Vaar 7

ਵਾਰਾਂ ਭਾਈ ਗੁਰਦਾਸ ਜੀ (ਪਾਠ ੨) · ੭ / ੪੦

ਵਾਰ ੭ ਸਤਿਗੁਰਪ੍ਰਸਾਦਿ ॥
ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸਚੁਖੰਡ ਵਸਾਯਾ॥
ਗੁਰਸਿਖ ਲੈ ਗੁਰਸਿਖ ਹੋਇ ਆਪ ਗਵਾਇ ਨ ਆਪ ਗਣਾਯਾ॥
ਗੁਰਸਿਖ ਸਭੋ ਸਾਧਨਾਂ ਸਾਧਿ ਸਧਾਇ ਸਾਧ ਸਦਵਾਯਾ॥
ਚਹੁੰ ਵਰਣਾਂ ਉਪਦੇਸ਼ ਦੇ ਮਾਯਾ ਵਿਚ ਉਦਾਸ ਰਹਾਯਾ॥
ਸੱਚਹੁੰ ਓਰੈ ਸਭ ਕਿਹੁ ਸੱਚ ਨਾਉਂ ਗੁਰ ਮੰਤ੍ਰ ਦਿੜਾਯਾ॥
ਹੁਕਮੈ ਅੰਦਰ ਸਭ ਕੋ ਮੰਨੈ ਹੁਕਮ ਸੁ ਸੱਚ ਸਮਾਯਾ॥
ਸ਼ਬਦ ਸੁਰਤਿ ਲਿਵ ਅਲਖ ਲਖਾਯਾ ॥੧॥

ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ, (ਜਿਨ੍ਹਾਂ ਨੇ) ਸਾਧ ਸੰਗਤ ਰੂਪ ਸੱਚਖੰਡ ਨੂੰ ਵਸਾਇਆ ਹੈ। (ਸਾਧ ਸੰਗਤ ਵਿਚੋਂ) ਗੁਰੂ ਦੀ ਸਿੱਖਿਆ ਲੈ ਕੇ, ਗੁਰਸਿੱਖ ਹੋ ਕੇ, ਆਪਾ (ਮੈਂ-ਮੇਰੀ) ਨੂੰ ਗਵਾ ਦਿੱਤਾ, (ਪੂਰਨਤਾ ਵਿਚ ਪੁਜ ਕੇ ਵੀ) ਆਪਾ ਭਾਵ ਨਹੀਂ ਜਤਾਇਆ। ਗੁਰਸਿੱਖਾਂ ਨੇ ਸਭੇ ਸਾਧਨਾ ਸਾਧ ਮੇ (ਗੁਰੂ ਦੀ ਸਿੱਖਿਆ ’ਤੇ ਚਲ ਕੇ, ਕਠਿਨ ਕਰਨੀ ਦੀ ਘਾਲ ਕਮਾਈ ਕਰਕੇ ਫਿਰ) ਸਾਧੂ (ਆਪਣੇ ਆਪ ਨੂੰ ਭਲੇ ਪੁਰਸ਼ ਹੋਰਨਾਂ ਤੋਂ) ਸਦਵਾਇਆ। (ਸਤਿਗੁਰੂ ਜੀ) ਚਹੁਮ ਵਰਣਾਂ ਨੂੰ ਉਪਦੇਸ਼ ਦੇਂਦੇ ਤੇ ਮਾਇਆ ਵਿਚ ਉਦਾਸ (ਨਿਰਇੱਛਤ) ਰਹਿੰਦੇ ਹਨ। ਸੱਚ ਤੋਂ ਸਭ ਕੁਛ ਉਤੇ ਹੈ। (ਸਭ ਕਰਮ-ਕਾਂਡ ਹੇਠਾਂ ਹਨ) ਸੱਚਾ (ਪ੍ਰਭੂ ਦਾ) ਨਾਮ ਇਹ ਗੁਰ-ਮੰਤਰ ਦ੍ਰਿੜ੍ਹ ਕਰਵਾਇਆ। ਸਭ (ਪ੍ਰਭੂ ਦੇ) ਹੁਕਮ ਵਿਚ ਹਨ, (ਇਸ ਲਈ ਸਤਿਗੁਰੂ ਜੀ ਦੇ ਇਸ) ਹੁਕਮ ਨੂੰ ਜਿਸ ਨੇ ਵੀ ਮੰਨਿਆਂ (ਉਹ ਗੁਰਸਿੱਖ) ਸੱਚ ਵਿਚ ਸਮਾ (ਅਭੇਦ) ਹੋ ਗਿਆ। ਗੁਰੂ ਦੀ ਸ਼ਬਦ ਸੁਰਤ (ਸਮਝ) ਵਾਲੀ ਅਲਖ (ਨਾ ਜਾਣੇ ਜਾਣ ਵਾਲੇ ਪ੍ਰਭੂ) ਦੀ ਸੋਝੀ ਕਰਾ ਦਿੰਦੀ ਹੈ।੧। ਸਿਵ ਸਕਤੀ ਨੋਂ ਸਾਧਕੈ ਚੰਦ ਸੂਰ ਦਿਹੁ ਰਾਤ ਸਦਾਏ॥
ਸੁਖ ਦੁਖ ਸਾਧੇ ਹਰਖ ਸੋਗ ਨਰਕ ਸੁਰਗ ਪੁੰਨ ਪਾਪ ਲੰਘਾਏ॥
ਜਨਮ ਮਰਣ ਜੀਵਨ ਮੁਕਤਿ ਭਲਾ ਬੁਰਾ ਮਿੱਤ੍ਰ ਸ਼ਤ੍ਰ ਨਿਵਾਏ॥
ਰਾਜ ਜੋਗ ਜਿਣ ਵੱਸ ਕਰ ਸਾਧ ਸੰਜੋਗ ਵਿਜੋਗ ਰਹਾਏ॥
ਵਸਗਤਿ ਕੀਤੀ ਨੀਂਦ ਭੁਖ ਆਸਾ ਮਨਸਾ ਜਿਣ ਘਰ ਆਏ॥
ਉਸਤਤਿ ਨਿੰਦਾ ਸਾਧ ਕੈ ਹਿੰਦੂ ਮੁਸਲਮਾਨ ਸਬਾਏ॥
ਪੈਰੀਂ ਪੈ ਪੈਖਾਕ ਸਦਾਏ ॥੨॥

(ਗੁਰੂ ਦੇ ਪੂਰਨ ਗੁਰਸਿੱਖਾਂ ਨੇ) ਸਤੋ, ਤਮੋ ਗੁਣਾਂ ਵਾਲੀ ਹਾਲਤ ਸਾਧ ਕੇ, ਚੰਦ, ਸੂਰਜ, ਦਿਨ ਤੇ ਰਾਤ ਨੂੰ ਵੀ ਸਾਧ ਲਿਆ (ਭਾਵ ਜਿੱਤ ਲਿਆ) ਹੈ। ਦੁੱਖ ਸੁਖ ਵੀ ਜਿੱਤੇ ਤੇ ਖੁਸ਼ੀ ਗਮੀ ਵੀ। (ਇਸੇ ਤਰ੍ਹਾਂ) ਨਰਕ ਸਵਰਗ ਤੇ ਪੁੰਨ ਪਾਪ ਦੀ ਕਾਣ ਨੂੰ ਵੀ ਲੰਘਾ (ਭਾਵ ਚੁਕਾ) ਦਿੱਤਾ। ਐਸੇ ਗੁਰਸਿੱਖ ਮਰਣ-ਜੀਵਨ ਦੇ (ਸੰਸੇ ਨੂੰ ਟੱਪ) ਜੀਵਨ-ਮੁਕਤ ਹੋ ਕੇ, ਭਲੇ ਬੁਰੇ ਤੇ ਵੈਰੀ ਮਿੱਤਰ ਨੂੰ ਇਕੋ ਜੇਹੇ ਸਮਝਣ ਵਾਲੇ ਬਣ ਗਏ। ਰਾਜ-ਜੋਗ ਨੂੰ ਜਿੱਤ ਕੇ, ਵਸ ਕਰ ਲਿਆ ਹੈ, ਸਾਧ ਸੰਜੋਗ (ਭਲੇ ਸੰਜੋਗ) ਤੇ ਵਿਜੋਗ (ਬੁਰੇ ਸੰਜੋਗ) ਦੋਹਾਂ ਤੋਂ ਅਲੇਪ ਹੋ ਗਏ ਹਨ। ਨੀਂਦ ਤੇ ਭੁੱਖ ਵੀ ਵਸ ਵਿਚ ਕਰ ਲਈ ਹੈ, ਆਸਾ ਮਨਸਾ ਨੂੰ ਜਿੱਤ ਕੇ ਘਰ (ਆਤਮ ਸਰੂਪ) ਪਹੁੰਚ ਗਏ ਹਨ। ਉਸਤਤਿ ਨਿੰਦਾ ਨੂੰ ਜਿੱਤ ਕੇ ਹਿੰਦੂ, ਮੁਸਲਮਾਨ ਦੇ ਸਾਂਝੇ ਹੋ ਗਏ ਹਨ। (ਇਹ ਸਭ ਕੁਝ ਕਰਕੇ ਫਿਰ ਨਿਮ੍ਰਤਾ ਨਾਲ) ਸਭ ਅੱਗੇ ਨਿੰਵਦੇ, ਮਿੱਠਾ ਬੋਲਦੇ, ਪੈਰਾਂ ਦੀ ਧੂੜੀ ਸਦਵਾਉਂਦੇ ਹਨ।੨। ਬ੍ਰਹਮਾ ਬਿਸਨ ਮਹੇਸ਼ ਤ੍ਰੈ ਲੋਕ ਵੇਦ ਗੁਣ ਗਿਆਨ ਲੰਘਾਏ॥
ਭੂਤ ਭਵਿਖਹੁ ਵਰਤਮਾਨ ਆਦਿ ਮੱਧ ਜਿਣ ਅੰਤ ਸਿਧਾਏ॥
ਮਨਬਚ ਕਰਮ ਇਕਤ੍ਰ ਕਰ ਜੰਮਨ ਮਰਨ ਜੀਵਨ ਜਿਣ ਆਏ॥
ਆਧਿ ਬਿਆਧਿ ਉਪਾਧ ਸਾਧ ਸੁਰਗ ਮਿਰਤ ਪਾਤਾਲ ਨਿਵਾਏ॥
ਉਤਮੁ ਮਧਮ ਨੀਚ ਸਾਧ ਬਾਲਕ ਜੋਬਨ ਬਿਰਧ ਜਿਣਾਏ॥
ਇੜਾ ਪਿੰਗਲਾ ਸੁਖਮਨਾ ਤ੍ਰਿਕੁਟੀ ਲੰਘ ਤ੍ਰਿਬੇਣੀ ਨ੍ਹਾਏ॥
ਗੁਰਮੁਖ ਇਕ ਮਨ ਇਕ ਧਿਆਏ ॥੩॥

