ਸਲੋਕੁ ॥
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥
ਜੋ ਭਗਤਾਂ ਸੰਤਾਂ ਦੀ ਸ਼ਰਨ ਆਉਂਦਾ ਹੈ। ਉਹੋ ਸੰਸਾਰ ਤੋਂ ਤਰਨ ਵਾਲਾ ਹੈ। ਹੇ ਨਾਨਕ! ਸੰਤ ਦੀ ਨਿੰਦਾ ਕੀਤਿਆਂ ਘੜੀ ਮੁੜੀ ਜਨਮ ਲੈਂਦਾ ਹੈ।੧।
ਅਸਟਪਦੀ ॥
ਸੰਤ ਕੈ ਦੂਖਨਿ ਆਰਜਾ ਘਟੈ ॥
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥
ਸੰਤ ਕੈ ਦੂਖਨਿ ਨਰਕ ਮਹਿ ਪਾਇ ॥
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥
ਸੰਤ ਕੈ ਦੂਖਨਿ ਸੋਭਾ ਤੇ ਹੀਨ ॥
ਸੰਤ ਕੇ ਹਤੇ ਕਉ ਰਖੈ ਨ ਕੋਇ ॥
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥
ਸੰਤ ਨੂੰ ਦੋਸ਼ ਲਾਇਆਂ ਉਮਰ ਘਟਦੀ ਹੈ। ਸੰਤ ਨੂੰ ਦੋਸ਼ ਲਾਇਆਂ ਜਮ ਤੋਂ ਨਹੀਂ ਛੁਟਦਾ ਹੈ। ਸੰਤ ਨੂੰ ਦੋਸ਼ ਦਿਤਿਆਂ ਸਭ ਸੁਖ ਜਾਂਦਾ ਹੈ। ਸੰਤ ਨੂੰ ਦੋਸ਼ ਦਿਤਿਆਂ ਨਰਕ ਵਿਚ ਪੈਂਦਾ ਹੈ। ਸੰਤ ਨੂੰ ਦੋਸ਼ ਦਿਤਿਆਂ ਮੱਤ ਗੰਦੀ ਹੋ ਜਾਂਦੀ ਹੈ। ਸੰਤ ਨੂੰ ਦੋਸ਼ ਦਿਤਿਆਂ ਸੋਭਾ ਤੋਂ ਰਹਿਤ ਹੁੰਦਾ ਹੈ। ਸੰਤ ਦੇ ਮਾਰੇ ਨੂੰ ਕੋਈ ਨਹੀਂ ਰੱਖਦਾ ਹੈ। ਸੰਤ ਦੇ ਦੋਸ਼ ਦਿਤਿਆਂ ਮਨ ਗੰਦਾ ਹੁੰਦਾ ਹੈ। ਜੇ ਕ੍ਰਿਪਾਲੂ ਸੰਤ ਕਿਰਪਾ ਕਰ ਦਏ। ਹੇ ਨਾਨਕ! ਸੰਤ ਨਾਲ ਨਿੰਦਕ ਵੀ ਤਰ ਜਾਂਦਾ ਹੈ।੧।
ਸੰਤ ਕੇ ਦੂਖਨ ਤੇ ਮੁਖੁ ਭਵੈ ॥
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥
ਸੰਤ ਕੈ ਦੂਖਨਿ ਸਭੁ ਕੋ ਛਲੈ ॥
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥
ਸੰਤ ਕੈ ਦੂਖਨਿ ਨੀਚੁ ਨੀਚਾਇ ॥
ਸੰਤ ਦੋਖੀ ਕਾ ਥਾਉ ਕੋ ਨਾਹਿ ॥
ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥
ਸੰਤ ਨੂੰ ਦੋਸ਼ ਦਿਤਿਆਂ ਮੂੰਹ ਵਿੰਗਾ ਹੁੰਦਾ ਹੈ। ਸੰਤ ਨੂੰ ਦੋਸ਼ ਦੇਣ ਵਾਲਾ ਕਾਂ ਵਾਂਗ ਭਟਕਦਾ ਹੈ। ਸੰਤ ਨੂੰ ਦੋਸ਼ ਦੇਣ ਵਾਲਾ ਸੱਪ ਦੀ ਜੂਨੇ ਪੈਂਦਾ ਹੈ। ਸੰਤਾਂ ਨੂੰ ਦੋਸ਼ ਦਿਤਿਆਂ ਕੀੜੇ ਕਿਰਮਾਂ ਆਦਿ ਟੇਢੀਆਂ ਜੂਨਾਂ ਵਿਚ ਪੈਂਦਾ ਹੈ। ਸੰਤਾਂ ਨੂੰ ਦੋਸ਼ ਦਿਤਿਆਂ ਵਾਸ਼ਨਾਂ ਵਿਚ ਸੜਦਾ ਹੈ। ਸੰਤਾਂ ਨੂੰ ਦੋਸ਼ ਦੇਣ ਵਾਲਾ ਸਭਨਾਂ ਨੂੰ ਛਲਦਾ ਹੈ। ਸੰਤਾਂ ਨੂੰ ਦੋਸ਼ ਦਿਤਿਆਂ ਸਭ ਤੇਜ ਪਰਤਾਪ ਜਾਂਦਾ ਹੈ। ਸੰਤਾਂ ਨੂੰ ਦੋਸ਼ ਦਿਤਿਆਂ ਨੀਚਾਂ ਤੋਂ ਨੀਚ ਹੁੰਦਾ ਹੈ। ਸੰਤ ਦੇ ਦੋਖੀ ਦਾ ਕੋਈ ਥਾਂ ਨਹੀਂ। ਹੇ ਨਾਨਕ! ਜੇ ਸੰਤ ਨੂੰ ਭਾਵੇ ਤਾਂ ਉਹ ਵੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।੨।
ਸੰਤ ਕਾ ਨਿੰਦਕੁ ਮਹਾ ਅਤਤਾਈ ॥
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
ਸੰਤ ਕਾ ਨਿੰਦਕੁ ਮਹਾ ਹਤਿਆਰਾ ॥
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
ਸੰਤ ਕੇ ਨਿੰਦਕ ਕਉ ਸਰਬ ਰੋਗ ॥
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥
ਸੰਤ ਦੀ ਨਿੰਦਿਆਂ ਕਰਨ ਵਾਲਾ ਵੱਡਾ ਪਾਪੀ ਹੈ। ਸੰਤ ਦਾ ਨਿੰਦਕ ਇਕ ਛਿਨ ਵੀ ਨਹੀਂ ਟਿਕਦਾ। ਸੰਤ ਦਾ ਨਿੰਦਕ ਵੱਡਾ ਘਾਤਕ ਹੁੰਦਾ ਹੈ। ਸੰਤ ਤੇ ਨਿੰਦਕ ਨੂੰ ਰੱਬ ਦੀ ਮਾਰ ਹੁੰਦੀ ਹੈ। ਸੰਤ ਦਾ ਨਿੰਦਕ ਰਾਜ ਤੋਂ ਰਹਿਤ ਹੁੰਦਾ ਹੈ। ਸੰਤ ਦਾ ਨਿੰਦਕ ਦੁਖੀ ਤੇ ਆਤਰ ਹੁੰਦਾ ਹੈ। ਸੰਤ ਦੇ ਨਿੰਦਕ ਨੂੰ ਸਾਰੇ ਰੋਗ ਲੱਗਦੇ ਹਨ। ਸੰਤ ਦੇ ਨਿੰਦਕ ਨੂੰ ਸਦਾ ਵਿਛੋੜਾ ਹੁੰਦਾ ਹੈ। ਸੰਤ ਦੀ ਨਿੰਦਿਆਂ ਦੋਸ਼ਾਂ ਵਿਚੋਂ ਵੱਡਾ ਦੋਸ਼ ਹੈ। ਹੇ ਨਾਨਕ! ਸੰਤ ਨੂੰ ਭਾਵੇ ਤਾਂ ਉਸ ਦੀ ਮੁਕਤੀ ਹੋ ਜਾਂਦੀ ਹੈ।੩।
