Rehraas Sahib — Bhai Vir Singh ji (page 3)

Rehraas Sahib — Bhai Vir Singh ji · ੩ / ੪

ਆਸਾ ਮਹਲਾ ੫ ॥

ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥

(ਹੇ ਮਨ) ਮਨੁਖਾ ਦੇਹੀ (ਤੈਨੂੰ) ਪ੍ਰਾਪਤ ਹੋਈ ਹੈ, ਪਰਮੇਸ਼ੁਰ ਨੂੰ ਮਿਲਣੇ ਦੀ ਤੇਰੀ ਇਹ ਵਾਰੀ ਹੈ (ਭਾਵ, ਅਵਸਰ ਹੈ)। ਹੋਰ ਧੰਦੇ ਤੇਰੇ ਕਿਸੇ ਕੰਮ ਨਹੀਂ, ਸਾਧ ਸੰਗਤ ਨੂੰ ਮਿਲ ਤੇ ਕੇਵਲ ਨਾਮ ਭਜ।੧।

ਸਰੰਜਾਮਿ ਲਾਗੁ ਭਵਜਲ ਤਰਨ ਕੈ ॥
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥

ਰਹਾਉ ॥

ਸੰਸਾਰ (ਰੂਪੀ) ਸਮੁੰਦਰ ਤੇ ਤਰਨ ਦੇ ਬੰਦੋਬਸਤ ਵਿਚ ਲਗ ਪਉ। (ਕਿਉਂਕਿ) ਮਾਇਆ ਦੇ ਰੰਗ (ਪ੍ਰੇਮ ਯਾ ਚਾਉ) ਵਿਚ ਜਨਮ ਬਿਰਥਾ ਜਾ ਰਿਹਾ ਹੈ।੧।ਰਹਾਉ।

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥
ਸਰਣਿ ਪਰੇ ਕੀ ਰਾਖਹੁ ਸਰਮਾ ॥੨॥

੪॥

(ਹੇ ਅਕਾਲ ਪੁਰਖ, ਮੈਂ) ਜਪ, ਤਪ, ਸੰਜਮ ਧਰਮ (ਆਦਿ ਕੁਛ) ਨਹੀਂ ਕਮਾਇਆ, ਸਾਧੂ ਦੀ ਸੇਵਾ (ਭੀ ਮੈਂ ਨਹੀਂ ਕੀਤੀ) ਤੇ ਨਾ ਹੀ ਜਾਣਿਆ ਹੈ ਹਰਿਰਾਇ ਨੂੰ। (ਗੁਰੂ) ਨਾਨਕ (ਜੀ) ਕਹਿੰਦੇ ਹਨ, ਅਸੀਂ ਨੀਚ ਕਰਮਾਂ ਵਾਲੇ ਹਾਂ (ਪਰ ਤੁਸੀਂ, ਹੇ ਪਰਮੇਸ਼ੁਰ ਜੀ) ਸ਼ਰਣ ਪਏ ਦੀ ਲਾਜ ਰੱਖੋ।੨।੪।

੧. ਦੇਹੁਰੀਆ ਦੇ ਦੋ ਅਰਥ ਹਨ-ਇਕ ਸਰੀਰ, ਦੂਜਾ ਡੇਉਢੀ। ਦੋਵੇਂ ਅਰਥ ਬੀ ਵਰਤ ਲੈਂਦੇ ਹਨ, ਕਿ ਇਹ ਮਨੁਖਾ ਦੇਹੀ ਜੋ ਤੈਨੂੰ ਪ੍ਰਾਪਤ ਹੋਈ ਹੈ ਰੱਬ ਦੇ ਮਿਲਣ ਦੀ ਡੇਉਢੀ ਵਤ ਹੈ।

੨. ਜਪ, ਤਪ, ਸੰਜਮ-ਯੋਗ ਮਤ ਵਿਚ 'ਧਾਰਨਾ ਧਯਾਨ ਸਮਾਧੀ' ਦੀ ਏਕਤਾ ਦਾ ਨਾਮ ਸੰਯਮ ਹੈ। ਆਮ ਅਰਥ ਹੈ ਚੰਗੀ ਤਰ੍ਹਾਂ ਰੋਕਣਾ। ਮਾੜੇ ਕਰਮਾਂ ਤੋਂ ਆਪ ਨੂੰ ਰੋਕਣਾ। ਕਿਸੇ ਮਰਯਾਦਾ ਵਿਚ ਟੁਰਨਾ। ਇੰਦ੍ਰੈ ਦਮਨ।

੩. 'ਨ' ਦੇਹਰੀ ਦੀਪਕ ਹੈ: ਨਾ ਸੇਵਾ ਸਾਧ ਦੀ ਕੀਤੀ ਨਾ ਹਰੀ ਨੂੰ ਜਾਣਿਆ, ਭਾਵ ਉਸ ਦਾ ਗਯਾਨ ਪ੍ਰਾਪਤ ਨਾ ਕੀਤਾ। (ਅ) 'ਹਰਿਰਾਇਆ' ਦਾ 'ਹੇ ਹਰਿਰਾਇ'-'ਹੇ ਪਰਮੇਸ਼ੁਰ' ਸੰਬੋਧਨ ਕਰਕੇ ਬੀ ਅਰਥ ਲਾਉਂਦੇ।

ਪਾਃ ੧੦ ਕਬਿਯੋਬਾਚ ਬੇਨਤੀ

ਕਵੀ ਦੀ ਉਚਾਰੀ ਹੋਈ ਬੇਨਤੀ।

ਹਮਰੀ ਕਰੋ ਹਾਥ ਦੈ ਰੱਛਾ ॥
ਪੂਰਨ ਹੋਇ ਚਿਤ ਕੀ ਇੱਛਾ ॥
ਤਵ ਚਰਨਨ ਮਨ ਰਹੈ ਹਮਾਰਾ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥੧॥

