ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਉਸਾਰੀ

Baba Budha ji · ਸਾਖੀ ੯ / ੧੧

ਇਕ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਆਦਿ ਨੂੰ ਕੋਲ ਬੁਲਾ ਕੇ ਫ਼ੁਰਮਾਇਆ ਕਿ, 'ਅਸਾਂ ਦੀ ਇੱਛਾ ਹੈ ਕਿ ਇਸ (ਅੰਮ੍ਰਿਤਸਰ) ਸਰੋਵਰ ਵਿਚ ਸੁੰਦਰ ਹਰਿਮੰਦਰ ਉਸਾਰਿਆ ਜਾਵੇ'।

ਸਤਿਗੁਰੂ ਜੀ ਦੇ ਮੁਖ ਤੋਂ ਇਹ ਫ਼ੁਰਮਾਨ ਸੁਣ ਦੋਵੇਂ ਮਹਾਂਪੁਰਖ ਅਤੀ ਪ੍ਰਸੰਨ ਹੋਏ।

ਗੁਰੂ ਜੀ ਦੇ ਹੁਕਮ ਮੂਜਬ ਉਨ੍ਹਾਂ ਨੇ ਦੂਰ-ਨੇੜੇ ਸੁਨੇਹੇ ਭੇਜ ਕੱਤਕ ਸੁਦੀ ੫ ਸੰਮਤ ੧੬੪੫ ਨੂੰ ਸੰਗਤ ਦਾ ਭਾਰੀ ਇਕੱਠ ਬੁਲਾ ਕੇ ਦੀਵਾਨ ਸਜਾਇਆ। ਗੁਰੂ ਸਾਹਿਬ ਨੇ ਮਹਾਂ ਬੰਦਗੀ ਵਾਲੇ ਮਹਾਂਪੁਰਖ ਸਾਈਂ ਮੀਆਂ ਮੀਰ ਜੀ ਪਸਾੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ।

ਇਸ ਕਾਰਜ ਦੀ ਸੇਵਾ ਪਿਆਰੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਹੋਰ ਮੁਖੀ ਸਿੱਖਾਂ ਨੂੰ ਸੌਂਪੀ।

ਬਾਬਾ ਜੀ ਇਸ ਸੇਵਾ ਦੀ ਨਿਗਰਾਨੀ ਅੰਮ੍ਰਿਤ-ਸਰੋਵਰ ਦੀਆਂ ਪਰਕਰਮਾਂ ਵਿਚ ਇਕ ਬੇਰੀ ਹੇਠ ਆਸਣ ਲਾ ਕਰਦੇ ਸਨ। ਬਾਬਾ ਜੀ ਕਾਫ਼ੀ ਬਜ਼ੁਰਗ ਹੋ ਗਏ ਸਨ ਪਰ ਸਿਹਤ ਨਵੀਂ-ਨਰੋਈ ਹੋਣ ਕਰਕੇ ਸਿਰ 'ਟੋਕਰੀ ਢੋਣ ਦੀ ਸੇਵਾ ਬੜੇ ਚਾਉ-ਪ੍ਰੇਮ ਨਾਲ ਕਰਦੇ ਸਨ।

ਆਪ ਜੀ ਦੇ ਪਰਿਵਾਰ ਨੇ ਫੇਰ ਇਸ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਬਾਬਾ ਜੀ ਕਦੇ-ਕਦੇ ਗੁਰੂ ਜੀ ਪਾਸੋਂ ਆਗਿਆ ਲੈ ਕੇ ਬੀੜ ਸਾਹਿਬ ਆ ਜਾਂਦੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗ਼ਲਤੀ ਦੱਸੋ