Rehraas Sahib — Bhai Vir Singh ji (page 2)

Rehraas Sahib — Bhai Vir Singh ji · ੨ / ੪

ਰਾਗੁ ਗੂਜਰੀ ਮਹਲਾ ੫ ॥

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

ਹੇ ਮਨ! ਕਿਉਂ ਉੱਦਮ ਚਿਤਵਦਾ ਹੈ? ਜਦ ਹਰਿ ਜੀ (ਆਪ ਸਭ ਨੂੰ ਰਿਜ਼ਕ ਪਹੁੰਚਾਵਣ ਦੇ) ਆਹਰ ਵਿਚ ਪਇਆ ਹੋਇਆ ਹੈ। (ਦੇਖ) ਚਿਟਾਨਾਂ ਤੇ ਪੱਥਰਾਂ ਵਿਚ (ਜੋ) ਜੰਤੂ ਪੈਦਾ ਕੀਤੇ ਹਨ, ਉਹਨਾਂ ਦਾ ਰਿਜ਼ਕ (ਬੀ) ਅੱਗੇ ਹੀ (ਤਿਆਰ) ਕਰਕੇ ਰੱਖਿਆ ਹੋਇਆ ਹੈ।੧।

ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥

ਰਹਾਉ ॥

ਹੇ ਮੇਰੇ ਮਾਧੋ ਜੀ! ਸਤਿਸੰਗਤ ਨੂੰ ਜੋ ਪ੍ਰਾਪਤ ਹੋਇਆ ਸੋਈਓ ਤਰ ਗਿਆ, (ਕਿਉਂਕਿ ਸਤਿ ਸੰਗਤ ਵਿਚੋਂ ਗੁਰੂ ਪ੍ਰਾਪਤ ਹੋਇਆ ਤੇ) ਗੁਰੂ ਦੀ ਕਿਰਪਾ ਦਵਾਰਾ ਪੂਰਨ ਪਦ ਪਾ ਲਿਆ (ਮਾਨੋਂ) ਸੁੱਕੇ ਕਾਠ ਹਰੇ ਹੋ ਗਏ, (ਭਾਵ ਕਠੋਰ ਅੰਤਹਕਰਣ ਆਤਮ ਜੀਵਨ ਨਾਲ ਪ੍ਰਫੁੱਲਤ ਹੋ ਗਏ)।੧।ਰਹਾਉ।

ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

ਮਾਤਾ, ਪਿਤਾ, (ਹੋਰ ਸਨਬੰਧ ਵਾਲੇ) ਲੋਕ, ਪੁੱਤ੍ਰ, ਵਹੁਟੀ ਕੋਈ ਕਿਸੇ ਦੀ ਧਿਰ ਨਹੀਂ ਹੈ, (ਆਪ) ਪਰਮੇਸ਼ੁਰ ਸਿਰ ਸਿਰ ਸੇਤੀ (ਭਾਵ ਹਰੇਕ ਨੂੰ) ਰਿਜ਼ਕ ਪਹੁੰਚਾਉਂਦਾ ਹੈ, ਹੇ ਮਨ! ਫਿਰ ਤੂੰ ਕਿਉਂ ਡਰਿਆ ਹੈ?੨।

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

ਸੈ ਕੋਹਾਂ ਉਡ ਉਡ ਕੇ ਆਉਂਦੀ ਹੈ (ਕੂੰਜ) ਪਿੱਛੇ ਉਸਦੇ ਬੱਚੇ ਵੱਡੇ ਹੋਏ, ਰਹਿ ਜਾਂਦੇ ਹਨ। ਉਨ੍ਹਾਂ ਨੂੰ ਕੌਣ ਖੁਆਲਦਾ ਹੈ ਤੇ ਕੌਣ (ਚੋਗਾ) ਚੁਗਾਉਂਦਾ ਹੈ? (ਉਤਰ:) ਮਨ ਵਿਚ ਯਾਦ ਰਖਿਆ ਹੈ।੩।

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥

੫॥

ਸਭ ਨਿੱਧੀਆਂ (ਤੇ) ਅਠਾਰਾਂ ਸਿੱਧੀਆਂ ਠਾਕੁਰ ਦੀ ਹੱਥ ਦੀ ਤਲੀ ਪੁਰ ਧਰੀਆਂ ਹਨ। ਨਾਨਕ ਦਾਸ (ਕਹਿੰਦਾ ਹੈ, ਅਸੀਂ) ਬਲਿਹਾਰ ਬਲਿਹਾਰ ਸੌ ਵੇਰ ਬਲਿਹਾਰ ਜਾਈਏ (ਤੇਰੇ ਉਤੋਂ, ਹੇ ਠਾਕੁਰ!) ਤੇਰਾ ਨਾ ਅੰਤ ਹੈ ਨਾ ਪਾਰਾਵਾਰ ਹੈ।੪।੫।