(ਗੁਰਸਿੱਖ, ਗੁਰਮੁਖ) ਬ੍ਰਹਮ, ਬਿਸ਼ਨ ਤੇ ਸ਼ਿਵਜੀ ਅਤੇ ਧਰਮ ਪੁਸਤਕਾਂ, ਗੁਣ ਅਤੇ ਗਿਆਨ ਇਨ੍ਹਾਂ ਤਿੰਨਾਂ ਹਾਲਤਾਂ ਤੋਂ ਲੰਘ ਗਏ ਹਨ। ਬੀਤ ਚੁੱਕਾ, ਆ ਰਿਹਾ ਤੇ ਵਰਤਮਾਨ ਸਮਾਂ, ਆਦਿ ਮੱਧ ਤੇ ਅੰਤ, ਤਿੰਨਾਂ ਅਵਸਥਾਂ ਨੂੰ ਜਿੱਤ ਕੇ, ਅੰਤ (ਸਹਿਜ ਅਵਸਥਾ) ਤਕ ਚਲੇ ਗਏ ਹਨ। ਮਨ, ਬਚਨ ਤੇ ਕਰਮ, ਇਨ੍ਹਾਂ ਤਿੰਨਾਂ ਨੂੰ ਇਕੱਤਰ ਕਰਕੇ, ਜੰਮਣ ਮਰਨ ਨੂੰ ਜਿੱਤ ਆਏ ਹਨ, (ਭਾਵ ਜੋ ਕੁਝ ਕੀਤਾ, ਉਹ ਇੱਕ ਸੱਚ ’ਤੇ ਅਧਾਰਤ ਕੀਤਾ, ਜਿਸ ਕਰਕੇ ਜੰਮਣ ਮਰਨ ਤੋਂ ਮੁਕਤ ਹੋ ਗਏ)। ਉਨ੍ਹਾਂ ਗੁਰਮੁਖਾਂ ਐਸੀ ਗੁਰੂ-ਟੇਕ ਦੇ ਅਧਾਰਤ ਜ਼ਿੰਦਗੀ ਬਣਾਈ ਕਿ ਆਧੀਆਂ, ਬਿਆਧੀਆਂ ਤੇ ਉਪਾਧੀਆਂ ਸਾਧ ਕੇ, ਸੁਰਗ, ਪਾਤਾਲ ਤੇ ਮਾਤ ਲੋਕ ਤਿੰਨੇ ਹੀ ਉਨ੍ਹਾਂ ਜਿੱਤੇ, ਭਾਵ ਨਿਵਾ ਲਏ ਹਨ। ਉੱਤਮ, ਮਧਮ, ਨੀਚ ਦਰਜਿਆਂ ਨੂੰ ਜਿੱਤ ਕੇ ਬਾਲਕ, ਜੋਬਨ ਤੇ ਬਿਰਧ ਅਵਸਥਾ ਨੂੰ ਵੀ ਜਿੱਤ ਗਏ ਹਨ। (ਤਿੰਨੇ ਨਾਮ ਜਪ ਕੇ ਸਫਲੇ ਕਰ ਲੀਤੇ ਹਨ)। ਇੜਾ, ਪਿੰਗਲਾ, ਸੁਖਮਨਾ ਦੀ ਤ੍ਰਿਕੁਟੀ ਨੂੰ ਲੰਘ ਤ੍ਰਿਬੇਣੀ (ਸਵੈ-ਸਰੂਪ) ਵਿਚ ਨਾਉਂਦੇ ਹਨ। (ਇਨ੍ਹਾਂ ਸਭ ਜਿੱਤਾਂ ਨੂੰ ਜਿੱਤਣ ਵਾਲੇ) ਗੁਰਮੁਖ ਇੱਕ ਮਨ ਹੋ ਕੇ ਇੱਕ (ਪ੍ਰਭੂ) ਦਾ ਧਿਆਨ ਰੱਖਦੇ ਹਨ, (ਉਸੇ ਇੱਕ ਪ੍ਰਭੂ ਵਿਚ ਅਭੇਦ ਹੋਏ ਰਹਿੰਦੇ ਹਨ)।੩। ਅੰਡਜ ਜੇਰਜ ਸਾਧਕੈ ਸੇਤਜ ਉਤਭੁਜ ਖਾਣੀ ਬਾਣੀ॥
ਚਾਰੇ ਕੰਦਾਂ ਚਾਰ ਜੁਗ ਚਾਰ ਵਰਣ ਚਾਰ ਵੇਦ ਵਖਾਣੀ॥
ਧਰਮ ਅਰਥ ਕਾਮ ਮੋਖ ਜਿਣ ਰਜ ਤਮ ਸਤ ਗੁਨ ਤੁਰੀਆਰਾਣੀ॥
ਸਨਕਾਦਿਕ ਆਸ਼੍ਰਮ ਉਲੰਘ ਚਾਰ ਵੀਰ ਵਸਗਤਿ ਕਰਆਣੀ॥
ਚਉਪੜ ਜਿਉਂ ਚਉਸਾਰ ਮਾਰ ਜੋੜਾ ਹੋਇ ਨ ਕੋਇ ਰਿਞਾਣੀ॥
ਰੰਗ ਬਰੰਗ ਤੰਬੋਲ ਰਸ ਬਹੁ ਰੰਗੀ ਇਕ ਰੰਗ ਨਿਸਾਣੀ॥
ਗੁਰਮੁਖ ਸਾਧ ਸੰਗਤ ਨਿਰਬਾਣੀ ॥੪॥

ਅੰਗਜ, ਜੇਰਜ, ਸੇਤਨ ਤੇ ਉਤਭੁਜ (ਚਾਰੇ ਖਾਣੀਆਂ, ਜਿਨ੍ਹਾਂ ਰਾਹੀਂ ਸ੍ਰਿਸ਼ਟੀ ਦੇ ਜੀਵ ਪੈਦਾ ਹੁੰਦੇ ਹਨ)। ਚਾਰੇ ਬਾਣੀਆਂ (ਪਰਾ ਪਸੰਤੀ, ਮੱਧਮਾ ਤੇ ਬੈਖਰੀ)। ਚਾਰੇ ਕੁੰਡਾਂ (ਪਾਸੇ), ਚਾਰ ਜੁਗਾ, ਚਾਰ ਵਰਣ ਤੇ ਚਾਰੇ ਵੇਦ ਕਹੇ ਜਾਂਦੇ ਹਨ। ਧਰਮ, ਅਰਥ ਤੇ ਕਾਮ ਮੋਖ (ਚਾਰੇ ਪਦਾਰਥਾਂ ਨੂੰ) ਜਿੱਤ ਕੇ, ਰਜੋ, ਸਤੋ, ਤਮੋ ਤੇ ਤੁਰੀਆ (ਅਵਸਥਾ ਨੂੰ ਵੀ ਗੁਰਮੁਖ ਨੇ) ਜਿੱਤ ਲਿਆ ਹੈ। (ਚਾਰੇ) ਸਨਕ, ਸੰਨਦਨ, ਸਨਾਤਨ, ਸੰਤ ਕੁਮਾਰ, (ਚਾਰੇ) ਆਸ਼ਰਮਾਂ ਨੂੰ ਲੰਘ ਕੇ, ਚਾਰੇ ਵੀਰਾਂ (ਹੰਨੂਮਾਨ, ਨਰਸਿੰਘ, ਲੰਕੜਾ ਤੇ ਭੌਰੋ ਬੀਰਾਂ ਨੂੰ ਗੁਰਮੁਖ) ਵਸ ਵਿਚ ਕਰ ਲੈਂਦੇ ਹਨ। ਜਿਵੇਂ ਕੋਈ ਚਉਪੜ ਦੀ ਖੇਡ ਵਿਚ ਚਾਰੇ ਪਾਸੇ ਮਾਰ ਕੇ, ਨਰਦਾਂ ਦੇ ਇੱਕਠੇ ਕੀਤੇ ਜੋੜੇ ਨੂੰ ਕੋਈ ਨਹੀਂ ਮਾਰ ਸਕਦਾ, (ਇਸੇ ਤਰ੍ਹਾਂ ਗੁਰਮੁਖ ਤੇ ਪ੍ਰਭੂ, ਦੋਵੇਂ ਇੱਕਠੇ ਹੋ ਜਾਂਦੇ ਹਨ, ਤਾਂ ਉਸਨੂੰ ਵੀ ਕੋਈ ਜਿੱਤ ਜਾਂ ਮਾਰ ਨਹੀਂ ਸਕਦਾ)। ਪਾਨ ਵਿਚ ਬਹੁਤੇ ਰੰਗਾਂ ਦੀਆਂ ਚੀਜ਼ਾਂ ਪੈਂਦੀਆਂ ਹਨ, ਪਰ ਜਦ ਉਹ ਚਿੱਥਿਆ ਜਾਂਦਾ ਹੈ ਤਾਂ ਸਭਨਾਂ ਦਾ ਇਕੋ (ਲਾਲ) ਰੰਗ ਬਣ ਜਾਂਦਾ ਹੈ। (ਇਸੇ ਤਰ੍ਹਾਂ) ਗੁਰਮੁਖ (ਸਭ ਹਾਲਤਾਂ ਵਿਚੋਂ ਲੰਘ) ਇੱਕ ਸਾਧ ਸੰਗਤ ਦੀ ਬਦੌਲਤ ਸਦਾ ਹੀ ਨਿਰਬਾਣ (ਪਦ, ਭਾਵ ਸਹਿਜ ਅਵਸਥਾ) ਵਿਚ ਟਿਕ ਜਾਂਦੇ ਹਨ।੪। ਪਉਣ ਪਾਣੀ ਬੈਸੰਤਰੋ ਧਰਤ ਅਕਾਸ਼ ਉਲੰਘ ਪਇਆਣਾ॥
ਕਾਮ ਕਰੋਧ ਵਿਰੋਧ ਲੰਘ ਲੋਭ ਮੋਹ ਅਹੰਕਾਰ ਵਿਹਾਣਾ॥
ਸਤ ਸੰਤੋਖ ਦਇਆ ਧਰਮ ਅਰਥ ਸੁ ਗ੍ਰੰਥ ਪੰਚ ਪਰਵਾਣਾ॥
ਖੇਚਰ ਭੂਚਰ ਚਾਚਰੀ ਉਨਮਨ ਲੰਘ ੳਗੋਚਰ ਬਾਣਾ॥
ਪੰਚਾਇਣ ਪਰਮੇਸ਼ਰੋ ਪੰਚ ਸ਼ਬਦ ਘਨਘੋਰ ਨੀਸਾਣਾ॥
ਗੁਰਮੁਖ ਪੰਚ ਭੂਆਤਮਾ ਸਾਧ ਸੰਗਤਿ ਮਿਲ ਸਾਧ ਸੁਹਾਣਾ॥
ਸਹਜਿ ਸਮਾਧਿ ਨ ਆਵਣ ਜਾਣਾ ॥੫॥

(ਗੁਰਮੁਖ) ਧਰਤੀ ਤੇ ਆਕਾਸ਼, ਪੌਣ ਪਾਣੀ ਤੇ ਅਗਨੀ (ਇਨ੍ਹਾਂ ਸਭ ਚੀਜ਼ਾਂ ਦੀ ਪਕੜ ਤੋਂ ਅੱਗੇ) ਲੰਘ ਜਾਂਦੇ ਹਨ। ਕਾਮ, ਕ੍ਰੋਧ, ਤੇ ਵੈਰ-ਵਿਰੋਧ ਨੂੰ ਪਛਾੜਕੇ ਲੋਭ ਅਤੇ ਮੋਹ ਨੂੰ ਵੀ ਖਤਮ ਕਰ ਦੇਂਦੇ ਹਨ, ਸਤਿ, ਸੰਤੋਖ, ਦਇਆ, ਧਰਮ ਤੇ ਗ੍ਰੰਥਾਂ ਦੇ ਸ਼ੁਭ (ਭਾਵ ਠੀਕ) ਅਰਥ (ਇਨ੍ਹਾਂ) ਪੰਜਾਂ ਵਿਚ ਪ੍ਰਮਾਣੀਕ ਹੋ ਜਾਂਦੇ ਹਨ। (ਗੁਰਮੁਖ ਜੋਗ ਦੇ ਪੰਜਾਂ ਅੰਗਾਂ) ਖੇਚਰ (ਸਵਾਸ ਚਾੜ੍ਹਨੇ), ਭੂਚਰ (ਸਵਾਸਾਂ ਨੂੰ ਠਹਿਰਾਉਣਾ), ਚਾਚਰੀ (ਸਵਾਸ ਉਤਾਰਨੇ), ਉਨਮਨ (ਤੁਰੀਆ ਪਦ) ਨੂੰ ਲੰਘ ਕੇ (ਮਨ ਬਾਣੀ ਤੋਂ ਵੀ ਅੱਗੇ) ਅਗੋਚਰ ਅਵਸਥਾ ਵਿਚ ਪੁਜ ਜਾਂਦੇ ਹਨ। (ਇਹ ਅਵਸਥਾ) ਪੰਚਾਇਣ ਪਰਮੇਸ਼ਰ ਦੇ ਘਰ ਦੀ ਹੈ, ਜਿਥੇ (ਗੁਰਮੁਖਾਂ ਨੂੰ) ਪੰਗ ਸ਼ਬਦਾਂ ਦੀ ਘਨਘੋਰ (ਅਨਹਦ ਸ਼ਬਦ ਦੀ ਧੁਨੀ) ਸੁਣੀਦੀ ਹੈ, (ਜੋ ਪ੍ਰਭੂ ਦੇ ਮਿਲਣ ਦੀ) ਨਿਸ਼ਾਨੀ ਹੈ। ਗੁਰਮੁਖਾਂ ਨੇ ਪੰਜ ਭੂਤਕ ਸਰੀਰ ਵਿਚਲੀ ਆਤਮਾ ਨੂੰ, ਸਾਧ ਸੰਗਤ ਦੇ ਮੇਲ ਵਿਚ ਮਿਲ ਕੇ ਸਾਧ ਲਿਆ ਹੈ, ਤੇ (ਇਸ ਪਿੱਛੋਂ) ਉਹ ਸ਼ੋਭਨੀਕ ਸੁਹਾਵਣੇ ਬਣ ਗਏ ਹਨ। (ਜਿਥੇ ਉਹ) ਸਹਿਜ ਸਮਾਧੀ (ਵਿਚ ਟਿਕ ਕੇ) ਆਉਣ ਜਾਣ (ਭਾਵ ਜਨਮ-ਮਰਨ ਦੇ ਚੱਕਰ ਤੋਂ) ਮੁਕਤ ਹੋ ਜਾਂਦੇ ਹਨ।੫। ਛਿਅ ਰੁਤੀ ਕਰ ਸਾਧਨਾ ਛਿਅ ਦਰਸਨ ਸਾਧੇ ਗੁਰਮਤੀ॥
ਛਿਅ ਰਸ ਰਸਨਾ ਸਾਧਕੈ ਰਾਗ ਰਾਗਨੀ ਭਾਇ ਭਗਤੀ॥
ਛਿਅ ਚਿਰਜੀਵੀ ਛਿਅ ਜਤੀ ਚਕ੍ਰਵਰਤ ਛਿਅ ਸਾਥ ਜੁਗਤੀ॥
ਛਿਅ ਸ਼ਾਸਤ੍ਰ ਛਿਅ ਕ੍ਰਮ ਜਿਣ ਛਿਆਂ ਗੁਰਾਂ ਗੁਰ ਸੁਰਤਿ ਨਿਰਤੀ॥
ਛਿਅ ਵਰਤਾਰੇ ਸਾਧਕੈ ਛਿਅ ਛਕ ਛਤੀ ਪਵਣ ਪਰਤੀ॥
ਸਾਧ ਸੰਗਤ ਗੁਰ ਸ਼ਬਦ ਸੁਰਤੀ ॥੬॥

