ਵਾਰ ੬ ਸਤਿਗੁਰਪ੍ਰਸਾਦਿ॥
ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਥਾਟ ਬਣਾਯਾ॥
ਪੂਰੇ ਪੂਰਾ ਸਾਧ ਸੰਗ ਪੂਰੇ ਪੂਰਾ ਮੰਤ ਦ੍ਰਿੜਾਯਾ॥
ਪੂਰੇ ਪੂਰਾ ਪਿਰਮਰਸ ਪੂਰੇ ਗੁਰਮੁਖ ਪੰਥ ਚਲਾਯਾ॥
ਪੂਰੇ ਪੂਰਾ ਦਰਸਨੋ ਪੂਰੇ ਪੂਰਾ ਸ਼ਬਦ ਸੁਣਾਯਾ॥
ਪੂਰੇ ਪੂਰਾ ਬੈਹਣ ਕਰ ਪੂਰੇ ਪੂਰਾ ਤਕਥ ਰਚਾਯਾ॥
ਸਾਧਸੰਗਤਿ ਸਚਖੰਡ ਹੈ ਭਗਤ ਵਛਲ ਹੁਇ ਵਸਿ ਗਤਿ ਪਾਯਾ॥
ਸਤਿਰੂਪ ਸਚ ਨਾਉ ਗੁਰ ਗਿਆਨ ਧਿਆਨ ਸਿਖਾਂ ਸਮਝਾਯਾ॥
ਗੁਰ ਚੇਲੇ ਪਰਚਾ ਪਰਚਾਯਾ ॥੧॥
ਪੂਰੇ ਸਤਿਗੁਰੂ ਨੂੰ ਜਾਣੋ, ਪੂਰੇ ਨੇ ਪੂਰੀ (ਮੰਕਮਲਤਾਈ ਵਾਲੀ) ਬਣਤ ਨੂੰ ਬਣਾਇਆ ਹੈ। ਪੂਰੇ (ਸਤਿਗੁਰੂ ਜੀ ਨੇ) ਪੂਰਨ ਸਾਧ ਸੰਗ ਕਾਇਮ ਕੀਤਾ, (ਜਿਸ ਵਿਚ) ਪੂਰੇ (ਗੁਰੂ ਨੇ) ਪੂਰਾ ਮੰਤਰ (ਸਤਿਨਾਮ, ਵਾਹਿਗੁਰੂ) ਦ੍ਰਿੜ੍ਹ ਕਰਾ ਦਿੱਤਾ ਹੈ। ਪੂਰੇ (ਸਤਿਗੁਰੂ ਨੇ) ਪੂਰਾ ਪਿਰਮ ਰਸ (ਦੇ ਕੇ) ਪੂਰਨ (ਤੌਰ ਤੇ) ਗੁਰਮੁਖ ਪੰਥ ਚਲਾਇਆ ਹੈ। ਪੂਰੇ (ਸਤਿਗੁਰੂ ਦਾ) ਧਰਮ (ਦਾ ਰਸਤਾ) ਵੀ ਪੂਰਨ ਹੈ, ਪੂਰੇ ਨੇ ਪੂਰਾ ਸ਼ਬਦ (ਮੰਤਰ) ਸੁਣਾਇਆ ਹੈ। ਪੂਰੇ (ਸਤਿਗੁਰੂ ਜੀ) ਨੇ ਪੂਰਾ ਬੈਠਣ ਵਾਲਾ ਅਸਥਾਨ (ਗੁਰਤਾ-ਗੱਦੀ) ਬਣਾਈ ਹੈ, ਤੇ ਪੂਰੇ ਨੇ ਪੂਰਤ ਤਖ਼ਤ (ਗੁਰਤਾ ਦਾ) ਰਚ ਦਿੱਤਾ ਹੈ। (ਪੂਰੇ ਸਤਿਗੁਰੂ ਦਾ) ਸਾਧ ਸੰਗਤ (ਦਾ ਦਰਬਾਰ) ਸੱਚਖੰਡ ਹੈ। (ਉਹ) ਭਗਤਵਛਲ (ਦੇ ਬਿਰਦ ਨੂੰ ਪਾਲਣ ਵਾਲਾ) ਹੋਣ ਕਰਕੇ (ਪੂਰਨ ਭਗਤਾਂ, ਤੇ ਪੂਰਨ ਗੁਰਸਿੱਖਾਂ) ਦੇ ਵਸ ਵਿਚ ਆ ਗਿਆ ਹੈ। ਪੂਰੇ ਗੁਰੂ ਜੀ ਨੇ ਸਾਧ ਸੰਗਤਿ ਵਿਚ ਹੀ ਸੱਚਾ ਨਾਮ (ਉਪਦੇਸ਼), ਸੱਚਾ ਗਿਆਨ ਤੇ ਧਿਆਨ ਸਿੱਖਾਂ ਨੂੰ ਸਮਝਾਇਆ ਹੈ। ਗੁਰੂ ਨੇ ਚੇਲੇ ਨੂੰ ਪਰਚਾ ਪਾ ਕੇ (ਇਮਤਿਹਾਨ ਲੈ ਕੇ) ਪਾਸ ਕੀਤਾ ਹੈ। ਭਾਵ ਪੂਰੇ ਸਤਿਗੁਰੂ ਨੇ ਆਪਣਾ ਆਪ ਚੇਲੇ ਪ੍ਰਤੀ ਸਮਝਾ ਕੇ, ਫਿਰ ਉਸ ਨੂੰ ਇਸ ਗੁਸਤਾਖੀ ਦੀ ਖੇਡ ਵਿਚ ਲਾ ਦਿੱਤਾ ਹੈ।੧। ਕਰਣ ਕਾਰਣ ਸਮਰਥ ਹੈ ਸਾਧ ਸੰਗਤ ਦਾ ਕਰੈ ਕਰਾਯਾ॥
ਭਰੇ ਭੰਡਾਰ ਦਾਤਾਰ ਹੈ ਸਾਧ ਸੰਗਤ ਦਾ ਦੇਇ ਦਵਾਯਾ॥
ਪਾਰਬ੍ਰਹਮ ਗੁਰ ਰੂਪ ਹੋਇ ਸਾਧ ਸੰਗਤ ਗੁਰ ਸ਼ਬਦ ਸਮਾਯਾ॥
ਜਗ ਭੋਗ ਜੋਗ ਧਿਆਨ ਕਰ ਪੂਜਾ ਪਰੋ ਨ ਦਰਸ਼ਨ ਪਾਯਾ॥
