ਮੰਨੈ ਮਾਰਗਿ ਠਾਕ ਨ ਪਾਇ ॥
ਮੰਨੈ ਪਤਿ ਸਿਉ ਪਰਗਟੁ ਜਾਇ ॥
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
ਪਦਅਰਥ:- ਮਾਰਗਿ-ਮਾਰਗ ਵਿਚ, ਰਾਹ ਵਿਚ । ਠਾਕ-ਰੋਕ । ਠਾਕ ਨ ਪਾਇ-ਰੋਕ ਨਹੀਂ ਪੈਂਦੀ । ਪਤਿ ਸਿਉ-ਇੱਜ਼ਤ ਨਾਲ । ਪਰਗਟੁ-ਪਰਸਿੱਧ ਹੋ ਕੇ ।
ਮਗੁ ਪੰਥੁ:
(ਪ੍ਰ:) ਸ਼ਬਦ ‘ਮਗੁ’ ਤੇ ‘ਪੰਥੁ’ ਦੇ ਅੰਤ ਵਿਚ ( ) ਕਿਉਂ ਹੈ?
(ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ ( ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ ‘ਲੰਮੇ ਸਮੇ’ ਜਾਂ ਲੰਮੇ ਪੈਂਡੇ’ ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ । ਉਹੀ ਨੀਯਮ ਪ੍ਰਾਕ੍ਰਿਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ:-
(੧) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, ‘ਜੁਗੁ ਜੁਗੁ’ ਵੇਦਾ ਨਾਲੇ । (ਪਉੜੀ ੨੦)
(੨) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ।
(੩) ਸਾਵਣਿ ਵਰਸੁ ਅੰਮ੍ਰਿਤਿ ‘ਜਗੁ’ ਛਾਇਆ ਜੀਉ । (ਗਉੜੀ ਮਾਝ ਮ: ੪)
(੪) ਬਾਵੈ ‘ਮਾਰਗੁ’ ਟੇਢਾ ਚਲਣਾ । ਸੀਧਾ ਛੋਡਿ ਅਪੂਠਾ ਬੁਨਨਾ ।੩।੨੯।੯੮। (ਗਾਉੜੀ ਗੁਆਰੇਰੀ ਮ:੫)
ਮਗੁ-ਮਾਰਗ, ਰਸਤਾ (ਸੰਸਕ੍ਰਿਤ ‘ਮਾਗਲ਼’ ਤੋਂ ਪ੍ਰਾਕ੍ਰਿਤ ਸ਼ਬਦ ‘ਮੱਗ’ ਹੈ) । ਪੰਥੁ-ਰਸਤਾ । ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ‘ਮਾਰਗ’ (ਜਿਸ ਦੀ ਪ੍ਰਾਕ੍ਰਿਤ ਸ਼ਕਲ ‘ਮੱਗ’ ਹੈ) ਅਤੇ ‘ਪੰਥ’ ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ:-
(੧) ‘ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ ।’ (ਤੁਖਾਰੀ ਛੰਤ ਮ: ੪
(੨) ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ । ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ । (ਤੁਖਾਰੀ ਮ: ੧)
ਸੇਤੀ-ਨਾਲ। ਸਨਬੰਧੁ-ਸਾਕ, ਰਿਸ਼ਤਾ, ਜੋੜ।
ਅਰਥ:- ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ। ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ ’ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ)। ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।੧੪।
ਭਾਵ:- ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ । ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ ।੧੪।