ਛੇ ਰੁਤਾਂ ਵਿਚ ਸਾਧਨਾ ਕਰਕੇ, ਗੁਰੂ-ਸਿੱਖਿਆ ਦੇ ਬਲ ਨਾਲ (ਗੁਰਮੁਖ ਨੇ) ਛੇ ਦਰਸ਼ਨ ਜਿੱਤ ਲਏ ਹਨ। ਰਸਨਾ ਦੇ ਛੇ ਰਸ (ਖੱਟਾ, ਮਿੱਠਾ, ਕੌੜਾ, ਸਲੂਣਾ, ਕਸੈਲਾ ਤੇ ਤਿੱਖਾ) ਸਾਧ ਲਏ ਹਨ, ਛੇ ਹੀ ਰਾਗ ਰਾਗਣੀਆਂ ਸਮੇਤ (ਗੁਰਮੁਖ ਦੀ ਰਸਨਾ ਨਾਲ ਮਿਲ ਕੇ) ਪ੍ਰੇਮਾ-ਭਗਤੀਆਂ ਕਰਦੀਆਂ ਹਨ। ਛੇ ਚਿਰਜੀਵੀ ਤੇ ਛੇ ਜਤੀ ਅਤੇ ਛੇ ਚਕ੍ਰਵਰਤੀ ਭੀ ਜੁਗਤੀ (ਪ੍ਰਾਣਾਂਯਾਮ ਨਾਲ) ਸਾਧੇ, ਭਾਵ ਜਿੱਤ ਲਏ ਹਨ। ਛੇ ਸ਼ਾਸਤ੍ਰਾਂ ਦੇ ਛੇ ਕਰਮਾਂ (ਜਪ, ਹੋਮ, ਸੰਧਯਾ, ਇਸ਼ਨਾਨ, ਅਭਿਆਗਤ ਦੀ ਪੂਜਾ, ਦੇਵ ਅਰਚਾ) ਨੂੰ ਫ਼ਤਹ ਕਰਕੇ, ਛੇ ਗੁਰੂਆਂ (ਛੇ ਸ਼ਾਸਤ੍ਰਾਂ ਦੇ ਕਰਤੇ) ਦੇ ਗੁਰੂ (ਪਰਮੇਸ਼ਰ) ਨਾਲ ਸੱਚੀ ਪ੍ਰੀਤੀ ਜੋੜ ਲੈਂਦੇ ਹਨ। ਛੇ ਵਰਤਾਰੇ (ਪੰਜ ਗਿਆਨ ਇੰਦ੍ਰੀਆਂ ਤੇ ਛੇਵਾਂ ਅੰਤਹਕਰਨ ਨੂੰ) ਸਾਧ (ਜਿੱਤ) ਕੇ, ਛੇ ਛੀਕੇ ਛੱਤੀ (ਭਾਵ ਪਾਖੰਡਾਂ) ਵੱਲੋਂ ਆਪਣੀ ਸੁਰਤ (ਸਵਾਸਾਂ ਜਾਂ ਮਨ) ਨੂੰ ਮੋੜ ਲਿਆ ਹੈ। ਗੁਰਮੁਖਾਂ ਦੀ ਸੁਰਤ (ਕੇਵਲ) ਸਾਧ ਸੰਗਤ ਤੇ (ਗੁਰੂ ਦੇ) ਸ਼ਬਦ ਨਾਲ ਜੁੜ ਜਾਂਦੀ ਹੈ।੬। ਸਤ ਸਮੁੰਦ ਉਲੰਘਿਆ ਦੀਪ ਸਤ ਇਕ ਦੀਪਕ ਬਲਿਆ॥
ਸਤ ਸੂਤ ਇਕ ਸੂਤ ਕਰ ਸਤੇ ਪੁਰੀਆਂ ਲੰਘ ਉਛਲਿਆ॥
ਸਤ ਸਤੀ ਜਿਣ ਸਪ ਰਿਖ ਸਤਸੁਰਾਂ ਜਿਣ ਅਟਲ ਨ ਟਲਿਆ॥
ਸਤੇ ਸੀਵਾਂ ਸਾਧਕੈ ਸੱਤੀਂ ਸੀਵੀਂ ਸੁਫਲਿਓ ਫਲਿਆ॥
ਸਤ ਅਕਾਸ਼ ਪਤਾਲ ਸਤ ਵਸਗਤਿ ਕਰ ਉਪਰੇਰੈ ਚਲਿਆ॥
ਸਤੇ ਧਾਰੀ ਲੰਘਕੈ ਭੈਰਉ ਖੇਤ੍ਰਪਾਲ ਦਲ ਮਲਿਆ॥
ਸਤੇ ਰੋਹਣਿ ਸੱਤ ਵਾਰ ਸਤ ਸੁਹਾਗਣਿ ਸਾਧਿ ਨ ਢਲਿਆ॥
ਗੁਰਮੁਖ ਸਾਧ ਸੰਗਤ ਵਿਚ ਖਲਿਆ ॥੭॥

ਸੱਤੇ ਸਮੁੰਦਰਾਂ ਨੂੰ (ਗੁਰਮੁਖ) ਟੱਪ ਗਿਆ ਹੈ ਤੇ ਸੱਤਾਂ ਹੀ ਦੀਪਾਂ (ਉਸ ਦੀ ਗਿਆਨ ਕਰਨੀ ਦਾ) ਦੀਵਾ ਜਗ ਪਿਆ ਹੈ। (ਉਹ ਘਰ ਦੇ) ਸੱਤੇ ਪ੍ਰਕਾਰ ਦੇ ਸੂਤਾਂ ਨੂੰ ਇੱਕ ਸੂਤਰ ਬਣਾ ਕੇ (ਇੱਕ ਸਤਿਗੁਰੂ ਤੇ ਪ੍ਰਭੂ ਜੀ ਦਾ ਭਰੋਸਾ ਮੰਨ ਕੇ) ਧਰੂ, ਸ਼ਿਵ ਤੇ ਇੰਦਰਪੁਰੀ ਆਦਿ ਸੱਤੇ ਪੁਰੀਆਂ ਤੋਂ ਉੱਚਾ ਉਛਲ ਕੇ (ਨਿਰਇੱਛਤ ਹੋ) ਪਾਰ ਲੰਘ ਜਾਂਦਾ ਹੈ। ਸਤ ਸਤੀ ਜਿੱਤ ਕੇ, ਸੱਤੇ ਸੁਰਾਂ ਅਤੇ ਸਿੱਤੇ ਰਿਖਿਆਂ ਨੂੰ ਸਾਧ ਕੇ ਅਟੱਲ ਹੋ ਜਾਂਦਾ ਹੈ। (ਇੱਕ ਪ੍ਰਭੂ ਦਾ ਐਸਾ ਦ੍ਰਿੜ੍ਹ ਵਿਸ਼ਵਾਸੀ ਹੋ ਜਾਂਦਾ ਹੈ ਕਿ) ਸੱਤੇ ਭੂਮਿਕਾ (ਸ਼ੁਭ ਇੱਛਾ ਤੇ ਸੁਵਿਚਰਨਾ ਆਦਿ) ਤੇ ਸੱਤਾਂ ਹੱਦਾਂ ਵਿਚ (ਗਿਆਨ, ਵੈਰਾਗ ਤੇ ਬਿਬੇਕ ਆਦਿਕ ਫਲਾਂ ਵਾਲਾ ਹੋਣ ਕਰਕੇ) ਵਧਦਾ ਫੁਲਦਾ ਹੈ। ਸੱਤੇ ਆਕਾਸ਼ਾਂ ਤੇ ਸੱਤੇ ਪਾਤਾਲਾਂ ਨੂੰ ਵਸ ਵਿਚ ਕਰਕੇ ਉੱਚ- ਪਦਵੀ ਨੂੰ ਪ੍ਰਾਪਤ ਹੁੰਦਾ ਹੈ। ਸੱਤੇ ਪਰਬਤਾਂ (ਉਚਾਈਆਂ) ਨੂੰ ਉਲੰਘ, ਭੈਰਵ ਆਦਿ ਭੂਤ ਪ੍ਰੇਤਾਂ ਨੂੰ ਪਛਾੜ ਦੇਂਦਾ ਹੈ। ਸੱਤ ਰੋਹਣੀਆਂ ਤੇ ਸੱਤ ਵਾਰ (ਸੱਤ ਗ੍ਰਹਿਆਂ ਸੂਰਜ, ਚੰਦ, ਮੰਗਲ, ਬੁਧ, ਛਨੀ, ਰਾਹੂ-ਕੇਤੂ ਆਦਿ) ਸੱਤ ਸੁਹਾਗਣਾਂ (ਚੰਦਰਮਾਂ ਤੇ ਰਿਖੀਆਂ ਦੀਆਂ ਇਸਤ੍ਰੀਆਂ) ਗੁਰਮੁਖ ਕਿਸੇ ਦੇ ਭੈ ਤੇ ਭਰਮ ਵਿਚ ਗੁਰਮੁਖਤਾਈ ਤੋਂ ਨਹੀਂ ਹਾਰਦਾ। ਗੁਰਮੁਖ ਸਾਧ ਸੰਗਤ ਦੇ ਆਸਰੇ ਖਲੋ ਕੇ (ਸਭ ’ਤੇ ਜਿੱਤ ਪਾਉਂਦਾ ਹੈ)।੭। ਅਠੈ ਸਿਧੀ ਸਾਧਕੈ ਸਾਧਕ ਸਿਧ ਸਮਾਧਿ ਫਲਾਈ॥
ਅਸ਼ਟ ਕੁਲੀ ਬਿਖਸਾਧਨਾਂ ਸਿਮਰਣ ਸ਼ੇਖ ਨ ਕੀਮਤ ਪਾਈ॥
ਮਣ ਹੋਇ ਅਠ ਪੈਂਸੇਰੀਆਂ ਪੰਜੂ ਅਠੇ ਚਾਲੀ ਭਾਈ॥
ਜਿਉਂ ਚਰਖਾ ਅਠ ਖੰਡੀਆ ਇਕਤ ਸੂਤ ਰਹੇ ਲਿਵਲਾਈ॥
ਅਠ ਪਹਿਰ ਅਸਟਾਂਗ ਜੋ ਚਾਵਲ ਰੱਤੀ ਮਾਸਾ ਰਾਈ॥
ਅਠਕਾਠਾ ਮਨ ਵਸਕਰ ਅਸਟਧਾਂਤ ਕਰਾਈ॥
ਸਾਧ ਸੰਗਤਿ ਵਡੀ ਵਡਿਆਈ ॥੮॥

ਅੱਠ ਸਿੱਧੀਆਂ ਨੂੰ ਪ੍ਰਾਪਤ ਕਰਕੇ, ਕਮਾਇਆਂ ਕਰਨ ਵਾਲੇ ਸਿੱਧਾਂ ਨੇ ਸਮਾਧੀਆਂ ਫੈਲਾਈਆਂ, (ਭਾਵ ਸਾਰਾ ਜ਼ੋਰ ਲਾਇਆ, ਪਰ ਅੰਤ ਨਾ ਪਾ ਸਕੇ)। ਸ਼ੇਸ਼ ਨਾਗ ਨੇ ਸੱਪਾਂ ਦੀਆਂ ਅੱਠਾਂ ਕੁਲਾਂ ਨੂੰ ਹੀ ਜਿੱਤ ਲਿਆ, ਪਰ ਸਿਮਰਣ ਕਰਕੇ ਉਹ ਭੀ (ਪ੍ਰਭੂ ਦਾ) ਅੰਤ ਨਹੀਂ ਪਾ ਸਕਿਆ। ਅੱਠਾਂ ਪੰਸੇਰੀਆਂ ਦਾ ਮਣ, ਤੇ ਪੰਜੂ ਅੱਠੇ ਚਾਲੀ ਹੁੰਦੇ ਹਨ, ਹੇ ਭਾਈ! (ਮਣ ਤੋਂ ਭਾਵ ਮਨ ਹੈ, ਅੱਠਾਂ ਧਾਤਾਂ ਦਾ ਬਣਿਆ ਮਨ ਆਖਿਆ ਜਾਂਦਾ ਹੈ)। ਜਿਵੇਂ ਚਰਖਾ ਅੱਠ ਖੰਭੀਆਂ ਵਾਲਾ ਹੁੰਦਾ ਹੈ, ਪਰ ਸੂਤ ਇਕੋ ਨਾਲ ਹੀ ਉਹ ਲਿਵ ਲਾਉਂਦਾ ਹੈ। (ਇਕੋ ਮਾਲ ਦੇ ਧਾਗੇ ਨਾਲ ਭੌਂਦਾ ਹੈ। ਇਸੇ ਤਰ੍ਹਾਂ ਮਨ ਵੀ ਪ੍ਰਭੂ-ਸੱਤਾ ਨਾਲ ਹੀ ਕੰਮ ਕਰਦਾ ਹੈ)। ਅੱਠਾਂ ਪਹਿਰਾਂ ਦਾ ਦਿਨ ਤੇ ਰਾਤ ਹੈ, ਅੱਠ ਹੀ ਜੋਗ ਦੇ ਅੰਗ ਹਨ, ਇਵੇਂ ਹੀ ਅੱਠ ਰਾਈ ਦਾ ਇੱਕ ਚਉਲ, ੮ ਚੋਲਾਂ ਦੀ ਇੱਕ ਰੱਤੀ, ੮ ਰਤੀਆਂ ਦਾ ਇੱਕ ਮਾਸਾ (ਇਵੇਂ ਹੀ ਸਰੀਰ ਵੀ ਅੱਠਾਂ ਧਾਤਾਂ ਦਾ ਹੈ)। ਕਠੋਰ ਮਨ ਨੂੰ ਵਸ ਵਿਚ ਕਰਕੇ ਗੁਰਮੁਖਾਂ ਨੇ ੮ ਧਾਤਾਂ ਦੀ ਇੱਕ ਧਾਤ ਕਰ ਦਿੱਤੀ ਹੈ। (ਭਾਵ ਲਿਵ ਜੋੜ ਕੇ, ਮਨ ਨੂੰ ਇੱਕ ਧਾਤ ਜੇਹਾ ਕਰ ਦਿੱਤਾ ਹੈ)। ਇਸ ਲਈ (ਇਸ ਸਭ ਕੁਝ ਕਰਨ ਵਾਲੀ) ਸਾਧ ਸੰਗਤ ਦੀ ਵਡਿਆਈ ਕਥਨ ਤੋਂ ਬਾਹਰ ਹੈ।੮। ਨਥ ਚਲਾਏ ਨਵੈਂ ਨਾਥ ਨਾਥਾਂ ਨਾਥ ਅਨਾਥ ਸਹਾਈ॥
ਨੌਂ ਨਿਧਾਨ ਫੁਰਮਾਨ ਵਿਚ ਪਰਮ ਨਿਧਾਨ ਗਯਾਨ ਗੁਰਭਾਈ॥
ਨੌਂ ਭਗਤੀ ਨੌਂ ਭਗਤ ਕਰ ਗੁਰਮੁਖ ਪ੍ਰੇਮ ਭਗਤ ਲਿਵਲਾਈ॥
ਨੌਂ ਗ੍ਰਹਿ ਸਾਧ ਗ੍ਰਿਹਸਤ ਵਿਚ ਪੂਰੇ ਸਤਿਗੁਰ ਦੀ ਵਡਿਆਈ॥
ਨਉਂਖੰਡ ਸਾਧ ਅਖੰਡ ਹੋ ਨਉਂ ਦੁਆਰ ਲੰਘ ਨਿਜ ਘਰ ਜਾਈ॥
ਨੌਂ ਅਗਨੀਲ ਅਨੀਲ ਹੋ ਨਉਂ ਕਲ ਨਿਗ੍ਰਹ ਸਹਜ ਸਮਾਈ॥
ਗੁਰਮੁਖ ਸੁਖ ਫਲ ਅਲਖ ਲਖਾਈ ॥੯॥

ਨੌਂ ਨਾਥ ਨੱਥ ਕੇ ਚਲਾਏ ਹਨ, ਨੌਂ ਨਿਧੀਆਂ (ਖਜ਼ਾਨੇ) ਉਨ੍ਹਾਂ ਗੁਰਮੁਖਾਂ ਦੇ ਹੁਕਮ ਵਿਚ ਹਨ, (ਕਿਉਂਕਿ ਉਨ੍ਹਾਂ ਨੇ) ਵੱਡੇ ਖਜ਼ਾਨੇ (ਗੁਰੂ ਦੇ ਗਿਆਨ) ਨੂੰ ਅੰਗ ਸੰਗ ਕਰ ਲੀਤਾ ਹੈ। ਨੌਂ ਪ੍ਰਕਾਰ ਦੀ ਭਗਤੀ ਕਰਕੇ ਭਗਤ ਬਣੀਦਾ ਹੈ, ਪਰ ਗੁਰਮੁਖ ਨੇ ਨੌਂ ਪ੍ਰਕਾਰ ਦੇ ਭਰਮ-ਭੇਦ ਨੂੰ ਛੱਡ ਇੱਕ ਪ੍ਰੇਮਾ-ਭਗਤੀ ਨਾਲ ਲਿਵ ਲਾਈ ਹੈ। ਨੌਂ ਗ੍ਰਹਿ ਗ੍ਰਹਿਸਥ ਵਿਚ ਰਹਿਕੇ ਵੀ ਵਸ ਕਰ ਲਏ ਹਨ, ਇ ਪੂਰੇ ਸਤਿਗੁਰਾਂ ਦੀ ਮਹਾਨ ਵਡਿਆਈ ਦਾ ਹੀ ਕ੍ਰਿਸ਼ਮਾ ਹੈ। ਨੌਂ ਖੰਡ ਧਰਤੀ ਨੂੰ ਜਿੱਤ ਕੇ ਤੇ ਆਪ ਅਖੰਡ ਰਹਿੰਦੇ ਹਨ, ਨੌਂ ਦੁਆਰਿਆਂ (ਨੱਕ, ਅੱਖਾਂ, ਕੰਨ ਆਦਿ) ਨੂੰ ਜਿੱਤ ਕੇ, ਦਸਵੇਂ ਦੁਆਰ ਵਿਖੇ ਪੁਜ, ਸਵੈ ਸਰੂਪ ਦੇ ਨਿਜ ਘਰ ਵਿਚ ਜਾ ਪਹੁੰਚਦੇ ਹਨ। (ਜਿਵੇਂ) ਨੌਂ ਅੰਗਾਂ ਦੀ ਗਿਣਤੀ ਨੀਲ ਅਨੀਲ ਬੇਗਿਣਤੀ ਤਕ ਜਾ ਵਧਦੀ ਹੈ, (ਇਸੇ ਤਰ੍ਹਾਂ ਗੁਰਮੁਖ, ਨੌਂ ਗੋਲਕਾਂ ਨੂੰ ਸਾਧ ਕੇ ਸਹਿਜ ਪਦ ਵਿਖੇ ਲੀਨ ਹੋ ਜਾਂਦੇ ਹਨ)। ਗੁਰਮੁਖਾਂ ਨੂੰ, ਨਾ ਲਖੇ ਜਾਣ ਵਾਲੇ ਸੁਖਾਂ ਦਾ ਫਲ, ਨਜ਼ਰੀ ਆ ਜਾਂਦਾ ਹੈ। (ਬਸ, ਗੁਰਮੁਖ ਦੀ ਇਹੋ ਵਿਸ਼ੇਸ਼ਤਾ ਹੈ ਕਿ ਗੁਰਮੁਖ ਜਾਣ ਜਾਂਦਾ ਹੈ, ਤੇ ਨਾ ਜਾਣਨ ਵਾਲੇ ਭਟਕਦੇ, ਭਰਮਾਂ ਵਿਚ ਪਏ ਰਹਿੰਦੇ ਹਨ)।੯। ਸਨ੍ਯਾਸੀ ਦਸ ਨਾਵ ਧਰ ਸਚ ਨਾਂਵ ਵਿਣ ਨਾਂਵ ਗਣਾਯਾ॥
ਦਸ ਅਵਤਾਰ ਅਕਾਰ ਕਰ ਏਕੰਕਾਰ ਨਅਲਖ ਲਖਾਯਾ॥
ਤੀਰਥ ਪੁਰਬ ਸੰਜੋਗ ਵਿਚ ਦਸ ਪੁਰਬੀਂ ਗੁਰਪੁਰਬ ਨ ਪਾਯਾ॥
ਇਕ ਮਨ ਇਕ ਨ ਚੇਤਿਓ ਸਾਧ ਸੰਗਤ ਵਿਣ ਦਹਦਿਸ ਧਾਯਾ॥
ਦਸਦਹੀਆ ਦਸ ਅਸਮੇਧ ਖਾਇ ਅਮੁਧ ਨਿਖੇਧ ਕਰਾਯਾ॥
ਇੰਦਰੀਆਂ ਦਸ ਵਸ ਕਰ ਬਾਹਰ ਜਾਂਦਾ ਵਰਜ ਰਹਾਯਾ॥
ਪੈਰੀ ਪੈ ਜਗ ਪੈਰੀ ਪਾਯਾ ॥੧੦॥

ਸੰਨਯਾਸੀਆਂ ਨੇ ਦਸ ਨਾਮ ਧਰਾ ਕੇ, ਸੱਚੇ (ਪ੍ਰਭੂ ਦੇ) ਨਾਮ ਤੋਂ ਬਗੈਰ, ਵਾਧੂ (ਆਪਣਾ ਆਪ ਨਾਵਾਂ ਵਾਲਾ) ਗਿਣਾਇਆ, (ਗਰਬ ਕੀਤਾ)। ਦਸ ਅਵਤਾਰਾਂ ਦੇ ਸਰੂਪ ਬਣਾਏ, ਪਰ ਏਕੰਕਾਰ (ਪ੍ਰਭੂ ਜੀ ਨੇ ਉਨ੍ਹਾਂ ਨੂੰ) ਆਪਣੇ ਨਾ ਲਖੇ ਜਾਣ ਵਾਲੇ ਸਰੂਪ ਦਾ ਭੇਦ ਨਹੀਂ ਦਿੱਤਾ। ਤੀਰਥਾਂ ਦੇ ਪੁਰਬ ਸੰਜੋਗ ਕਰਕੇ (ਆਪਣੇ ਵਲੋਂ) ਵਡੇ ਮਹਾਤਮ ਵਾਲੇ ਬਣਾਏ, ਪਰ ਗੁਰਪੁਰਬ ਦੀ ਮਹਾਨਤਾ ਨੂੰ ਇਹ ਤੀਰਥ ਪੁਰਬ ਨਹੀਂ ਪਾ ਸਕਦੇ। (ਜਿਨ੍ਹਾਂ ਨੇ) ਇੱਕ ਮਨ ਹੋ ਕੇ ਇੱਕ (ਪਰਮੇਸ਼ਰ) ਨੂੰ ਨਹੀਂ ਯਾਦ ਕੀਤਾ, (ਭਾਵ) ਸਾਧ ਸੰਗਤ ਤੋਂ ਬਿਨਾਂ ਹੋਰ ਜੋ ਕੁਝ ਵੀ ਹੈ, ਉਹ ਦਹਦਿਸ਼ਾਂ ਵਿੱਚ ਭਟਕਣ ਦੇ ਸਮਾਨ ਹੈ। (ਮੁਸਲਮਾਨਾਂ ਦੇ) ਦਸ ਦਹੇ ਤੇ ਹਿੰਦੂਆਂ ਦੇ ਦਸ ਯੱਗ ਇਹ ਵੀ ਅਮੇਧ (ਅਪਵਿੱਤਰ) ਹਨ, ਇਸ ਕਰਕੇ ਇਹ ਨਿਖੇਪ ਹੋ ਗਏ, ਅਹਿੰਸਾ ਦੇ ਕਾਰਣ ਅਪਵਿੱਤਰ ਹੋ ਗਏ। (ਪਰ ਸਤਿਗੁਰੂ ਜੀ ਤੋਂ ਵਰੋਸਾਏ ਗੁਰਮੁਖਾਂ ਨੇ) ਦਸ ਇੰਦਰੀਆਂ ਆਪਣੇ ਅਧੀਨ ਕਰਕੇ (ਯਾਰਵੇਂ ਮਨ) ਨੂੰ ਵੀ ਬਾਹਰ ਵੱਲੋਂ ਹਟਾ ਕੇ, ਅੰਗਤਰ ਮੁਖੀ ਕਰ ਲਿਆ ਹੈ। (ਐਸੇ ਗੁਰਮੁਖ) ਪੈਰੀਂ ਪੈ ਕੇ (ਭਾਵ ਨਿਮ੍ਰਤਾ ਤੇ ਮਿਠਾਸ ਨਾਲ) ਜਗਤ ਨੂੰ ਚਰਣੀਂ ਲਾ ਲੈਂਦੇ ਹਨ ਭਾਵ ਨਿਵਾ ਲੈਂਦੇ ਹਨ।੧੦। ਇਕ ਮਨ ਹੋਇ ਇਕਾਦਸੀ ਗੁਰਮੁਖ ਵਰਤ ਪਤਿਬ੍ਰਤ ਭਾਯਾ॥
ਗਿਆਰਹ ਰੁਦ੍ਰ ਸਮੁਦ੍ਰ ਵਿਚ ਪਲਦਾ ਪਾਰਾਵਾਰ ਨ ਪਾਯਾ॥
ਗ੍ਯਾਰਹ ਕਸ ਗ੍ਯਾਰਹ ਕਸੇ ਕਸ ਕਸਵਟੀ ਕੱਸ ਕਸਾਯਾ॥
ਗਿਆਰਹ ਗੁਣ ਫੈਲਾਉ ਕਰ ਕੱਚ ਪਕਾਈ ਅਘੜ ਘੜਾਯਾ॥
ਗਿਆਰਹ ਦਾਉ ਚੜਾਉ ਕਰ ਦੂਜਾ ਭਾਉ ਕੁਦਾਉ ਹਰਾਯਾ॥
ਗਿਆਰਹ ਗੇੜਾ ਸਿਖ ਸੁਣ ਗੁਰਸਿਖ ਲੈ ਗੁਰਸਿਖ ਸਦਾਯਾ॥
ਸਾਧ ਸੰਗਤ ਗੁਰ ਸਬਦ ਵਸਾਯਾ ॥੧੧॥