ਸਾਡੀ ਹੱਥ ਦੇ ਕੇ ਰਾਖੀ ਕਰੋ (ਤਾਂ ਜੋ) ਚਿੱਤ ਦੀ ਇੱਛਾ ਪੂਰੀ ਹੋਵੇ ਤੇ ਆਪ ਦੇ ਚਰਨਾਂ ਵਿਚ ਸਾਡਾ ਮਨ ਰਹੇ; ਆਪਣਾ (ਦਾਸ) ਜਾਣਕੇ ਪਾਲਣਾ ਕਰੋ।੩।

ਹਮਰੇ ਦੁਸਟ ਸਭੈ ਤੁਮ ਘਾਵਹੁ ॥
ਆਪੁ ਹਾਥ ਦੈ ਮੋਹਿ ਬਚਾਵਹੁ ॥
ਸੁਖੀ ਬਸੈ ਮੋਰੋ ਪਰਿਵਾਰਾ ॥
ਸੇਵਕ ਸਿੱਖ ਸਭੈ ਕਰਤਾਰਾ ॥੨॥

ਸਾਡੇ ਵੈਰੀ ਤੁਸੀਂ ਸਾਰੇ ਮਾਰ ਦਿਓ। ਆਪ ਹੱਥ ਦੇ ਕੇ ਮੈਨੂੰ ਬਚਾਓ, ਹੇ ਕਰਤਾਰ! ਮੇਰਾ ਪਰਵਾਰ ਸੁਖੀ ਵਸੇ (ਤੇ ਨਾਲੇ ਮੇਰੇ) ਸਿੱਖ ਸੇਵਕ ਸੱਭੇ ਹੀ (ਸੁਖੀ ਵੱਸਣ)।੨।

ਮੋ ਰੱਛਾ ਨਿਜ ਕਰ ਦੈ ਕਰਿਯੈ ॥
ਸਭ ਬੈਰਨ ਕੋ ਆਜ ਸੰਘਰਿਯੈ ॥
ਪੂਰਨ ਹੋਇ ਹਮਾਰੀ ਆਸਾ ॥
ਤੋਰ ਭਜਨ ਕੀ ਰਹੈ ਪਿਆਸਾ ॥੩॥

ਮੇਰੀ ਰੱਛਿਆ ਆਪਣਾ ਹੱਥ ਦੇ ਕੇ ਕਰੀਏ (ਮੇਰੇ) ਸਾਰੇ ਵੈਰੀਆਂ ਨੂੰ ਅੱਜ ਮਾਰ ਦੇਈਏ, (ਤਾਂ ਜੋ) ਸਾਡੀ ਇਹ ਆਸਾ ਪੂਰਨ ਹੋ ਜਾਵੇ ਕਿ ਤੇਰੇ ਭਜਨ ਦੀ ਤ੍ਰਿਸ਼ਨਾ (ਸਦਾ ਬਣੀ) ਰਹੇ।੩।

ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥
ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥
ਸੇਵਕ ਸਿੱਖ ਹਮਾਰੇ ਤਾਰੀਅਹਿ ॥
ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੪॥

ਤੈਨੂੰ ਛੱਡਕੇ ਮੈਂ ਕਿਸੇ ਹੋਰ ਨੂੰ ਨਾ ਧਿਆਵਾਂ, ਜੋ ਵਰ ਚਾਹਵਾਂ ਉਹ ਤੈਥੋਂ ਹੀ ਪਾ ਲਵਾਂ, ਸੇਵਕ (ਤੇ) ਸਿੱਖ ਸਾਡੇ ਤਾਰ ਦਿਓ, ਚੁਣ ਚੁਣ ਕੇ ਸਾਡੇ ਵੈਰੀ ਮਾਰ ਦਿਓ।੪।

ਆਪ ਹਾਥ ਦੈ ਮੁਝੈ ਉਬਰਿਯੈ ॥
ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥
ਹੂਜੋ ਸਦਾ ਹਮਾਰੇ ਪੱਛਾ ॥
ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੫॥

ਆਪ ਹੱਥ ਦੇ ਕੇ ਮੈਨੂੰ ਉਬਾਰੀਏ, ਮੌਤ ਦੇ ਵੇਲੇ ਦਾ ਭੈ ਦੂਰ ਕਰੀਏ। ਸਦਾ ਸਾਡੀ ਮਦਦ ਪਰ (ਆਪ) ਹੋਵੇ। ਹੇ ਮਹਾਰਾਜ ਖੜਗਕੇਤੁ ਜੀ! (ਸਾਡੀ) ਰੱਛਾ ਕਰੀਏ।੫।

ਰਾਖਿ ਲੇਹੁ ਮੁਹਿ ਰਾਖਨਹਾਰੇ ॥
ਸਾਹਿਬ ਸੰਤ ਸਹਾਇ ਪਿਯਾਰੇ ॥
ਦੀਨ ਬੰਧੁ ਦੁਸਟਨ ਕੇ ਹੰਤਾ ॥
ਤੁਮਹੋ ਪੁਰੀ ਚਤੁਰ ਦਸ ਕੰਤਾ ॥੬॥

ਹੇ ਰੱਖਣ ਵਾਲੇ! ਮੈਨੂੰ ਰੱਖ ਲੇਵੋ। ਹੇ ਸਾਹਿਬ, ਹੇ ਸੰਤਾਂ ਦੇ ਸਹਾਈ (ਤੇ) ਹੇ ਪਿਆਰੇ! (ਹੇ) ਗਰੀਬਾਂ ਦੇ ਸਹਾਯਕ ਤੇ ਦੁਸ਼ਟਾਂ ਦੇ ਮਾਰਨ ਵਾਲੇ! ਤੁਸੀਂ ਹੋ ਚੌਦਾਂ ਪੁਰੀਆਂ (ਸਾਰੇ ਸੰਸਾਰ ਦੇ) ਸਵਾਮੀ।੮।