੧. ਮਾਧਵ=ਪ੍ਰਕਾਸ਼, ਜਾਂ ਮਾਇਆ ਦਾ ਸਵਾਮੀ ਪਰਮੇਸ਼ੁਰ।

2. ਧਿਰ-ਆਸਰਾ, ਪਰਨਾ।

੩. ਉਡ-ਸੰਪ੍ਰਦਾ:ਊਡੇ=ਕੂੰਜਾਂ ਦੀ ਡਾਰ। ਹਿੰਦੀ, ਊੜੀ=ਇਕ ਜਲ ਪੰਛੀ

ਰਾਗੁ ਆਸਾ ਮਹਲਾ ੪ ਸੋ ਪੁਰਖੁ

< ਸਤਿਗੁਰ ਪ੍ਰਸਾਦਿ ॥

ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥

ਉਹ (ਅਕਾਲ ਪੁਰਖ) ਮਾਇਆ ਤੋਂ ਰਹਿਤ (ਹੈ), (ਓਹ) ਹਰੀ ਮਾਇਆ ਤੋਂ ਅਤੀਤ ਪੁਰਖ ਹੈ, (ਉਹ) ਹਰੀ ਸਮਝ ਤੋਂ ਪਰੇ ਹੈ, ਪਹੁੰਚ ਤੋਂ ਪਰ੍ਹੇ ਹੈ (ਤੇ) ਅੰਤ ਤੋਂ ਰਹਿਤ ਹੈ।

ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥

ਹੇ ਸੱਚੇ ਸਿਰਜਣਹਾਰ ਵਾਹਿਗੁਰੂ! ਸਭ ਤੈਨੂੰ ਧਿਆਉਂਦੇ ਹਨ ਸਭ (ਤੈਨੂੰ) ਧਿਆਉਂਦੇ ਹਨ। ਸਾਰੇ ਜੀਵ ਤੇਰੇ (ਆਪਣੇ) ਹਨ ਤੂੰ ਜੀਵਾਂ ਪਰ ਦਾਤ ਕਰਨੇ ਵਾਲਾ ਹੈ।

ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

ਹੇ ਸੰਤ ਜੀ! ਹਰਿ ਨੂੰ ਧਿਆਵੋ, (ਕਿਉਂਕਿ ਹਰੀ) ਸਾਰੇ ਦੁੱਖਾਂ ਦੇ ਦੂਰ ਕਰਨੇ ਵਾਲਾ ਹੈ। (ਸਚਮੁਚ) ਹਰਿ ਆਪ ਹੀ ਸੇਵਕ ਹੈ ਜੀ, ਬੇਚਾਰਾ ਜੀਵ ਕੀ (ਸ਼ੈ) ਹੈ (ਭਾਵ ਤੁੱਛ ਹੈ, ਕਹਿੰਦੇ ਹਨ ਸ੍ਰੀ ਗੁਰੂ) ਨਾਨਕ।੧।

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥

ਤੂੰ ਸਰਬ ਘਟਾਂ ਦੇ ਅੰਦਰ ਹੈਂ, (ਹਾਂ ਤੂੰ) ਸਭ ਦੇ (ਅੰਦਰ) ਇਕ ਰਸ ਹੈਂ। (ਹੇ ਮਹਾਰਾਜ) ਹਰੀ ਜੀ! (ਤੂੰ) ਇਕੋ ਪੁਰਖ (ਸਾਰੇ) ਸਮਾ ਰਿਹਾ ਹੈਂ।

ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥

ਇਕ ਦਾਤੇ (ਹਨ), ਇਕ ਮੰਗਤੇ ਹਨ, (ਏਹ) ਸਭ ਤੇਰੇ ਅਚਰਜ ਚੋਜ ਹਨ। ਤੂੰ ਆਪ ਹੀ ਦਾਤਾ ਹੈਂ, ਆਪ ਹੀ ਭੋਗਣੇ ਵਾਲਾ ਹੈਂ ਹੇ (ਮਹਾਰਾਜ) ਜੀ! ਮੈਂ ਤੇਰੇ ਬਾਝ ਹੋਰ ਕਿਸੇ ਨੂੰ ਨਹੀਂ ਜਾਣਦਾ। ਤੂੰ ਪੂਰਨ ਬ੍ਰਹਮ ਹੈਂ, ਬੇਅੰਤ ਹੈਂ, ਬੇਅੰਤ ਹੈਂ ਜੀਉ! ਤੇਰੇ ਗੁਣ (ਮੈਂ) ਕੀ ਕੀ ਕਹਿਕੇ ਵਰਣਨ ਕਰਾਂ।

ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥

ਜੋ ਸੇਂਵਦੇ ਹਨਜੋ ਸੇਂਵਦ ਹਨ ਤੈਨੂੰ ਹੇ (ਮਹਾਰਾਜ) ਜੀ! ਨਾਨਕ ਦਾਸ ਉਨ੍ਹਾਂ ਤੋਂ ਕੁਰਬਾਨ ਹੈ।੨।

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥

(ਹੇ) ਹਰੀ ਜੀ! ਜੋ ਤੈਨੂੰ ਧਿਆਉਂਦੇ ਹਨ, (ਓਹ) ਜਨ (ਕਲਿ-) ਜੁਗਵਿਚ ਸੁਖਾਂ ਵਿਚ ਵੱਸਣ ਵਾਲੇ ਹਨ।

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥

ਓਹ ਮੁਕਤ (ਹੋ ਗਏ), ਓਹ ਮੁਕਤ ਹੋ ਗਏ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ ਹੈ (ਹਾਂ) ਜੀ, ਉਹਨਾਂ ਦੀ ਜਮ ਦੀ ਫਾਹੀ ਟੁੱਟ ਗਈ ਹੈ। ਜਿਨ੍ਹਾਂ ਨੇ ਨਿਰਭਉ, (ਹਾਂ) ਜੀ ਜਿਨ੍ਹਾਂ ਨੇ ਹਰੀ ਨਿਰਭਉ ਨੂੰ ਧਿਆਇਆ ਹੈ ਉਹਨਾਂ ਦਾ (ਜਨਮ ਮਰਨ ਆਦਿ ਦਾ) ਭਉ (ਉਹ) ਸਾਰਾ ਹੀ ਗੁਵਾ ਦੇਵੇਗਾ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥ ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥

ਜਿਨ੍ਹਾਂ ਨੇ ਸੇਵਿਆ ਹੈ, ਜਿਨ੍ਹਾਂ ਨੇ ਸੇਵਿਆ ਹੈ ਮੇਰਾ ਹਰਿ ਜੀ, ਓਹ ਹਰੀ ਦੇ (ਹਾਂ) ਹਰੀ ਦੇ ਰੂਪ ਵਿਚ ਸਮਾ ਜਾਣਗੇ। ਓਹ ਧੰਨ ਹਨ, ਓਹ ਧੰਨ ਹਨ ਜਿਨ੍ਹਾਂ ਨੇ ਹਰਿ ਜੀ ਨੂੰ ਧਿਆਇਆ ਹੈ, ਨਾਨਕ ਦਾਸ ਉਨ੍ਹਾਂ ਤੋਂ ਬਲਿਹਾਰਨੇ ਜਾਵੇਗਾ।੩।

੧. ਅਗਮ, ਅਗਮਾ, (-ਅਗਮਯ) ਪਹੁੰਚ ਤੋਂ ਪਰੇ, ਸਮਝ ਤੋਂ ਪਰੇ। ਅਗਮਾ ਪਦ ਗੁਰਬਾਣੀ ਵਿਚ ਆਯਾ ਹੈ:-ਯਥਾ-ਪਿਤਾ ਮਰੋ ਬਡੋ ਧਨੀ ਅਗਮਾ। ਅਪਾਰ=ਪਾਰ ਰਹਿਤ, ਅੰਤ ਤੋਂ ਰਹਿਤ ਅਨੰਤ। ਦਾਨੇ ਲੋਕ ਇਸ ਤੁਕ ਦਾ ਐਉਂ ਬੀ ਭਾਵ ਕੱਢਦੇ ਹਨ-ਜੋ ਆਪ ਅਗਮਯ ਹਨ (ਵਿਸ਼ਨੂੰ ਆਦਿ), ਉਨ੍ਹਾਂ ਦੀ ਗੰਮਤਾ ਤੋਂ ਹਰੀ ਪਰੇ ਹੈ ਤੇ ਮਨੁੱਖ ਉਸ ਦਾ ਪਾਰ ਪਾ ਹੀ ਨਹੀਂ ਸਕਦੇ। (ਅ) ਭੂਤਕਾਲ ਵਿਚ ਬੀ ਉਹ ਅਗੰਮ ਸੀ, ਹੁਣ ਬੀ ਅਗੰਮ ਹੈ ਤੇ ਅਗੋਂ ਨੂੰ ਪਾਰ ਪਾਏ ਜਾਣ ਤੋਂ ਪਰੇ ਰਹੇਗਾ।