ਗੁਰਮੁਖਾਂ ਦਾ ਵਰਤ ਇਕਾਧਸ਼ੀ ਇਹੋ ਹੈ ਕਿ ਉਹ ਇੱਕ ਮਨ (ਇਕਾਗਰ) ਹੋ ਕੇ ਪਤੀਬ੍ਰਤ (ਇਸਤ੍ਰੀ ਵਾਂਗ, ਇੱਕ ਪ੍ਰਭੂ ਦੀ) ਭਗਤੀ ਨੂੰ ਹੀ ਕਰਦੇ ਹਨ। ਹੋਰ ਵਰਤ ਨਹੀਂ ਭਾਉਂਦੇ। ਸੰਸਾਰ ਵਿਚ ੧੧ ਸ਼ਿਵਜੀ ਹੋਏ ਹਨ, ਜਿਨ੍ਹਾਂ ਨੇ (ਪ੍ਰਭੂ ਦੀ) ਇੱਕ ਪਲ ਦੀ ਵੀ ਖਬਰ ਨਹੀਂ ਪਾਈ। ਯਾਰਾਂ (੫ ਕਰਮ ਤੇ ੫ ਗਿਆਨ ਇੰਦ੍ਰਆਂ ਵਾਲਾ ਯਾਰਵਾਂ ਮਨ ਆਪ) ਕਾਬੂ ਕੀਤੇ ਤੇ ੧੧ ਹੀ (ਅੱਗੋਂ ਇਨ੍ਹਾਂ ਇੰਦ੍ਰੀਆਂ ਦੀਆਂ ਖਾਹਿਸ਼ਾਂ) ਕੱਸੇ (ਤੇ ਫੇਰ ਇੱਕ ਪ੍ਰਭੂ ਭਗਤੀ) ਕਸਵੱਟੀ ਨਾਲ ਕਸ ਲਾ ਕੇ (ਮਨ ਨੂੰ) ਸ਼ੁੱਧ ਕਤਿਾ। ੧੧ ਗੁਣਾਂ ਵਾਲੇ ਨੂੰ ੧੧ ਹੀ ਪਾਸਿਆਂ ਦੇ ਫੈਲਾਉ ਵਾਂਗ, ਵੱਡਾ ਫੈਲਾਉ ਕਰਕੇ, ਅਖੜ (ਕੱਚੇ) ਨੂੰ ਘੜ ਕੇ ਪੱਕਾ ਕੀਤਾ। ਯਾਰਾਂ ਨਾਲ ਮਨ ਨੂੰ ਸੋਧਿਆ (ਭਾਵ ਪੱਕਾ ਕਰਕੇ) ਦੂਜਾ-ਭਾਵ (ਦੁਬਿਧਾ) ਮਨ ਦਾ ਖੋਟਾ ਸੁਭਾਅ ਖਤਮ ਕਰ ਦਿੱਤਾ ਹੈ (ਹਰਾ ਦਿੱਤਾ ਹੈ)। ਯਾਰਾਂ ਇੰਦ੍ਰਿਆਂ ਵਾਲੇ ਮਨ ਨੂੰ (ਸੰਸਾਰ ਵੱਲੋਂ) ਗੇੜ ਕੇ (ਪੁੱਠਾ ਕਰਕੇ) ੧੧ ਵੇਰ ਗੁਰਮੰਤ੍ਰ ਤੇ ਗੁਰੂ ਸਿੱਖਿਆ ਦ੍ਰਿੜ੍ਹ ਕਰਾਈ, (ਤਾਂ ਜਾ ਕੇ) ਸਿੱਖ ਸਦਵਾਇਆ। ਸਾਧ ਸੰਗਤ ਵਿਚ ਗੁਰ-ਸ਼ਬਦ ਹੈ, (ਜਿਥੋਂ ਲੈ ਕੇ, ਸਿੱਖ ਨੇ ਮਨ ਵਿਚ) ਵਸਾ ਲਿਆ ਹੈ।੧੧। ਬਾਰਹ ਪੰਥ ਸੁਧਾਇਕੈ ਗੁਰਮੁਖ ਗਾਡੀ ਰਾਹ ਚਲਾਯਾ॥
ਸੂਰਜ ਬਾਰਹਮਾਹ ਵਿਚ ਸਸੀਅਰ ਇਕਤੁ ਮਾਹਿ ਫਿਰਾਯਾ॥
ਬਾਰਹ ਸੋਲਹ ਮੇਲ ਕਰ ਸਸੀਅਰ ਅੰਦਰ ਸੂਰ ਸਮਾਯਾ॥
ਬਾਰਹ ਤਿਲਕ ਮਿਟਾਇਕੈ ਗੁਰਮੁਖ ਤਿਲਕ ਨੀਸਾਣ ਚੜਾਯਾ॥
ਬਾਰਹ ਰਾਸੀਂ ਸਾਧ ਕੈ ਸੱਚ ਰਾਸ ਰਹਿਰਾਸ ਲੁਭਾਯਾ॥
ਬਾਰਹ ਵੰਨੀ ਹੋਇ ਕੈ ਬਾਰਹ ਮਾਸੇ ਤੋਲ ਤੁਲਾਯਾ॥
ਪਾਰਸ ਪਾਰਸ ਪਰਸ ਕਰਾਯਾ ॥੧੨॥

ਜੋਗੀਆਂ ਦੇ ੧੨ ਪੰਥਾਂ ਨੂੰ ਸੋਧ ਕੇ, ਗੁਰਮੁਖ ਗਾਡੀ ਰਾਹ ’ਤੇ ਚਲਦੇ ਹਨ। ਸੂਰਜ ੧੨ ਮਹੀਨਿਆਂ ਵਿਚ ਚੰਦਰਮਾਂ ਇੱਕ ਮਹੀਨੇ ਵਿਚ ਹੀ ਪਰਦੱਖਣਾ ਕਰ ਲੈਂਦਾ ਹੈ। (ਭਾਵ ਜੋ ਕੰਮ ਤਾਮਸੀ ਨਾਲ ਕਰੇ, ਉਹ ਸਤੋ ਗੁਣ, ਸ਼ਾਂਥੀ ਤੇ ਮਿੱਠੇ ਸੁਭਾ ਨਾਲੋਂ ੧੨ ਗੁਣਾਂ ਵਧ ਸਮੇਂ ਵਿਚ ਮੁਸ਼ਕਿਲ ਨਾਲ ਹੁੰਦਾ ਹੈ)। ਬਾਰਾਂ- ਮਨ, ਬੁਧ ਤੇ ਇੰਦ੍ਰੇ, ਸੋਲਾਂ-ਮਨ, ਤਤ ਤੇ ਪ੍ਰਾਣਾਂ, ਨੂੰ ਇੱਕਠੇ ਕਰਕੇ ਇੱਕ ਸਤੋ ਗੁਣੀ ਘਰ ਵਿਚ ਜਾ ਸਮਾਇਆ (ਭਾਵ ਤਾਮਸੀ ਤੇ ਹੋਰ ਅਉਗੁਣਾਂ ਨੂੰ ਮੇਟ ਦਿੱਤਾ) ਹੈ। ਜੋਗੀ-ਪੰਥਾਂ ਦੇ ੧੨ ਤਿਲਕ (ਨਿਸ਼ਾਨਾਂ) ਨੂੰ ਮੇਟ ਕੇ, ਗੁਰਮੁਖ ਦੇ ਮੱਥੇ ’ਤੇ ਇਕੋ ਨਿਸ਼ਾਨ (ਗੁਰਮੁਖਤਾਈ) ਵਧ ਚੜ੍ਹ ਕੇ ਪ੍ਰਗਟ ਹੋ ਜਾਂਦਾ ਹੈ। ੧੨ ਰਾਸਾਂ ਨੂੰ ਸਾਧ, ਜ਼ਿੱਤ ਕੇ (ਛੱਡ ਕੇ) ਇਕੋ ਸੱਚੀ ਰਾਸ (ਹਰਿ ਧਨ ਦੀ) ਰਹਰਾਸਿ (ਰਹੁਰੀਤੀ) ਕੀਤੀ ਹੈ। (ਇਸ ਗੁਰਮਤਿ ਰਹੁਰੀਤੀ ’ਤੇ ਚਲ ਕੇ) ਬਾਰਾਂ ਵੰਨੀਆਂ ਦਾ ਹੋ ਕੇ (ਮੁਕੰਮਲ ਸ਼ੁੱਧ ਹੋ ਕੇ) ਫਿਰ ੧੨ ਮਾਸੇ ਦਾ ਤੋਲਾ ਹੋ ਕੇ ਤੋਲ ਤੇ ਤੁਲਾਇਆ ਜਾਂਦਾ ਹੈ। ਪਾਰਸ (ਸੱਚੀ ਗੁਰਮਤਿ ਰਹੁਰੀਤੀ ਤੇ ਗੁਰ-ਉਪਦੇਸ਼) ਨਾਲ ਲੱਗ ਕੇ (ਗੁਰਮੁਖ ਆਪ) ਪਾਰਸ ਦਾ ਰੂਪ ਬਣ ਜਾਂਦੇ ਹਨ।੧੨। ਤੇਰਹ ਤਾਲ ਅਊਰਿਆ ਗੁਰਮੁਖ ਸੁਖ ਤਪ ਤਾਲ ਪੁਰਾਯਾ॥
ਤੇਰਹ ਰਤਨ ਅਕਾਰਥੇ ਗੁਰ ਉਪਦੇਸ਼ ਰਤਨ ਧਨ ਪਾਯਾ॥
ਤੇਰਹ ਪਦ ਕਰ ਜਗ ਵਿਚ ਪਿਤਰ ਕਰਮ ਕਰ ਭਰਮ ਭੁਲਾਯਾ॥
ਲਖ ਲਖ ਜੱਗ ਨ ਪੁਗਨੀ ਗੁਰਸਿਖ ਚਰਣੋਦਕ ਪੀਆਯਾ॥
ਜਗ ਭੋਗ ਨਈਵੲਦ ਲੱਖ ਗੁਰਮੁਖ ਮੁਖ ਇਕ ਦਾਣਾ ਪਾਯਾ॥
ਗੁਰ ਭਾਈ ਸੰਤੁਸ਼ ਕਰ ਗੁਰਮੁਖ ਸੁਖ ਫਲ ਪਿਰਮ ਚਖਾਯਾ॥
ਭਗਤ ਵਛਲ ਹੁਇ ਅਛਲ ਛਲਾਯਾ ॥੧੩॥