੧. ਪੱਛਾ=ਪੱਖ ਤੇ, ਮਦਦ ਪਰ।

੨. ਖੜਗਕੇਤੁ ਜੀ-ਜਿਸ ਦੇ ਝੰਡੇ ਵਿਚ ਤਲਵਾਰ ਦਾ ਨਿਸ਼ਾਨ ਹੈ। ਭਾਵ ਵਾਹਿਗੁਰੂ।

੩. ਦੀਨਬੰਧ=ਦੀਨਾਂ ਦੇ ਸਹਾਯਕ। ਦੀਨਾਂ ਦੇ ਬਾਂਧਵ।

ਕਾਲ ਪਾਇ ਬ੍ਰਹਮਾ ਬਪੁ ਧਰਾ ॥
ਕਾਲ ਪਾਇ ਸਿਵਜੂ ਅਵਤਰਾ ॥
ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥
ਸਕਲ ਕਾਲ ਕਾ ਕੀਆ ਤਮਾਸਾ ॥੭॥

ਸਮਾਂ ਪਾਕੇ ਬ੍ਰਹਮਾ ਨੇ ਸਰੀਰ ਧਾਰਿਆ। ਸਮਾਂ ਪਾ ਕੇ ਸ਼ਿਵਜੀ ਨੇ ਅਵਤਾਰ ਧਾਰਿਆ। ਸਮਾਂ ਪਾਕੇ ਵਿਸ਼ਨੂੰ ਪ੍ਰਕਾਸ਼ਿਆ। ਸਾਰਾ ਕਾਲ ਦਾ ਕੀਤਾ ਹੋਇਆ ਤਮਾਸ਼ਾ ਹੈ।੭।

ਜਵਨ ਕਾਲ ਜੋਗੀ ਸਿਵ ਕੀਓ ॥
ਬੇਦਰਾਜ ਬ੍ਰਹਮਾ ਜੂ ਥੀਓ ॥
ਜਵਨ ਕਾਲ ਸਭ ਲੋਕ ਸਵਾਰਾ ॥
ਨਮਸਕਾਰ ਹੈ ਤਾਹਿ ਹਮਾਰਾ ॥੮॥

ਜਿਸਨੇ ਕਾਲ (ਦਵਾਰਾ) ਜੋਗੀ ਸ਼ਿਵ ਬਣਾਇਆ। ਵੇਦਾਂ ਦਾ ਪ੍ਰਕਾਸ਼ਕ ਬ੍ਰਹਮਾਂ ਜੀ (ਜਿਸ ਕਰਕੇ) ਹੋਇਆ ਹੈ, ਜਿਸ ਨੇ ਕਾਲ (ਦੁਆਰਾ) ਸਾਰੇ ਲੋਕਾਂ ਨੂੰ ਸੁਆਰਿਆ ਹੈ, ਉਸ ਨੂੰ ਸਾਡੀ ਨਮਸਕਾਰ ਹੈ।੮।

ਜਵਨ ਕਾਲ ਸਭ ਜਗਤ ਬਨਾਯੋ ॥
ਦੇਵ ਦੈਤ ਜੱਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥
ਸੋਈ ਗੁਰੂ ਸਮਝਿਯਹੁ ਹਮਾਰਾ ॥੯॥

ਜਿਸਨੇ ਕਾਲ (ਦੁਆਰਾ) ਸਾਰਾ ਜਗਤ ਬਣਾਇਆ ਹੈ, ਦੇਵ ਦੈਂਤ ਤੇ ਯੱਖਾਂ ਨੂੰ ਪੈਦਾ ਕੀਤਾ, (ਉਹ) ਆਦ ਅੰਤ ਇਕੋ ਅਵਤਾਰ ਹੈ, ਉਹੋ ਸਾਡਾ ਗੁਰੂ ਸਮਝਣਾ।੯।

ਨਮਸਕਾਰ ਤਿਸ ਹੀ ਕੋ ਹਮਾਰੀ ॥
ਸਕਲ ਪ੍ਰਜਾ ਜਿਨ ਆਪ ਸਵਾਰੀ ॥
ਸਿਵਕਨ ਕੋ ਸਿਵਗੁਨ ਸੁਖ ਦੀਓ ॥
ਸੱਤ੍ਰੁਨ ਕੋ ਪਲ ਮੋ ਬਧ ਕੀਓ ॥੧੦॥

ਉਸ ਨੂੰ ਹੀ ਸਾਡੀ ਨਮਸਕਾਰ ਹੈ, ਸਾਰੀ ਪਰਜਾ ਜਿਸ ਨੇ ਆਪ ਸੁਆਰੀ ਹੈ। (ਆਪਣੇ) ਸੇਵਕਾਂ ਨੂੰ (ਉਸਨੇ) ਕਲਯਾਨ ਦੇ ਗੁਣ ਦਾ ਸੁਖ ਦਿੱਤਾ ਹੈ, ਵੈਰੀਆਂ ਨੂੰ ਉਸ ਨੇ ਪਲ ਵਿਚ ਮਾਰ ਦਿੱਤਾ ਹੈ।੧੦।

ਘਟ ਘਟ ਕੇ ਅੰਤਰ ਕੀ ਜਾਨਤ ॥
ਭਲੇ ਬੁਰੇ ਕੀ ਪੀਰ ਪਛਾਨਤ ॥
ਚੀਟੀ ਤੇ ਕੁੰਚਰ ਅਸਥੂਲਾ ॥
ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੧੧॥

ਹਰ ਸਰੀਰ ਦੀ (ਓਹ) ਅੰਦਰਲੀ ਗਲ ਜਾਣਦਾ ਹੈ। ਭਲੇ ਬੁਰੇ (ਸਭ) ਦੀ ਪੀੜ ਨੂੰ ਪਛਾਣਦਾ ਹੈ, ਕੀੜੀ (ਵਰਗੇ ਸੂਖਮ ਜੀਵਾਂ) ਤੋਂ ਲੈ ਕੇ ਹਾਥੀ ਵਰਗੇ ਅਸਥੂਲ (ਜੀਵ ਜੋ ਹਨ ਉਹ) ਸਭ ਪਰ ਕ੍ਰਿਪਾ ਦ੍ਰਿਸ਼ਟੀ ਕਰਕੇ ਪ੍ਰਸੰਨ (ਹੁੰਦਾ) ਹੈ।੧੧।

੧. ਸਾਰਾ ਕੲਲ ਦਾ ਕੀਤਾ ਹੋਇਆ ਤਮਾਸ਼ਾ ਹੈ-ਭਾਵ ਇਹ ਹੈ ਕਿ ਬ੍ਰਹਮਾ ਬਿਸ਼ਨੁ ਆਦਿ ਉਸ ਪਰਮਾਤਮਾਂ ਨੇ ਕਾਲ ਦਾ ਤਮਾਸ਼ਾ ਕੀਤਾ ਹੈ ਅਰ ਆਪ ਨਿਹਕੇਵਲ ਹੈ। ਓਹ ਸਮਾਂ ਨਹੀਂ, ਸਮੇਂ ਦਾ ਬੀ ਕਰਤਾ ਹੈ, ਜਿਹਾ ਕਿ ਅਗਲੀਆਂ ਤੁਕਾਂ ਤੋਂ ਸਿੱਧ ਹੁੰਦਾ ਹੈ। 'ਕਾਲ', 'ਕਲ' ਆਦਿਕ ਪਦ ਅਕਾਲ ਪੁਰਖ ਜੀ ਦੇ ਬੀ ਬੋਧਕ ਹਨ। ਯਥਾ-'ਜੋ ਕਲ ਕੋ ਇਕ ਬਾਰ'... ਅੰਕ ੨੪। ਤਥਾ: 'ਕਾਲ ਪੁਰਖ ਕੇ ਹੁਕਮ ਸਿਉ' ਦਸਮ ਗ੍ਰੰਥ ਅ:੨੪।

੨. ਆਦਿ ਅੰਤ ਇਕੋ ਅਵਤਾਰ-ਉਹ ਆਦਿ ਅੰਤ ਏਕੰਕਾਰ ਹੈ, ਭਾਵ ਸਮੇਂ ਨਾਲ ਆਉਂਦਾ ਜਾਂਦਾ ਨਹੀਂ, ਕਿਸੇ ਸਰੀਰ ਵਿਚ ਨਹੀਂ ਉਤਰਦਾ। ਸੋ ਨਿਰੰਕਾਰ ਤੋਂ ਏਕੰਕਾਰ ਹੋਣਾ ਇਹੀ ਉਸ ਦੀ ਅਵਤਾਰਤਾ ਹੈ। ਸਰੀਰ ਧਾਰੀ ਅਵਤਾਰਤਾ ਨੂੰ ਅਸੀਂ ਉਸ ਦੇ ਕੀਤੇ ਹੋਏ ਵਿਚ ਗਿਣਦੇ ਹਾਂ। ਨਿਰੰਕਾਰ ਤੇ ਏਕੰਕਾਰ ਵਾਸਤਵ ਵਿਚ ਇਕੋ ਹੈ। ਅਲਖ ਨਿਰੰਕਾਰ ਹੈ, ਜਦ ਇਕ ਕਿਹਾ ਤਾਂ ਉਹੋ ਏਕੰਕਾਰ ਹੈ। 'ਨਿਰੰਕਾਰ ਆਕਾਰੁ ਹੋਇ ਏਕੰਕਾਰੁ ਅਪਾਰ ਸਦਾਇਆ।' (ਵਾ: ਭਾ: ਗੁ: ੨੬/੨)

੩. ਸਿਵਗੁਣ=ਕਲਿਆਨ ਰੂਪੀ ਗੁਣ ਦਾ ਸੁਖ-ਭਾਵ ਮੁਕਤੀ ਦਾ ਸੁਖ। (ਅ) ਸਿਵ ਗੁਣ=ਓਹ ਗੁਣ ਜਿਨ੍ਹਾਂ ਕਰਕੇ ਕਲਯਾਨ ਮਿਲੇ; ਤਾਂਤੇ ਦੈਵੀ ਸੰਪਦਾ ਦੇ ਗੁਣ।

ਸੰਤਨ ਦੁਖ ਪਾਏ ਤੇ ਦੁਖੀ ॥
ਸੁਖ ਪਾਏ ਸਾਧਨ ਕੇ ਸੁਖੀ ॥
ਏਕ ਏਕ ਕੀ ਪੀਰ ਪਛਾਨੈਂ ॥
ਘਟ ਘਟ ਕੇ ਪਟ ਪਟ ਕੀ ਜਾਨੈਂ ॥੧੨॥

ਸੰਤਾਂ ਦੇ ਦੁੱਖ ਪਾਉਣੇ ਤੇ ਦੁਖੀ ਹੁੰਦਾ ਹੈ, ਸਾਧੂਆਂ ਦੇ ਸੁਖ ਪਾਉਣੇ ਤੇ ਸੁਖੀ ਹੁੰਦਾ ਹੈ, ਹਰ ਇਕ ਦੀ ਪੀੜ ਪਛਾਣਦਾ ਹੈ, ਹਿਰਦੇ ਦੇ ਅੰਦਰ ਅੰਦਰ ਹੀ ਜਾਣਦਾ ਹੈ।੧੨।

ਜਬ ਉਦਕਰਖ ਕਰਾ ਕਰਤਾਰਾ ॥
ਪ੍ਰਜਾ ਧਰਤ ਤਬ ਦੇਹ ਅਪਾਰਾ ॥
ਜਬ ਆਕਰਖ ਕਰਤ ਹੋ ਕਬਹੂੰ ॥
ਤੁਮ ਮੈ ਮਿਲਤ ਦੇਹ ਧਰ ਸਭਹੂੰ ॥੧੩॥

ਜਦ ਪਸਾਰਾ ਕਰਦਾ ਹੈ ਕਰਤਾਰ ਤਦ ਪਰਜਾ ਬੇਅੰਤ ਦੇਹਾਂ ਨੂੰ ਧਾਰਦੀ ਹੈ। ਜਦ ਕਦੇ (ਫਿਰ) ਖਿੱਚ ਲੈਂਦੇ ਹੋ (ਆਪ ਤਾਂ) ਤੁਸਾਂ ਵਿਚ ਮਿਲ ਜਾਂਦੀਆਂ ਹਨ ਸਾਰੀਆਂ ਦੇਹਾਂ।੧੩।

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥
ਆਪੁ ਆਪਨੀ ਬੂਝ ਉਚਾਰੈ ॥
ਤੁਮ ਸਭਹੀ ਤੇ ਰਹਤ ਨਿਰਾਲਮ ॥
ਜਾਨਤ ਬੇਦ ਭੇਦ ਅਰ ਆਲਮ ॥੧੪॥

ਜਿਤਨੇ ਮੂੰਹ ਸਾਰੀ ਸ੍ਰਿਸ਼ਟੀ ਨੇ ਧਾਰੇ ਹਨ, (ਓਹ ਸਾਰੇ) ਆਪੋ ਆਪਣੀ ਸਮਝ (ਮੂਜਬ) ਵਰਣਨ ਕਰਦੇ ਹਨ। ਤੁਸੀਂ ਸਭ ਤੋਂ ਨਿਰਲੇਪ ਰਹਿੰਦੇ ਹੋ, ਜਾਣਦੇ ਹੋ ਬੇਦਾਂ ਦੇ ਭੇਤ ਤੇ ਵਿਦਵਾਨਾਂ ਨੂੰ ਬੀ।੧੪।

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥
ਆਦਿ ਅਨੀਲ ਅਨਾਦਿ ਅਸੰਭ ॥
ਤਾ ਕਾ ਮੂੜ੍ਹ ਉਚਾਰਤ ਭੇਦਾ ॥
ਜਾ ਕੌ ਭੇਵ ਨ ਪਾਵਤ ਬੇਦਾ ॥੧੫॥

ਆਕਾਰ ਤੋਂ ਰਹਿਤ ਹੈ, ਵਿਕਾਰ ਤੋਂ ਰਹਿਤ ਹੈ, ਆਸਰੇ ਤੋਂ ਰਹਿਤ ਹੈ। (ਸਭ) ਦੀ ਆਦਿ ਹੈ, ਸੰਖਯਾ ਤੋਂ ਰਹਿਤ ਹੈ, (ਆਪ)-ਆਦਿ ਤੋਂ ਰਹਿਤ ਹੋ, ਹੋਣੇ (ਜਨਮ) ਤੋਂ ਰਹਿਤ ਹੈ, ਜਿਸ ਦਾ ਭੇਤ ਵੇਦ ਨਹੀਂ ਪਾਉਂਦਾ ਉਸ ਦਾ ਭੇਦ ਮੂਰਖ ਉਚਾਰਦਾ ਹੈ।੧੫।

ਤਾ ਕੌ ਕਰਿ ਪਾਹਨ ਅਨੁਮਾਨਤ ॥
ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥
ਮਹਾਦੇਵ ਕੌ ਕਹਤ ਸਦਾ ਸਿਵ ॥
ਨਿਰੰਕਾਰ ਕਾ ਚੀਨਤ ਨਹਿ ਭਿਵ ॥੧੬॥

(ਮੂਰਖ) ਉਸ ਨੂੰ ਪੱਥਰ ਕਰਕੇ ਮੰਨਦਾ ਹੈ, (ਉਹ) ਮਹਾਂ ਮੂਰਖ (ਹੈ, ਰੱਬ ਦਾ ਉਹ) ਕੁਛ ਭੇਦ ਨਹੀਂ ਜਾਣਦਾ, (ਜੋ) ਮਹਾਂਦੇਵ ਨੂੰ ਕਹਿੰਦਾ ਹੈ (ਕੇ ਇਹ ਸਦਾ ਸ਼ਿਵ=) ਸਦਾ ਕਲਯਾਨ ਰੂਪ (ਪਰਮੇਸ਼ੁਰ ਹੈ), (ਉਹ) ਨਿਰੰਕਾਰ ਪਰਮੇਸ਼ੁਰ ਦਾ ਭੇਦ ਨਹੀਂ ਜਾਣਦਾ।੧੬।

੧. ਪਸਾਰਾ ਕਰਦਾ-ਆਕਰਥ ਉਹ ਸ਼ਕਤੀ ਹੈ ਜੋ ਫੈਲਾਉ ਦੇ ਪਦਾਰਥਾਂ ਨੂੰ ਕੇਂਦ੍ਰ ਵਲ ਖਿੱਚ ਲੈਂਦੀ ਹੈ। ਉਦਕਰਥ ਉਹ ਸ਼ਕਤੀ ਹੈ ਜੋ ਕੇਂਦ੍ਰ ਤੋਂ ਪਦਾਰਥਾਂ ਨੂੰ ਬਾਹਰ ਵਲ ਸੱਟਦੀ ਹੈ। ਧਾਤੂ ਹੈ ਕ੍ਰਿਖ=ਖਿੱਚਣਾ।

੨. ਮੂੰਹ-ਅ:, ਬਦਨ=ਸਰੀਰ। ਸੰ:, ਵਦਨ=ਮੂੰਹ।

੩. ਨਿਰਾਲਮ=ਨਿਰਾਲਾ ਰਹਿਣਾ ਵਾਲਾ, ਨਿਰਲੇਪ। (ਅ) ਨਿਰ+ਆਲਮ=ਜਗਤ ਤੋਂ ਵੱਖਰਾ।

੪. ਅ:, ਆਲਮ=ਵਿਦਵਾਨ। ਆਲਮ=ਸੰਸਾਰ।

੫. ਨ੍ਰਿਲੰਭ=ਨਿਰ+ਅਲੰਬ=ਆਸਰੇ ਤੋਂ ਬਿਨਾ। (ਅ) ਨਿਰ+ਲੰਭ=ਜਿਸ ਦੀ ਪ੍ਰਾਪਤੀ ਕਠਨ ਹੈ।

੬. ਅ+ਨੀਲ=ਗਿਣਤੀ ਤੋਂ ਰਹਿਤ, ਬੇਸ਼ੁਮਾਰ। (ਅ) ਰੰਗ ਤੋਂ ਰਹਤ। ਭਾਵ ਮਾਇਆ ਤੋਂ ਰਹਿਤ।

ਆਪੁ ਆਪਨੀ ਬੁਧਿ ਹੈ ਜੇਤੀ ॥
ਬਰਨਤ ਭਿੰਨ ਭਿੰਨ ਤੁਹਿ ਤੇਤੀ ॥
ਤੁਮਰਾ ਲਖਾ ਨ ਜਾਇ ਪਸਾਰਾ ॥
ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੧੭॥

ਆਪੋ ਆਪਣੀ ਜਿੰਨੀ (ਕਿਸੇ ਦੀ) ਬੁੱਧੀ ਹੈ ਉੱਨੀ ਹੀ ਤੈਨੂੰ ਅੱਡ ਅੱਡ (ਤ੍ਰੀਕਿਆਂ ਨਾਲ) ਵਰਣਨ ਕਰ ਰਹੀ ਹੈ, ਤੁਹਾਡਾ ਪਸਾਰਾ ਨਹੀਂ ਲਖਿਆ ਜਾਂਦਾ (ਕਿ) ਕਿਸ ਪ੍ਰਕਾਰ (ਆਪ ਨੇ) ਪਹਿਲੇ ਸੰਸਾਰ ਰਚਿਆ (ਸੀ)।੧੭।

ਏਕੈ ਰੂਪ ਅਨੂਪ ਸਰੂਪਾ ॥
ਰੰਕ ਭਯੋ ਰਾਵ ਕਹੀ ਭੂਪਾ ॥
ਅੰਡਜ ਜੇਰਜ ਸੇਤਜ ਕੀਨੀ ॥
ਉਤਭੁਜ ਖਾਨਿ ਬਹੁਰ ਰਚਿ ਦੀਨੀ ॥੧੮॥

ਇਕੋ ਉਪਮਾ ਤੋਂ ਰਹਿਤ ਸੁੰਦਰਤਾ ਵਾਲਾ ਰੂਪ ਹੈ, (ਕਿਤੇ) ਕੰਗਾਲ (ਤੇ) ਕਿਧਰੇ ਰਾਜਾ (ਤੇ) ਪ੍ਰਿਥਵੀ ਦਾ ਮਾਲਕ ਹੋ ਗਿਆ। ਅੰਡਜ, ਜੇਰਜ, ਸੇਤਜ ਬਣਾਈ, ਫੇਰ ਉਤਭੁਜ ਖਾਣੀ ਬੀ ਰਚ ਦਿਤੀ।੧੮।

ਕਹੂੰ ਫੂਲ ਰਾਜਾ ਹ੍ਵੈ ਬੈਠਾ ॥
ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ॥
ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥
ਆਦਿ ਜੁਗਾਦਿ ਸਰੂਪ ਸੁਯੰਭਵ ॥੧੯॥

ਕਿਤੇ (ਕਵਲ) ਫੁੱਲ ਉਤੇ (ਬੈਠ ਕੇ) ਸ਼ੋਭਾ ਦੇਣ ਵਾਲਾ (ਭਾਵ ਬ੍ਰਹਮਾ ਹੋ ਕੇ) ਬੈਠਾ। ਕਿਧਰੇ ਸਿਮਟ ਕੇ ਇਕੱਠਾ ਕਰਨੇ ਵਾਲਾ ਸ਼ਿਵ ਹੋ ਗਿਆ ਹੈ। ਸਾਰੀ ਸ੍ਰਿਸ਼ਟੀ ਦਾ ਅਚੰਭਾ ਦਿਖਾ ਰਿਹਾ ਹੈ, (ਪਰ) ਆਦਿ ਜੁਗਾਦਿ ਤੋਂ ਉਸ ਦਾ (ਆਪਣਾ) ਸਰੂਪ ਸੁਤੇ ਪ੍ਰਕਾਸ਼ ਹੈ।੧੯।

ਅਬ ਰੱਛਾ ਮੇਰੀ ਤੁਮ ਕਰੋ ॥
ਸਿੱਖ ਉਬਾਰਿ ਅਸਿੱਖ ਸੰਘਰੋ ॥
ਦੁਸ਼ਟ ਜਿਤੇ ਉਠਵਤ ਉਤਪਾਤਾ ॥
ਸਕਲ ਮਲੇਛ ਕਰੋ ਰਣ ਘਾਤਾ ॥੨੦॥