ਮੰਨੈ ਪਾਵਹਿ ਮੋਖੁ ਦੁਆਰੁ ॥
ਮੰਨੈ ਪਰਵਾਰੈ ਸਾਧਾਰੁ ॥
ਮੰਨੈ ਤਰੈ ਤਾਰੇ ਗੁਰੁ ਸਿਖ ॥
ਮੰਨੈ ਨਾਨਕ ਭਵਹਿ ਨ ਭਿਖ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
ਪਦਅਰਥ:- ਪਾਵਹਿ-ਲੱਭ ਲੈਂਦੇ ਹਨ। ਮੋਖੁ ਦੁਆਰੁ-ਮੁਕਤੀ ਦਾ ਦਰਵਾਜ਼ਾ, ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ। ਪਰਵਾਰੈ-ਪਰਵਾਰ ਨੂੰ। ਸਾਧਾਰੁ-ਆਧਾਰ ਸਹਿਤ ਕਰਦਾ ਹੈ, (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਤਰੈ ਗੁਰੁ-ਗੁਰੂ ਆਪਿ ਤਰਦਾ ਹੈ। ਸਿਖ-ਸਿੱਖਾਂ ਨੂੰ ।
ਜਪੁ ਜੀ ਵਿਚ ਸ਼ਬਦ ‘ਸਿਖ’ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ । (ਪਉੜੀ ੬)
(੨) ਮੰਨੈ ਤਰੈ ਤਾਰੇ ਗੁਰੁ ਸਿਖ । (ਪਉੜੀ ੧੫)
ਪਹਿਲੀ ਤੁਕ ਵਿਚ ‘ਸਿਖ’ ਇਸਤ੍ਰੀ-ਲਿੰਗ ਹੈ। ਇਸ ਦਾ ਵਿਸ਼ੇਸ਼ਣ ‘ਇਕ’ ਭੀ ਇਸਤ੍ਰੀ-ਲਿੰਗ ਹੈ। ਇਸ ਵਾਸਤੇ ਇਕ-ਵਚਨ ਹੁੰਦਿਆਂ ਭੀ ( ) ਨਹੀਂ ਵਰਤਿਆ ਗਿਆ, ਜੋ ਕੇਵਲ ਪੁਲਿੰਗ ਵਾਸਤੇ ਹੈ। ਦੂਜੀ ਵਿਚ ‘ਸਿਖ’ ਪੁਲਿੰਗ ਬਹੁ-ਵਚਨ ਹੈ।
ਤਾਰੇ ਸਿਖ-ਸਿੱਖਾਂ ਨੂੰ ਤਾਰਦਾ ਹੈ। ਭਵਹਿ ਨ-ਨਹੀਂ ਭੌਂਦੇ। ਭਵਹਿ ਨ ਭਿਖ-ਭਿੱਖਿਆ ਲਈ ਨਹੀਂ ਭੌਂਦੇ ਫਿਰਦੇ, ਲੋੜਾਂ ਦੀ ਖ਼ਾਤਰ ਦਰ-ਦਰ ਨਹੀਂ ਰੁਲਦੇ ਫਿਰਦੇ, ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ।
ਅਰਥ:- ਜੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ (ਮਨੁੱਖ) ‘ਕੂੜ’ ਤੋਂ ਖ਼ਲਾਸੀ ਪਾਣ ਦਾ ਰਾਹ ਲੱਭ ਲੈਂਦੇ ਹਨ। (ਇਹੋ ਜਿਹਾ ਮਨੁੱਖ) ਆਪਣੇ ਪਰਵਾਰ ਨੂੰ ਭੀ (ਅਕਾਲ ਪੁਰਖ ਦੀ) ਟੇਕ ਦ੍ਰਿੜ੍ਹ ਕਰਾਉਂਦਾ ਹੈ। ਨਾਮ ਵਿਚ ਮਨ ਪਤੀਜਣ ਕਰਕੇ ਹੀ, ਸਤਿਗੁਰੂ (ਭੀ ਆਪ ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਪਾਰ ਲੰਘਾਉਂਦਾ ਹੈ। ਨਾਮ ਵਿਚ ਮਨ ਜੁੜਨ ਕਰ ਕੇ, ਹੇ ਨਾਨਕ! ਮਨੁੱਖ ਧਿਰ ਧਿਰ ਦੀ ਮੁਥਾਜੀ ਨਹੀਂ ਕਰਦੇ ਫਿਰਦੇ। ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਏਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰੇ ।੧੫।
ਭਾਵ:- ਇਸ ਲਗਨ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੋਈ ਸੀ। ਐਸੀ ਲਗਨ ਵਾਲਾ ਬੰਦਾ ਨਿਰਾ ਆਪ ਹੀ ਨਹੀਂ ਬਚਦਾ, ਆਪਣੇ ਪਰਵਾਰ ਦੇ ਜੀਆਂ ਨੂੰ ਭੀ ਖਸਮ ਪ੍ਰਭੂ ਦੇ ਲੜ ਲਾ ਲੈਂਦਾ ਹੈ। ਇਹ ਦਾਤ ਜਿਨ੍ਹਾਂ ਨੂੰ ਗੁਰੂ ਤੋਂ ਮਿਲਦੀ ਹੈ ਉਹ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭਟਕਦੇ ।੧੫।