੨. ਤੇਰੇ ਰਚੇ ਹੋਣ ਕਰਕੇ ਤੇਰੇ ਆਪਣੇ ਹਨ, ਤੇਰੇ ਆਸਰੇ ਹਨ। ਦਾਤਾਰ=ਤੂੰ ਹੀ ਇਨ੍ਹਾਂ ਨੂੰ ਭੋਗ ਅਰ ਮੋਖ ਦਾ ਦੇਣੇ ਵਾਲਾ ਹੈਂ।

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥ ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥

ਤੇਰੀ ਭਗਤੀ ਤੇਰੀ ਬਗਤੀ ਦੇ ਭੰਡਾਰ (ਹੇ ਮਹਾਰਾਜ) ਜੀ! ਬੇਅੰਤ (ਤੋਂ) ਬੇਅੰਤ ਭਰੇ ਪਏ ਹਨ। ਤੇਰੇ ਭਗਤ ਤੇਰੇ ਭਗਤ ਅਨੇਕ ਹੀ ਅਨੇਕ ਸਲਾਹੁੰਦੇ ਹਨ। ਤੈਨੂੰ ਹੀ ਅਨੰਤ ਹਰੀ!

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

ਹੇ ਹਰੀ ਜੀ! ਅਨਿਕ ਹੀ ਅਨਿਕ ਤੇਰੀ ਪੂਜਾ ਕਰਦੇ ਹਨ, (ਬੇਅੰਤ) ਤਪ ਤਪਦੇ ਹਨ (ਤੇ) ਬੇਅੰਤ (ਹੀ) ਜਪਦੇ ਹਨ (ਤੈਨੂੰ)। ਤੇਰੇ ਅਨੇਕ, ਤੇਰੇ ਅਨੇਕ (ਪੜ੍ਹਨ ਵਾਲੇ) ਪੜ੍ਹਦੇ ਹਨ ਬਹੁਤੇ ਸ਼ਾਸਤ੍ਰਾਂ ਤੇ ਸਿੰਮ੍ਰਿਤੀਆਂ ਨੂੰ, (ਓਹ) ਕਰਦੇ ਹਨ ਕ੍ਰਿਯਾ ਤੇ ਕਰਦੇ ਹਨ ਖਟਕਰਮ, (ਪਰ) ਨਾਨਕ ਦਾਸ (ਕਹਿੰਦਾ ਹੈ) ਓਹੀ ਭਗਤ, ਓਹੀ ਭਗਤ, ਭਲੇ ਹਨ ਜੋ (ਤੈਨੂੰ ਹੇ) ਮੇਰੇ ਭਗਵੰਤ ਹਰੀ ਜੀ! ਭਾਉਂਦੇ ਹਨ।੪।

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥

ਤੂੰ ਆਦਿ ਪੁਰਖ ਹੈਂ, ਪਰੇ ਤੋਂ ਪਰੇ ਹੈਂ, (ਤੂੰ ਹੀ) ਕਰਤਾਰ ਹੈਂ, (ਤੇ) ਤੇਰੇ ਜਿੱਡਾ ਹੋਰ ਕੋਈ ਨਹੀਂ ਜੀ ਤੂੰ ਜੁਗੋ ਜੁਗ ਇਕੋ ਹੈਂ, ਤੂੰ ਸਦਾ ਸਦਾ ਇਕੋ ਹੀ ਹੈਂ ਜੀ, ਤੂੰ ਅਟੱਲ ਹੈਂ, (ਤੂੰ) ਰਚਨਹਾਰ ਹੈਂ (ਫਿਰ ਤੂੰ ਸਦਾ) ਉਹੋ (ਦਾ ਉਹੋ) ਹੈਂ। (ਜੋ) ਤੈਨੂੰ ਆਪੇ ਭਾਉਂਦਾ ਹੈ ਸੋਈਓ ਵਰਤਦਾ ਹੈ ਜੀ, ਜੋ ਤੂੰ ਆਪੇ ਕਰਦਾ ਹੈਂ ਸੋ ਹੁੰਦਾ ਹੈ।

ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥

੧॥

ਤੂੰ ਆਪੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੀ, ਤੂੰ ਆਪੇ (ਇਹ) ਰਚ ਕੇ ਸਾਰੀ ਨੂੰ (ਫੇਰ) ਲੈ ਕਰ ਲੈਂਦਾ ਹੈਂ। ਦਾਸ ਨਾਨਕ ਗੁਣ ਗਾਉਂਦਾ ਹੈ ਰਚਨਹਾਰ ਦੇ ਜੀ ਜੋ ਸਭ ਕਿਸੇ ਦਾ ਜਾਣਨੇ ਵਾਲਾ ਹੈ।੫।੧।

੧. ਦੋ ਦੋ ਵਾਰ ਕਹਿਣ ਤੋਂ 'ਤਾਕੀਦ' ਮੁਰਾਦ ਲੈਣ ਦੀ ਥਾਂਵੇਂ ਕਈ ਦਾਨੇ ਐਉਂ ਕਰਦੇ ਹਨ-ਤੇਰੀ ਅਨੇਕ ਭਾਂਤ ਦੀ ਪੂਜਾ ਹੋ ਰਹੀ ਹੈ, ਅਨੇਕ ਹੀ ਕਰ ਰਹੇ ਹਨ, ਅਥਵਾ, ਮਨ ਕਰਕੇ ਸਰੀਰ ਕਰਕੇ ਕਰ ਰਹੇ ਹਨ। ਅਥਵਾ ਪਿੱਛੇ ਕਰਦੇ ਸਨ ਹੁਣ ਕਰ ਰਹੇ ਹਨ (ਤੇ ਅੱਗੇ ਕਰਨਗੇ)।

੨. ਸਿਮ੍ਰਤੀਆਂ ੨੭ ਹਨ। ਇਨ੍ਹਾਂ ਵਿਚ ਧਰਮ, ਦਰਸ਼ਨ, ਆਚਾਰ ਵਿਹਾਰ, ਪ੍ਰਾਯਸਚਿਤ, ਨੀਤੀ, ਦੰਡ ਆਦਿ ਦੇ ਵਿਸ਼ੇ ਹੈਨ। ਸ਼ਾਸਤ੍ਰ ਪ੍ਰਸਿਧ ਛੇ ਹਨ ਜਿਨ੍ਹਾਂ ਵਿਚ ਦਰਸ਼ਨ ਵਿਦਯਾ ਯਾ ਫ਼ਿਲਾਸਫ਼ੀ ਹੈ। ਉਂਞ ਸੰਸਕ੍ਰਿਤ ਸਭਯਤਾ ਵੇਲੇ ਦੇ ੧੬ ਦੇ ਲਗ ਪਗ ਛੋਟੇ ਵੱਡੇ ਫ਼ਿਲਸਫ਼ੇ ਮਿਲਦੇ ਹਨ।

੩. ਕਰਿ ਕਿਰਿਆ=ਕਰਦੇ ਹਨ ਕਰਮ ਭਾਵ ਸ਼ੁਭ ਕਰਮ, ਕਰਮ ਕਾਂਡ ਦੇ ਦੱਸੇ ਹੋਏ ਕਰਮ।

੪. ਖਟ ਕਰਮ ਕਈ ਹਨ, ਮਨੂ ਦੇ ਬ੍ਰਾਹਮਣ ਦੇ ਖਟ ਕਰਮ ਇਹ ਦੱਸੇ ਹਨ ਯਥਾ-(੧) ਵਿਦਯਾ ਲੈਣੀ ਤੇ ਦੇਣੀ, ਯਗ ਕਰਨਾ ਤੇ ਕਰਾਉਣਾ, ਦਾਨ ਦੇਣਾ ਤੇ ਲੈਣਾ। (ਮਨੂ ਅ:੧੦ ਸ:੭੫)। (੨) ਵੇਦ ਅਭਯਾਸ, ਤਪ ਗਯਾਨ, ਇੰਦ੍ਰੇ ਜਿਤ, ਅਹਿੰਸਾ ਤੇ ਗੁਰੂ ਸੇਵਾ। (ਮਨੁ ਅ:੧੨ ਸ:੮੩)। ਹੋਰ ਖਟ ਕਰਮ ਇਉਂ ਬੀ ਹਨ-(੩) ਜਪ, ਤਪ, ਤੀਰਥ, ਪੂਜਾ, ਮੰਤ੍ਰ ਸਾਧਨ, ਸੰਨਯਾਸ। (ਅਤ੍ਰੈ)। (੪) ਸੰਧਯਾ, ਸ਼ਨਾਨ, ਜਪ, ਹਮਨ, ਵੇਦ ਪਾਠ, ਦੇਵ ਪੂਜਨ (ਪ੍ਰਾਸਰ)। ਕਈ, ਸਿਖਾ (ਬੇਦੀ), ਸੂਤ (ਜਨੇਊ), ਧੋਤੀ, ਮਾਲਾ, ਤਿਲਕ ਆਦਿ ਨੂੰ ਬੀ ਖਟਕਰਮ ਗਿਣ ਲੈਂਦੇ ਹਨ। ਇਨ੍ਹਾਂ ਤੋਂ ਛੁਟ ਉਪਜੀਵਕਾ ਲਈ ਬ੍ਰਾਹਮਣ ਦੇ ਛੇ ਕਰਮ, ਯੋਗ ਦੇ ਛੇ ਕਰਮ, ਤਾਂਤ੍ਰਿਕਾਂ ਦੇ ਛੇ ਕਰਮ ਹੋਰ ਹੋਰ ਹਨ।

