਦੇ ਤਾਂ ਭਾਈ ਮਨੀ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਸਲਾਹ-ਮਸ਼ਵਰਾ ਕਰਦੇ।
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ ਬਾਬਾ ਰਾਮ ਰਾਇ ਨੇ ਔਰੰਗਜ਼ੇਬ ਨਾਲ ਚੰਗੇ ਸੰਬੰਧ ਬਣਾ ਲਏ ਸਨ। ਉਹ ਹਰ ਵੇਲੇ ਔਰੰਗਜ਼ੇਬ ਨੂੰ ਗੁਰੂ ਹਰਿ ਕ੍ਰਿਸ਼ਨ ਦੇ ਖਿਲਾਫ ਚੁੱਕਦਾ ਰਹਿੰਦਾ ਸੀ।
ਔਰੰਗਜ਼ੇਬ ਨੇ ਰਾਜਾ ਜੈ ਸਿੰਘ ਦੀ ਇਹ ਜ਼ਿੰਮੇਵਾਰੀ ਲਾਈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲਿਆਵੇ।
ਰਾਜਾ ਜੈ ਸਿੰਘ ਨੇ ਦੀਵਾਨ ਪਰਸ ਰਾਮ ਨੂੰ ਇਕ ਚਿੱਠੀ ਦੇ ਕੇ ਗੁਰੂ ਜੀ ਪਾਸ ਭੇਜਿਆ।
ਭਾਈ ਕਿਰਪਾਲ ਚੰਦ ਅਤੇ ਭਾਈ ਮਨੀ ਸਿੰਘ ਉਸ ਸਮੇਂ ਗੁਰੂ ਜੀ ਪਾਸ ਹੀ ਬੈਠੇ ਸਨ।
ਗੁਰੂ ਜੀ ਨੇ ਭਾਈ ਪਰਸ ਰਾਮ ਤੋਂ ਚਿੱਠੀ ਫੜ ਲਈ ਅਤੇ ਭਾਈ ਮਨੀ ਸਿੰਘ ਨੂੰ ਪੜ੍ਹਨ ਵਾਸਤੇ ਕਿਹਾ।
ਭਾਈ ਮਨੀ ਸਿੰਘ ਨੇ ਜਦ ਚਿੱਠੀ ਪੜ੍ਹੀ ਤਾਂ ਗੁਰੂ ਜੀ ਨੇ ਪਰਸ ਰਾਮ ਅਤੇ ਉਸ ਦੇ ਸਾਥੀਆਂ ਨੂੰ ਆਰਾਮ ਕਰਨ ਵਾਸਤੇ ਕਿਹਾ।
ਉਨ੍ਹਾਂ ਦੇ ਜਾਣ ਪਿੱਛੋਂ ਉਨ੍ਹਾਂ ਨੇ ਆਪਣੇ ਹੋਰ ਇਤਬਾਰੀ ਸਿੱਖਾਂ ਜਿਨ੍ਹਾਂ ਵਿਚ ਬਾਬਾ ਗੁਰਦਿੱਤਾ ਅਤੇ ਭਾਈ ਦਰਘਾ ਮੱਲ ਵੀ ਸ਼ਾਮਲ ਸਨ, ਨੂੰ ਬੁਲਾਇਆ।
ਭਾਈ ਮਨੀ ਸਿੰਘ ਅਤੇ ਹੋਰ ਸਿੱਖਾਂ ਨੇ ਗੁਰੂ ਜੀ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ।
ਗੁਰੂ ਜੀ ਨੇ ਫਿਰ ਪਰਸ ਰਾਮ ਨੂੰ ਬੁਲਾ ਕੇ ਕਿਹਾ ਕਿ ਉਹ ਦਿੱਲੀ ਜਾਣ ਨੂੰ ਤਿਆਰ ਹਨ, ਪਰ ਉਹ ਔਰੰਗਜ਼ੇਬ ਦੇ ਮੱਥੇ ਨਹੀਂ ਲਗਣਗੇ।
ਪਰਸ ਰਾਮ ਨੇ ਵਾਅਦਾ ਕੀਤਾ ਕਿ ਉਹ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਠਹਿਰਨਗੇ।
ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਨੂੰ ਰਵਾਨਾ ਹੋਏ ਤਾਂ ਭਾਈ ਮਨੀ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਗਏ।