ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
ਪਦਅਰਥ:- ਤੀਰਥਿ-ਤੀਰਥ ਉੱਤੇ। ਨਾਵਾ-ਮੈਂ ਇਸ਼ਨਾਨ ਕਰਾਂ। ਤਿਸੁ-ਉਸ ਰੱਬ ਨੂੰ। ਭਾਵਾ-ਮੈਂ ਚੰਗਾ ਲੱਗਾਂ। ਵਿਣੁ ਭਾਣੇ-ਰੱਬ ਨੂੰ ਚੰਗਾ ਲੱਗਣ ਤੋਂ ਬਿਨਾ, ਜੇ ਰੱਬ ਦੀ ਨਜ਼ਰ ਵਿਚ ਕਬੂਲ ਨਾ ਹੋਇਆ। ਕਿ ਨਾਇ ਕਰੀ-ਨ੍ਹਾਇ ਕੇ ਮੈਂ ਕੀਹ ਕਰਾਂ? ਜੇਤੀ-ਜਿਤਨੀ। ਸਿਰਠੀ-ਸ੍ਰਿਸ਼ਟੀ, ਦੁਨੀਆ। ਉਪਾਈ-ਪੈਦਾ ਕੀਤੀ ਹੋਈ। ਵੇਖਾ-ਮੈਂ ਵੇਖਦਾ ਹਾਂ। ਵਿਣੁ ਕਰਮਾ-ਪ੍ਰਭੂ ਦੀ ਮੇਹਰ ਤੋਂ ਬਿਨਾ; ਜਿਵੇਂ:-
‘ਵਿਣੁ ਕਰਮਾ ਕਿਛੁ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ’। (ਤਿਲੰਗੁ ਮਹਲਾ ੧)
ਕਿ ਮਿਲੈ-ਕੀਹ ਮਿਲਦਾ ਹੈ? ਕੁਝ ਨਹੀਂ ਮਿਲਦਾ। ਕਿ ਲਈ-ਕੀਹ ਕੋਈ ਲੈ ਸਕਦਾ ਹੈ?
ਅਰਥ:- ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
ਪਦਅਰਥ:- ਮਤਿ ਵਿਚਿ-(ਮਨੁੱਖ ਦੀ) ਬੁੱਧ ਦੇ ਅੰਦਰ ਹੀ । ਮਾਣਿਕ-ਮੌਤੀ । ਇਕ ਸਿਖ-ਇਕ ਸਿੱਖਿਆ । ਸੁਣੀ-ਸੁਣੀਏ, ਸੁਣੀ ਜਾਏ ।
ਅਰਥ:- ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।
ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
ਅਰਥ:- (ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।੬।
ਭਾਵ:- ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ । ਬੱਸ! ਉਸੇ ਮਨੁੱਖ ਦੀ ਮਤ ਵਿਚ ਹੁਲਾਰਾ ਆਉਂਦਾ ਹੈ।੬।
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਪਦਅਰਥ:- ਜੁਗ ਚਾਰੇ-ਚਹੁੰ ਜੁਗਾਂ ਜਿਤਨੀ । ਆਰਜਾ-ਉਮਰ। ਦਸੂਣੀ-ਦਸ ਗੁਣੀ । ਨਵਾ ਖੰਡਾ ਵਿਚਿ- ਭਾਵ, ਸਾਰੀ ਸ੍ਰਿਸ਼ਟੀ ਵਿਚ । ਜਾਣੀਐ-ਜਾਣਿਆ ਜਾਏ, ਪਰਗਟ ਹੋ ਜਾਏ । ਸਭੁ ਕੋਇ-ਹਰੇਕ ਮਨੁੱਖ ।
ਨਾਲਿ ਚਲੈ-ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ।
ਅਰਥ:- ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ ) ਹੋ ਜਾਏ, ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ ।
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਪਦਅਰਥ:- ਚੰਗਾ.......ਕੈ-ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ । ਜਸੁ-ਸ਼ੋਭਾ । ਕੀਰਤਿ- ਸ਼ੋਭਾ । ਜਗਿ-ਜਗਤ ਵਿਚ । ਲੇਇ-ਲਏ, ਖੱਟੇ । ਤਿਸੁ-ਅਕਾਲ ਪੁਰਖ ਦੀ । ਨਦਰਿ-ਕਿਰਪਾ-ਦ੍ਰਿਸ਼ਟੀ ਵਿਚ । ਨ ਆਵਈ-ਨਹੀਂ ਆ ਸਕਦਾ। ਵਾਤ-ਖ਼ਬਰ, ਸੁਰਤ । ਨ ਕੇ-ਕੋਈ ਮਨੁੱਖ ਨਹੀਂ । ਕੀਟੁ-ਕੀੜਾ। ਕਰਿ-ਕਰ ਕੇ, ਬਣਾ ਕੇ, ਠਹਿਰ ਕੇ । ਦੋਸੁ ਧਰੇ-ਦੋਸੁ ਲਾੳਂੁਦਾ ਹੈ । ਕੀਟਾ ਅੰਦਰਿ ਕੀਟੁ-ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ।
ਅਰਥ:- ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ) । (ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ (“ਖਸਮੈ ਨਦਰੀ ਕੀੜਾ ਆਵੈ”।ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾ ਹੈ।
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥
ਪਦਅਰਥ:- ਨਿਰਗੁਣਿ-ਗੁਣ-ਹੀਨ ਮਨੁੱਖ ਵਿਚ। ਗੁਣਵੰਤਿਆ-ਗੁਣੀ ਮਨੁੱਖਾਂ ਨੂੰ। ਕਰੇ-ਪੈਦਾ ਕਰਦਾ ਹੈ। ਦੇ-ਦੇਂਦਾ ਹੈ। ਤੇਹਾ-ਇਹੋ ਜਿਹਾ। ਨ ਸੁਝਈ-ਨਹੀਂ ਲੱਭਦਾ। ਜਿ-ਜਿਹੜਾ। ਤਿਸੁ-ਉਸ ਨਿਰਗੁਣ ਨੂੰ ।
ਅਰਥ:- ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ। ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ। (ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ)।੭।
ਭਾਵ:- ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ ਆਦਰ ਬਣ ਜਾਏ, ਪਰ ਜੇ ਉਹ ਬੁਲੰਦੀ ਦੇ ਗੁਣ ਤੋਂ ਸੱਖਣਾ ਹੈ, ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ। ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ। ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ ।੭।
ਨੋਟ:- ਪਉੜੀ ਨੰ: ੮ ਤੋਂ ੧੧ ਤਕ ਚਾਰੇ ਇਕੋ ਹੀ ਲੜੀ ਵਿਚ ਹਨ, ਇਹਨਾਂ ਦਾ ਸਾਂਝਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਿਆ ਹੈ, ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ।
ਸੁਣਿਐ ਸਿਧ ਪੀਰ ਸੁਰਿ ਨਾਥ ॥
ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੮॥
ਪਦਅਰਥ:- ਸੁਣਿਐ-ਸੁਣਿਆਂ, ਸੁਣਨ ਨਾਲ, ਜੇ ਨਾਮ ਵਿਚ ਸੁਰਤਿ ਜੋੜੀ ਜਾਏ। ਸਿਧ-ਉਹ ਜੋਗੀ ਜਿਨ੍ਹਾਂ ਦੀ ਘਾਲ ਕਮਾਈ ਸਫਲ ਹੋ ਚੁਕੀ ਹੈ। ਸੁਰਿ-ਦੇਵਤੇ। ਧਵਲ-ਬੌਲਦ, ਧਰਤੀ ਦਾ ਆਸਰਾ। ਦੀਪ-ਧਰਤੀ ਦੀ ਵੰਡ ਦੇ ਸਤ ਦੀਪ। ਲੋਅ-ਲੋਕ, ਭਵਣ। ਪੋਹਿ ਨ ਸਕੈ-ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ। ਵਿਗਾਸੁ-ਖਿੜਾਉ, ਉਮਾਹ, ਖ਼ੁਸ਼ੀ।
ਅਰਥ:- ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਦਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।੮।
ਭਾਵ:- ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਨ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉਤੇ ਜਾ ਅੱਪੜਦੇ ਹਨ। ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।੮।
ਸੁਣਿਐ ਈਸਰੁ ਬਰਮਾ ਇੰਦੁ ॥
ਸੁਣਿਐ ਮੁਖਿ ਸਾਲਾਹਣ ਮੰਦੁ ॥
ਸੁਣਿਐ ਜੋਗ ਜੁਗਤਿ ਤਨਿ ਭੇਦ ॥
ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੯॥
ਪਦਅਰਥ:- ਈਸਰੁ-ਸ਼ਿਵ। ਇੰਦੁ-ਇੰਦਰ ਦੇਵਤਾ। ਮੁਖਿ-ਮੂੰਹ ਨਾਲ, ਮੂੰਹੋਂ। ਸਾਲਾਹਣ-ਸਿਫ਼ਤ-ਸਾਲਾਹਾਂ, ਰੱਬ ਦੀਆਂ ਵਡਿਆਈਆਂ। ਮੰਦੁ-ਭੈੜਾ ਮਨੁੱਖ। ਜੋਗ ਜੁਗਤਿ-ਜੋਗ ਦੀ ਜੁਗਤੀ, ਜੋਗ ਦੇ ਸਾਧਨ। ਤਨਿ- ਸਰੀਰ ਵਿਚ ਦੇ। ਭੇਦ-ਗੱਲਾਂ।
ਅਰਥ:- ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ; (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ ’ਤੇ ਅੱਪੜ ਜਾਂਦਾ ਹੈ, ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ, (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ, ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ) ।੯।
ਨੋਟ:- ਸੁਣਿਐ ਮੁਖਿ ਸਾਲਾਹਣ ਮੰਦੁ।
ਕਈ ਟੀਕਾਕਾਰ ਸੱਜਣ ਇਸ ਤੁਕ ਦਾ ਇਉਂ ਅਰਥ ਕਰਦੇ ਹਨ:
‘ਸੁਣਨ ਕਰਕੇ ਮੰਦੇ ਪੁਰਖ ਭੀ ਮੂੰਹੌਂ ਸਾਲਾਹੇ ਜ਼ਾਦੇ ਹਨ’ ਜਾਂ ‘ਸੁਣਨ ਦੇ ਨਾਲ ਮੰਦੇ ਆਦਮੀ ਭੀ ਮੁਖੀ ਅਤੇ ਸ਼ਲਾਘਾ-ਯੋਗ ਹੋ ਜਾਂਦੇ ਹਨ।’ ਪਰ:
ਗੁਰਬਾਣੀ ਵਿਆਕਰਣ ਅਨੁਸਾਰ ਇਸ ਅਰਥ ਦੇ ਰਾਹ ਵਿਚ ਕਈ ਔਕੜਾਂ ਹਨ। ਲਫ਼ਜ਼ ‘ਮੰਦੁ’ ਇਕ-ਵਚਨ ਹੈ, ਇਸ ਦਾ ਅਰਥ ਹੈ ‘ਮੰਦਾ ਮਨੁੱਖ’। ਲਫ਼ਜ਼ ‘ਸਾਲਾਹਣ’ ਕ੍ਰਿਆ ਨਹੀਂ ਹੈ। ‘ਸਲਾਹੇ ਜਾਂਦੇ ਹਨ’ ਵਿਆਕਰਣ ਅਨੁਸਾਰ ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ, ਕਰਮ ਵਾਚ (ਪੳਸਸਵਿੲ ਵੋਚਿੲ) ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਵਾਸਤੇ ਲਫ਼ਜ਼ ‘ਸਾਲਾਹੀਅਨਿ’ ਹੈ, ਜਿਵੇਂ ‘ਪਾਵਹਿ’ (ੳਚਟਵਿੲ ਵੋਚਿੲ) ‘ਕਰਤਰੀ ਵਾਚ’ ਤੇ ‘ਪਾਈਅਹਿ’ ਅਤੇ ‘ਭਵਾਵਹਿ’ ਤੋਂ ‘ਭਵਾਈਅਹਿ’ ਹੈ, ਜਿਵੇਂ ਪਉੜੀ ਨੰ: ੨ ਵਿਚ:-
ਹੁਕਮੀ ਉਤਮੁ ਨੀਚ, ਹੁਕਮਿ ਲਿਖਿ ਦੁਖ ਸੁਖ ‘ਪਾਈਅਹਿ’ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ‘ਭਵਾਈਅਹਿ’ ॥
‘ਸਲਾਹੁੰਦੇ ਹਨ’ ਕਰਤਰੀ ਵਾਚ (ੳਚਟਵਿੲ ਵੋਚਿੲ) ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ, ਪੁਰਾਣੀ ਪੰਜਾਬੀ ਵਿਚ ਇਸ ਦੇ ਥਾਂ ‘ਸਾਲਾਹਨਿ’ ਹੈ। ਇਹ ਫ਼ਰਕ ਭੀ ਚੇਤੇ ਰੱਖਣ ਵਾਲਾ ਹੈ, ‘ਣ’ ਨਹੀਂ ਹੈ, ‘ਨ’ ਹੈ ਅਤੇ ਇਸ ਦੇ ਨਾਲ ( ) ਹੈ, ਜਿਵੇਂ:-
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ। (ਪ੍ਰਭਾਤੀ ਮ: ੩)
ਤੁਧੁ ਸਾਲਾਹਨਿ ਤਿਨੁ ਧਨੁ ਪਲੈ, ਨਾਨਕ ਕਾ ਧਨੁ ਸੋਈ। (ਪ੍ਰਭਾਤੀ ਮ: ੧)
ਸਾਲਾਹਨਿ-ਸਲਾਹੁੰਦੇ ਹਨ।
ਸੋ, ਇਸ ਵਿਚਾਰ-ਜੋਗ ਤੁਕ ਵਿਚ ਲਫ਼ਜ਼ ‘ਸਾਲਾਹਣੁ’ ਦਾ ਅਰਥ ‘ਸਲਾਹੁੰਦੇ ਹਨ’ ਜਾਂ ‘ਸਲਾਹੇ ਜਾਂਦੇ ਹਨ’ ਨਹੀਂ ਕੀਤਾ ਜਾ ਸਕਦਾ । ‘ਸਾਲਾਹਣ’ ‘ਨਾਂਵ’ ਪੁਲਿੰਗ ਬਹੁ-ਵਚਨ ਹੈ, ਇਸ ਦਾ ਇਕ-ਵਚਨ ‘ਸਾਲਾਹਣ’ ਹੈ ਅਤੇ ਇਸ ਦਾ ਅਰਥ ਹੈ ‘ਸਿਫ਼ਤਿ’, ਜਿਵੇਂ:-
ਸਚੁ ਸਾਲਾਹਣੁ ਵਡਭਾਗੀ ਪਾਇਐ। (ਮਾਝ ਮ: ੫)
ਸਿਫਤਿ ਸਲਾਹਣੁ ਛਡਿ ਕੈ, ਕਰੰਗੀ ਲਗਾ ਹੰਸੁ ।੨।੧੬। (ਮ: ੧ ਸੂਹੀ ਕੀ ਵਾਰ)
ਪਉੜੀ ਦਾ ਭਾਵ:- ਜਿਉਂ ਜਿਉਂ ਸੁਰਤ ਨਾਮ ਵਿਚ ਜੁੜਦੀ ਹੈ ਜੋ ਮਨੁੱਖ ਪਹਿਲਾਂ ਵਿਕਾਰੀ ਸੀ, ਉਹ ਭੀ ਵਿਕਾਰ ਛੱਡ ਕੇ ਸਿਫ਼ਤਿ-ਸਾਲਾਹ ਕਰਨ ਵਾਲਾ ਸੁਭਾਉ ਪਕਾਅ ਲਂੈਦਾਂ ਹੈ। ਇਸ ਤਰ੍ਹਾਂ ਇਹ ਸਮਝ ਆੳਂੁਦੀ ਹੈ ਕਿ ਕੁਰਾਹੇ ਪਏ ਹੋਏ ਗਿਆਨ-ਇੰਦਰੇ ਕਿਵੇਂ ਪ੍ਰਭੂ ਨਾਲੋਂ ਵਿੱਥ ਕਰਾਈ ਜਾਂਦੇ ਹਨ, ਤੇ ਇਸ ਵਿੱਥ ਨੂੰ ਮਿਟਾਣ ਦਾ ਕਿਹੜਾ ਤਰੀਕਾ ਹੈ। ਨਾਮ ਵਿਚ ਸੁਰਤਿ ਜੁੜਿਆਂ ਹੀ ਧਰਮ-ਪੁਸਤਕਾਂ ਦਾ ਗਿਆਨ ਮਨੁੱਖ ਦੇ ਮਨ ਵਿਚ ਖੁਲ੍ਹਦਾ ਹੈ।੯।
ਸੁਣਿਐ ਸਤੁ ਸੰਤੋਖੁ ਗਿਆਨੁ ॥
ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਪਦਅਰਥ:- ਸਤੁ ਸੰਤੋਖੁ-ਦਾਨ ਤੇ ਸੰਤੋਖ।
ਸਤੁ-ਇਸ ਲਫ਼ਜ਼ ਦੇ ਤਿੰਨ ਵੱਖੋ-ਵੱਖਰੇ ਰੂਪ ਮਿਲਦੇ ਹਨ:- ‘ਸਤਿ, ਸਤੁ, ਸਤ’। ਇਹਨਾਂ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਗਹੁ ਨਾਲ ਪੜ੍ਹੋ:-
(ੳ) ਸਤੁ ਸੰਤੋਖੁ ਹੋਵੈ ਅਰਦਾਸਿ । ਤਾ ਸੁਣਿ ਸਦਿ ਬਹਾਲੇ ਪਾਸਿ ।੧। (ਰਾਮਕਲੀ ਮਹਲਾ ੧)
(ਅ) ਜਤੁ ਸਤੁ ਸੰਜਮੁ ਸਚੁ ਸੁਚੀਤੁ । ਨਾਨਕ ਜੋਗੀ ਤ੍ਰਿਭਵਨ ਮੀਤੁ ।੮।੨। (ਰਾਮਕਲੀ ਮਹਲਾ ੧)
(ੲ) ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ । (ਆਸਾ ਦੀ ਵਾਰ ਮਹਲਾ ੧, ਪਉੜੀ ੬)
(ਸ) ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ ।੩।੧੬।੧੧੮। (ਆਸਾ ਮਹਲਾ ੧)
(ਹ) ਸਤੀ ਪਹਰੀ ਸਤੁ ਭਲਾ, ਬਹੀਐ ਪੜਿਆ ਪਾਸਿ । (ਮਾਝ ਕੀ ਵਾਰ, ਸ਼ਲੋਕ ਮਹਲਾ ੨, ਪਉੜੀ ੧੮)
ਇਹਨਾਂ ਉਪਰਲੇ ਪ੍ਰਮਾਣਾਂ ਦੇ ਅੰਕ ਨੰ: (ੳ) ਵਿਚ ਸ਼ਬਦ ‘ਸਤੁ’ ਸ਼ਬਦ ‘ਸੰਤੋਖੁ’ ਦੇ ਨਾਲ ਵਰਤਿਆ ਗਿਆ ਹੈ। ਅੰਕ ਨੰ: (ਅ) ਵਿਚ ‘ਸਤੁ’ ਸ਼ਬਦ ‘ਜਤੁ’ ਨਾਲ ਆਇਆ ਹੈ। ਅੰਕ ਨੰ: (ਹ) ਵਿਚ ‘ਸਤੁ’ (ਸਤੀ) ਸੰਸਕ੍ਰਿਤ ਦਾ ‘ਸਪਤ’ ਹੈ, ਜਿਸ ਦਾ ਅਰਥ ਹੈ ‘ਸੱਤ ਦੀ ਗਿਣਤੀ’।
ਸ਼ਬਦ ‘ਸਤੁ’ ਸੰਸਕ੍ਰਿਤ ਦੇ ਧਾਤੂ ‘ਅਸ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਹੱਥੋਂ ਛੱਡਣਾ’। ਸੋ ‘ਸਤੁ’ ਦਾ ਅਰਥ ਹੈ ਦਾਨੁ। ਅੰਕ ਨੰ: (ੲ) ਵਿਚ ਆਸਾ ਦੀ ਵਾਰ ਵਾਲੇ ਪ੍ਰਮਾਣ ਤੋਂ ਸਾਫ਼ ਪਰਗਟ ਹੋ ਜਾਂਦਾ ਹੈ, ਜਿੱਥੇ ‘ਸਤੀਆ’ ਦਾ ਅਰਥ ਹੈ ‘ਦਾਨੀ ਮਨੁੱਖਾਂ’ । “ਸਤੀ ਦੇਇ ਸੰਤੋਖੀ ਖਾਇ” ਆਮ ਪਰਚਲਤ ਤੁਕ ਹੈ, ਜਿਸ ਵਿਚ ‘ਸਤੀਆ’ ਦਾ ਅਰਥ ਹੈ “ਦਾਨੀ”। ‘ਦਾਨੀ’ ਤੇ ‘ਸੰਤੋਖੀ’ ਦਾ ਆਪੋ ਵਿਚ ਬਹੁਤ ਡੂੰਘਾ ਸੰਬੰਧ ਹੈ। ‘ਦਾਨੀ’ ਉਹੀ ਹੋ ਸਕਦਾ ਹੈ ਜੋ ‘ਸੰਤੋਖੀ’ ਭੀ ਹੈ, ਨਹੀਂ ਤਾਂ ਜੋ ਆਪ ਤ੍ਰਿਸ਼ਨਾ ਦਾ ਮਾਰਿਆ ਹੋਇਆ ਹੋਵੇ, ਉਹ ਆਪਣੇ ਹੱਥੋਂ ਕਿਸੇ ਹੋਰ ਨੂੰ ਕੀਹ ਦੇ ਸਕਦਾ ਹੈ? ਗੁਰੂ ਸਾਹਿਬ ਇਹਨਾਂ ਦੋਹਾਂ ਗੁਣਾਂ ਨੂੰ ਬਹੁਤ ਥਾਈਂ ਇਕੱਠਾ ਵਰਤਦੇ ਜਨ। ਸੋ, ਅੰਕ ਨੰ: (ੳ) ਵਿਚ ‘ਸਤੁ’ ਦਾ ਅਰਥ ਹੈ “ਦਾਨ ,ਦਾਨ ਕਰਨ ਦਾ ਸੁਭਾਉ”।
ਸ਼ਬਦ ‘ਸਤੁ’ ਦਾ ਦੁਜਾ ਅਰਥ ਹੈ “ਸੁੱਚਾ ਆਚਰਨ, ਪਤਿਬ੍ਰਤਾ ਧਰਮ, ਇਸਤ੍ਰੀ-ਬ੍ਰਤ ਧਰਮ”। ਇਸ ਅਰਥ ਵਿਚ ਇਸ ਸ਼ਬਦ ਦਾ ਸੰਬੰਧ ਸ਼ਬਦ ‘ਜਤੁ’ ਨਾਲ ਚੰਗਾ ਢੁਕਦਾ ਹੈ। ਸੋ ਅੰਕ ਨੰ: (ਅ) ਵਿਚ ‘ਸਤੁ’ ਦਾ ਅਰਥ ਹੈ ‘ਸੁੱਚਾ ਆਚਰਨ’।
ਅੰਕ ਨੰ: (ੲ) ਵਿਚ ‘ਸਤੁ’ ਦਾ ਅਰਥ ਹੈ ‘ਦਾਨ’। ਅੰਕ ਨੰ: (ਸ) ਵਿਚ ‘ਸਤੁ’ ਦਾ ਅਰਥ ਫਿਰ ‘ਸੁੱਚਾ ਆਚਰਨ’ ਹੈ।
ਸ਼ਬਦ ‘ਸਤਿ’ ਭੀ ਸੰਸਕ੍ਰਿਤ ਦੇ ਧਾਤੂ ‘ਅਸ’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ‘ਹੋਣਾ’। ਸੋ ‘ਸਤਿ’ ਦਾ ਅਰਥ ਹੈ “ਹੋਂਦ ਵਾਲਾ, ਸੱਚ”।
ਜਪੁਜੀ ਸਾਹਿਬ ਵਿਚ ‘ਸਤਿ’ ਅਤੇ ‘ਸਤੁ’ ਵਾਲੀਆਂ ਹੇਠ-ਲਿਖੀਆਂ ਤੁਕਾਂ ਹਨ:-
(੧) ‘ਸਤਿਨਾਮੁ’ (ਮੂਲ ਮੰਤਰ ਵਿਚ)
(੨) ਸੁਣਿਐ, ਸਤੁ ਸੰਤੋਖੁ ਗਿਆਨੁ । (ਪਉੜੀ ੧੦)
(੩) ਅਸੰਖ ਸਤੀ ਅਸੰਖ ਦਾਤਾਰ । (ਪਉੜੀ ੧੭)
(੪) ਸਤਿ ਸੁਹਾਣੁ ਸਦਾ ਮਨਿ ਚਾਉ । (ਪਉੜੀ ੨੧)
(੫) ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ।੨੭।
ਅਠਸਠਿ-ਅਠਾਹਠ ਤੀਰਥ। ਪੜਿ ਪੜਿ-ਵਿੱਦਿਆ ਪੜ੍ਹ ਕੇ। ਪਾਵਹਿ-ਪਾਂਦੇ ਹਨ। ਸਹਜਿ-ਸਹਜ ਅਵਸਥਾ ਵਿਚ। ਸਹਜ-(ਸਹਜ) ਸਹ-ਸਾਥ, ਨਾਲ ਜ-ਜਨਮਿਆ, ਪੈਦਾ ਹੋਇਆ, ਉਹ ਸੁਭਾਉ ਜੋ ਸੁੱਧ-ਸਰੂਪ ਆਤਮਾ ਦੇ ਨਾਲ ਜਨਮਿਆ ਹੈ, ਸ਼ੁੱਧ-ਸਰੂਪ ਆਤਮਾ ਦਾ ਆਪਣਾ ਅਸਲੀ ਧਰਮ, ਮਾਇਆ ਦੇ ਤਿੰਨਾਂ ਗੁਣਾਂ ਤੋਂ ਲੰਘ ਕੇ ਉਪਰ ਦੀ ਅਵਸਥਾ, ਤੁਰੀਆ ਅਵਸਥਾ, ਸ਼ਾਂਤੀ , ਅਡੋਲਤਾ। ਧਿਆਨੁ-ਸੁਰਤ, ਬ੍ਰਿਤੀ। ਗਿਆਨੁ-ਸਾਰੇ ਜਗਤ ਨੂੰ ਪ੍ਰਭੂ-ਪਿਤਾ ਦਾ ਇਕ ਟੱਬਰ ਸਮਝਣ ਦੀ ਸੂਝ, ਪਰਮਾਤਮਾ ਨਾਲ ਜਾਣ-ਪਛਾਣ।
ਅਰਥ:- ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਂਉਕਿ) ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)। ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ। ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ ।੧੦।
ਭਾਵ:- ਨਾਮ ਵਿਚ ਸੁਰਤ ਜੋੜਿਆਂ ਹੀ ਮਨ ਵਿਸ਼ਾਲ ਹੁੰਦਾ ਹੈ, ਲੋੜਵੰਦਿਆਂ ਦੀ ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਨਾਮ ਵਿਚ ਚੁੱਭੀ ਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ। ਜਗਤ ਦੇ ਕਿਸੇ ਮਾਣ-ਆਦਰ ਦੀ ਪਰਵਾਹ ਨਹੀਂ ਰਹਿ ਜਾਂਦੀ, ਮਨ ਸਹਜਿ ਅਵਸਥਾ ਵਿਚ, ਅਡੋਲਤਾ ਵਿਚ, ਮਗਨ ਰਹਿੰਦਾ ਹੈ।੧੦।
ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
ਪਦਅਰਥ:- ਸਰਾ ਗੁਣਾ ਕੇ-ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ। ਗਾਹ-ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ। ਰਾਹੁ-ਰਸਤਾ। ਅਸਗਾਹੁ-ਡੂੰਘਾ ਸਮੁੰਦਰ, ਸੰਸਾਰ। ਹਾਥ-ਸ਼ਬਦ ‘ਹਾਥ’ ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (— ) ਨਹੀਂ ਹੈ। ਇਸ ਦਾ ਅਰਥ ਹੈ ‘ਡੂੰਘਿਆਈ ਦੀ ਸਮਝ’। ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ ‘ਹੱਥ’। ਜਿਵੇਂ:-
(੧) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ ।੧। (ਬਿਲਾਵਲ ਕਬੀਰ ਜੀ)
ਬਹੁ-ਵਚਨ ‘ਹਾਥ’ ਦਾ ਰੂਪ ਇਸਤ੍ਰੀ-ਲਿੰਗ ‘ਹਾਥ’ ਵਾਲਾ ਹੀ ਹੈ, ਜਿਵੇਂ:
ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ ।੧।੭।੧੬। (ਗੂਜਰੀ ਮਹਲਾਂ ੫) ਹਾਥ ਹੋਵੈ-ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।੧੧।
ਅਰਥ:- ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ। ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ। ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।੧੧।
ਭਾਵ:- ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ। ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨ੍ਹਿਆਂ ਵਾਂਗ ਹੱਥ ਪੈਰ ਮਾਰਦਾ ਹੈ। ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ ।੧੧।
ਨੋਟ:- ਨੰਬਰ ੧੨ ਤੋਂ ੧੫ ਤਕ ਚਾਰ ਪਉੜੀਆਂ ਦਾ ਮਜ਼ਮੂਨ ਇਕੋ ਲੜੀ ਦਾ ਹੈ।
ਮੰਨੇ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਪਦਅਰਥ:- ਮੰਨੇ ਕੀ-ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ-ਹਾਲਤ, ਅਵਸਥਾ। ਕਹੈ-ਦੱਸੇ, ਬਿਆਨ ਕਰੇ। ਮੰਨੇ ਕਾ ਵੀਚਾਰੁ-ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ-ਬੈਠ ਕੇ ਕਰਦੇ ਹਨ। ਐਸਾ-ਅਜਿਹਾ, ਇੱਡਾ ਉੱਚਾ। ਹੋਇ-ਹੈ। ਮੰਨਿ-ਸ਼ਰਧਾ ਧਾਰ ਕੇ, ਲਗਨ ਲਾ ਕੇ। ਮੰਨਿ ਜਾਣੈ-ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ-ਮਨ ਵਿਚ। ਕਾਗਦਿ-ਕਾਗ਼ਜ਼ ਉੱਤੇ। ਕਲਮ-ਕਲਮ (ਨਾਲ)।