(ਹੇ ਮਹਾਰਾਜ) ਹੁਣ ਮੇਰੀ ਤੁਸੀਂ ਰਖਯਾ ਕਰੋ। ਸਿੱਖਾਂ ਨੂੰ ਬਚਾਓ ਤੇ ਅਸਿੱਖਾਂ ਨੂੰ ਮਾਰੋ। (ਓਹ ਐਸੇ) ਦੁਸ਼ਟ ਜਿਤਨੇ ਉਪੱਦ੍ਰਵ ਖੜੇ ਕਰਦੇ ਹਨ, (ਐਸੇ) ਸਾਰੇ ਮਲੇਛ ਰਣ ਵਿਚ ਘਾਤ ਕਰੋ।੨੦।

੧. ਅੰਡਜ, ਜੇਰਜ, ਸੇਤਜ ਬਣਾਈ, ਫੇਰ ਉਤਭੁਜ-ਜੋ ਅੰਡਿਆਂ ਤੋਂ ਹੋਵੇ ਸੋ ਅੰਡਜ, ਜਿਹਾ ਕੁ ਪੰਛੀ, ਮੱਛੀ ਤੇ ਸੱਪ ਆਦਿ। ਜੇਰ ਤੋਂ ਹੋਵੇ ਸੋ ਜੇਰਜ, ਜਿਹਾ ਮਨੁੱਖ ਪਸ਼ੂ ਆਦਿ। ਪਸੀਨੇ ਤੋਂ ਜੋ ਹੋਵੇ ਸੋ ਸੇਤਜ, ਜਿਹਾ ਜੂੰਆਂ, ਤੇ ਜੋ ਪ੍ਰਿਥਵੀ ਤੋਂ ਪੈਦਾ ਹੋਈ ਹੋਵੇ ਸੋ ਉਤਭੁਜ=ਬਨਾਸਪਤੀ। ਉਦਭਿਜ=ਜੋ ਧਰਤੀ ਫੋੜ ਨਿਕਲੇ, ਬ੍ਰਿਛ ਬੂਟੇ, ਬਨਸਪਤੀ। ਉਤਭੁਜ=ਉੱਚੀਆਂ ਬਾਹਾਂ ਵਾਲਾ, ਇਸ ਤੋਂ ਬੀ ਬਨਸਪਤੀ ਭਾਵ ਲੈ ਲੈਂਦੇ ਹਨ।

੨. ਕਿਤੇ ਬ੍ਰਹਮਾਂ ਹੋ ਕੇ ਉਤਪਤੀ ਕਰ ਰਿਹਾ ਹੈ, ਕਿਤੇ ਸ਼ਿਵ ਹੋ ਕੇ ਲਯ ਕਰ ਰਿਹਾ ਹੈ। (ਅ) ਐਉਂ ਬੀ ਅਰਥ ਕਰਦੇ ਹਨ-ਕਿਧਰੇ ਵਿਕਾਸ਼ ਦੇ ਕੇ ਪ੍ਰਕਾਸ਼ਮਾਨ ਹੋ ਰਿਹਾ ਹੈ, ਕਿਧਰੇ ਸਿਮਟ ਕੇ (ਲਯ ਕਰਕੇ) ਸਰੂਪ ਵਿਚ ਪ੍ਰਸੰਨਤਾ ਦਾਤਾ ਹੋ ਰਿਹਾ ਹੈ। (ਸ਼ੰਕਰ=ਪ੍ਰਸੰਨਤਾ ਦਾਤਾ)।

੩. ਆਦਿ, ਜੋ ਸਮੇਂ ਦੇ ਆਦਿ ਅੰਤ ਤੋਂ ਸਦਾ ਪਰੇ ਹੋ ਰਿਹਾ ਹੈ। ਜੁਗਾਦਿ=ਜੋ ਕਾਲ ਦੇ ਆਰੰਭ ਤੇ ਅੰਤ ਦੇ ਵਿਚ ਸਦਾ ਹੋਵੇ।

੪. ਜਾਂ, ਅਸਿੱਖ=ਸਿੱਖੀ ਮਾਰਗ ਦੇ ਜੋ ਉਲਟੇ ਭਾਵ ਵੈਰੀ ਹਨ। ਅਗਲੀਆਂ ਤਿੰਨਾਂ ਤੁਕਾਂ ਵਿਚ ਦੱਸਿਆ ਹੈ ਓਹ ਅਸਿੱਖ ਜੋ ਦੁਸ਼ਟ ਹਨ ਤੇ ਮਲੇਛ ਹਨ ਤੇ ਲੜਨ ਨੂੰ ਆਉਂਦੇ ਹਨ।

੫. (ਅ) (ਕ੍ਰਿਪਾ ਕਰੋ) ਉਪੱਦ੍ਰਵ ਉਠਾਉਣ ਵਾਲੇ ਜਿੰਨੇ ਦੁਸ਼ਟ ਹਨ (ਉਨ੍ਹਾਂ) ਸਾਰੇ ਮਲੇਛਾਂ ਦਾ ਮੈਂ ਰਣ ਵਿਚ ਘਾਤ ਕਰਾਂ।

ਜੇ ਅਸਿਧੁਜ ਤਵ ਸਰਨੀ ਪਰੇ ॥
ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥
ਪੁਰਖ ਜਵਨ ਪਗ ਪਰੇ ਤਿਹਾਰੇ ॥
ਤਿਨ ਕੇ ਤੁਮ ਸੰਕਟ ਸਭ ਟਾਰੇ ॥੨੧॥

ਹੇ ਅਸਧੁਜ! ਜੋ ਤੇਰੀ ਸ਼ਰਨ ਪੈਂਦੇ ਹਨ, ਉਹਨਾਂ ਦੇ ਦੁਸ਼ਟ (ਵੈਰੀ) ਦੁਖੀ ਹੋ ਕੇ ਮਰ ਜਾਂਦੇ ਹਨ। ਜੋ ਪੁਰਖ ਤੁਹਾਡੀ ਚਰਨੀ ਪੈ ਜਾਂਦੇ ਹਨ, ਉਹਨਾਂ ਦੇ ਸਾਰੇ ਸੰਕਟ ਆਪ ਦੂਰ ਕਰ ਦਿੰਦੇ ਹੋ।੨੧।

