ਸ਼੍ਰੀ ਗੋਬਿੰਦਪੁਰ

ਜਿਲਾ ਗੁਰਦਾਸਪੁਰ ਦੀ ਬਟਾਲਾ ਤਸੀਲ ਵਿੱਚ ਬਿਆਸ ਦੇ ਉੱਤਰੀ ਕਿਨਾਰੇ ਤੇ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸੰਮਤ ੧੬੪੪ ਵਿੱਚ ਵਸਾਇਆ ਇੱਕ ਨਗਰ, ਜੋ ਚੰਦੂ ਦੀ ਸ਼ਰਾਰਤ ਨਾਲ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ ਸੀ. ਗੁਰੁ ਪ੍ਰਤਾਪ ਸੂਰਯ ਵਿੱਚ ਲਿਖਿਆ ਹੈ ਕਿ ਇਹ ਨਗਰ ਛੀਵੇਂ ਸਤਿਗੁਰੂ ਨੇ ਵਸਾਇਆ ਹੈ, ਪਰ ਇਹ ਸਹੀ ਨਹੀਂ. ਕਰਤਾਰਪੁਰ ਵਾਲੇ ਪ੍ਰਾਚੀਨ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਦੇ ਕਿਨਾਰੇ ਦੇ ਪੱਤਰਿਆ ਉੱਤੇ ਨੋਟ ਹੈ ਕਿ ਸ਼੍ਰੀ ਗੋਬਿੰਦਪੁਰ ਸੰਮਤ ੧੬੪੪ ਵਿੱਚ ਆਬਾਦ ਹੋਇਆ ਹੈ. ਜਦ ਛੀਵੇਂ ਸਤਿਗੁਰੂ ਜੀ ਸੰਮਤ ੧੬੮੭ ਵਿੱਚ ਇਸ ਥਾ ਆਏ, ਤਾ ਭਗਵਾਨ ਦਾਸ ਨੇ ਭਾਰੀ ਵਿਰੋਧ ਕੀਤਾ, ਜਿਸ ਦਾ ਫਲ ਉਸ ਨੇ ਅਤੇ ਉਸ ਦੇ ਸਾਥੀਆ ਨੇ ਸ਼੍ਰੀ ਗੋਬਿੰਦਪੁਰ ਦੇ ਜੰਗ ਵਿੱਚ ਪਾਇਆ. ਇਸ ਦੀ ਮਾਲਕੀਯਤ ਕਰਤਾਰਪੁਰ ਦੇ ਰਈਸ ਸੋਢੀ ਸਾਹਿਬ ਦੇ ਪਾਸ ਹੈ. ਸ੍ਰੀ ਗੋਬਿੰਦਪੁਰ (ਅਥਵਾ ਹਰਿਗੋਬਿੰਦਪੁਰ) ਵਿੱਚ ਦੋ ਗੁਰੁਦ੍ਵਾਰੇ ਹਨ. ਇੱਕ ਗੁਰੂ ਕੇ ਮਹਲ ਜੋ ਗੁਰੂ ਸਾਹਿਬ ਨੇ ਆਪਣੇ ਨਿਵਾਸ ਲਈ ਬਣਵਾਏ. ਦੂਜਾ ਦਮਦਮਾ ਸਾਹਿਬ ਹੈ ਜੋ ਸ਼ਹਿਰ ਤੋਂ ਪੱਛਮ ਵੱਲ ਅੱਧ ਮੀਲ ਹੈ. ਇਹ ਗੁਰੂ ਸਾਹਿਬ ਦਾ ਜੰਗ ਸਮਾਪਤ ਕਰਕੇ ਦੀਵਾਨ ਲਾਉਣ ਦਾ ਥਾ ਹੈ. ਮੇਲਾ ਵੈਸਾਖੀ ਅਤੇ ਹੋਲੇ ਨੂੰ ਲਗਦਾ ਹੈ. ਰੇਲਵੇ ਸਟੇਸ਼ਨ ਬਟਾਲੇ ਤੋਂ ੨੧. ਮੀਲ ਦੱਖਣ ਵੱਲ ਇਹ ਨਗਰ ਹੈ. ਕਈ ਲੇਖਕਾ ਨੇ ਇਸ ਦਾ ਨਾਉਂ ਸ਼੍ਰੀ ਹਰਿਗੋਬਿੰਦਪੁਰ ਲਿਖਿਆ ਹੈ, ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰੱਖਿਆ ਨਾਉਂ ਸ੍ਰੀ ਗੋਬਿੰਦਪੁਰ ਹੈ.

ਮਹਾਨ ਕੋਸ਼ — ਭਾਗ ੧, ਪੰਨਾ ੬੬੩

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.