ਭੋਜਨ
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ- (ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ. (ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ. (ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ, (ਸ) ਪੇਯ, ਜੋ ਪੀਤਾ ਜਾਵੇ. (ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ. ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ.
ਮਹਾਨ ਕੋਸ਼ — ਭਾਗ ੪, ਪੰਨਾ ੨੯੦