ਸਾਧ ਸੰਗਤ ਪਿਓ ਪੁਤ ਹੋਇ ਦਿਤਾ ਖਾਇ ਪਹਿਨ ਪੈਨ੍ਹਾਯਾ॥
ਘਰ ਬਾਰੀ ਹੋਇ ਵਰਤਿਆ ਘਰ ਬਾਰੀ ਸਿਖ ਪੈਰੀਂ ਪਾਯਾ॥
ਮਾਯਾ ਵਿਚ ਉਦਾਸ ਰਖਾਇਆ ॥੨॥
(ਗੁਰਦੇਵ ਜੀ) ਕਰਨ ਕਾਰਨ ਸਮਰੱਥ ਹਨ, ਪਰ ਉਹ ਸਾਧ ਸੰਗਤ ਦੇ ਕਰਾਇਆਂ ਹੀ ਕੁਝ ਕਰਦੇ ਹਨ। (ਸਤਿਗੁਰੂ ਜੀ) ਭਰੇ ਭੰਡਾਰਾਂ ਦੇ ਦਾਤੇ ਹਨ, ਪਰ ਸਾਧ ਸੰਗਤ ਜਿਸ ਨੂੰ ਦਾਤ ਦਿਵਾਵੇ, ਉਸੇ ਨੂੰ ਦਿੰਦੇ ਹਨ। (ਕਿਉਂਕਿ ਆਪ) ਪਾਰਬ੍ਰਹਮ ਵੱਲੋਂ ਗੁਰੂ ਰੂਪ ਹੋ ਕੇ ਪ੍ਰਗਟੇ ਹਨ ਤੇ ਸਾਧ ਸੰਗਤ ਵਿਚ ਗੁਰੂ ਸ਼ਬਦ ਹੋ ਕੇ ਸਮਾਏ ਹੋਏ ਹਨ। (ਉਸ ਪ੍ਰਭੂ ਦੇ) ਜਗ, ਭੋਗ, ਜੋਗ (ਪ੍ਰਾਣਯਾਮ) ਦੇ ਧਿਆਨ ਕਰਕੇ ਜਾਂ ਪੂਜਾ ਆਦਿ ਨਾਲ ਦਰਸ਼ਨ ਨਹੀਂ ਹੁੰਦੇ, (ਉਸ ਦੇ ਸਾਧ ਸੰਗਤ ਵਿਚ ਪ੍ਰਤੱਖ ਦਰਸ਼ਨ ਹੁੰਦੇ ਹਨ)। ਗੁਰੂ ਤੇ ਸਾਧ ਸੰਗਤ ਪਿਉ ਪੁੱਤਰ ਦੇ ਨਾਤੇ ਵਾਂਗ ਸੰਬੰਧਿਤ ਹਨ, (ਭਾਵ ਸਿੱਖ) ਪਿਤਾ ਗੁਰੂ ਦਾ ਦਿੱਤਾ ਹੀ ਖਾਂਦੇ ਤੇ ਪਹਿਨਾਇਆ ਪਹਿਨਦੇ ਹਨ (ਏਨੀ ਨੇੜਤਾ ਹੈ ਗੁਰੂ ਅਤੇ ਸਾਧ ਸੰਗਤ ਦੀ)। ਜਿਵੇਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਖਤਮ ਕਰਨ ਮਗਰੋਂ, ਫਿਰ ਘਰ ਬਾਰੀ (ਗ੍ਰਿਹਸਥੀਆਂ) ਵਾਂਗ ਆਪਣੇ ਗੁਰੂ-ਆਦਰਸ਼ ਦੇ ਉਲੀਕੇ ਕੰਮ ਨੂੰ ਚਲਾਉਂਦੇ ਰਹੇ, ਇਵੇਂ ਹੀ ਅੱਗੋਂ ਘਰ ਬਾਰੀ (ਗ੍ਰਿਹਸਥੀ) ਸਿੱਖ (ਗੁਰੂ ਅੰਗਦ ਦੇਵ ਜੀ) ਨੂੰ ਪੈਰੀਂ ਪਾਇਆ। ਮਾਇਆ ਵਿਚ ਉਦਾਸ (ਰਹਿਣ ਦਾ ਸਿਧਾਂਤ ਦ੍ਰਿੜ੍ਹ ਕਰਾ ਕੇ) ਰਖਾਇਆ। (ਭਾਵ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਪਰਤਾਪੀ ਸਤਿਗੁਰੂ ਦੀ ਥਾਂ ’ਤੇ ਬੈਠ ਕੇ ਵੀ, ਆਪਣੀ ਬਿਰਤੀ ਵਿਚ ਇਸ ਪਦਵੀ ਪ੍ਰਾਪਤ ਹੋਣ ਦਾ ਹੁਲਾਸ ਨਹੀਂ ਲਿਆਂਦਾ, ਉਹ ਪਹਿਲੀ ਹਾਲਤ ਵਿਚ ਹੀ ਉਦਾਸ ਰਹੇ, ਭਾਵ ਗੁਰੂ ਨਾਨਕ ਦੇਵ ਜੀ ਵਾਂਗ ਮਾਇਆ ਤੋਂ ਬਿਲਕੁਲ ਨਿਰਲੇਪ ਰਹੇ)।੨। ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ॥
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ॥
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥
ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ॥
ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥
ਰਾਤੀ ਕੀਰਤਨ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ॥
ਗੁਰਮੁਖ ਸੁਖਫਲ ਪਿਰਮ ਚਖੰਦੇ ॥੩॥
ਗੁਰੂ ਦੇ ਸਿੱਖ ਸਵੇਰੇ ਤਾਰਿਆਂ ਦੇ ਹੁੰਦਿਆਂ ਉੱਠ ਕੇ, ਨਦੀ (ਜਾਂ ਖੂਹ, ਤਲਾਬ ਆਦਿ) ਦੇ ਜਲ ਵਿਚ ਇਸ਼ਨਾਨ ਕਰਦੇ ਹਨ। ਫਿਰ ਅਗਾਧ ਪ੍ਰਭੂ ਦੀ ਲਿਵ ਵਿਚ ਜੁੜ ਕੇ ਸਹਜ ਸਕਾਧ ਵਿਖੇ ਇੱਕ ਮਨ ਹੋ, ਗੁਰ ਮੰਤਰ ਦਾ ਜਾਪ ਜਪਦੇ ਹਨ। ਮੱਥੇ ’ਤੇ ਗੁਰੂ ਦੀ ਬਖਸ਼ਿਸ਼ (ਭਾਵ ਚੜ੍ਹਦੀ ਕਲਾ) ਦਾ ਟਿੱਕਾ ਲਾਲਾਂ ਵਾਂਗੂੰ ਦਘਦਾ ਹੈ, ਜਦੋਂ ਸਾਧ ਸੰਗਤ ਵਿਚ ਚਲ ਕੇ ਜਾ ਬੈਠਦੇ ਹਨ। ਸ਼ਬਦ ਨੂੰ ਸੁਰਤ ਵਿਚ ਲਿਜਾ ਲਿਵਲੀਨ (ਮਗਨ) ਹੋ ਕੇ ਸਤਿਗੁਰੂ ਦੀ ਬਾਣੀ ਗਾਉਂਦੇ ਤੇ ਸੁਣਦੇ ਹਨ। ਪ੍ਰੇਮਾ-ਭਗਤੀ ਅਤੇ ਭੈ-ਭਾਉਨੀ ਵਿਚ ਵਰਤਦੇ ਹਨ ਤੇ ਗੁਰੂ ਦੀ ਸੇਵਾ ਅਤੇ ਗੁਰਪੁਰਬ ਕਰਦੇ (ਭਾਵ ਮਨਾਉਂਦੇ ਹਨ)। ਸ਼ਾਮ ਵੇਲੇ ਸੋਦਰ (ਰਹਰਾਸਿ) ਪੜ੍ਹਦੇ ਤੇ ਗਾਉਂਦੇ ਹਨ, ਮਨ-ਮੇਲੀਆਂ (ਭਾਵ ਗੁਰੂ-ਪ੍ਰੇਮੀਆਂ) ਨਾਲ ਮੇਲ ਰੱਖਦੇ (ਮਿਲਦੇ ਮਿਲਾਉਂਦੇ) ਹਨ। ਰਾਤ ਨੂੰ (ਸੌਣ ਲੱਗੇ) ਕੀਰਤਨ ਸੋਹਿਲੇ ਦਾ ਪਾਠ ਕਰਦੇ ਹਨ। ਆਰਤੀ ਕਰਕੇ ਪ੍ਰਸ਼ਾਦ ਵਰਤਾਉਂਦੇ ਹਨ। ਗੁਰਮੁਖ (ਪ੍ਰੇਮੀ-ਜਨ, ਇਸ ਨਿੱਤ ਕਿਰਿਆ ਦੇ) ਸੁਖ ਫਲ ਦੇ ਪ੍ਰੇਮ-ਰਸ ਨੂੰ ਚੱਖਦੇ (ਭਾਵ ਪੀਂਦੇ ਹਨ)।੩। ਇਕ ਕਵਾਉ ਪਸਾਉ ਕਰ ਓਅੰਕਾਰ ਅਕਾਰ ਪਸਾਰਾ॥
ਪਉਣ ਪਾਣੀ ਬੈਸੰਤਰੋ ਧਰਤ ਅਗਾਸ ਕਰੇ ਨਿਰਧਾਰਾ॥
ਰੋਮ ਰੋਮ ਵਿਚ ਰਖਿਉਨ ਕਰ ਵਰਭੰਡ ਕਰੋੜ ਅਕਾਰਾ॥
ਪਾਰਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲਖ ਅਪਾਰਾ॥
ਪ੍ਰੇਮ ਪਿਆਲੇ ਵਸ ਹੋਇ ਭਗਤ ਵਛਲ ਹੋਇ ਸਿਰਜਨਹਾਰਾ॥
ਬੀਉ ਬੀਜ ਅਤਿ ਸੂਖਮੋ ਤਿਦੂ ਹੋਇ ਵਡ ਬਿਰਖ ਬਿਥਾਰਾ॥
ਫਲ ਵਿਚ ਬੀਉ ਸਮਾਇਕੈ ਇਕ ਦੂੰ ਬੀਓਂ ਲਖ ਹਜਾਰਾ॥
ਗੁਰਮੁਖ ਸੁਖਫਲ ਪ੍ਰੇਮ ਰਸ ਗੁਰਸਿਖਾਂ ਸਤਿਗੁਰੂ ਪਿਆਰਾ॥
ਸਾਧ ਸੰਗਤਿ ਸਚਖੰਡ ਵਿਚ ਸਤਿਗੁਰ ਪੁਰਖ ਵਸੈ ਨਿਰੰਕਾਰਾ॥
ਭਾਇ ਭਗਤਿ ਗੁਰਮੁਖ ਨਿਸਤਾਰਾ ॥੪॥