ਨੋਟ:- ਪਉੜੀ ਨੰ: ੧੨ ਵਿਚ ਦੋ ਥਾਈਂ ਸ਼ਬਦ ‘ਮੰਨੈ’ ਹੈ, ਬਾਕੀ ਸਭ ਥਾਈਂ ‘ਮੰਨੈ’ ਆਇਆ ਹੈ। ਦੋਹਾਂ ਦੇ ਅਰਥਾਂ ਵਿਚ ਫ਼ਰਕ ਹੈ। ਪਹਿਲੀ ਤੁਕ ਹੈ; ਮੰਨੇ ਕੀ ਗਤਿ ਕਹੀ ਨ ਜਾਇ’। ਇਸੇ ਹੀ ਪਉੜੀ ਵਿਚ ਚੌਥੀ ਤੁਕ: ‘ਮੰਨੇ ਕਾ ਬਹਿ ਕਰਨਿ ਵੀਚਾਰੁ’ ਦਾ ਜ਼ਿਕਰ ਹੈ। ਸੋ ‘ਮੰਨੇ’ ਦਾ ਭਾਵ ਹੈ, ‘ਮੰਨੇ ਹੋਏ ਮਨੁੱਖ ਦਾ’। ਬਾਕੀ ਸਭ ਥਾਈਂ ‘ਮੰਨੈ’ ਹੈ। ਜਿਵੇਂ ਪਹਿਲੀਆਂ ਚਾਰ ਪਉੜੀਆਂ ਵਿਚ ‘ਸੁਣਿਐ’ ਆਇਆ ਹੈ। ‘ਸੁਣਿਐ’ ਦਾ ਅਰਥ ਹੈ ‘ਸੁਣਨ ਨਾਲ, ਜੇ ਸੁਣ ਲਈਏ’। ਤਿਵੇਂ ‘ਮੰਨੈ’ ਦਾ ਅਰਥ ਹੈ ‘ਮੰਨ ਲੈਣ ਨਾਲ, ਜੇ ਮਨ ਪਤੀਜ ਜਾਏ’।
ਪੰਚ ਪਰਵਾਣ ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥
ਪਦਅਰਥ:- ਪੰਚ-ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੁਰਤਿ ਨਾਮ ਵਿਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ।
ਨੋਟ:- ਇਹ ਲਫ਼ਜ਼ ‘ਪੰਚ’ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਜ਼ਿਕਰ ਪਿਛਲੀਆਂ ੮ ਪਉੜੀਆਂ ਵਿਚ ਆਇਆ ਹੈ। ਪਰਵਾਣੁ-ਕਬੂਲ, ਸੁਰਖ਼ਰੂ। ਪਰਧਾਨੁ-ਆਗੂ, ਵੱਡੇ। ਪੰਚੇ-ਪੰਚ ਹੀ, ਸੰਤ ਜਨ ਹੀ। ਦਰਗਹ-ਅਕਾਲ ਪੁਰਖ ਦੇ ਦਰਬਾਰ ਵਿਚ। ਮਾਨੁ-ਆਦਰ; ਵਡਿਆਈ। ਸੋਹਹਿ-ਸੋਭਦੇ ਹਨ, ਸੋਹਣੇ ਲੱਗਦੇ ਹਨ। ਦਰਿ-ਦਰ ’ਤੇ, ਦਰਬਾਰ ਵਿਚ। ਗੁਰੁ ਏਕੁ-ਕੇਵਲ ਗੁਰੂ ਹੀ। ਧਿਆਨੁ-ਸੁਰਤ ਦਾ ਨਿਸ਼ਾਨਾ।
ਅਰਥ:- ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ । ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ। ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤਿ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ)।
ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਪਦਅਰਥ:- ਕਹੈ-ਬਿਆਨ ਕਰੇ, ਕਥਨ ਕਰੇ। ਵੀਚਾਰੁ-ਕੁਦਰਤ ਦੇ ਲੇਖੇ ਦੀ ਵੀਚਾਰ। ਕਰਤੇ ਕੈ ਕਰਣੈ- ਕਰਤਾਰ ਦੀ ਕੁਦਰਤ ਦਾ। ਸੁਮਾਰੁ-ਹਿਸਾਬ, ਲੇਖਾ।
ਅਰਥ:- (ਪਰ ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ) ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ), ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ (ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ)।
ਨੋਟ-ਢੇਰ ਪੁਰਾਣੇ ਸਮੇਂ ਵਿਚ ਕਈ ਰਿਸ਼ੀ ਮੁਨੀ ਜੰਗਲ ਵਿਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ। ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ। ਕਈਆਂ ਵਿਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿਤਨਾ ਕੁ ਵੱਡਾ ਹੈ, ਇਤਿ ਆਦਿਕ। ਭਗਤੀ ਕਰਨ ਗਏ ਰਿਸ਼ੀ ਭਗਤੀ ਦੇ ਥਾਂ ਇਕ ਅਜਿਹੇ ਉੱਦਮ ਵਿਚ ਲੱਗ ਪਏ ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ। ਇੱਥੇ ਸਤਿਗੁਰੂ ਜੀ ਇਸ ਉਕਾਈ ਵਲ ਇਸ਼ਾਰਾ ਕਰਦੇ ਹਨ। ਅਜਿਹੇ ਕੋਝੇ ਜਤਨਾਂ ਦਾ ਹੀ ਇਹ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁੱਕਿਆ ਹੋਇਆ ਹੈ। ਇਹ ਮਿਸਾਲ ਲੈ ਕੇ ਸਤਿਗੁਰੂ ਜੀ ਇਸ ਦੀ ਨਿਖੇਧੀ ਕਰ ਕੇ ਆਖਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ।
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਪਦਅਰਥ:- ਧੌਲੁ-ਬਲਦ। ਦਇਆ ਕਾ ਪੂਤੁ-ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ। ਸੰਤੋਖ-ਸੰਤੋਖ ਨੂੰ। ਥਾਪਿ ਰਖਿਆ-ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ। ਜਿਨਿ-ਜਿਸ (ਧਰਮ) ਨੇ। ਧਰਮ-ਅਕਾਲ ਪੁਰਖ ਦਾ ਨਿਯਮ। ਸੂਤਿ-ਸੂਤਰ ਵਿਚ, ਮਰਯਾਦਾ ਵਿਚ। ਬੁਝੈ-ਸਮਝ ਲਏ। ਸਚਿਆਰੁ-ਸੱਚ ਦਾ ਪਰਕਾਸ਼ ਹੋਣ ਲਈ ਯੋਗ। ਕੇਤਾ ਭਾਰੁ-ਬੇਅੰਤ ਭਾਰ। ਧਰਤੀ ਹੋਰੁ-ਧਰਤੀ ਦੇ ਹੇਠਾਂ ਹੋਰ ਬਲਦ। ਪਰੈ-ਉਸ ਤੋਂ ਹੇਠਾਂ। ਤਿਸ ਤੇ- ਉਸ ਬਲਦ ਤੋਂ। ਤਲੈ-ਉਸ ਬਲਦ ਦੇ ਹੇਠਾਂ। ਕਵਣੁ ਜੋਰੁ-ਕਿਹੜਾ ਸਹਾਰਾ।
ਅਰਥ:- (ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨੀਯਮ ਹੀ ਬਲਦ ਹੈ (ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ)। (ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸ੍ਰਿਸ਼ਟੀ ਨੂੰ ਟਿਕਾ ਰੱਖਣ ਲਈ ‘ਧਰਮ’-ਰੂਪ ਨੀਯਮ ਬਣਾ ਦਿੱਤਾ ਹੈ)। ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ। ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ। (ਨਹੀਂ ਤਾਂ, ਖ਼ਿਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?), (ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ, (ਇਸੇ ਤਰ੍ਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ?
