Sukhmani Sahib — Bhai Nihal Singh ji (page 14)

Sukhmani Sahib — Bhai Nihal Singh ji · ੧੪ / ੨੪

ਸਲੋਕੁ ॥

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥

ਹੇ ਸਰੇਸ਼ਟ ਬੁਧੀ ਵਾਲਿਓ! ਸਿਆਣਪ ਛਡੋ, ਤੇ ਹਰੀ ਦਾ ਸਿਮਰਨ ਕਰੋ। ਇਕ ਹਰੀ ਦੀ ਆਸ ਮਨ ਵਿਚ ਰਖੋ। ਹੇ ਨਾਨਕ! ਦੁਖ ਭਰਮ ਡਰ ਚਲਾ ਜਾਵੇਗਾ।੧।

ਅਸਟਪਦੀ ॥

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
ਦੇਵਨ ਕਉ ਏਕੈ ਭਗਵਾਨੁ ॥
ਜਿਸ ਕੈ ਦੀਐ ਰਹੈ ਅਘਾਇ ॥
ਬਹੁਰਿ ਨ ਤ੍ਰਿਸਨਾ ਲਾਗੈ ਆਇ ॥
ਮਾਰੈ ਰਾਖੈ ਏਕੋ ਆਪਿ ॥
ਮਾਨੁਖ ਕੈ ਕਿਛੁ ਨਾਹੀ ਹਾਥਿ ॥
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥
ਨਾਨਕ ਬਿਘਨੁ ਨ ਲਾਗੈ ਕੋਇ ॥੧॥

ਮਨੁੱਖ ਦਾ ਆਸਰਾ ਸਭ ਬੇਅਰਥ ਜਾਣ। ਦੇਣ ਵਾਲਾ ਇਕੋ ਪ੍ਰਮਾਤਮਾ ਹੈ। ਜਿਸ ਦੇ ਦਿਤਿਆਂ ਰੱਜਿਆਂ ਰਹਿੰਦਾ ਹੈ। ਮੁੜਕੇ ਕੋਈ ਖ਼ਾਹਸ਼ ਨਹੀਂ ਹੁੰਦੀ। ਮਾਰਦਾ ਰਖਦਾ ਇਕੋ ਆਪ ਹੀ ਹੈ। ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ। ਉਸ ਦਾ ਹੁਕਮ ਸਮਝਿਆਂ ਹੀ ਸੁਖ ਹੁੰਦਾ ਹੈ। ਉਸ ਦਾ ਨਾਂ ਗਲ ਵਿਚ ਯਾਦ ਰੱਖ। ਉਸ ਪ੍ਰਭੂ ਨੂੰ ਤਿੰਨਾਂ ਕਾਲਾਂ ਵਿਚ ਵਸਾਈ ਰੱਖ। ਹੇ ਨਾਨਕ! ਫੇਰ ਕੋਈ ਵਿਘਨ ਨਹੀਂ ਲੱਗਦਾ।੧।

ਉਸਤਤਿ ਮਨ ਮਹਿ ਕਰਿ ਨਿਰੰਕਾਰ ॥
ਕਰਿ ਮਨ ਮੇਰੇ ਸਤਿ ਬਿਉਹਾਰ ॥
ਨਿਰਮਲ ਰਸਨਾ ਅੰਮ੍ਰਿਤੁ ਪੀਉ ॥
ਸਦਾ ਸੁਹੇਲਾ ਕਰਿ ਲੇਹਿ ਜੀਉ ॥
ਨੈਨਹੁ ਪੇਖੁ ਠਾਕੁਰ ਕਾ ਰੰਗੁ ॥
ਸਾਧਸੰਗਿ ਬਿਨਸੈ ਸਭ ਸੰਗੁ ॥
ਚਰਨ ਚਲਉ ਮਾਰਗਿ ਗੋਬਿੰਦ ॥
ਮਿਟਹਿ ਪਾਪ ਜਪੀਐ ਹਰਿ ਬਿੰਦ ॥
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
ਹਰਿ ਦਰਗਹ ਨਾਨਕ ਊਜਲ ਮਥਾ ॥੨॥