ਕਰਤਾ ਪੁਰਖ ਜੀ ਨੇ ਇਕੇ ਬੋਲ ਤੋਂ ਰੂਪ ਧਾਰ ਕੇ, (ਇਸ ਸ੍ਰਿਸ਼ਟੀ ਦਾ) ਪਸਾਰਾ ਪਸਾਰ (ਰਚ) ਦਿੱਤਾ। ਧੌਣ, ਪਾਣੀ, ਅਗਨੀ, ਧਰਤ ਤੇ ਆਕਾਸ਼ ਨੂੰ ਬਿਨਾਂ ਸਹਾਰੇ ਦੇ (ਕੇਵਲ ਆਪਣੇ ਆਸਰੇ) ਖੜਾ ਕਰ ਦਿੱਤਾ। ਰੋਮ ਰੋਮ ਵਿਚ (ਉਸ ਪ੍ਰਭੂ ਜੀ ਨੇ) ਕਰੋੜਾਂ ਬ੍ਰਹਮੰਡਾ ਦੇ ਅਕਾਰ ਬਣਾ ਰੱਖੇ ਹਨ। ਪਾਰਬ੍ਰਹਮ ਆਪ ਪੂਰਨ ਬ੍ਰਹਮ ਹੈ, ਜੋ ਅਗਮ ਹੈ ਤੇ (ਪਹੁੰਚ ਤੋਂ ਪਰੇ) ਤੇ ਮਨੁਖੀ ਇੰਦ੍ਰਿਆਂ ਦੀ ਸਮਝ ਵਿਚ ਨਹੀਂ ਆਉਂਦਾ। ਉਹ ਅਲਖ (ਨਜ਼ਰ ਨਹੀਂ ਆਉਂਦਾ) ਤੇ ਉਸਦਾ ਪਾਰਾਵਾਰ ਵੀ ਨਹੀਂ ਪਾਇਆ ਜਾ ਸਕਦਾ। ਪ੍ਰਭੂ ਸਿਰਜਣਹਾਰ ਭਗਤਿ ਵਛਲ (ਭਗਤਾਂ ਦਾ ਰੱਖਵਾਲਾ) ਹੈ, (ਇਸ ਲਈ ਜਿਸ ਨੇ ਵੀ ਉਸ ਦੇ) ਨਾਮ ਰਸ ਅੰਮ੍ਰਿਤ ਨੂੰ ਪੀਤਾ ਹੈ, ਉਹ ਉਨ੍ਹਾਂ ਦੇ ਵਸ ਹੋ ਜਾਂਦਾ ਹੈ। ਬੀਜ ਨਿਚਕਾ ਤੇ ਸੂਖਮ ਜੇਹੀ ਚੀਜ਼ ਹੈ, ਪਰ ਬੀਜਣ ਮਗਰੋਂ ਵੱਡੇ ਵੱਡੇ ਬ੍ਰਿਛਾਂ ਦਾ ਵਿਸਤਾਰਕ ਰੂਪ ਧਾਰ ਜਾਂਦਾ ਹੈ। ਫਲ ਵਿਚ ਬੀਜ ਸਮਾਕੇ ਇਕ ਬੀਜ ਤੋਂ ਲੱਖਾਂ ਹਜ਼ਾਰਾਂ (ਬ੍ਰਿਛ ਬਣ ਜਾਂਦੇ ਹਨ)। ਗੁਰਮੁਖ (ਪ੍ਰਭੂ ਦੇ) ਪ੍ਰੇਮ ਰਸ ਨੂੰ ਪੀਣ ਵਾਲਿਆਂ ਨੇ ਇਸ ਸੁਖ ਫਲ (ਪ੍ਰਭੂ-ਭਗਤੀ) ਨੂੰ ਪ੍ਰਾਪਤ ਕੀਤਾ ਹੈ, ਕਿਉਂਕਿ ਗੁਰਮੁਖਾਂ ਨੂੰ (ਗਿਆਨ-ਦਾਤਾ) ਸਤਿਗੁਰੂ ਪਿਆਰਾ ਹੈ। (ਅਜੇਹੇ ਪੁਰਸ਼) ਦੀ ਸਾਧ ਸੰਗਤ ਹੀ ਸੱਚ- ਖੰਡ ਹੈ, ਜਿਥੇ ਨਿਰੰਕਾਰ ਤੇ ਸਤਿਗੁਰੂ ਪੁਰਖ ਦਾ ਵਾਸਾ ਹੈ। ਗੁਰਮੁਖਾਂ ਦਾ ਪ੍ਰੇਮਾ-ਭਗਤੀ ਵਿਚ ਲੱਗੇ ਹੋਣ ਕਰਕੇ ਪਾਰ ਉਤਾਰਾ ਹੋ ਜਾਂਦਾ ਹੈ।੪। ਪਉਣ ਗੁਰੂ ਗੁਰ ਸਬਦ ਹੈ ਵਾਹਿਗੁਰੂ ਗੁਰ ਸਬਦ ਸੁਣਾਯਾ॥
ਪਾਣੀ ਪਿਤਾ ਪਵਿਤ੍ਰ ਕਰ ਗੁਰਮੁਖ ਪੰਥ ਨਿਵਾਣ ਚਲਾਯਾ॥
ਧਰਤੀ ਮਾਤ ਮਹੱਤ ਕਰ ਓਤ ਪੋਤ ਸੰਜੋਗ ਬਨਾਯਾ॥
ਦਾਈ ਦਾਇਆ ਰਾਤ ਦਿਹੁ ਬਾਲ ਸੁਭਾਇ ਜਗਤ ਖਿਲਾਯਾ॥
ਗੁਰਮੁਖ ਜਨਮ ਸਕਾਰਥਾ ਸਾਧ ਸੰਗਤਿ ਵਸ ਆਪ ਗਵਾਯਾ॥
ਜੰਮਣ ਮਰਨੋਂ ਬਾਹਿਰੇ ਜੀਵਨ ਮੁਕਤਿ ਜੁਗਤਿ ਵਰਤਾਯਾ॥
ਗੁਰਮਤ ਮਾਤਾ ਮੱਤ ਹੈ ਪਿਤਾ ਸੰਤੋਖ ਮੋਖ ਪਦ ਪਾਯਾ॥
ਧੀਰਜ ਧਰਮ ਭਰਾਵ ਦੁਇ ਜਪਤਪ ਜਤਸਤ ਪੁਤ ਜਣਾਯਾ॥
ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਚਲਤ ਵਰਤਾਯਾ॥
ਗੁਰਮੁਖ ਸੁਖਫਲ ਅਲਖ ਲਖਾਯਾ ॥੫॥