ਜੀਅ ਜਾਤਿ ਰੰਗਾ ਕੇ ਨਾਵ ॥
ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਪਦਅਰਥ:- ਜੀਅ-ਜੀਵ ਜੰਤ। ਕੇ ਨਾਵ-ਕਈ ਨਾਵਾਂ ਦੇ। ਵੁੜੀ-ਵਗਦੀ, ਚਲਦੀ। ਕਲਾਮ-ਕਲਮ। ਵੁੜੀ ਕਲਾਮ-ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ। ਲਿਖਿ ਜਾਣੈ-ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ। ਕੋਇ-ਕੋਈ ਵਿਰਲਾ। ਲੇਖਾ ਲਿਖਿਆ-ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ। ਕੇਤਾ ਹੋਇ-ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ। ਪਸਾਉ-ਪਸਾਰਾ, ਸੰਸਾਰ। ਕਵਾਉ-ਬਚਨ, ਹੁਕਮ। ਤਿਸ ਤੇ-ਉਸ ਹੁਕਮ ਤੋਂ। ਹੋਏ-ਬਣ ਗਏ। ਲਖ ਦਰੀਆਉ-ਲੱਖਾਂ ਦਰਿਆ। ਸੁਆਲਿਹੁ-ਸੁੰਦਰ। ਕੂਤੁ-ਮਾਪ, ਅੰਦਾਜ਼ਾ।
ਅਰਥ:- (ਸ੍ਰਿਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ (ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਖਾ ਨਹੀਂ ਸਕਦਾ। (ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ। ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ-ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ? (ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮ ਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ।
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
ਪਦਅਰਥ:- ਕੁਦਰਤਿ-ਤਾਕਤ, ਸਮਰਥਾ। ਕਵਣ-ਕਿਹੜੀ, ਕੀਹ। ਕੁਦਰਤਿ ਕਵਣ-ਕੀਹ ਸਮਰੱਥਾ? (‘ਕੁਦਰਤਿ’ ਸ਼ਬਦ ਇਸਤ੍ਰੀ ਲਿੰਗ ਹੈ। ਸੋ ਇਹ ‘ਕੁਦਰਤਿ’ ਦਾ ਵਿਸ਼ਸ਼ੇਣ ਹੈ।) ਕਹਾ-ਮੈਂ-ਆਖਾਂ। ਕਹਾ ਵਿਚਾਰੁ-ਮੈਂ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾ-ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?) ਸਾਈ ਕਾਰ-ਉਹੋ ਕਾਰ, ਉਹੋ ਕੰਮ। ਸਲਾਮਤਿ-ਥਿਰ, ਅਟੱਲ। ਨਿਰੰਕਾਰ-ਹੇ ਹਰੀ!
ਅਰਥ:- (ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ । ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।੧੬।
ਭਾਵ:- ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿਚ ਸੁਰਤ ਜੋੜੀ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ। ਇਸ ਰਾਹ ’ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੀ ਉਹਨਾਂ ਨੂੰ ਭਾੳਂੁਦਾ ਹੈ। ਇਹ ਨਾਮ ਸਿਮਰਨ-ਰੂਪ ‘ਧਰਮ’ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਂਦੇ ਹਨ।
ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਪਾ ਸਕੇ। ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿਚ ਜਾਉਗੇ, ਤਿਊਂ ਤਿਉਂ ਇਹ ਸ੍ਰਿਸ਼ਟੀ ਹੋਰ ਬੇਅੰਤ ਜਾਪੇਗੀ। ਅਸਲ ਵਿਚ ਅਜਿਹੇ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬੌਲਦ ਨੇ ਚੁੱਕਿਆ ਹੋਇਆ ਹੈ। ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ।੧੬।
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥
ਪਦਅਰਥ:- ਅਸੰਖ-ਅਨਗਿਣਤ, ਬੇਅੰਤ (ਜੀਵ)। ਭਾਉ-ਪਿਆਰ। ਤਪ-ਤਾਉ-ਤਪਾਂ ਦਾ ਤਪਣਾ।
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਅਨਗਿਣਤ ਜੀਵ ਜਪ ਕਰਦੇ ਹਨ, ਬੇਅੰਤ ਜੀਵ (ਹੋਰਨਾਂ ਨਾਲ) ਪਿਆਰ (ਦਾ ਵਰਤਾਉ) ਕਰ ਰਹੇ ਹਨ। ਕਈ ਜੀਵ ਪੂਜਾ ਕਰ ਰਹੇ ਹਨ। ਅਤੇ ਅਨਗਿਣਤ ਹੀ ਜੀਵ ਤਪ ਸਾਧ ਕਰ ਰਹੇ ਹਨ।
ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥
ਪਦਅਰਥ:- ਮੁਖਿ-ਮੂੰਹ ਨਾਲ। ਗਰੰਥ ਵੇਦ ਪਾਠ-ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ। ਜੋਗ-ਜੋਗ ਸਾਧਨ ਕਰਨ ਵਾਲੇ। ਮਨਿ-ਮਨ ਵਿਚ। ਉਦਾਸ ਰਹਹਿ-ਉਪਰਾਮ ਰਹਿੰਦੇ ਹਨ।
ਅਰਥ:- ਬੇਅੰਤ ਜੀਵ ਵੇਦਾਂ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਪਾਠ ਮੂੰਹ ਨਾਲ ਕਰ ਰਹੇ ਹਨ। ਜੋਗ ਦੇ ਸਾਧਨ ਕਰਨ ਵਾਲੇ ਬੇਅੰਤ ਮਨੁੱਖ ਆਪਣੇ ਮਨ ਵਿਚ (ਮਾਇਆ ਵਲੋ) ਉਪਰਾਮ ਰਹਿੰਦੇ ਹਨ।
ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥
ਪਦਅਰਥ:- ਗੁਣ ਵੀਚਾਰੁ-ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ-(ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ। ਸਤੀ-ਸਤ ਧਰਮ ਵਾਲੇ ਮਨੁੱਖ। ਦਾਤਾਰ-ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।
ਅਰਥ:- (ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਦਾਨੀ ਤੇ ਦਾਤੇ ਹਨ।
ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥
ਪਦਅਰਥ:- ਸੂਰ-ਸੂਰਮੇ, ਜੋਧੇ। ਮੁਹ-ਮੂੰਹਾਂ ਉੱਤੇ। ਭਖਸਾਰ-ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ। ਮੋਨਿ-ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ-ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।
ਅਰਥ:- (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ, ਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੭॥
ਅਰਥ:- ਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ? (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ, ਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।੧੭।
ਭਾਵ:- ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।੧੭।
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥
ਪਦਅਰਥ:- ਮੂਰਖ ਅੰਧ ਘੋਰ-ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ। ਹਰਾਮਖੋਰ-ਪਰਾਇਆ ਮਾਲ ਖਾਣ ਵਾਲੇ। ਅਮਰ-ਹੁਕਮ। ਜੋਰ-ਧੱਕੇ, ਵਧੀਕੀਆਂ। ਕਰਿ ਜਾਹਿ-ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
ਅਰਥ:- (ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ, ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।
ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥
ਪਦਅਰਥ:- ਗਲਵਢ-ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ-ਦੂਜਿਆਂ ਦੇ ਗਲ ਵੱਢਦੇ ਹਨ। ਪਾਪੁ ਕਰਿ ਜਾਹਿ-ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।
ਅਰਥ:- ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥
ਪਦਅਰਥ:- ਕੂੜਿਆਰ-ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ-ਕੂੜ ਵਿਚ ਹੀ। ਫਿਰਾਹਿ-ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ। ਮਲੇਛ-ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ-ਖਾਂਦੇ ਹਨ। ਭਖਿ ਖਾਹਿ-ਹਾਬੜਿਆਂ ਵਾਂਗ ਖਾਈ ਜਾਂਦੇ ਹਨ।(‘ਭਖ’ ਅਤੇ ‘ਖਾਹਿ’ ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ ‘ਖਾਣਾ’। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ ‘ਖਾਹੀ ਖਾਹਿ’ ਸੰਯੁਕਤ ਕ੍ਰਿਆ ਆ ਚੁਕੀ ਹੈ)।
ਅਰਥ:- ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।
ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥
ਪਦਅਰਥ:- ਸਿਰਿ-ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ-ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।
ਨਾਨਕੁ ਨੀਚੁ-ਇਸ ਤੁਕ ਵਿਚ ਸ਼ਬਦ ‘ਨਾਨਕੁ’ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ ‘ਨੀਚੁ’ ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ ‘ਨਾਨਕੁ’ ਦੇ ਨਾਲ ਹੀ ਵਰਤਿਆ ਗਿਆ ਹੈ। ਸੋ ‘ਨੀਚੁ’ ਸ਼ਬਦ ‘ਨਾਨਕੁ’ ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ ‘ਨੀਚੁ’ ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ:
(੧) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ।
ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।੪।੨੯। (ਸਿਰੀ ਰਾਗ ਮਹਲਾ ੧)
(੨) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ।
ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।੧੬।੨। (ਮਾਰੂ ਮਹਲਾ ੧, ਸੋਹਲੇ)
(੩) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ। ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਾਕੁ ਨੀਚੁ ਕਹੈ ਲਿਵ ਲਾਇ।੮।੪। (ਗਉੜੀ ਮਹਲਾ ੧)
ਨਾਨਕੁ ਨੀਚੁ-ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ।
ਅਰਥ:- ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। (ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ? ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੮॥
ਅਰਥ:- (ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)। ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ। ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ; ਤੇਰੀ ਸਿਫ਼ਤਿ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।੧੮।
ਭਾਵ:- ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।੧੮।