੫. ਪਰਮੇਸ਼ੁਰ ਨੂੰ ਭਾ ਗਇਆਂ ਦਾ ਅਰਥਾਤ ਪਰਵਾਣ ਭਗਤਾਂ ਦਾ ਦਰਜਾ ਉੱਚਾ ਹੈ।

੬. ਉਹ ਚੇਤਨ ਤੇ ਵਯਾਪਕ ਹਸਤੀ ਯਾ ਵਜੂਦ ਜਿਸ ਤੋਂ ਮੁਹਰੇ ਹੋਰ ਕੋਈ ਨਹੀਂ ਸੀ।

੭. ਤੂੰ ਕਰਤਾਰ ਹੋ ਕੇ ਬੀ ਸਦਾ ਸਥਿਰ ਹੈਂ, ਕਦੇ ਨਹੀਂ ਬਦਲਦਾ।

ਆਸਾ ਮਹਲਾ ੪ ॥

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥
ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥੧॥

ਰਹਾਉ ॥

ਤੂੰ ਕਰਤਾਰੁ (ਰਚਣਹਾਰ ਹੈਂ), ਸਚਿਆਰ ਹੈਂ (ਤੇ) ਮੇਰਾ ਮਾਲਕ ਹੈ, ਜੋ ਤੈਨੂੰ ਭਾਵੇਗਾ ਉਹੋ ਹੋਵੇਗਾ, ਜੋ ਤੂੰ ਦੇਵੇਂਗਾ ਸੋਈਓ ਮੈਨੂੰ ਪ੍ਰਾਪਤ ਹੋਵੇਗਾ।੧। ਰਹਾਉ।

ਸਭ ਤੇਰੀ ਤੂੰ ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥੧॥

(ਸ੍ਰਿਸ਼ਟੀ) ਸਭ ਤੇਰੀ (ਹੈ), ਤੂੰ ਸਭਨਾਂ (ਕਰਕੇ) ਧਿਆਇਆ ਗਿਆ ਹੈਂ। ਜਿਸ ਪਰ ਤੂੰ ਕ੍ਰਿਪਾ ਕਰਦਾ ਹੈ ਨਾਮ ਰੂਪੀ ਰਤਨ ਉਸੇ ਨੇ ਪਾਇਆ ਹੈ। ਗੁਰਮੁਖਾਂ ਨੇ (ਨਾਮ ਰਤਨ) ਲੱਭ ਲਿਆ ਹੈ ਤੇ ਮਨਮੁਖਾਂ ਨੇ ਗੁਆ ਲਿਆ ਹੈ। ਤੂੰ ਆਪ ਵਿਛੋੜ ਦਿੱਤਾ ਹੈ (ਮਨਮੁਖਾਂ ਨੂੰ ਤੇ) ਆਪ ਮਿਲਾ ਲੀਤਾ ਹੈ (ਗੁਰਮੁਖਾਂ ਨੂੰ)।੧।

ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੁਝ ਬਿਨੁ ਦੂਜਾ ਕੋਈ ਨਾਹਿ ॥
ਜੀਅ ਜੰਤ ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ ॥੨॥