ਪੌਣ (ਸਵਾਸ) ਗੁਰੂ ਹੈ, ਗੁਰ ਸ਼ਬਦ ਹੈ, (ਭਾਵ) ਵਾਹਿਗੁਰੂ ਦਾ ਸ਼ਬਦ (ਬੋਲ, ਸਵਾਸਾਂ ਦੀ ਹਵਾ ਨਾਲ ਬੋਲ ਕੇ) ਸੁਣਾਇਆ ਹੈ। ਪਾਣੀ (ਸਭ ਦਾ) ਪਿਤਾ ਹੈ, ਜੋ (ਲੋਕਾਂ ਨੂੰ) ਪਵਿਤ੍ਰਤਾਈ (ਪ੍ਰਦਾਨ) ਕਰਦਾ ਹੈ, (ਇਸੇ ਤਰ੍ਹਾਂ) ਗੁਰਮੁਖ (ਮੁਖੀ ਗੁਰੂ ਨਾਨਕ ਦੇਵ ਜੀ ਨੇ ਸਿੱਖ) ਪੰਥ ਚਲਾਇਆ, ਜੋ ਨਿਵਾਣ (ਨਿਮ੍ਰਤਾ) ਦਾ ਧਾਰਨੀ ਹੈ। ਧਰਤੀ ਨੂੰ ਭਾਰੀਆਂ ਵਡਿਆਈਆਂ ਦੇ ਕੇ ਮਾਤਾ ਦਾ ਦਰਜਾ ਦਿੱਤਾ ਹੈ, ਜੋ ਧਰਤੀ ਨੂੰ ਮਾਤਾ ਦੇ ਸ਼ਬਦ ਨਾਲ ਓਤੇ ਪੋਤ (ਬਿਲਕੁਲ) ਜੋੜ ਦਿੱਤਾ ਹੈ। (ਧਰਤੀ ਮਾਤਾ ਵਾਂਗ ਸਹਾਰਾ ਦੇਂਦੀ ਹੈ, ਮਾਤਾ ਵਾਂਗ ਖਾਣ ਪੀਣ ਨੁੰ ਦੇਂਦੀ ਹੈ, ਭਾਵ ਸਭ ਕੁਝ ਧਰਤੀ ਤੋਂ ਹੀ ਪ੍ਰਾਪਤ ਹੁੰਦਾ ਹੈ, ਇਸ ਲਈ ਉਹ ਮਾਤਾ ਹੈ)। ਰਾਤ ਦਿਨ ਖਿਡਾਵੇ ਹਨ, ਜਿਸ ਨੇ ਬਾਲਾਂ ਵਾਂਗ ਜਗਤ ਨੂੰ ਖੇਡਣ ਵਿਚ ਲਾ ਰੱਖਿਆ ਹੈ। (ਰਾਤ ਸੁਆਉਂਦੀ ਤੇ ਅਰਾਮ ਦੇਂਦੀ ਹੈ, ਦਿਨ ਰੋਜ਼ੀ ਕਮਾਉਣ ਦਾ ਸਮਾਂ ਦੇਂਦਾ ਹੈ)। ਗੁਰਮੁਖਾਂ ਦਾ ਜਨਮ ਸਫਲਾ ਹੈ, ਜਿਨ੍ਹਾਂ ਨੇ ਸਾਧ ਸੰਗਤ ਵਿਚ ਵ ਸਕੇ (ਭਾਵ ਸਾਧ ਸੰਗਤ ਵਿਚ ਵਿਚਾਰੇ ਪ੍ਰਭੂ ਦੇ ਗੁਣਾਂ ਤੇ ਵਡਿਆਈ ਨੂੰ ਹਿਰਦੇ ਵਿਚ ਵਸਾ ਕੇ) ਆਪਾ-ਭਾਵ ਦੀ ਹੰਗਤਾ ਨੂੰ ਮਿਟਾ ਦਿੱਤਾ ਹੈ। (ਇਸ ਕਰਕੇ ਹੀ ਉਹ) ਜੀਵਨ ਮੁਕਤ ਦੀ ਜੁਗਤ ਵਿਚ ਹੋ ਕੇ, ਜਨਮ-ਮਰਨ ਦੇ ਚੱਕਰ ਤੋਂ ਦੂਰ ਹੋ ਜਾਂਦੇ ਹਨ। (ਐਸੇ ਜੀਵਨ ਮੁਕਤਿ, ਗੁਰਮੁਖਾਂ ਦੀ) ਗੁਰੂ ਦੀ ਸਿੱਖਿਆ ਮਾਤਾ ਦੇ ਸਮਾਨ ਸੰਤੋਖ ਪਿਤਾ ਦੀ ਨਿਆਈਂ ਹੈ, ਇਨ੍ਹਾਂ ਗੁਣਾਂ ਦੀ ਬਰਕਤ ਨਾਲ ਉਹ ਮੋਖ ਪਦਵੀ ਪ੍ਰਾਪਤ ਕਰ ਲੈਂਦੇ ਹਨ। ਧੀਰਜ ਤੇ ਧਰਮ (ਐਸੇ ਗੁਰਮੁਖਾਂ ਦੇ) ਭਰਾਵਾਂ ਵਾਂਗ (ਸਕੇ ਵੀਰ ਤੇ) ਜਪ ਤਪ ਜਤ ਸਤ ਉਨ੍ਹਾਂ ਦੇ (ਪੁਤਰਾਂ ਵਾਂਗ ਜੰਮੇ (ਪਿਆਰੇ ਹੋ ਜਾਂਦੇ) ਹਨ। ਗੁਰੂ ਚੇਲਾ ਤੇ ਚੇਲਾ ਗੁਰੂ, ਪੂਰੇ ਪੁਰਖਾਂ ਨੇ (ਚੇਲੇ ਨੂੰ) ਪੂਰਖ (ਆਪਣੇ ਵਰਗਾ) ਥਾਪ ਦੇਣ ਦਾ ਕੌਤਕ ਵਰਤਾਇਆ। ਗੁਰਮੁਖਾਂ ਨੇ ਇਸ ਸੁਖ ਨੂੰ ਜੋ ਅਲਖ (ਅਣਦਿਸਦਾ) ਹੈ, ਉਸ ਨੂੰ ਜਾਣਿਆ ਤੇ ਪ੍ਰਤੱਖ ਵੇਖ ਲਿਆ ਹੈ।੫। ਪਰ ਘਰ ਜਾਇ ਪਰਾਹੁਣਾ ਆਸਾ ਵਿਚ ਨਿਰਾਸ ਵਲਾਏ॥
ਪਾਣੀ ਅੰਦਰ ਕਵਲ ਜਿਉ ਸੂਰਜ ਧਿਆਨ ਅਲਿਪਤ ਤਰਾਏ॥
ਸ਼ਬਦ ਸੁਰਤ ਸਤਸੰਗ ਮਿਲ ਗੁਰ ਚੇਲੇ ਦੀ ਸੰਧ ਮਿਲਾਏ॥
ਚਾਰ ਵਰਨ ਗੁਰਸਿਖ ਹੋਇ ਸਾਧ ਸੰਗਤ ਸਚ ਖੰਡ ਵਸਾਏ॥
ਆਪ ਗਵਾਏ ਤੰਬੋਲ ਰਸ ਖਾਇ ਚਬਾਇ ਸੁ ਰੰਗ ਚੜਾਏ॥
ਛਿਅ ਦਰਸ਼ਨ ਤਰਸਨ ਖੜੇ ਬਾਰਹ ਪੰਥ ਗਰੰਥ ਸੁਨਾਏ॥