ਹਿਰਦੇ ਅੰਦਰ ਪ੍ਰਭੂ ਦੀ ਵਡਿਆਈ ਕਰ। ਹੇ ਮੇਰੇ ਮਨ! ਸੱਚ ਦਾ ਵਿਹਾਰ ਕਰ। ਜੀਭ ਨਾਲ ਪਵਿੱਤਰ ਅੰਮ੍ਰਿਤ ਪੀਓ। ਮਨ ਨੂੰ ਸਦਾ ਸੁਖੀ ਕਰ ਲਓ। ਅੱਖਾਂ ਨਾਲ ਹੀ ਹਰੀ ਦੇ ਕੌਤਕ ਦੇਖੋ। ਸੰਤਾਂ ਦੀ ਸੰਗਤ ਕਰਕੇ ਹੋਰ ਸਾਥ ਨਾਸ ਹੁੰਦੇ ਹਨ। ਪੈਰਾਂ ਨਾਲ ਰੱਬ ਦੇ ਰਾਹ ਪੁਰ ਚਲੋ। ਰਤਾ ਵੀ ਹਰੀ ਜਪਣ ਨਾਲ ਪਾਪ ਮਿਟਦੇ ਹਨ। ਪ੍ਰਭੂ ਮਿਲਾਪ ਲਈ ਹੱਥੀਂ ਕਾਰ ਕਰ ਤੇ ਕੰਨੀਂ ਕਥਾ ਸੁਣ। ਹੇ ਨਾਨਕ! ਦਰਗਾਹੇ ਤੇਰਾ ਮੁਖ ਉੱਜਲਾ ਹੋਵੇਗਾ।੨।

ਬਡਭਾਗੀ ਤੇ ਜਨ ਜਗ ਮਾਹਿ ॥
ਸਦਾ ਸਦਾ ਹਰਿ ਕੇ ਗੁਨ ਗਾਹਿ ॥
ਰਾਮ ਨਾਮ ਜੋ ਕਰਹਿ ਬੀਚਾਰ ॥
ਸੇ ਧਨਵੰਤ ਗਨੀ ਸੰਸਾਰ ॥
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥
ਸਦਾ ਸਦਾ ਜਾਨਹੁ ਤੇ ਸੁਖੀ ॥
ਏਕੋ ਏਕੁ ਏਕੁ ਪਛਾਨੈ ॥
ਇਤ ਉਤ ਕੀ ਓਹੁ ਸੋਝੀ ਜਾਨੈ ॥
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

ਉਹ ਲੋਕ ਸੰਸਾਰ ਵਿਚ ਵੱਡੇ ਭਾਗਾਂ ਵਾਲੇ ਹਨ। ਜੋ ਸਦਾ ਹਰੀ ਦੇ ਗੁਣ ਗਾਉਂਦੇ ਹਨ। ਜੋ ਰਾਮ ਨਾਮ ਦਾ ਵਿਚਾਰ ਕਰਦੇ ਹਨ। ਉਹ ਸੰਸਾਰ ਵਿਚ ਧਨ ਵਾਲੇ ਅਮੀਰ ਹਨ। ਜੋ ਤਨੋਂ ਮਨੋਂ ਹਰੀ ਹਰੀ ਬੋਲਦੇ ਹਨ। ਉਨ੍ਹਾਂ ਨੂੰ ਸਦਾ ਲਈ ਸੁਖੀ ਸਮਝੋ। ਜੋ ਇਕੋ ਇਕ ਪਰਮੇਸ਼ਰ ਨੂੰ ਪਛਾਣਦਾ ਹੈ। ਉਸਨੂੰ ਏਥੋਂ ਓਥੋਂ ਦੀ ਸੋਝੀ ਹੋ ਜਾਂਦੀ ਹੈ। ਜਿਸਦਾ ਮਨ ਨਾਮ ਨਾਲ ਮੰਨ ਗਿਆ ਹੈ। ਹੇ ਨਾਨਕ! ਉਸਨੇ ਹਰੀ ਨੂੰ ਜਾਣ ਲਿਆ ਹੈ।੩।