ਤੇਰਾਂ ਤਾਲ ਨਾ- ਮੁਕੰਮਲ ਹਨ, ਗੁਰਮੁਖ (ਹੀ ਹਨ, ਜਿਨ੍ਹਾਂ ਨੇ) ਸੁਖਾਂ ਦਾ ਤਾਲ (ਪ੍ਰਭੂ ਭਗਤੀ ਨਾਲ) ਪੂਰਾ ਕੀਤਾ ਹੈ। ਤੇਰਾਂ ਰਤਨ ਵਿਅਰਥ ਹਨ, ਗੁਰੂ ਦਾ ਉਪਦੇਸ਼ ਰੂਪ ਰਤਨ ਵੱਡਾ ਧਨ ਹੈ, (ਜੋ ਗੁਰਮੁਖਾਂ ਨੇ) ਪ੍ਰਾਪਤ ਕੀਤਾ ਹੈ। ਸੰਸਾਰ ਵਿਚ ਤੇਰਾ ਤਰ੍ਹਾਂ ਦੇ ਕਰਮ-ਕਾਂਡ, ਮ੍ਰਿਤ-ਕਰਮ ਆਦਿ ਬਣਾ ਕੇ, ਭਰਮਾਂ ਵਿਚ ਪਾ ਕੇ ਕੁਰਾਹੇ ਪਾ ਦਿੱਤਾ ਹੈ, (ਪਰ) ਗੁਰੂ ਸਾਹਿਬ ਦੇ ਸਿੱਖਾਂ ਦੇ ਚਰਣਾਂ ਦੀ ਧੋਣ (ਚਰਦੋਦਕ) ਦੀ ਮਹਾਨਤਾ ਤੀਕ ਲੱਖਾਂ ਜੱਗ ਵੀ ਨਹੀਂ ਪੁੱਜ ਸਕਦੇ, ਜਿਸ ਨੂੰ ਗੁਰਸਿੱਖ ਪੀ ਕੇ (ਅਗਮ) ਨਿਗਮ ਦੀ ਸੋਝੀ ਵਾਲੇ ਹੋ ਜਾਂਦੇ ਹਨ। ਲੱਖਾਂ ਜੱਗਾਂ ਤੇ ਭੋਜਨ ਦੇ ਭੰਡਾਰਿਆਂ ਦਾ ਫਲ ਗੁਰਸਿੱਖ ਦੇ ਮੂੰਹ ਵਿਚ ਇੱਕ ਦਾਣਾ (ਭਾਵ ਰੁਖਾ ਮਿੱਸਾ) ਪਾਉਣ ਨਾਲ ਮਿਲ ਜਾਂਦਾ ਹੈ। (ਗੁਰਮੁਖ) ਗੁਰ ਸਿੱਖ ਭਾਈਆਂ ਨੂੰ ਪ੍ਰਸੰਨ ਕਰਕੇ, ਸੁਖਾਂ ਦੇ ਫਲ ਤੇ ਵੱਡੇ ਪ੍ਰੇਮ-ਰਸ ਨੂੰ ਚੱਖਦੇ ਹਨ। ਭਗਤਾਂ ਦੇ ਸਹਾਈ ਹੋਣ ਕਰਕੇ ਭਗਵਾਨ ਜੀ ਆਪ ਭਗਤਾਂ ਦੇ ਪ੍ਰੇਮ ਦੇ ਅਧੀਨ ਹੋ ਕੇ, ਆਪੇ ਹੀ ਆਪਣੇ ਆਪ ਨੂੰ, ਭਗਤਾਂ ਕੋਲੋਂ ਛਲਾ ਲੈਂਦੇ ਹਨ।੧੩। ਚੌਦਹ ਵਿਦ੍ਯਾ ਸਾਧ ਕੈ ਗੁਰਮਤ ਅਬਗਤਿ ਅਕਥ ਕਹਾਣੀ॥
ਚਉਦਹ ਭਵਨ ਉਲੰਘ ਕੈ ਨਿਜ ਘਰ ਵਾਸ ਨੇਹੁ ਨਿਰਬਾਣੀ॥
ਪੰਦ੍ਰਹ ਥਿਤੀਂ ਪਖ ਇਕ ਕ੍ਰਿਸ਼ ਸ਼ੁਕਲ ਦੁਇ ਪਖ ਨੀਸਾਣੀ॥
ਸੋਲਹ ਸਾਰ ਸੰਘਾਰ ਕਰ ਜੋੜਾ ਜੁੜਿਆ ਨਿਰਭਉ ਜਾਣੀ॥
ਸੋਲਹ ਕਲਾ ਸੰਪੂਰਣੋ ਸਸਿ ਘਰ ਸੂਰਜ ਵਿਰਤੀ ਹਾਣੀ॥
ਸੋਲਹ ਨਾਰ ਸੀਂਗਾਰ ਕਰ ਸੇਜ ਭਤਾਰ ਪਿਰਮ ਰਸਮਾਣੀ॥
ਸ਼ਿਵ ਤੈ ਸਕਤਿ ਸਤਿ ਰਹਵਾਣੀ ॥੧੪॥

ਚਉਦਹ ਵਿਦਿਆ ਨੂੰ (ਜਾਨਣ ਵਾਲੇ) ਸਾਧ ਕੇ, ਗੁਰਮਤਿ ਦੀ ਨਾ ਚਲਾਇਮਾਨ ਹੋਣ ਵਾਲੀ ਅਕਥ ਕਥਾ (ਨੂੰ ਗੁਰਮੁਖ ਕਰਦੇ ਹਨ)। ਚਉਦਹ ਭਵਨਾਂ ਨੂੰ ਲੰਘ ਕੇ ਆਪਣੇ ਸਵੈ-ਸਰੁਫ ਵਿਚ, ਪ੍ਰੇਮ ਰਸ ਵਾਲੇ, ਨਿਰਬਾਣ (ਸਹਜ) ਪਦ ਨੂੰ ਧਾਰਣ ਕਰਕੇ ਜਾ ਵਸਦੇ ਹਨ। ਪੰਦਰਾਂ ਥਿੱਤਾਂ ਤੇ (ਇੱਕ ਮਹੀਨੇ ਵਿਚ) ਦੋ ਪੱਖ ਹਨ-ਕ੍ਰਿਸ਼ਨ ਤੇ ਸ਼ੁਕਲ (ਹਨੇਰਾ ਤੇ ਚਾਨਣਾ) । ਸੋਲਾਂ ਨਰਦਾਂ (ਵਾਲੀ ਚਉਪੜ ਦੀ ਬਾਜੀ ਵਿਚ ਸਭ) ਨੂੰ ਮਾਰ ਕੇ ਜਦ (ਜਿਸਦਾ ਵੀ) ਜੈੜਾ ਜੁੜ ਗਿਆ, ਤਾਂ ਬਾਕੀ ਹਾਰਨ ਦਾ ਡਰ ਮੁੱਕ ਗਿਆ। ਸੋਲਾਂ ਕਲਾਂ ਸੰਪੂਰਣ ਹੋਣ ਮਗਰੋਂ (ਜਦੋਂ) ਚੰਦਰਮਾਂ ਸੂਰਜ ਘਰ ਵਿਚ ਦਾਖਲ ਹੋਇਆ, ਪੂਰਨਮਾਸ਼ੀ ਮਗਰੋਂ ਚੰਦਰਮਾਂ ਦਾ ਹਨੇਰਾ ਪੱਖ ਲੱਗਦਾ ਹੈ, ਮਤਲਬ ਕਿ ਚੰਦਰਮਾਂ ਦਿਨੇ ਸੂਰਜ ਦੇ ਘਰ ਜਾਣਾ ਸ਼ੁਰੂ ਹੋ ਜਾਂਦਾ ਹੈ, ਤੇ ਸੂਰਜ ਦੇ ਤੇਜ ਵਿਚ ਦਿਸਦਾ ਨਹੀਂ, ਭਾਵ ਉਸਨੂੰ (ਦੂਜੇ ਘਰ ਵਿਚ ਜਾਣ ਕਰਕੇ ਘਾਟਾ ਵਰਤ ਜਾਂਦਾ ਹੈ)। ਇਸਤ੍ਰੀ (ਜਗਯਾਸੂ ਦੇ ਰੂਪ ਵਿਚ) ਸੋਲਾਂ (ਭਗਤੀ ਦੇ ਗੁਣਾਂ ਨੂੰ) ਸ਼ਿੰਗਾਰ ਕਰਕੇ (ਹਿਰਦੇ ਮੰਦਰ) ਦੀ ਸੇਜਾ ’ਤੇ ਪਿਆਰੇ (ਪ੍ਰਭੂ ਦਾ ਪ੍ਰੇਮ) ਆਨੰਦ ਮਾਣਦੀ (ਸਵੈ-ਪਦ ਵਿਚ ਪੁਜਦੀ) ਹੈ। ਸ਼ਿਵ ਤੇ ਸ਼ਕਤੀ ਦੀਆਂ ੧੭ ਬਾਣੀਆਂ ਹਨ। (ਸ਼ਕਤੀ ਮਾਇਆ ਦੀਆਂ ੧੬ ਕਲਾਂ ਹਨ-ਪ੍ਰਾਣਾਂ ਦੀਆਂ ੧੦, ੫ ਤੱਤ ਤੇ ਇੱਕ ਮਨ)। ਸ਼ਿਵ (ਪ੍ਰਭੂ) ਦੀ ਇਕੋ ਕਲਾ (ਏਕਤਾ) ਹੈ। ਉਹ ਸਭ ਨੂੰ ਸਮੇਟ ਕੇ ਫਿਰ ਇੱਕ ਦਾ ਇੱਕ ਹੋ ਜਾਂਦਾ ਹੈ। ਇਸ ਤਰ੍ਹਾਂ ੧੭ ਸ਼ਕਤੀਆਂ ਹਨ।੧੪। ਗੋਤ ਅਠਾਰਹ ਸਾਧਕੈ ਪੜ੍ਹ ਪੌਰਾਣ ਅਠਾਰਹ ਭਾਈ॥
ਉੱਨੀ ਵੀਹ ਇਕੀਹ ਲੰਘ ਬਾਈ ਉਮਰੇ ਸਾਧ ਨਿਵਾਈ॥
ਸੰਖ ਅਸੰਖ ਲੁਟਾਇ ਕੈ ਤੇਈ ਚੌਵੀ ਪੰਝੀ ਪਾਈ॥
ਛਬੀ ਜੋੜ ਸਤਾਈਆ ਆਣ ਅਠਾਈ ਮੇਲ ਮਿਲਾਈ॥
ਉਲੰਘ ਉਣਤੀਹ ਤੀਹ ਸਾਧ ਲੰਘੇ ਤੀਹ ਇਕਤੀਹ ਵਧਾਈ॥
ਸਾਧ ਸੁਲੱਖਣ ਬਤੀਏ ਤੇਤੀ ਧ੍ਰੂ ਚਉਫੇਰ ਫਿਰਾਈ॥
ਚਉਤੀ ਲੇਖ ਅਲਖ ਲਖਾਈ ॥੧੫॥

(ਗੁਰਸਿੱਖ ਨੇ) ਅਠਾਰਾਂ ਜਾਤਾਂ-ਗੋਤਾਂ ਨੂੰ ਸੋਧ ਸਾਧ ਕੇ ਅਠਾਰਾਂ ਪੁਰਾਣਾਂ ਨੂੰ ਵੀ, ਹੇ ਭਾਈ! ਪੜ੍ਹ ਲੀਤਾ ਹੈ। ਉੱਨੀ (ਊਨਤਾ, ਕਮੀਆਂ) ਵੀਹ (ਸੰਸਾਰ ਰੂਪ ਗਲੀ) ਤੇ ੨੧ (ਪੁਰੀਆਂ) ਨੂੰ ਲੰਘ ਕੇ, ੨੨ ਉਮਰਾਵਾਂ ਵਾਲੀ ਸਾਧਾਂ ਵਾਲੀ (ਸ਼ੁਭ ਕਰਨੀ ਨਾਲ) ਨਿਵਾ ਲਈ ਹੈ। ਅਨਗਿਣਤ ਸੰਖਾਂ, ਅਸੰਖਾਂ ਨੂੰ ਲੁਟਾ ਕੇ (ਭਾਵ ਲੁਟ ਕੇ, ਫ਼ਤਹਿ, ਕਰਕੇ) ਤੇਈ (੧੮ ਸਿੱਧੀਆਂ, ਤੇ ਪੰਜ ਸੰਤੋਖ ਆਦਿ ਗੁਣ), ਚੌਵੀ (ਅਵਤਾਰਾਂ) ਤੇ ਪੰਝੀ (ਪ੍ਰਕ੍ਰਿਤੀਆਂ ਦੀ ਜਾਣਕਾਰੀ) ਪਾ ਲਈਆਂ ਹਨ, (ਭਾਵ ਤ੍ਰਿਲੋਕੀ ਤੇ ਤਿੰਨੇ ਸਤਾਈਵਾਂ (ਨੱਛਤਰਾਂ ਦਾ ਮੇਲ) ਜੋੜ ਕੇ ੨੮ਵਾਂ (ਰੇਵਤੀ ਨੱਛਤਰ ਨਾਲ ਲਿਆ) ਮੇਲਿਆ ਹੈ। ੨੮ ਦਿਨ (ਲੌਂਦ ਦੇ) ਉਲੰਘ ਕੇ, ਤੀਹ ਰੋਜ਼ਿਆਂ ਨੂੰ ਸਾਧ ਕੇ, ੩੧ ਵਾਂ (ਸਿੰਮ੍ਰਤੀਆਂ ਦੀ) ਲੰਘਣ ਮਗਰੋਂ ਖੁਸ਼ੀ ਮਨਾਉਂਦੇ ਹਨ। (ਐਸੇ ਗੁਰਮੁਖ) ੩੨ ਸੁਲੱਖਣੇ (ਚੰਗੇ ਭਾਗਾਂ ਵਾਲੇ ਹਨ), ੩੩ ਕਰੋੜ ਦੇਵਤੇ ਜੋ ਧਰੂ ਦੇ ਦੁਆਲੇ ਫਿਰਦੇ ਹਨ ਸਭ ਸਾਧੇ ਜਾਣ ਲਏ ਹਨ। ਚੌਂਤੀ ਅੱਖਰਾਂ ਦੇ ਲੇਖੇ ਤੋਂ ਸੰਤ ਅਲੇਖ ਹੋ ਗਏ ਹਨ, (ਭਾਵ ਅਲੇਖ, ਨਾ ਜਾਣੇ ਜਾਣ ਵਾਲੇ ਪ੍ਰਭੂ ਨੂੰ ਜਾਣ ਗਏ ਹਨ)। ਨੋਟ ਇਸ ਅੱਖਰਾਂ ਦੀ ਗਿਣਤੀ ਦਾ ਭਾਵ ਇਹ ਹੈ ਕਿ ਹੋਰਸ ਭ ਕੁਝ ਸੰਸਾਰਕ ਤੇ ਪ੍ਰਮਾਰਥਕ ਲੋਕ, ਜਿੰਨੇ ਵੀ ਵਡੇ ਜਾਂ ਪ੍ਰਸਿੱਧ ਹਨ, ਉਹ ਸਭ ਗਿਣਤੀ ਦੇ ਦਾਇਰੇ ਵਿਚ ਹਨ, ਪਰ ਗੁਰਮੁਖ ਇਨ੍ਹਾਂ ਸਭ ਵੱਡੀਆਂ ਤੇ ਪ੍ਰਸਿੱਧ ਗਿਣਤੀਆਂ ਨੂੰ ਲੰਘਕੇ, ਇੱਕ ਨਿਰਗੁਣ ਪ੍ਰਭੂ ਦੇ ਸਰੂਪ ਵਿਚ ਅਭੇਦ ਹੋ, ਅਲੋਪ ਹੋ ਵਰਤਦੇ ਹਨ।੧੫। ਵੇਦ ਕਤੇਬਹੁੰ ਬਾਹਰਾ ਲੇਖ ਅਲੇਖ ਨ ਲਖਿਆ ਜਾਈ॥
ਰੂਪ ਅਨੂਪ ਅਚਰਜ ਹੈ ਦਰਸ਼ਨ ਦ੍ਰਿਸ਼ਟਿ ਅਗੋਚਰ ਭਾਈ॥
ਇਕ ਕਵਾਉ ਪਸਾਉ ਕਰ ਤੋਲ ਨ ਤੁਲਾ ਧਰਨ ਸਮਾਈ॥
ਕਥਨੀ ਬਦਨੀ ਬਾਹਰਾ ਥਕੇ ਸਬਦ ਸੁਰਤ ਲਿਵ ਲਾਈ॥
ਮਨ ਬਚ ਕਰਮ ਅਗੋਚਰਾ ਮਤਿ ਬੁਧ ਸਾਧ ਕਿ ਸੋਝੀ ਪਾਈ॥
ਅਛਲ ਅਛੇਦ ਅਭੇਦ ਹੈ ਭਗਤ ਵਛਲ ਸਾਧ ਸੰਗਤਿ ਛਾਈ॥
ਵਡਾ ਆਪ ਵਡੀ ਵਡਿਆਈ ॥੧੬॥