ਜੋ ਕਲਿ ਕੋ ਇਕ ਬਾਰ ਧਿਐ ਹੈ ॥
ਤਾ ਕੇ ਕਾਲ ਨਿਕਟਿ ਨਹਿ ਐਹੈ ॥
ਰੱਛਾ ਹੋਇ ਤਾਹਿ ਸਭ ਕਾਲਾ ॥
ਦੁਸਟ ਅਰਿਸਟ ਟਰੇਂ ਤਤਕਾਲਾ ॥੨੨॥

ਜੋ (ਆਪ) ਸ਼ਾਂਤ ਰੂਪ ਨੂੰ ਇਕ ਵੇਰ ਧਿਆਉਂਦੇ ਹਨ ਉਹਨਾਂ ਦੇ ਨੇੜੇ ਕਾਲ ਨਹੀਂ ਆਉਂਦਾ। ਉਸਦੀ ਰਖਯਾ ਸਦੀਵ ਕਾਲ (ਵਿਚ) ਹੁੰਦੀ ਹੈ, ਉਸਦੇ ਵੈਰੀ ਤੇ ਕਲੇਸ਼ ਟਲ ਜਾਂਦੇ ਹਨ ਉਸੇ ਵੇਲੇ ਹੀ।੨੨।

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥
ਤਾ ਕੇ ਤਾਪ ਤਨਕ ਮੋ ਹਰਿਹੋ ॥
ਰਿੱਧਿ ਸਿੱਧਿ ਘਰ ਮੋ ਸਭ ਹੋਈ ॥
ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥੨੩॥

ਕ੍ਰਿਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਦੀ ਤਰਫ ਤੁਸੀਂ ਦੇਖਦੇ ਹੋ ਉਹਨਾਂ ਦੇ ਸੰਤਾਪ ਪਲ ਵਿਚ ਦੂਰ ਕਰ ਦੇਂਦੇ ਹੋ। (ਉਹਨਾਂ ਦੇ) ਘਰ ਵਿਚ ਸਾਰੀਆਂ ਰਿਧੀਆਂ ਸਿਧੀਆਂ ਹੋ ਜਾਂਦੀਆਂ ਹਨ, ਦੁਸ਼ਟ ਦੀ ਛਾਂ ਕੋਈ ਨਹੀਂ ਛੁਹ ਸਕਦੀ।੨੩।

ਏਕ ਬਾਰ ਜਿਨ ਤੁਮੈ ਸੰਭਾਰਾ ॥
ਕਾਲ ਫਾਸ ਤੇ ਤਾਹਿ ਉਬਾਰਾ ॥
ਜਿਨ ਨਰ ਨਾਮ ਤਿਹਾਰੋ ਕਹਾ ॥
ਦਾਰਿਦ ਦੁਸਟ ਦੁਖ ਤੇ ਰਹਾ ॥੨੪॥

ਇਕ ਵਾਰੀ ਜਿਸਨੇ ਤੁਹਾਨੂੰ ਸੰਭਾਲਿਆ ਹੈ, ਕਾਲ ਦੀ ਫਾਹੀ ਤੋਂ (ਤੁਸਾਂ) ਉਸਨੂੰ ਉਬਾਰ (ਬਚਾ) ਲਿਆ ਹੈ। ਜਿਸ ਨਰ ਨੇ ਤੁਹਾਡਾ ਨਾਮ ਲਿਆ ਹੈ (ਉਹ) ਗਰੀਬੀ, ਦੁਸ਼ਟਾਂ ਤੇ ਦੋਖੀਆਂ ਤੋਂ (ਬਚ) ਰਿਹਾ ਹੈ।੨੪।

ਖੜਗ ਕੇਤ ਮੈ ਸਰਣਿ ਤਿਹਾਰੀ ॥
ਆਪ ਹਾਥ ਦੈ ਲੇਹੁ ਉਬਾਰੀ ॥
ਸਰਬ ਠੌਰ ਮੋ ਹੋਹੁ ਸਹਾਈ ॥
ਦੁਸਟ ਦੋਖ ਤੇ ਲੇਹੁ ਬਚਾਈ ॥੨੫॥

ਹੇ ਖੜਗਕੇਤ! ਮੈਂ ਤੇਰੀ ਸ਼ਰਨ ਹਾਂ, ਆਪ ਹੱਥ ਦੇਕੇ (ਮੈਨੂੰ) ਉਬਾਰ (ਬਚਾ) ਲਵੋ। ਸਭ ਥਾਵਾਂ ਵਿਖੇ (ਮੇਰੇ) ਮਦਦਗਾਰ ਹੋਵੋ। ਦੁਸ਼ਟਾਂ ਤੇ ਦੋਖੀਆਂ ਤੋਂ ਬਚਾ ਲਵੋ।੨੫।

1. ਕਲ=ਸੁੰਦਰ, ਮਧੁਰ, ਸ਼ਾਂਤਿ। ਅਕਲ ਦਾ ਸੰਖੇਪ ਬੀ 'ਕਲ' ਖਯਾਲ ਕੀਤਾ ਜਾਂਦਾ ਹੈ।

2. ਅਰਿਖ਼=ਕਲੇਸ਼, ਪੀੜਾ, ਬਿਪਤਾ, (ਜੋਤਸ਼ ਵਿਚ ਅਰਿਖ਼=) ਦੁਸ਼ਟ ਗ੍ਰੈਹਾਂ ਦਾ ਯੋਗ, ਜਿਸਦਾ ਫਲ ਦੁੱਖ ਹੁੰਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