ਛਿਅ ਰੁਤ ਬਾਰਹ ਮਾਸ ਕਰ ਇਕ ਇਕ ਸੂਰਜ ਚੰਦ ਦਿਖਾਏ॥
ਬਾਰਹ ਸੋਲਹ ਮੇਲਕੇ ਸਸੀਅਰ ਅੰਦਰ ਸੂਰ ਸਮਾਏ॥
ਸ਼ਿਵ ਸ਼ਕਤੀ ਨੂੰ ਲੰਘ ਕੈ ਗੁਰਮੁਖ ਇਕ ਮਨ ਇਕ ਧਿਆਏ॥
ਪੈਰੀਂ ਪੈ ਜਗ ਪੈਰੀਂ ਪਾਏ ॥੬॥
ਜਿਵੇਂ ਓਪਰੇ ਘਰ ਵਿਚ ਪਰਾਹੁਣਾ ਜਾਂਦਾ ਹੈ (ਜਿਸ ਆਸ਼ੇ ਨਾਲ ਜਾਂਦੇ ਹੈ, ਉਸ ਤੋਂ) ਨਿਰਾਸਾ ਹੋ ਕੇ ਰਾਤ ਬਿਤਾਊਂਦਾ ਹੈ। ਜਿਵੇਂ ਕੰਵਲ ਪਾਣੀ ਵਿਚੋਂ ਸੂਰਜ ਵੱਲ ਧਿਆਨ ਟਿਕਾਉਂਦਾ, ਪਾਣੀ ਤੋਂ ਅਲੇਪ ਰਹਿੰਦਾ ਹੈ। (ਇਸੇ ਤਰ੍ਹਾਂ) ਸ਼ਬਦ ਤੇ ਸੁਰਤ ਦੀ ਸਤਿਸੰਗ ਵਿਚ ਮਿਲ ਕੇ, ਗੁਰੂ ਚੇਲੇ ਦੀ ਸੰਧੀ (ਮਿਲਾਪ) ਹੁੰਦੀ ਹੈ। (ਭਾਵ ਸ਼ਬਦ ਗੁਰੂ ਤੇ ਸੁਰਤ ਚੇਲਾ ਹੈ, ਜਿਨ੍ਹਾਂ ਦਾ ਸਤਿਸੰਗਤ ਵਿਚ ਮਿਲਾਪ ਦ੍ਰਿੜ੍ਹ ਹੁੰਦਾ ਹੈ)। ਚਾਰੇ ਵਰਣ ਗੁਰਸਿੱਖ ਬਣ ਕੇ, ਸਾਧ ਸੰਗਤ ਰੂਪ ਸੱਚਖੰਡ ਵਿਚ ਚਾਸਾ ਕਰਦੇ ਹਨ। ਤੰਬੋਲ (ਪਾਨਾਂ ਦਾ ਬੀੜਾ) ਆਪ ਗੁਆ ਕੇ (ਭਾਵ ਖਾ ਕੇ, ਚਿੱਥਿਆ ਜਾ ਕੇ, ਖਤਮ ਹੋ ਕੇ) ਰੰਗ ਨੂੰ ਚੜਾਉਂਦਾ ਹੈ। ਛੇ ਦਰਸ਼ਨ (ਛੇ ਸ਼ਾਸਤਰਾਂ) ਅਤੇ ਬਾਰਾਂ ਪੰਥ (ਜੋਗੀਆਂ ਦੇ) ਆਪਣੇ ਗ੍ਰੰਥਾਂ ਨੂੰ ਪੜ੍ਹਦੇ ਸੁਣਦੇ ਹਨ (ਪਰ ਜਿਸ ਉੱਤਮ ਪਦਵੀ ਲਈ ਸੁਣਦੇ ਪੜ੍ਹਦੇ ਹਨ) ਉਸ ਨੂੰ ਪ੍ਰਾਪਤ ਕਰਨ ਲਈ ਖੜ੍ਹੇ ਤਰਸਦੇ ਹਨ। ਛੇ ਰੁਤਾਂ ਤੇ ਬਾਰਾਂ ਮਹੀਨਿਆਂ ਵਿਚ ਇਕੋ ਸੂਰਜ ਤੇ ਇਕੋ ਚੰਦ ਦਿਸਦੇ ਹਨ। ਬਾਰਾਂ ਸੂਰਜ ਦੀਆਂ ਤੇ ਸੋਲਾਂ (ਕਲਾਂ) ਚੰਦਰਮਾਂ ਦੀਆ ਮੇਲ ਕੇ (ਗੁਰਮੁਖਾਂ ਨੇ) ਚੰਦ ਸੂਰਜ ਨੂੰ ਇਕੋ ਕਰ ਦਿੱਤਾ ਹੈ। ਸ਼ਾਂਤੀ ਤੇ ਤਾਮਸੀ ਦੋਹਾਂ ਹਾਲਤਾਂ ਨੂੰ ਲੰਘ ਕੇ, ਗੁਰਮੁਖ ਇੱਕ ਮਨ ਹੋ ਕੇ, ਇੱਕ (ਪ੍ਰਭੂ) ਦਾ ਸਿਮਰਨ ਕਰਦੇ ਹਨ। (ਉਨ੍ਹਾਂ ਨੇ ਨਿਮ੍ਰਤਾ-ਭਾਵ ਧਾਰਨ ਕਰਕੇ ਸਭ ਨੂੰ) ਪੈਰੀ ਪਾਉਣਾ ਕਰਕੇ (ਆਪਣੇ ਗੁਣਾਂ ਦੀ ਤੁਫੈਲ) ਸਭ ਜਗ ਨੂੰ ਚਰਨੀਂ ਲਾ ਲਿਆ ਹੈ।੬। ਗੁਰਉਪਦੇਸ਼ ਅਵੇਸ਼ ਕਰ ਪੈਰੀਂ ਪੈ ਰਹਿਰਾਸ ਕਰੰਦੇ॥
ਚਰਨ ਸਰਨ ਮਸਤਕ ਧਰਨ ਛਰਨ ਰੇਣ ਮੁਖ ਤਿਲਕ ਸੁਹੰਦੇ॥
ਭਰਮ ਕਰਮ ਦਾ ਲੇਖ ਮੇਟ ਲੇਪ ਅਲੇਖ ਵਸੇਖ ਬਣੰਦੇ॥
ਜਗ ਮਗ ਜੋਤ ਉਦੋਤ ਕਰ ਸੂਰਜ ਚੰਦ ਨ ਅਲਖ ਪੁਜੰਦੇ॥
ਹਉਮੈਂ ਗਰਬ ਨਿਵਾਰਕੈ ਸਾਧ ਸੰਗਤ ਸਚ ਮੇਲ ਮਿਲੰਦੇ॥
ਸਾਧ ਸੰਗਤ ਪੂਰਨ ਬ੍ਰਹਮ ਚਰਨ ਕਵਲ ਪੂਜਾ ਪਰਚੰਦੇ॥