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
ਸਾਧਸੰਗਿ ਹਰਿ ਹਰਿ ਜਸੁ ਕਹਤ ॥
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥
ਗ੍ਰਿਹਸਤ ਮਹਿ ਸੋਈ ਨਿਰਬਾਨੁ ॥
ਏਕ ਊਪਰਿ ਜਿਸੁ ਜਨ ਕੀ ਆਸਾ ॥
ਤਿਸ ਕੀ ਕਟੀਐ ਜਮ ਕੀ ਫਾਸਾ ॥
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥
ਨਾਨਕ ਤਿਸਹਿ ਨ ਲਾਗਹਿ ਦੂਖ ॥੪॥

ਗੁਰੂ ਦੀ ਕਿਰਪਾ ਨਾਲ ਆਪੇ ਦੀ ਸੋਝੀ ਆਉਂਦੀ ਹੈ। ਸਮਝੋ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਜੋ ਸਤਿ ਸੰਗਤ ਵਿਚ ਹਰੀ ਦਾ ਜੱਸ ਕਹਿੰਦਾ ਹੈ। ਉਹ ਹਰੀ ਦਾ ਭਗਤ ਸਭ ਰੋਗਾਂ ਤੋਂ ਰਹਿਤ ਹੁੰਦਾ ਹੈ। ਜੋ ਹਰ ਰੋਜ਼ ਕੇਵਲ ਕੀਰਤਨ ਹੀ ਕਰਦਾ ਹੈ। ਉਹ ਗ੍ਰਿਹਸਤ ਵਿਚ ਤਿਆਗੀ ਹੈ। ਜਿਸਦੀ ਇਕ ਰੱਬ ਉਪਰ ਆਸ ਹੈ। ਉਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਜਿਸ ਦੇ ਮਨ ਵਿਚ ਪਰਮੇਸ਼ਰ ਦੀ ਭੁਖ ਹੈ। ਹੇ ਨਾਨਕ! ਉਸ ਨੂੰ ਦੁਖ ਨਹੀਂ ਲੱਗਦਾ।੪।

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
ਸੋ ਸੇਵਕੁ ਕਹੁ ਕਿਸ ਤੇ ਡਰੈ ॥
ਜੈਸਾ ਸਾ ਤੈਸਾ ਦ੍ਰਿਸਟਾਇਆ ॥
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
ਸੋਧਤ ਸੋਧਤ ਸੋਧਤ ਸੀਝਿਆ ॥
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥

ਹਰੀ ਪ੍ਰਭੂ ਜਿਸਦੇ ਮਨ ਤੇ ਹਿਰਦੇ ਅੰਦਰ ਆਂਦਾ ਹੈ। ਉਹ ਸੰਤ ਸੁਖੀ ਹੁੰਦਾ ਹੈ, ਡੋਲਦਾ ਨਹੀਂ। ਜਿਸ ਉਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ। ਦਸੋ ਕਿ ਉਹ ਸੇਵਕ ਕਿਸ ਕੋਲੋਂ ਡਰੇ। ਜਿਸ ਤਰ੍ਹਾਂ ਦਾ ਸੀ ਉਸੇ ਤਰ੍ਹਾਂ ਦਾ ਨਜ਼ਰ ਆਇਆ। ਹਰੀ ਆਪਣੀ ਰਚਨਾ ਵਿਚ ਆਪ ਵੱਸਿਆ ਹੈ। ਵਿਚਾਰ ਕਰਦਿਆਂ ਕਰਦਿਆਂ ਇਹ ਜਾਣਿਆ। ਗੁਰੂ ਦੀ ਕਿਰਪਾ ਨਾਲ ਸਾਰਾ ਤੱਤ ਸਮਝ ਲਿਆ। ਜਦੋਂ ਦੇਖੋ ਸਭ ਕਾਸੇ ਦਾ ਮੁੱਢ ਹਰੀ ਹੈ। ਹੇ ਨਾਨਕ! ਉਹ ਛੋਟੇ ਤੋਂ ਛੋਟਾ ਤੇ ਮਹਾਨ ਵੀ ਹੈ।੫।