ਸੰਤ ਕਾ ਦੋਖੀ ਸਦਾ ਅਪਵਿਤੁ ॥
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
ਸੰਤ ਕੇ ਦੋਖੀ ਕਉ ਡਾਨੁ ਲਾਗੈ ॥
ਸੰਤ ਕੇ ਦੋਖੀ ਕਉ ਸਭ ਤਿਆਗੈ ॥
ਸੰਤ ਕਾ ਦੋਖੀ ਮਹਾ ਅਹੰਕਾਰੀ ॥
ਸੰਤ ਕਾ ਦੋਖੀ ਸਦਾ ਬਿਕਾਰੀ ॥
ਸੰਤ ਕਾ ਦੋਖੀ ਜਨਮੈ ਮਰੈ ॥
ਸੰਤ ਕੀ ਦੂਖਨਾ ਸੁਖ ਤੇ ਟਰੈ ॥
ਸੰਤ ਕੇ ਦੋਖੀ ਕਉ ਨਾਹੀ ਠਾਉ ॥
ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥
ਸੰਤ ਦਾ ਵੈਰੀ ਸਦਾ ਗੰਦਾ ਹੁੰਦਾ ਹੈ। ਸੰਤ ਦਾ ਵੈਰੀ ਕਿਸੇ ਦਾ ਮਿੱਤਰ ਨਹੀਂ। ਸੰਤ ਦੇ ਵੈਰੀ ਨੂੰ ਸਦਾ ਡੰਨ ਲਗਦਾ ਹੈ। ਸੰਤ ਦੇ ਵੈਰੀ ਨੂੰ ਸਭ ਛੱਡ ਜਾਂਦੇ ਹਨ। ਸੰਤ ਦਾ ਵੈਰੀ ਵੱਡਾ ਹੰਕਾਰੀ ਹੁੰਦਾ ਹੈ। ਸੰਤ ਦਾ ਵੈਰੀ ਬੁਰੇ ਕੰਮ ਕਰਦਾ ਹੈ। ਸੰਤ ਦਾ ਵੈਰੀ ਜੰਮਦਾ ਮਰਦਾ ਰਹਿੰਦਾ ਹੈ। ਸੰਤ ਦੇ ਵੈਰ ਕਰਕੇ ਸੁਖਾਂ ਤੋਂ ਰਹਿਤ ਹੁੰਦਾ ਹੈ। ਸੰਤਾਂ ਦੇ ਵੈਰੀ ਨੂੰ ਕੋਈ ਥਾਂ ਨਹੀਂ। ਹੇ ਨਾਨਕ! ਸੰਤ ਨੂੰ ਭਾਵੇ ਤਾਂ ਰੱਬ ਮਿਲਾ ਲੈਂਦਾ ਹੈ।੪।
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
ਸੰਤ ਕਾ ਦੋਖੀ ਉਝੜਿ ਪਾਈਐ ॥
ਸੰਤ ਕਾ ਦੋਖੀ ਅੰਤਰ ਤੇ ਥੋਥਾ ॥
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
ਆਪਨ ਬੀਜਿ ਆਪੇ ਹੀ ਖਾਹਿ ॥
ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥
ਸੰਤ ਦਾ ਵੈਰੀ ਅਧਵਾਟਿਓ ਟੁੱਟਦਾ ਹੈ। ਸੰਤ ਦਾ ਵੈਰੀ ਕਿਸੇ ਕੰਮ ਨਹੀਂ ਪੁਜਦਾ। ਸੰਤ ਦੇ ਵੈਰੀ ਨੂੰ ਜੰਗਲ ਵਿਚ ਭਟਕਾਇਆ ਜਾਂਦਾ ਹੈ। ਸੰਤ ਦਾ ਵੈਰੀ ਕੁਰਾਹੇ ਪਾਇਆ ਜਾਂਦਾ ਹੈ। ਸੰਤ ਦਾ ਵੈਰੀ ਅੰਦਰੋਂ ਪੋਲਾ ਹੁੰਦਾ ਹੈ। ਜਿਵੇਂ ਸਾਹ ਤੋਂ ਬਿਨਾਂ ਮੁਰਦੇ ਦੀ ਲੋਥ ਹੁੰਦੀ ਹੈ। ਸੰਤ ਦੇ ਵੈਰੀ ਦੀ ਜੜ੍ਹ ਕੁਝ ਨਹੀਂ ਹੁੰਦੀ। ਉਹ ਆਪ ਬੀਜਦਾ ਹੈ ਤੇ ਆਪ ਹੀ ਖਾਂਦਾ ਹੈ। ਸਮਤ ਦੇ ਵੈਰੀ ਨੂੰ ਕੋਈ ਹੋਰ ਰੱਖਣ ਵਾਲਾ ਨਹੀਂ। ਹੇ ਨਾਨਕ! ਸੰਤ ਨੂੰ ਭਾਵੇ ਤਾਂ ਤਾਰ ਦੇਂਦਾ ਹੈ।੫।
ਸੰਤ ਕਾ ਦੋਖੀ ਇਉ ਬਿਲਲਾਇ ॥
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
ਸੰਤ ਕਾ ਦੋਖੀ ਛੁਟੈ ਇਕੇਲਾ ॥
ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
ਸੰਤ ਕਾ ਦੋਖੀ ਧਰਮ ਤੇ ਰਹਤ ॥
ਸੰਤ ਕਾ ਦੋਖੀ ਸਦ ਮਿਥਿਆ ਕਹਤ ॥
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥
ਸੰਤ ਦਾ ਵੈਰੀ ਇਉਂ ਵਿਲਕਦਾ ਹੈ। ਜਿਵੇਂ ਪਾਣੀ ਬਿਨਾਂ ਮਛਲੀ ਤੜਫਦੀ ਹੈ। ਸੰਤ ਦਾ ਵੈਰੀ ਭੁੱਖਾ ਰਹਿੰਦਾ ਹੈ, ਰੱਜਦਾ ਨਹੀਂ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਸੰਤ ਦਾ ਵੈਰੀ ਇਕੱਲਾ ਰਹਿ ਜਾਂਦਾ ਹੈ। ਜਿਵੇਂ ਤਿਲਾਂ ਦੀ ਖ਼ਾਲੀ ਫਲੀ ਪੈਲੀ ਵਿਚ ਪਈ ਰਹਿੰਦੀ ਹੈ। ਸੰਤ ਦਾ ਵੈਰੀ ਧਰਮ ਤੋਂ ਹੀਨ ਹੁੰਦਾ ਹੈ। ਸੰਤ ਦਾ ਵੈਰੀ ਸਦਾ ਝੂਠ ਕਹਿੰਦਾ ਹੈ। ਨਿੰਦਕ ਦੀ ਇਹ ਕਾਰ ਧੁਰ ਤੋਂ ਹੀ ਪਈ ਹੈ। ਹੇ ਨਾਨਕ! ਉਸਨੂੰ ਜੋ ਭਾਉਂਦਾ ਹੈ ਉਹੋ ਹੁੰਦਾ ਹੈ।੬।
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥
ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
ਸੰਤ ਕਾ ਦੋਖੀ ਸਦਾ ਸਹਕਾਈਐ ॥
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥
ਜੈਸਾ ਭਾਵੈ ਤੈਸਾ ਕੋਈ ਹੋਇ ॥
ਪਇਆ ਕਿਰਤੁ ਨ ਮੇਟੈ ਕੋਇ ॥
ਨਾਨਕ ਜਾਨੈ ਸਚਾ ਸੋਇ ॥੭॥
ਸੰਤ ਦਾ ਵੈਰੀ ਕਰਫ ਹੋ ਜਾਂਦੀ ਹੈ। ਸੰਤ ਦੇ ਵੈਰੀ ਨੂੰ ਦਰਗਾਹੇ ਸਜ਼ਾ ਮਿਲਦੀ ਹੈ। ਸੰਤ ਦਾ ਵੈਰੀ ਸਦਾ ਸਹਿਕਦਾ ਰਹਿੰਦਾ ਹੈ। ਸੰਤ ਦਾ ਵੈਰੀ ਨਾ ਜੀਉਂਦਾ ਹੈ, ਨਾ ਮਰਦਾ ਹੈ। ਸੰਤ ਦੇ ਵੈਰੀ ਦੀ ਆਸ ਪੂਰੀ ਨਹੀਂ ਹੁੰਦੀ। ਸੰਤ ਦਾ ਵੈਰੀ ਨਿਰਾਸ ਹੋ ਕੇ ਮਰਦਾ ਹੈ। ਸੰਤ ਨਾਲ ਵੈਰ ਕੀਤਿਆਂ ਕੋਈ ਨਹੀਂ ਰਹਿੰਦਾ। ਜਿਵੇਂ ਭਾਉਂਦਾ ਹੈ, ਉਹ ਉਸੇ ਤਰ੍ਹਾਂ ਹੋ ਜਾਂਦਾ ਹੈ। ਕੀਤੇ ਕਰਮਾਂ ਵਿਚ ਪੈਣ ਤੋਂ ਕੋਈ ਨਹੀਂ ਮੇਟਦਾ। ਹੇ ਨਾਨਕ! ਉਹ ਸੱਚਾ ਜਾਣਦਾ ਹੈ।੭।
ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
ਸਦਾ ਸਦਾ ਤਿਸ ਕਉ ਨਮਸਕਾਰੁ ॥
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
ਤਿਸਹਿ ਧਿਆਵਹੁ ਸਾਸਿ ਗਿਰਾਸਿ ॥
ਸਭੁ ਕਛੁ ਵਰਤੈ ਤਿਸ ਕਾ ਕੀਆ ॥
ਜੈਸਾ ਕਰੇ ਤੈਸਾ ਕੋ ਥੀਆ ॥
ਅਪਨਾ ਖੇਲੁ ਆਪਿ ਕਰਨੈਹਾਰੁ ॥
ਦੂਸਰ ਕਉਨੁ ਕਹੈ ਬੀਚਾਰੁ ॥
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
ਬਡਭਾਗੀ ਨਾਨਕ ਜਨ ਸੇਇ ॥੮॥
੧੩॥
ਸਭ ਸਰੀਰ ਉਸਦੇ ਹਨ ਤੇ ਉਹ ਕਰਨ ਵਾਲਾ ਹੈ। ਉਸ ਨੂੰ ਸਦਾ ਨਮਸਕਾਰ ਹੋਵੇ। ਪ੍ਰਭੂ ਦੀ ਵਡਿਆਈ ਦਿਨ ਰਾਤ ਕਰੋ। ਉਸ ਨੂੰ ਸਵਾਸਾਂ ਨਾਲ ਤੇ ਖਾਂਦਿਆਂ ਸਿਮਰੋ। ਸਭ ਕੁਝ ਉਸ ਦਾ ਕੀਤਾ ਹੁੰਦਾ ਹੈ। ਜਿਵੇਂ ਕੋਈ ਕਰਦਾ ਹੈ ਉਹੋ ਜਿਹਾ ਹੋ ਜਾਂਦਾ ਹੈ। ਆਪਣੀ ਖੇਡ ਆਪ ਕਰਨ ਵਾਲਾ ਹੈ। ਦੂਸਰਾ ਕੌਣ ਵਿਚਾਰ ਕਰੇ। ਜਿਸ ਉਤੇ ਮਿਹਰ ਕਰਦਾ ਹੈ। ਉਸ ਨੂੰ ਆਪਣਾ ਨਾਮ ਦੇਂਦਾ ਹੈ। ਹੇ ਨਾਨਕ! ਉਹ ਵੱਡੇ ਭਾਗਾਂ ਵਾਲੇ ਹਨ।੮।੧੩।