ਜੇਜੂਆ

ਅ਼. [جِزیِہ] ਜਿਜ਼ੀਯਹ. ਮੁਸਲਮਾਨੀ ਰਾਜ ਵਿੱਚ ਜੋ ਲੋਕ ਇਸਲਾਮ ਮਤ ਨਹੀਂ ਰਖਦੇ, ਉਨ੍ਹਾਂ ਉੱਪਰ ਜੋ ਟੈਕਸ ਲਗਾਇਆ ਜਾਵੇ ਉਸ ਦਾ ਨਾਮ "ਜਿਜ਼ੀਯਹ" ਹੈ.¹ ਹਰ ਇੱਕ ਬਾਲਿਗ਼ ਤੋਂ ਇੱਕ ਦੀਨਾਰ² ਪ੍ਰਤਿ ਸਾਲ ਲੈਣੀ ਵਿਧਾਨ ਹੈ, ਜੋ ਅਨ੍ਯਮਤੀਏ ਟੈਕਸ ਅਦਾ ਕਰਦੇ ਸਨ, ਉਹ "ਅਮਨ" ਅਰਥਾਤ ਰਾਜ੍ਯ ਵੱਲੋਂ ਰਖ੍ਯਾ ਦੀ ਜੁੱਮੇਵਾਰੀ ਦੇ ਅਧਿਕਾਰੀ ਹੁੰਦੇ. ਐਲਫ਼ਿਨਸ੍ਟਨ Elphinstone ਲਿਖਦਾ ਹੈ ਕਿ ਮੁਸਲਮਾਨਾਂ ਦੇ ਰਾਜ ਵਿੱਚ ਅਮੀਰ ਤੋਂ ੪੮ ਦਿਰਹਮ³ ਸਾਲਾਨਾ, ਮਾਮੂਲੀ ਦਰਜੇ ਦੇ ਆਦਮੀ ਤੋਂ ੨੪ ਅਤੇ ਮਜ਼ਦੂਰੀ ਪੇਸ਼ਾ ਲੋਕਾਂ ਤੋਂ ੧੨. ਦਿਰਹਮ ਸਾਲਾਨਾ ਲਏ ਜਾਂਦੇ ਸਨ. ਇਸਤ੍ਰੀਆਂ ਅਤੇ ਬੱਚਿਆਂ ਪੁਰ ਇਹ ਟੈਕਸ ਨਹੀਂ ਲਾਇਆ ਜਾਂਦਾ ਸੀ.⁴ ਅ਼ਲਾਉੱਦੀਨ ਨੂੰ ਉਸ ਦੇ ਕ਼ਾਜੀ ਨੇ ਆਖਿਆ ਸੀ ਕਿ ਇਮਾਮ ਹ਼ਨੀਫ਼ਾ ਦੇ ਕਥਨ ਅਨੁਸਾਰ ਜਿਜ਼ੀਯਹ ਮੌਤ ਦੇ ਦੰਡ ਤੁੱਲ ਹੈ. ਜੋ ਇਸਲਾਮ ਕ਼ਬੂਲ ਨਹੀਂ ਕਰਦਾ ਉਹ ਕ਼ਤਲ ਕਰ ਦੇਣ ਦੇ ਲਾਇਕ਼ ਹੈ, ਪਰ ਇਹ ਕਾਫ਼ਿਰ ਪੁਰ ਦਯਾ ਹੈ ਕਿ ਮਾਰਣ ਦੀ ਥਾਂ ਉਸ ਪੁਰ ਜਿਜ਼ੀਯਹ ਲਗਾਇਆ ਜਾਵੇ. ਜਦ ਹਿੰਦੂ ਤੋਂ ਜਿਜ਼ੀਜਹ ਮੰਗਿਆ ਜਾਵੇ ਤਦ ਉਸ ਨੂੰ ਸ਼ੁਕਰਗੁਜ਼ਾਰੀ ਨਾਲ ਅਦਾ ਕਰਨਾ ਚਾਹੀਏ. ਔਰੰਗਜ਼ੇਬ ਨੇ. ਹੁਕਮ ਦਿੱਤਾ ਸੀ ਕਿ ਹਰੇਕ ਕਾਫ਼ਿਰ ਅ਼ਦਾਲਤ ਵਿੱਚ ਹ਼ਾਜਿਰ ਹੋਕੇ ਆਪਣੇ ਹੱਥੀਂ ਜੇਜੀਆ ਅਦਾ ਕਰਿਆ ਕਰੇ. ਜੇਜੀਆ ਭਰਣਵਾਲੇ ਲੋਕਾਂ ਲਈ ਹੁਕਮ ਸੀ ਕਿ ਓਹ ਮੋਮਿਨਾਂ ਜੇਹੀ ਪੋਸ਼ਾਕ ਨਾ ਪਹਿਰਨ. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫) "ਇਨੈ ਜੇਜਵਾ ਲਗੈ ਮਹਾਨ." (ਗੁਪ੍ਰਸੂ)

ਮਹਾਨ ਕੋਸ਼ — ਭਾਗ ੨, ਪੰਨਾ ੭੧੪

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.