(ਉਹ ਬੇਅੰਤ ਪਰਮੇਸ਼ਰ) ਵੇਦਾਂ ਕਤੇਬਾਂ ਤੋਂ ਬਾਹਰਾ ਹੈ (ਇਨ੍ਹਾਂ ਗ੍ਰੰਥਾਂ ਦੀ ਪੜ੍ਹਾਈ ਨਾਲ ਨਹੀਂ ਜਾਣਿਆਂ ਜਾ ਸਕਦਾ) ਉਹ ਅਲੇਖ ਲੇਖਿਆਂ ਨਾਲ ਵੀ ਨਹੀਂ ਸੁਝ ਸਕਦਾ। ਅਨੂਪਮ ਤੇ ਅਸਚਰਜ ਰੂਪ ਵਾਲਾ ਹੈ। ਜਿਸ ਦਾ ਦਰਸ਼ਨ ਇਹਨਾਂ ਸੰਸਾਰੀ ਨੇਤਰਾਂ ਨਾਲ ਨਹੀਂ ਹੋ ਸਕਦਾ, ਹੇ ਭਾਈ! (ਉਸ ਪ੍ਰਭੂ ਨੇ) ਇਕੋ ਬਚਨ ਨਾਲ ਹੀ ਇਹ ਸਾਰਾ ਪਸਾਰਾ ਕਰ ਦਿੱਤਾ ਹੈ। ਜਿਸ ਨੂੰ ਤੋਲਿਆ ਨਹੀਂ ਜਾ ਸਕਦਾ, ਉਹ ਸ੍ਰਿਸ਼ਟੀ ਵਿਚ ਹੀ ਸਮਾਇਆ ਹੋਇਆ ਹੈ। ਉਹ ਕਥਨੀ ਬਦਨੀ ਤੋਂ ਬਾਹਰ ਹੈ, (ਲੋਕ) ਕਥਾਵਾਂ ਤੇ ਕਵੀਸ਼ਰੀਆਂ ਜੋੜ ਜੋੜ ਥੱਕ ਗਏ ਹਨ। (ਪਰ ਗੁਰਮੁਖਾਂ ਨੇ) ਸ਼ਬਦ ਤੇ ਸੁਰਤ ਦੀ ਲਿਵ ਲਾੲ ਹੋਈ ਹੈ। (ਉਹ) ਮਨ ਬਾਣੀ ਤੇ ਕਰਮ ਦੇ ਗੋਚਰੇ ਨਹੀਂ, ਭਾਵ ਅਗੋਚਰ ਹੈ। ਮਨ, ਬੁਧੀ ਤੇ ਸਾਧਨਾ (ਉਸਨੂੰ ਲੱਭਦੀ ਲੱਭਦੀ ਥੱਕ ਗਈ ਹੈ)। (ਉਹ) ਅਛਲ, ਅਛੇਦ ਤੇ ਅਭੇਦ ਹੈ, ਪਰ ਭਗਤ ਵਛਲ ਹੋਣ ਕਰਕੇ ਸਾਧ ਸੰਗਤ ਵਿਚ ਸਮਾ ਰਿਹਾ ਹੈ। ਉਹ (ਵੱਡੇ ਤੋਂ) ਵੱਡਾ ਹੈ, ਤੇ ਉਸਦੀ ਵਡਿਆਈ (ਮਹਿਮਾ) ਭੀ ਬਹੁਤ ਵੱਡੀ ਹੈ, ਭਾਵ ਕਿਸੇ ਲਖਤ ਵਿਚ ਆਉਣ ਵਾਲਾ ਨਹੀਂ ਹੈ।੧੬। ਵਣ ਵਣ ਵਿਚ ਵਣਾਸਪਤਿ ਰਹੈ ਉਜਾੜ ਅੰਦਰ ਅਸਵਾਰੀ॥
ਚੁਣ ਚੁਣ ਅੰਜਣ ਬੂਟੀਆਂ ਪਤਿਸ਼ਾਹੀ ਬਾਗ ਲਾਇ ਸਵਾਰੀ॥
ਸਿੰਜ ਸਿੰਜ ਬਿਰਖ ਵਡੀਰੀਅਨਿ ਸਾਰ ਸਮ੍ਹਾਲ ਕਰਨ ਵੀਚਾਰੀ॥
ਹੋਨਿ ਸਫਲ ਰੁਤਿ ਆਈਐ ਅੰਮ੍ਰਿਤ ਫਲ ਅੰਮ੍ਰਿਤਸਰ ਭਾਰੀ॥
ਬਿਰਖਹੁੰ ਸਾਉ ਨ ਆਵਈ ਫਲ ਵਿਚ ਸਾਉ ਸੁਗੰਧ ਸੰਜਾਰੀ॥
ਪੂਰਨ ਬ੍ਰਹਮ ਜਗਤ੍ਰ ਵਿਚ ਗੁਰਮੁਖ ਸਾਧ ਸੰਗਤ ਨਿਰੰਕਾਰੀ॥
ਗੁਰਮੁਖ ਸੁਖ ਫਲ ਅਪਰ ਅਪਾਰੀ ॥੧੭॥

ਉਜਾੜ ਦੇ ਵਣਾਂ ਵਣਾਂ ਵਿਚ ਵਨਾਸਪਤੀ ਪੱਤੇ ਤੋਂ ਬਿਨਾਂ ਹੀ (ਗੁਪਤ) ਰਹਿੰਦੀ ਹੈ। (ਪਰ ਮਾਲੀ ਲੋਕ ਉਨ੍ਹਾਂ ਨੂੰ ਲੱਭ ਕੇ) ਪੌਦੇ ਚੁਣ ਚੁਣ ਕੇ ਬੂਟੀਆਂ ਲੈ ਆਉਂਦੇ ਤੇ ਸ਼ਾਹੀ ਬਾਗਾਂ ਵਿਚ ਬਣਾ ਸੰਵਾਰ ਕੇ ਲਾਉਂਦੇ ਹਨ। ਪਾਣੀ ਦੇ ਦੇ ਕੇ ਬੂਟੇ ਵਡੇ ਕੀਤੇ ਜਾਂਦੇ ਹਨ ਤੇ ਸਿਆਣੇ ਮਾਲੀ ਉਹਨਾਂ ਦੀ ਸਾਰ ਸੰਭਾਲ ਕਰਦੇ ਹਨ। ਰੁਤ (ਭਾਵ ਸਮਾਂ) ਆਉਣ ’ਤੇ ਉਹ ਫਲਾਂ ਵਾਲੇ ਹੁੰਦੇ ਹਨ, ਜਿਨ੍ਹਾਂ ਫਲਾਂ ਵਿਚ ਅੰਮ੍ਰਿਤ ਰਸ ਬੜਾ ਹੁੰਦਾ ਹੈ। (ਫਲ ਵਿਚ ਤਾਂ ਰਸ ਹੈ) ਪਰ ਬ੍ਰਿਛ ਨੂੰ ਉਸ ਰਸ ਦਾ ਸਵਾਦ ਨਹੀਂ, ਫਲਾਂ ਵਿਚ ਭਾਵੇਂ ਰਸ ਤੇ ਸੁਗੰਧੀ ਦੋਵੇਂ ਚੀਜਾਂ ਹਨ। (ਇਸੇ ਤਰ੍ਹਾਂ) ਸਾਰੇ ਜਗਤ ਵਿਚ ਬ੍ਰਹਮ (ਪਰਮੇਸ਼ਰ) ਤਾਂ ਪਰੀ ਪੂਰਨ ਹੈ, ਪਰ ਗੁਰਮੁਖਾਂ ਦੀ ਸਾਧ ਸੰਗਤ ਵਿਚ ਨਿਰੰਕਾਰ ਦਾ ਰੂਪ ਵੱਸਦਾ ਹੈ। ਗੁਰਮੁਖ ਹੀ ਸੁਖਾਂ ਦੇ ਫਲ ਰੂਪ ਹਨ, ਜੋ ਅਪਰ ਅਪਾਰ ਹਨ, (ਪਰ ਬ੍ਰਿਛ ਵਾਂਗਰ ਆਮ ਜਗਤ ਨੂੰ ਇਸ ਦਾ ਰਸ ਪ੍ਰਾਪਤ ਨਹੀਂ ਹੁੰਦਾ।੧੭। ਅੰਬਰ ਨਦਰੀ ਆਂਵਦਾ ਕੇਵਡ ਵਡਾ ਕੋਇ ਨ ਜਾਣੈ॥
ਊਚਾ ਕੇਵਡ ਆਖੀਐ ਸੁੰਨ ਸਰੂਪ ਨ ਆਖ ਵਖਾਣੈ॥
ਲੈਣ ਉਡਾਰੀ ਪੰਖਣੂ ਅਨਲ ਮਨਲ ਉਡ ਖਬਰ ਨ ਆਣੈ॥
ਓੜਕ ਮੂਲ ਨ ਲਭਈ ਸਭੇ ਹੋਇ ਫਿਰਨ ਹੈਰਾਣੈ॥
ਲਖ ਅਗਾਸ ਨ ਅਪੜਨ ਕੁਦਰਤਿ ਕਾਦਰ ਨੋਂ ਕੁਰਬਾਣੈ॥
ਪਾਰਬ੍ਰਹਮ ਸਤਿਗੁਰ ਪੁਰਖ ਸਾਧ ਸੰਗਤਿ ਵਾਸਾ ਨਿਰਬਾਣੈ॥
ਮੁਰਦਾ ਹੋਇ ਮੁਰੀਦ ਸਿਞਾਣੈ ॥੧੮॥

