(ਗੁਰੂ) ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਹੋਣ 'ਤੇ ਇਸ ਮਹਾਨ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਪਰਮ ਪਵਿੱਤਰ ਜਗ੍ਹਾ ਸਮਝਿਆ ਅਤੇ ਦੂਰ-ਦੂਰ ਤੋਂ ਸੰਗਤਾਂ, ਮਸੰਦਾਂ ਤੇ ਆਪਣੇ ਤੋਂ ਪਹਿਲੇ ਗੁਰੂ ਸਹਿਬਾਨ ਦੇ ਸਾਹਿਬਜ਼ਾਦਿਆਂ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸੱਦੇ-ਪੱਤਰ ਭੇਜ ਕੇ ਮੰਗਵਾਇਆ ਗਿਆ।
ਗੁਰੂ ਜੀ ਵੱਲੋਂ ਪਵਿੱਤਰ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਵਾਸਤੇ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਹੀ ਸਭ ਤੋਂ ਵੱਧ ਯੋਗ ਵਿਚਾਰੇ ਗਏ।
ਭਾਦਰੋਂ ਵਦੀ ੧, ਸੰਮਤ ੧੬੬੧ ਮੁਤਾਬਕ ਸੰਨ ੧੬੦੪ ਨੂੰ ਅੰਮ੍ਰਿਤ ਵੇਲੇ, ਨਿਤਨੇਮ ਮੂਜਬ, ਗੁਰੂ ਜੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਆਦਿ ਨੇ ਇਸ਼ਨਾਨ ਕੀਤਾ।
ਫਿਰ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਬਚਨ ਕੀਤਾ-
'ਬੁੱਢਾ ਨਿਜ ਸਿਰ ਪਰ ਧਰਿ ਗ੍ਰਿੰਥ। ਆਗੇ ਚਾਲਹੁ ਸੁਧਾਸਰ ਪੰਥ।
ਮਾਨਿ ਬਾਕ ਲੇ ਭਯੋ ਅਗਾਰੇ। ਚਮਰ ਗੁਰੂ ਅਰਜਨ ਕਰ ਧਾਰੇ।੨੯।
ਸੰਖ ਅਨਿਕ ਲਘੁ ਦੁੰਦਭਿ ਬਾਜੇ। ਜੈ ਜੈ ਕਾਰ ਊਚ ਸੁਰ ਗਾਜੇ।
ਸੁੰਦਰ ਸ਼੍ਰੀ ਹਰਿ ਗੋਬਿੰਦ ਚੰਦ। ਸੰਗ ਚਲਤਿ ਹੁਇ ਸ਼ੋਭ ਬਿਲੰਦ।੩੦।
ਹਰਿ ਮੰਦਿਰ ਮਹਿਂ ਜਾਇ ਪਹੁੰਚੇ। ਰਾਗੀ ਰਾਗ ਕਰਤਿ ਸੁਰ ਊਚੇ।
ਮੰਜੀ ਸਹਤ ਗ੍ਰਿੰਥ ਤਹਿਂ ਥਾਪਿ। ਬੈਠੇ ਨਿਕਟ ਗੁਰੂ ਤਬਿ ਆਪਿ।੩੧।
ਵਾਰ ਭੋਗ ਕੋ ਸੁਨਿ ਮਨ ਲਾੲ। ਸ੍ਰੀ ਅਰਜਨ ਪੁਨ ਗਿਰਾ ਅਲਾਈ।
‘ਬੁੱਢਾ ਸਾਹਿਬ ਖੋਲਹੁ ਗ੍ਰਿੰਥ। ਲੇਹੁ ਅਵਾਜ਼ ਸੁਨਹਿ ਸਭਿ ਪੰਥ''।੩੨।
(ਸੂਰਜ ਪ੍ਰਕਾਸ਼, ਰਾਸਿ ੩, ਅੰਸੂ ੫੦)
ਬਾਬਾ ਬੁੱਢਾ ਜੀ ਨੇ ਬੜੇ ਅਦਬ ਨਾਲ (ਗੁਰੂ) ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਰਸ-ਭਿੰਨੀ ਆਵਾਜ਼ ਵਿਚ ਵਾਕ ਲਿਆ:
ਸੂਹੀ ਮਹਲਾ ੫॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥੧॥...
(ਅੰਗ ੭੮੩)
ਸਭ ਸੰਗਤ ਨੇ ਗੁਰ-ਵਾਕ ਸੁਣ (ਗੁਰੂ) ਗ੍ਰੰਥ ਸਾਹਿਬ ਨੂੰ ਸੀਸ ਝੁਕਾਇਆ। ਬਾਬਾ ਬੁੱਢਾ ਜੀ ਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ‘ਜਪੁਜੀ ਸਾਹਿਬ' ਦਾ ਪਾਠ ਕੀਤਾ ਤੇ ਉਪਰੰਤ ਅਰਦਾਸ ਕੀਤੀ।
ਜਦੋਂ ਰਾਤ ਪਈ ਤਾਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, 'ਸਤਿਗੁਰੂ ਜੀਓ! ਇਸ ਪਾਵਨ ਸਰੂਪ (ਗੁਰੂ) ਗ੍ਰੰਥ ਸਾਹਿਬ ਦਾ ਨਿਵਾਸ ਕਿੱਥੇ ਕਰਨਾ ਹੈ?'
ਤਾਂ ਸਤਿਗੁਰੂ ਜੀ ਨੇ ਦੱਸਿਆ, 'ਜਿਸ ਕੋਠੜੀ ਵਿਚ ਸਾਡਾ ਨਿਵਾਸ ਹੈ'।
ਗੁਰੂ ਜੀ ਦੇ ਹੁਕਮ ਮੁਤਾਬਕ ‘ਸੋਹਿਲਾ ਸਾਹਿਬ' ਦਾ ਪਾਠ ਕਰ ਕੇ ਫਿਰ ਅਰਦਾਸ ਕਰ ਕੇ ਬਾਬਾ ਜੀ ਨੇ ਆਪਣੇ ਗੁਰੂ-ਸੰਵਾਰੇ ਸੁਹਣੇ ਸੀਸ ਉੱਪਰ (ਗੁਰੂ) ਗ੍ਰੰਥ ਸਾਹਿਬ ਦੀ ਸਵਾਰੀ ਚੁੱਕੀ ਤੇ ਗੁਰੂ ਸਾਹਿਬ ਜੀ ਨੇ ਚਵਰ ਕਰਦੇ ਹੋਏ ਆਪਣੇ ਨਿਵਾਸ ਅਸਥਾਨ ‘ਕੋਠਾ ਸਾਹਿਬ' ਵਿਖੇ ਜਾ (ਗੁਰੂ) ਗ੍ਰੰਥ ਸਾਹਿਬ ਦਾ ਨਿਵਾਸ ਕੀਤਾ।
ਇਸ ਦਿਨ ਗੁਰੂ ਅਰਜਨ ਦੇਵ ਜੀ ਨੇ ਅਪਾਰ ਕਿਰਪਾ ਕਰ ਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਉਚੇਚੀ ਮਾਣ ਵਡਿਆਈ ਬਖ਼ਸ਼ ਕੇ ਨਿਹਾਲ-ਨਿਹਾਲ ਕੀਤਾ। ਇਸ ਦਿਨ ਤੋਂ ਬਾਬਾ ਜੀ ਸੰਗਤਾਂ ਵਿਚ ਹੋਰ ਵੀ ਹਰਮਨ-ਪਿਆਰੇ ਤੇ ਸਤਿਕਾਰਤ ਹੋ ਗਏ।