ਤੂੰ ਸਮੁੰਦ੍ਰ (ਵਤ) ਹੈਂ, ਸਭ (ਜੀਅ ਜੰਤ) ਤੇਰੇ ਵਿਚ ਹੈਨ, ਤੇਰੇ ਬਿਨਾਂ ਹੋਰ ਦੂਸਰਾ ਕੋਈ ਨਹੀ। ਜੀਅ ਜੰਤ ਸਾਰੇ ਤੇਰਾ ਕੌਤਕ ਹਨ, (ਇਨ੍ਹਾਂ ਵਿਚੋ ਕੋਈ ਜੀਵ ਤਾਂ) ਵਿੰਜੋਗ ਕਰਕੇ ਮਿਲਨੋਂ (ਯਾ ਮਿਲਿਆ ਹੋਇਆ) ਵਿਛੁੜ ਗਿਆ ਤੇ (ਕੋਈ) ਸੰਜੋਗ ਕਰਕੇ (ਫੇਰ) ਮੇਲ (ਪਾ ਲਏਗਾ)।੨।

ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਸਹਜੇ ਹੀ ਹਰਿ ਨਾਮਿ ਸਮਾਇਆ ॥੩॥

ਜਿਸਨੂੰ ਤੂੰ ਜਣਾਉਂਦਾ ਹੈਂ (ਅਪਣੀ ਸਿਫਤ ਸਲਾਹ ਦਾ ਰਸਤਾ) ਉਹੋ ਜਨ ਜਾਣਦਾ ਹੈ। (ਉਹ) ਹਰਿ ਦੇ ਗੁਣ ਸਦਾ ਹੀ ਕਹਿਕੇ ਉਚਾਰਦਾ ਹੈ। ਜਿਸ ਨੇ ਹਰਿ ਸੇਵਿਆ (ਹੈ) ਉਸ ਨੇ ਸੁਖ ਪਾਇਆ ਹੈ, (ਉਹ) ਸਹਿਜੇ ਹੀ ਹਰਿ ਦੇ ਨਾਮ ਵਿਚ ਸਮਾਇਆ (ਰਹਿੰਦਾ) ਹੈ।੩।

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥੪॥

੨॥

ਤੂੰ ਆਪ ਕਰਨਹਾਰ ਹੈਂ, ਸਭ ਕੁਝ ਤੇਰਾ ਕੀਤਾ ਹੁੰਦਾ ਹੈ। ਤੈਥੋਂ ਬਾਝ ਦੂਜਾ (ਕਰਤਾਰ) ਹੋਰ ਕੋਈ ਨਹੀਂ, ਤੂੰ ਕਰ ਕਰਕੇ ਦੇਖਦਾ ਹੈਂ ਤੇ ਉਸ (ਕੀਤੀ ਹੋਈ ਸਾਰੀ) ਨੂੰ ਜਾਣਦਾ ਹੈਂ। (ਕਹਿੰਦੇ ਹਨ ਗੁਰੂ) ਨਾਨਮ (ਤੂੰ) ਗੁਰੂ ਦੁਆਰੇ ਦਾਸਾਂ ਨੂੰ ਪ੍ਰਤੱਖ ਹੋ ਜਾਂਦਾ ਹੈਂ।੪।੨।

੧. ਯਥਾ:-'ਸੰਜੋਗ ਵਿਜੋਗ ਧੁਰਹੁ ਹੀ ਹੂਆ।' (ਅ) ਕਈ ਦਾਨੇ ਐਉਂ ਬੀ ਭਾਵ ਦੱਸਦੇ ਹਨ, ਵਿਜੋਗ ਹੈ ਜਿਨ੍ਹਾਂ ਦਾ ਸੰਤਾਂ ਨਾਲ ਯਾ ਸਤਿਸੰਗ ਨਾਲ ਸੋ ਕਰਤਾਰ ਨਾਲ ਮਿਲਣ ਤੋਂ ਵਿਛੁੜਿਆਂ ਹੈ, ਸੰਜੋਗ ਹੈ ਜਿਨ੍ਹਾਂ ਦਾ ਸੰਤਾਂ (ਯਾ ਸਤਿਸੰਗ) ਨਾਲ ਉਨ੍ਹਾਂ ਦਾ ਮੇਲ ਹੈ ਕਰਤਾਰ ਨਾਲ।