ਆਕਾਸ਼ ਨਜ਼ਰ ਤਾਂ ਆ ਰਿਹਾ ਹੈ, ਪਰ ਕਿਤਨਾ ਕੁ ਹੈ, ਇਸ ਦਾ ਪਤਾ ਨਹੀਂ ਲੱਗਦਾ। ਉੱਚਾ ਕਿੰਨਾ ਕੁ ਕਹੀਏ (ਉਹ) ਤਾਂ ਸੁੰਨ ਸਰੂਪ ਹੈ, (ਕੋਈ ਕੀ) ਆਖੇ ਜਾਂ ਦੱਸੇ। ਅਨਲ ਪੰਛੀ (ਜੋ ਰਹਿੰਦਾ ਹੀ ਆਕਾਸ਼ ਵਿਚ ਹੈ) ਉਚੀਆਂ ਉਡਾਰੀਆਂ ਲਾਉਂਦਾ ਹੈ, ਪਰ ਉਹ ਵੀ ਕੋਈ (ਉਚਾਈ ਦੀ) ਖਬਰ ਨਹੀਂ ਦੇਂਦਾ। ਅੰਤ ਤਾਂ ਇਸ ਦਾ ਲਭਦਾ ਹੀ ਨਹੀਂ, ਸਭੇ (ਖੋਜੀ) ਹੈਰਾਨ ਹੋਏ ਫਿਰਦੇ ਹਨ। ਲੱਖਾਂ ਆਕਾਸ਼ਾਂ ’ਤੇ ਕੋਈ ਪਹੁੰਚ ਹੀ ਨਹੀਂ ਸਕਦਾ, (ਐਸੀ) ਕੁਦਰਤ ਦੇ ਮਾਲਕ ਤੋਂ ਕੁਰਬਾਨ ਜਾਈਏ। ਉਸ (ਐਸੇ ਅਪਹੁੰਚ ਤੇ ਅਦ੍ਰਿਸ਼ਟ) ਪਾਰਬ੍ਰਹਮ ਪਰਮੇਸ਼ਰ ਪੁਰਖ ਦਾ ਨਿਵਾਸ ਸਾਧ ਸੰਗਤਿ ਵਿਚ ਹੈ। ਪਰ ਜੋ ਨਿਰੰਹਕਾਰ ਮੁਰੀਦ ਹੋਵੇ, ਉਹੀ ਉਸ ਨੂੰ ਪਛਾਣ ਸਕਦਾ ਹੈ, (ਹੋਰ ਕੋਈ ਨਹੀਂ)।੧੮। ਗੁਰਮੂਰਤਿ ਪੂਰਨ ਬ੍ਰਹਮ ਘਟ ਘਟ ਅੰਦਰ ਸੂਰਜ ਸੁਝੈ॥
ਸੂਰਜ ਕਵਲ ਪਰੀਤਿ ਹੈ ਗੁਰਮੁਖ ਪ੍ਰੇਮ ਭਗਤਿ ਕਰ ਬੁਝੈ॥
ਪਾਰਬ੍ਰਹਮ ਗੁਰ ਸ਼ਬਦ ਹੈ ਨਿਝਰ ਧਾਰ ਵਰ੍ਹੈ ਗੁਣ ਗੁਝੈ॥
ਕਿਰਖ ਬਿਰਖ ਹੁਇ ਸਫਲ ਫਲ ਚੰਦਨ ਵਾਸ ਨਿਵਾਸ ਨਖੁਝੈ॥
ਅਫਲ ਸਫਲ ਸਮ ਦਰਸ ਹੋ ਮੋਹੁ ਨ ਧੋਹ ਨ ਦੁਬਿਧਾ ਲੁਝੈ॥
ਗੁਰਮੁਖ ਸੁਖਫਲ ਪਿਰਮ ਰਸ ਜੀਵਨ ਮੁਕਤ ਭਗਤ ਕਰ ਦੁਝੈ॥
ਸਾਧ ਸੰਗਤਿ ਮਿਲ ਸਹਿਜ ਸਮੁਝੈ ॥੧੯॥

ਗੁਰੂ ਮੂਰਤ ਪੂਰਨ ਬ੍ਰਹਮ ਪਰਮੇਸ਼ਰ ਸਰੂਪ ਹਨ, ਘਟਾਂ ਘਟਾਂ ਵਿਚ ਰਮੇ ਹੋਏ ਹਨ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਰ ਘੜੇ ਵਿਚੋਂ ਨਜ਼ਰੀ ਪੈਂਦਾ ਹੈ। ਕੰਵਲ ਦੀ ਸੂਰਜ ਨਾਲ ਪ੍ਰੀਤੀ ਹੈ, (ਇਸੇ ਤਰ੍ਹਾਂ) ਗੁਰਮੁਖਾਂ ਦੀ ਸਤਿਗੁਰੂ ਨਾਲ ਪ੍ਰੇਮਾ-ਭਗਤੀ ਵਾਲੀ ਪ੍ਰੀਤੀ ਜਾਣੀ ਜਾਂਦੀ ਹੈ। ਪਾਰਬ੍ਰਹਮ ਦਾ ਰੂਪ ਗੁਰਸ਼ਬਦ ਹੈ ਜਿਸ ਵਿਚੋਂ ਪ੍ਰਭੂ-ਮਹਿਮਾ ਤੇ ਗੁਣਾਂ ਦੀ ਨਿਝਰ ਧਾਰਾ ਵਹਿੰਦੀ ਹੈ। ਜਿਵੇਂ ਨਿੱਕੋ ਬੀਜ ਤੋਂ ਦਰਖ਼ਤ ਹੋਏ ਹਨ, ਤੇ ਚੰਦਨ ਦੀ ਵਾਸ਼ਨਾ ਨੇ ਸਭ ਨੂੰ ਸੁਗੰਧਤ ਕਰ ਦਿੱਤਾ ਹੈ, ਕੋਈ ਇਸ ਸੁਗੰਧੀ ਤੋਂ ਖਾਲੀ ਨਹੀਂ ਰਿਹਾ। (ਉਨ੍ਹਾਂ ਗੁਰਮੁਖਾਂ ਲਈ) ਅਫਲਤਾ ਜਾਂ ਸਫਲਤਾ ਇੱਕ ਸਮਾਨ ਹੋ ਜਾਂਦਿਆਂ ਹਨ? ਮੋਹ ਤੇ ਧਰੋਹ (ਪਿਆਰ ਜਾਂ ਧੋਖਾ) ਵੀ ਇੱਕ ਸਮਾਨ ਤੇ ਦੁਬਿਧਾ (ਦਵੈਤ) ਦੀ ਅੱਗ ਵੀ ਉਨ੍ਹਾਂ ਦੇ ਨੇੜੇ ਨਹੀਂ ਜਾਂਦੀ। ਗੁਰਮੁਖ ਲਈ ਸੁਖਾਂ ਦਾ ਫਲ ਪ੍ਰੇਮ-ਰਸ ਵਾਲੀ ਭਗਤੀ ਹੀ ਹੈ, ਉਹ ਜੀਵਨ ਮੁਕਤ ਹੋ ਕੇ ਭਗਤੀ ਰਾਹੀਂ ਰਸ ਚੋ ਲੈਂਦਾ ਹੈ। ਉਸ ਨੇ ਸਾਧ ਸੰਗਤ ਵਿਚ ਮਿਲ ਕੇ ਸਹਜ-ਪਦ ਨੂੰ ਸਮਝ ਤੇ ਜਾਣ ਲਿਆ ਹੈ।੧੯। ਸ਼ਬਦ ਗੁਰੂ ਗੁਰ ਜਾਣੀਐ ਗੁਰਮੁਖ ਹੋਇ ਸੁਰਤਿ ਧੁਨ ਚੇਲਾ॥
ਸਾਧ ਸੰਗਤਿ ਸਚਖੰਡ ਵਿਚ ਪ੍ਰੇਮ ਭਗਤਿ ਪਰਚੈ ਹੋਇ ਮੇਲਾ॥
ਗ੍ਯਾਨ ਧ੍ਯਾਨ ਸਿਮਰਣ ਜੁਗਤਿ ਕੂੰਜ ਕੁਰਮ ਹੰਸ ਵੰਸ ਨਵੇਲਾ॥
ਬਿਰਖਹੁੰ ਫਲ ਫਲ ਤੇ ਬਿਰਖ ਗੁਰਸਿਖ ਸਿਖ ਗੁਰਮੰਤ੍ਰ ਸੁਹੇਲਾ॥
ਵੀਹਾਂ ਅੰਦਰ ਵਰਤਮਾਨ ਹੋਇ ਇਕੀਹ ਅਗੋਚਰ ਖੇਲਾ॥
ਆਦਿ ਪੁਰਖ ਆਦੇਸ ਕਰ ਆਦਿ ਪੁਰਖ ਆਦੇਸ਼ ਵਹੇਲਾ॥
ਸਿਫਤ ਸਲਾਹਣ ਅੰਮ੍ਰਿਤ ਵੇਲਾ ॥੨੦॥

੭॥
ਗੁਰੂ ਦਾ ਸ਼ਬਦ ਗੁਰੂ ਰੂਪ ਹੈ ਤੇ ਗੁਰਸਿੱਖ ਸੁਰਤ (ਲਿਵ) ਲਾ ਕੇ ਸ਼ਬਦ ਦੀ ਧੁਨੀ ਨੂੰ ਸੁਰਤ ਵਿਚੋਂ ਸੁਣਦਾ ਹੈ, ਇਸ ਲਈ ਉਹ ਚੇਲਾ ਹੈ। ਸਾਧ ਸੰਗਤ ਰੂਪੀ ਸੱਚਖੰਡ ਵਿਚ ਬੈਠ ਕੇ, ਚਿੱਤ ਲਾ ਕੇ, ਇੱਕ ਮਨ ਹੋ, ਪ੍ਰੇਮਾ-ਭਗਤੀ ਵਿਚ ਪ੍ਰੀਤ ਲਾ ਕੇ ਪਰਚਣਾ (ਭਾਵ ਲੱਗ ਜਾਣਾ), ਇਹੀ ਗੁਰੂ ਚੇਲੇ ਦਾ ਮੇਲਾ (ਮਿਲਾਪ) ਜਾਣੋ। ਗਿਆਨ, ਧਿਆਨ ਅਤੇ ਸਿਮਰਨ ਦੀ ਜੁਗਤੀ ਵਿਚ ਕੂੰਜ, ਕੱਛੂ ਤੇ ਹੰਸ ਦੀ ਵੰਸ ਨਿੱਤ ਹੀ ਨਵੀਨ ਹੈ (ਭਾਵ ਇਨ੍ਹਾਂ ਦੀ ਪ੍ਰੀਤ ਵਿਚ, ਮੁਢੋਂ, ਜਦੋਂ ਤੋਂ ਇਨ੍ਹਾਂ ਦੀ ਵੰਸ ਹੋਂਦ ਵਿਚ ਆਈ ਹੈ, ਘਾਟ ਨਹੀਂ ਆਈ। ਕੂੰਜ ਦੀ ਸਿਮਰਨ ਸੱਤਾ ਬਹੁਤ ਪ੍ਰਬੀਨ ਹੈ, ਤੇ ਇਸੇ ਨਾਲ ਉਨ੍ਹਾਂ ਦੇ ਬੱਚੇ ਪਲਦੇ ਹਨ, ਧਿਆਨ ਦੀ ਜੁਗਤ ਵਿਚ ਕੱਛੂ ਪ੍ਰਬੀਨ ਹੈ, ਤੇ ਹੰਸ ਵਿਚ ਦੁੱਧ ਪਾਣੀ (ਸੱਚ ਝੂਠ) ਵੱਖ ਵੱਖ ਕਰ ਦੇਣ ਦੀ ਕਮਾਲ ਜੁਗਤੀ ਹੈ, ਪਰ ਗੁਰਮੁਖ ਗੁਰੂ ਦੀ ਸ਼ਰਨੀ ਲੱਗ ਇਨ੍ਹਾਂ ਤਿੰਨਾਂ ਗੁਣਾਂ ਵਿਚ ਹੀ ਪ੍ਰਬੀਨ ਹੋ ਜਾਂਦਾ ਹੈ। ਜਿਵੇਂ ਰੁਖ ਤੋਂ ਫਲ ਤੇ ਫਲ ਤੋਂ ਰੁਖ ਪੈਦਾ ਹੁੰਦੇ ਹਨ, ਇਸੇ ਤਰ੍ਹਾਂ ਗੁਰੂ ਤੋਂ ਸਿੱਖ (ਤੇ ਫਿਰ) ਸਿੱਖ ਤੋਂ ਗੁਰੂ ਹੁੰਦਾ ਹੈ, (ਇਹੋ ਇਸ) ਸ਼ਬਦ ਗੁਰ-ਮੰਤ੍ਰ ਦਾ ਸੁਹਾਵਣਾ-ਪਣ, ਸੁਖਾਲਤਾ ਤੇ ਸ਼ੋਭਨੀਕਤਾ ਹੈ। (ਗੁਰਮੁਖ) ਸੰਸਾਰ (ਵੀਹ) ਵਿਚ ਸੰਸਾਰਕ ਕੰਮ-ਕਾਜ ਕਰਦਾ (ਵਰਤਮਾਨ) ਭੀ ਇਕੀਹ (ਈਸ਼ਵਰ ਦੇ ਪ੍ਰਮਾਰਥਕ) ਸਹਿਜ-ਪਦ ਵਿਚ ਮਨ ਬਾਣੀ ਤੋਂ ਪਰੇ ਹੋ ਖੇਡਦਾ (ਵਿਚਰਦਾ) ਹੈ। (ਉਸ) ਆਦਿ ਪੁਰਖ (ਪਰਮੇਸ਼ਰ) ਨੂੰ ਨਮਸਕਾਰ (ਆਦੇਸ) ਕਰਦੇ ਹਨ ਜੋ ਦੇਸ ਤੇ ਕਾਲ ਤੋਂ ਰਹਿਤ ਹੈ, ਪਰ ਗੁਰਮੁਖ ਸੁਰਤੀ ਵਿਚ ਸ਼ਬਦ (ਗੁਰੂ ਦੇ ਗਿਆਨ ਰਾਹੀਂ) ਉਸ ਨਾਲ ਮਿਲੇ ਰਹਿੰਦੇ ਹਨ। ਅੰਮ੍ਰਿਤ ਵੇਲਾ ਹੀ ਹੈ- ਜੋ ਪ੍ਰਭੂ ਦੀ ਸਿਫਤ-ਸਲਾਹ (ਸਿਮਰਨ) ਕਰਨ ਦਾ ਠੀਕ ਸਮਾਂ ਹੈ।੨੦।੭।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