ਨਹ ਕਿਛੁ ਜਨਮੈ ਨਹ ਕਿਛੁ ਮਰੈ ॥
ਆਪਨ ਚਲਿਤੁ ਆਪ ਹੀ ਕਰੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
ਆਪੇ ਆਪਿ ਸਗਲ ਮਹਿ ਆਪਿ ॥
ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥
ਅਬਿਨਾਸੀ ਨਾਹੀ ਕਿਛੁ ਖੰਡ ॥
ਧਾਰਣ ਧਾਰਿ ਰਹਿਓ ਬ੍ਰਹਮੰਡ ॥
ਅਲਖ ਅਭੇਵ ਪੁਰਖ ਪਰਤਾਪ ॥
ਆਪਿ ਜਪਾਏ ਤ ਨਾਨਕ ਜਾਪ ॥੬॥

ਨਾ ਕੁਛ ਜੰਮਦਾ ਹੈ ਤੇ ਨਾਨ ਕੁਝ ਮਰਦਾ ਹੈ। ਆਪਣੇ ਕੌਤਕ ਹਰੀ ਆਪ ਕਰਦਾ ਹੈ। ਆਉਣ ਜਾਣ ਵਾਲੇ ਦਿੱਸਣ ਤੇ ਨਾ ਦਿੱਸਣ ਵਾਲੇ। ਸਾਰੀ ਸ੍ਰਿਸ਼ਟੀ ਉਸ ਨੇ ਹੁਕਮ ਵਿਚ ਰੱਖੀ ਹੋਈ ਹੈ। ਉਹ ਹਰੀ ਆਪਣੇ ਆਪ ਤੇ ਸਭਨਾਂ ਵਿਚ ਹੈ। ਅਨੇਕਾਂ ਜੁਗਤਾਂ ਬਣਾਕੇ ਬਨਾਉਂਦਾ ਤੇ ਢਾਹੁੰਦਾ ਹੈ। ਨਾਸ਼ ਰਹਿਤ ਹੈ ਉਸ ਦਾ ਕੁਝ ਨਾਸ਼ ਨਹੀਂ ਹੁੰਦਾ। ਰਚਨਾ ਰਚ ਕੇ ਬ੍ਰਹਮੰਡ ਵਿਚ ਵੱਸ ਰਿਹਾ ਹੈ। ਨਾ ਜਾਣੇ ਜਾਣ ਵਾਲੇ ਭੇਦ ਤੋਂ ਰਹਿਤ ਹਰੀ ਦਾ ਪ੍ਰਤਾਪ ਹੈ। ਹੇ ਨਾਨਕ! ਜਿਨ੍ਹਾਂ ਨੂੰ ਜਪਾਉਂਦਾ ਹੈ, ਉਹ ਨਾਮ ਜਪਦੇ ਹਨ।੬।

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥
ਸਗਲ ਸੰਸਾਰੁ ਉਧਰੈ ਤਿਨ ਮੰਤ ॥
ਪ੍ਰਭ ਕੇ ਸੇਵਕ ਸਗਲ ਉਧਾਰਨ ॥
ਪ੍ਰਭ ਕੇ ਸੇਵਕ ਦੂਖ ਬਿਸਾਰਨ ॥
ਆਪੇ ਮੇਲਿ ਲਏ ਕਿਰਪਾਲ ॥
ਗੁਰ ਕਾ ਸਬਦੁ ਜਪਿ ਭਏ ਨਿਹਾਲ ॥
ਉਨ ਕੀ ਸੇਵਾ ਸੋਈ ਲਾਗੈ ॥
ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
ਨਾਮੁ ਜਪਤ ਪਾਵਹਿ ਬਿਸ੍ਰਾਮੁ ॥
ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