ਅਰਥ:- ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ)। ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ)। (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ।੧੨।
ਭਾਵ:- ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ।ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ ।੧੨।
ਮੰਨੈ ਸੁਰਤਿ ਹੋਵੈ ਮਨਿ ਬੁਧਿ ॥
ਮੰਨੈ ਸਗਲ ਭਵਣ ਕੀ ਸੁਧਿ ॥
ਮੰਨੈ ਮੁਹਿ ਚੋਟਾ ਨਾ ਖਾਇ ॥
ਮੰਨੈ ਜਮ ਕੈ ਸਾਥਿ ਨ ਜਾਇ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
ਪਦਅਰਥ:- ਮੰਨੈ-ਮੰਨਣ ਕਰਕੇ, ਜੇ ਮੰਨ ਲਈਏ, ਜੇ ਮਨ ਪਤੀਜ ਜਾਏ, ਜੇ ਪ੍ਰਭੂ ਦੇ ਨਾਮ ਵਿਚ ਲਗਨ ਲੱਗ ਜਾਏ। ਸੁਰਤਿ ਹੋਵੈ-(ਉੱਚੀ) ਸੁਰਤ ਹੋ ਜਾਂਦੀ ਹੈ। ਮਨਿ-ਮਨ ਵਿਚ। ਬੁਧਿ-ਜਾਗ੍ਰਤ। ਸੁਧਿ-ਖ਼ਬਰ, ਸੋਝੀ। ਮੁਹਿ-ਮੂੰਹ ਉੱਤੇ। ਚੋਟਾ-ਸੱਟਾਂ। ਜਮ ਕੈ ਸਾਥਿ-ਜਮਾਂ ਦੇ ਨਾਲ ।੧੩।
ਅਰਥ:- ਜੇ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਲਗਨ ਲੱਗ ਜਾਏ, ਤਾਂ ਉਸ ਦੀ ਸੁਰਤਿ ਉੱਚੀ ਹੋ ਜਾਂਦੀ ਹੈ, ਉਸ ਦੇ ਮਨ ਵਿਚ ਜਾਗ੍ਰਤ ਆ ਜਾਂਦੀ ਹੈ, (ਭਾਵ, ਮਾਇਆ ਵਿਚ ਸੁੱਤਾ ਮਨ ਜਾਗ ਪੈਂਦਾ ਹੈ) ਸਾਰੇ ਭਵਨਾਂ ਦੀ ਉਸ ਨੂੰ ਸੋਝੀ ਹੋ ਜਾਂਦੀ ਹੈ (ਕਿ ਹਰ ਥਾਂ ਪ੍ਰਭੂ ਵਿਆਪਕ ਹੈ) ਉਹ ਮਨੁੱਖ (ਸੰਸਾਰ ਦੇ ਵਿਕਾਰਾਂ ਦੀਆਂ) ਸੱਟਾਂ ਮੂੰਹ ਉੱਤੇ ਨਹੀਂ ਖਾਦਾ (ਭਾਵ, ਸੰਸਾਰਕ ਵਿਕਾਰ ਉਸ ਉੱਤੇ ਦਬਾ ਨਹੀਂ ਪਾ ਸਕਦੇ), ਅਤੇ ਜਮਾਂ ਨਾਲ ਉਸ ਨੂੰ ਵਾਹ ਨਹੀਂ ਪੈਂਦਾ (ਭਾਵ, ਉਹ ਜਨਮ ਮਰਨ ਦੇ ਗੇੜ ਵਿਚੋਂ ਬਚ ਜਾਂਦਾ ਹੈ) । ਅਕਾਲ ਪੁਰਖ ਦਾ ਨਾਮ, ਜੋ ਮਾਇਆ ਦੇ ਪਰਭਾਵ ਤੋਂ ਪਰੇ ਹੈ, ਇੱਡਾ (ਉੱਚਾ) ਹੈ (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ), ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ ।੧੩।
ਭਾਵ:- ਪ੍ਰਭੂ-ਚਰਨਾਂ ਦੀ ਪ੍ਰੀਤ ਮਨੁੱਖ ਦੇ ਮਨ ਵਿਚ ਚਾਨਣ ਕਰ ਦੇਂਦੀ ਹੈ, ਸਾਰੇ ਸੰਸਾਰ ਵਿਚ ਉਸ ਨੂੰ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਦੀਆਂ ਤੇ ਨਾ ਹੀ ਉਸ ਨੂੰ ਮੌਤ ਡਰਾ ਸਕਦੀ ਹੈ ।੧੩।