ਆਸਾ ਮਹਲਾ ੧ ॥

ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

(ਹੇ ਮਨ!) ਉਸ ਸਰੋਵਰ ਵਿਚ (ਤੇਰਾ) ਨਿਵਾਸ ਹੋਇਆ ਹੈ, (ਕਿ ਜਿਸ ਨੂੰ ਜਿਸ ਨੇ ਬਨਾਯਾ) ਉਸੇ ਨੇ (ਉਸ ਵਿਚ) ਪਾਣੀ (ਬੀ ਤੇ) ਅੱਗ (ਨੂੰ ਬੀ) ਬਣਾਇਆ ਹੈ। ਉਥੇ ਮੋਹ (ਰੂਪੀ) ਚਿੱਕੜ ਵਾਲਾ ਥਾਂ (ਦਲਦਲ ਬੀ ਹੈ, ਜਿਸ ਵਿਚ) ਪੈਰ ਨਹੀਂ ਚਲ ਸਕਦਾ (ਸਗੋਂ) ਅਸਾਂ (ਲੋਕਾਂ ਨੂੰ) ਓਥੇ ਡੁਬਦੇ ਦੇਖਿਆ ਹੈ।੧।

ਮਨ ਏਕੁ ਨ ਚੇਤਸਿ ਮੂੜ ਮਨਾ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥

ਰਹਾਉ ॥

ਹੇ (ਮੇਰੇ) ਮਨ, (ਹੇ ਮੇਰੇ) ਮੂਰਖ ਮਨ! ਤੂੰ (ਇਹ ਨਜ਼ਾਰਾ ਸਾਹਮਣੇ ਦੇਖ ਕੇ ਬੀ) ਇੱਕ (ਪਰਮੇਸ਼ੁਰ) ਨੂੰ ਯਾਦ ਨਹੀਂ ਕਰਦਾ, ਹਰਿ ਦੇ ਵਿਸਰਿਆਂ (ਤਾਂ) ਤੇਰੇ ਗੁਣ ਗਲ ਜਾਣਗੇ।੧।ਰਹਾਉ।

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥

੩॥

(ਬੇਨਤੀ)-ਨਾ ਮੈਂ ਜਤੀ (ਹਾਂ, ਨਾ ਮੈਂ) ਸਤੀ (ਹਾਂ), ਨਾਂ (ਮੈਂ) ਪੜ੍ਹਿਆ ਹੋਇਆ (ਹਾਂ), (ਮੈਂ) ਮੂਰਖ ਦਾ ਜਨਮ ਅਨਜਾਣ ਪੁਣੇ ਵਾਲਾ ਹੀ ਰਿਹਾ। ਬੇਨਤੀ ਕਰਦਾ ਹੈ ਨਾਨਕ (ਮੈਂ) ਉਹਨਾਂ ਦੀ ਸ਼ਰਨ (ਹਾਂ) ਜਿਨ੍ਹਾਂ ਨੂੰ ਤੂੰ (ਕਦੇ) ਵਿਸਰਿਆ ਨਹੀਂ।੨।੩।

੧. ਸਰੋਵਰ-ਸੰਸ:, ਸਰੋਵਰ=ਵਡਾ ਤਲਾਉ, ਝੀਲ। ਭਾਵ ਸਮੁੰਦਰ ਤੋਂ ਵੀ ਲੈਂਦੇ ਹਾਂ। ਸੰਸਾਰ ਰੂਪੀ ਸਮੁੰਦਰ।

੨. ਪਾਣੀ-ਪਦਾਰਥ ਰੂਪ ਪਾਣੀ ਯਾ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਪਾਣੀ।

੩. ਅੱਗ-ਤ੍ਰਿਸ਼ਨਾ ਰੂਪੀ ਅੱਗ।

੪. ਪੰਕਜੁ, ਪੰਕਜ=ਚਿੱਕੜ ਵਾਲਾ, ਚਿੱਕੜ ਵਾਲਾ ਥਾਂ, ਦਲਦਲ। ਇਥੇ ਇਹ ਪਦ ਸੰਸਕ੍ਰਿਤ ਦਾ 'ਪੰਕਜ' ਪਦ ਨਹੀਂ ਹੈਂ, ਪਰ ਪ੍ਰਾਕ੍ਰਿਤ 'ਪੰਕਿਯ' ਤੋਂ ਬਣਿਆ ਤੇ ਦੇਸ਼ ਭਾਸ਼ਾ ਦਾ 'ਪੰਕਜ' ਪਦ ਹੈ। (ਪ੍ਰਾ:, ਪੰਕਿਯ=ਚਿੱਕੜ ਵਾਲਾ)।

੫. ਹਮ=ਅਸਾਂ। ਜਾਂ, ਫ਼ਾ:, ਹਮ=ਭੀ। ਜਾਂ, ਹਮ=ਸਾਰੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