ਜਿਸਨੇ ਪ੍ਰਭੂ ਨੂੰ ਜਾਣਿਆਂ ਸੋ ਸੋਭਾ ਵਾਲਾ ਹੈ। ਉਨ੍ਹਾਂ ਦੇ ਮੰਤਵ ਨਾਲ ਸਾਰਾ ਸੰਸਾਰ ਤਰਦਾ ਹੈ। ਪ੍ਰਭੂ ਦੇ ਸੇਵਕ ਸਭਨਾਂ ਨੂੰ ਤਾਰਨ ਵਾਲੇ ਹਨ। ਪ੍ਰਭੂ ਦੇ ਸੇਵਕ ਦੁਖ ਦੂਰ ਕਰਨ ਵਾਲੇ ਹਨ। ਹਰੀ ਕਿਰਪਾ ਨਿਧਾਨ ਆਪੇ ਮੇਲ ਲੈਂਦਾ ਹੈ। ਗੁਰੂ ਦਾ ਸ਼ਬਦ ਜਪ ਕੇ ਨਿਹਾਲ ਹੋ ਗਏ। ਉਨ੍ਹਾਂ ਦੀ ਸੇਵਾ ਉਹੋ ਲਗੇ ਹਨ। ਜਿਨ੍ਹਾਂ ਉਤੇ ਮਿਹਰ ਕਰੇ ਉਹ ਵੱਡੇ ਭਾਗਾਂ ਵਾਲੇ ਹਨ। ਨਾਮ ਜਪਦਿਆਂ ਅਟੱਲ ਪਦਵੀ ਪਾਉਂਦੇ ਹਨ। ਹੇ ਨਾਨਕ! ਉਸ ਪੁਰਖ ਨੂੰ ਸਰੇਸ਼ਟ ਕਰਕੇ ਮੰਂ।੭।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥
ਸਦਾ ਸਦਾ ਬਸੈ ਹਰਿ ਸੰਗਿ ॥
ਸਹਜ ਸੁਭਾਇ ਹੋਵੈ ਸੋ ਹੋਇ ॥
ਕਰਣੈਹਾਰੁ ਪਛਾਣੈ ਸੋਇ ॥
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥
ਜੈਸਾ ਸਾ ਤੈਸਾ ਦ੍ਰਿਸਟਾਨਾ ॥
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥
ਓਇ ਸੁਖ ਨਿਧਾਨ ਉਨਹੂ ਬਨਿ ਆਏ ॥
ਆਪਸ ਕਉ ਆਪਿ ਦੀਨੋ ਮਾਨੁ ॥
ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥

੧੪॥

ਉਹ ਜੋ ਕਰਦਾ ਹੈ ਪ੍ਰਭੂ ਦੇ ਕੌਤਕ ਹਨ। ਹਰੀ ਸਦਾ ਸਭਨਾਂ ਨਾਲ ਵੱਸਦਾ ਹੈ। ਸੁਤੇ ਸਿਧ ਹੀ ਜੋ ਹੋਣਾ ਹੁੰਦਾ ਹੈ, ਹੋ ਜਾਂਦਾ ਹੈ। ਉਹ ਕਰਨਹਾਰ ਸਭ ਨੂੰ ਪਛਾਣਦਾ ਹੈ। ਪ੍ਰਭੂ ਦਾ ਕੀਤਾ ਭਗਤ ਨੂੰ ਮਿੱਠਾ ਲੱਗਾ। ਜਿਹੋ ਜਿਹਾ ਸੀ, ਪ੍ਰਭੂ ਉਹੋ ਜਿਹਾ ਦਿੱਸਿਆ। ਜਿਸ ਤੋਂ ਪੈਦਾ ਹੋਏ, ਉਸ ਵਿਚ ਸਮਾ ਗਏ। ਇਹ ਸੁਖਾਂ ਦਾ ਖ਼ਜ਼ਾਨਾ ਉਨ੍ਹਾਂ ਨੂੰ ਹੀ ਬਣ ਆਉਂਦਾ ਹੈ। ਆਪਣੇ ਆਪ ਨੂੰ ਹੀ ਮਾਣ ਦਿੱਤਾ। ਹੇ ਨਾਨਕ! ਪ੍ਰਭੂ ਤੇ ਭਗਤ ਇਕੋ ਹੀ ਸਮਝ।੮।੧੪।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