ਸੁਖ ਸੰਗਤ ਕਰ ਭਵਰ ਵਸੰਦੇ ॥੭॥
ਗੁਰੂ ਉਪਦੇਸ ਵਿਚ ਵ ਸਕੇ (ਭਾਵ ਮਨ ਵਿਚ ਵਸਾ ਕੇ ਗੁਰਮੁਖ) ਪੈਰੀ ਪੈਂਦੇ ਤੇ ਇਸੇ ਰਹੁਰੀਤੀ ਨੂੰ ਕਰਦੇ ਹਨ। ਗੁਰੂ-ਚਰਣਾਂ ਦੀ ਸ਼ਰਣ ਵਿਚ ਜਾਂਦੇ ਦੇ ਮੱਥਾ ਟੇਕਦੇ, ਗੁਰ-ਚਰਣਾਂ ਦੀ ਧੂੜੀ ਮੁੱਖ ਤੇ ਮੱਥੇ ’ਤੇ ਲਾਉਂਦੇ (ਜੋ ਧੂੜ) ਤਿਲਕ ਵਾਂਗੂ ਸ਼ੋਭਾ ਪਾਉਂਦੀ ਹੈ। (ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਮੱਥੇ ਦੇ) ਕਰਮਾਂ ਤੇ ਭਰਮਾਂ ਦੇ ਜੋ ਲੇਖ ਸੀ ਉਹ ਮੇਟ ਦਿੱਤੇ, ਤੇ ਉਹ ਵਿਸ਼ੇਸ਼ ਲੇਖ ਜੋ ਅਲੇਖ (ਪ੍ਰਭੂ ਦੀ ਲਖਤਾ, ਜਾਣਕਾਰੀ ਦੇ ਸਨ) ਉਹ (ਮੱਥੇ ’ਤੇ) ਉਘਾੜ ਲਏ। ਜਿਥੇ ਲੱਖਾਂ ਚੰਦ ਤੇ ਸੂਰਜ ਨਹੀਂ ਪੁਜ ਸਕਦੇ, (ਉਸ ਪ੍ਰਭੂ ਦੀ) ਜਗਮਗ ਜੋਤ ਨੂੰ ਹਿਰਦੇ ਵਿਚ ਪ੍ਰਗਟ ਕਰਦੇ ਹਨ। ਹਉਮੈ ਤੇ ਹੰਕਾਰ ਨੂੰ ਮੇਟ ਕੇ ਸਾਧ ਸੰਗਤ ਦੇ ਸੱਚੇ ਮੇਲ ਵਿਚ ਮਿਲੇ ਰਹਿੰਦੇ ਹਨ। (ਉਨ੍ਹਾਂ ਨੂੰ ਦ੍ਰਿੜ੍ਹ ਹੋ ਜਾਂਦਾ ਹੈ ਕਿ) ਸਾਧ ਸੰਗਤ ਵਿਚ ਪੂਰਨ ਬ੍ਰਹਮ (ਅਕਾਲ ਪੁਰਖ ਦਾ ਨਿਵਾਸ) ਹੋ, ਇਸ ਲਈ ਉਹ ਸਾਧ ਸੰਗਤ ਦੇ ਚਰਨਾਂ ਦੀ ਪੂਜਾ ਵਿਚ ਹੀ ਪਰਚਦੇ ਹਨ। (ਉਹ ਇਉਂ) ਸੁੱਖਾਂ ਦੇ ਸੰਪਟ ਰੂਪ ਡੱਬੇ ਵਿਚ, ਭੰਵਰਾਂ ਵਾਂਗ ਜਾਂਦੇ ਹਨ।੭। ਗੁਰਦਰਸ਼ਨ ਪਰਸ਼ਨ ਸਫਲ ਛੇ ਦਰਸ਼ਨ ਇਕ ਦਰਸ਼ਨ ਜਾਣੈ॥
ਦਿਬ ਦ੍ਰਿਸ਼ਟ ਪਰਗਾਸ ਕਰ ਲੋਕ ਵੇਦ ਗੁਰ ਗਿਆਨ ਪਛਾਣੈ॥
ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਪਰ ਧਨ ਸੂਅਰ ਗਾਇ ਜਿਉ ਮਕਰੂਹ ਹਿੰਦੂ ਮੁਸਲਮਾਣੈ॥
ਘਰਬਾਰੀ ਗੁਰ ਸਿਖ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ॥
ਪਾਰਬ੍ਰਹਮ ਪੂਰਨ ਬ੍ਰਹਮ ਗ੍ਯਾਨ ਧ੍ਯਾਨ ਗੁਰਸਿਖ ਸਿਞਾਣੈ॥
ਸਾਧ ਸੰਗਤ ਮਿਲ ਪਤ ਪਰਵਾਣੈ ॥੮॥
(ਗੁਰਸਿੱਖ) ਗੁਰੂ ਦੇ ਦਰਸ਼ਨ ਤੇ ਚਰਣ ਛੋਹ ਕੇ ਸਫਲਾ ਹੁੰਦਾ ਹੈ, ਉਹ ਛੇਆਂ ਦਰਸ਼ਨਾਂ (ਧਰਮਾਂ) ਨੂੰ ਇਕੋ ਗੁਰੂ ਦੇ ਧਰਮ ਨੂੰ ਮੁਢਲਾ ਆਦਿ ਧਰਮ ਸਮਝਦਾ ਹੈ। (ਕਿਉਂਕਿ ਗੁਰੂ ਉਸਦੀ) ਦਿੱੱਬ ਦ੍ਰਿਸ਼ਟ (ਗਿਆਨ ਦੇ ਨੇਤਰਾਂ) ਨੂੰ ਖੋਹਲ ਦੇਂਦਾ ਹੈ, (ਜਿਸ ਨਾਲ ਗੁਰਸਿੱਖ) ਲੋਕਾਂ ਦੇ ਤੇ ਵੇਦਾ ਦੇ ਗਿਆਨ (ਭਾਵ ਸਭ ਕੁਛ) ਗੁਰੂ ਦੇ ਗਿਆਨ ਵਿਚ ਹੀ ਜਾਣਦਾ ਹੈ, (ਗੁਰੂ ਦੇ ਗਿਆਨ ਤੋਂ ਵੱਧ ਕੇ ਹੋਰ ਕਿਸੇ ਗਿਆਨ ਨੂੰ ਨਹੀਂ ਸਮਝਦਾ)। ਇਕੋ ਨਾਰੀ ਵਾਲਾ ਜਤੀ ਹੁੰਦਾ ਹੈ। ਪਰਾਈ ਇਸਤ੍ਰੀ ਨੂੰ ਧੀ ਭੈਣ ਸਮਝਦਾ ਹੈ। ਪਰਾਏ ਧਨ ਨੂੰ ਸੂਰ ਤੇ ਗਾਂ ਦੇ ਖਾਣ ਵਾਂਗ ਜਾਣਦਾ ਹੈ, ਜਿਹੜੇ ਹਿੰਦੂ ਤੇ ਮੁਸਲਮਾਨ ਧਰਮਾਂ ਵਿਚ ਮ੍ਹਾ ਹਨ। ਗ੍ਰਿਹਸਥੀ ਸਿੱਖ ਜੋ ਹੁੰਦਾ ਹੈ, ਉਹ ਨਿਰੀ ਬੋਦੀ ਰੱਖਣ ਤੇ ਜਨੇਊ ਪਾਉਣ ਨੂੰ ਇਉਂ ਤਿਆਗ ਦੇਂਦਾ ਹੈ, ਜਿਵੇਂ ਮਲ-ਮੂਤਰ ਨੂੰ ਮਾੜਾ ਤੇ ਬਦਬੂ ਵਾਲਾ ਸਮਝ ਕੇ, ਛੱਡ ਦੇਈਦਾ ਹੈ। ਪਾਰਬ੍ਰਹਮ ਪ੍ਰਭੂ ਹੀ ਸਭ ਪਾਸੇ ਪੂਰਨ ਤੌਰ ’ਤੇ ਵਿਆਪਕ ਹੈ, ਗੁਰਸਿੱਖ ਇਸ ਭਾਵ ਨੂੰ ਗੁਰੂ ਦੇ ਦੱਸੇ ਗਿਆਨ ਧਿਆਨ ਨਾਲ ਦ੍ਰਿੜ੍ਹ ਕਰਕੇ ਜਾਣ ਜਾਂਦਾ ਹੈ। ਐਸੇ ਗਿਆਨ ਧਿਆਨ ਵਾਲੇ ਸਿੱਖਾਂ ਦੀ ਸੰਗਤ ਵਿਚ ਜੋ ਵੀ ਆ ਕੇ ਮਿਲਦਾ ਹੈ, ਉਹ ਪ੍ਰਮਾਣੀਕ ਪਤਿ (ਇਜ਼ਤ, ਮਾਣ) ਵਾਲਾ ਹੋ ਜਾਂਦਾ ਹੈ।੮। ਗਾਈਂ ਬੲਹਲੇ ਰੰਗ ਜਿਉਂ ਦੁਧ ਦੇਣ ਹੈ ਇਕ ਰੰਗੀ॥
ਬਾਹਲੇ ਬਿਰਖ ਬਣਾਸਪਤ ਅੰਦਰ ਅਗਨੀ ਹੈ ਬਹੁ ਰੰਗੀ॥
ਰਤਨਾ ਵੇਖੇ ਸਭ ਕੋ ਰਤਨ ਪਾਰਖੂ ਵਿਰਲਾ ਸੰਗੀ॥
ਹੀਰੇ ਹੀਰਾ ਬੇਧਿਆ ਰਤਨ ਮਾਲ ਸਤ ਸੰਗਤ ਚੰਗੀ॥
ਅੰਮ੍ਰਿਤ ਨਦਰ ਨਿਹਾਲਿਓ ਹੋਇ ਨਿਹਾਲ ਨ ਹੋਰਸ ਮੰਗੀ॥
ਦਿਬਦੇਹ ਦਿਬ ਦ੍ਰਿਸ਼ਟ ਹੋਇ ਪੂਰਨ ਬ੍ਰਹਮ ਜੋਾ ਅੰਗ ਅੰਗੀ॥
ਸਾਧ ਸੰਗਤ ਸਤਿਗੁਰ ਸਹ ਲੰਗੀ ॥੯॥
ਗਊਆਂ ਦੇ ਬੜੇ ਰੰਗ ਹੁੰਦੇ ਹਨ, ਪਰ ਉਹ ਘਾਹ ਬੂਟ ਚਰ ਕੇ ਇਕੋ ਰੰਗ ਦਾ (ਚਿੱਟਾ) ਦੁੱਧ ਦੇਂਦੀਆਂ ਹਨ। ਤਰ੍ਹਾਂ ਤਰ੍ਹਾਂ ਦੇ ਬ੍ਰਿਛ ਤੇ ਬਨਾਸਪਤੀ ਹੈ, ਪਰ ਉਨ੍ਹਾਂ ਵਿਚ ਅੱਗ ਇਕੋ ਜੇਹੀ ਹੈ। ਰਤਨਾਂ (ਲਾਲਾਂ) ਨੂੰ ਦੇਖਣ ਵਾਲੇ ਸਾਰੇ ਹਨ, ਪਰ ਪਾਰਖੂ (ਪਛਾਣਨ ਵਾਲੇ) ਉਨ੍ਹਾਂ ਵਿਚ ਵਿਰਲੇ ਹੀ ਹਨ। ਹੀਰੇ ਨੂੰ ਹੀਰਾ ਹੀ ਬੇਧਦਾ ਹੈ, (ਇਸੇ ਤਰ੍ਹਾਂ) ਮਨ ਹੀਰੇ ਨੂੰ ਗੁਰੂ ਸ਼ਬਦ (ਉਪਦੇਸ਼) ਦਾ ਹੀਰਾ ਹੀ ਵਿਨ੍ਹੰਦਾ ਹੈ, ਤੇ ਉਹ (ਮਨ) ਵਿੰਨ੍ਹਿਆ ਜਾ ਕੇ ਸਾਧ ਸੰਗਤ ਰੂਪ ਚੰਗੀ ਰਤਨ ਮਾਲਾ ਵਿਚ ਪਰੋਇਆ ਜਾਂਦਾ ਹੈ। (ਐਸੇ ਪ੍ਰੇਮੀ ਗੁਰਸਿੱਖ) ਗੁਰੂ ਦੀ ਅੰਮ੍ਰਿਤ-ਭਿੰਨੀ ਨਦਰ ਦੇਖਣ ਨਾਲ ਨਿਹਾਲ ਹੋ ਜਾਂਦੇ ਹਨ, ਤੇ ਨਿਹਾਲ ਹੋ, ਫਿਰ ਉਹ ਹੋਰ ਕੋਈ ਮੰਗ ਨਹੀਂ ਮੰਗਦੇ। ਉਹ ਦਿੱਬ ਦੇਹ ਤੇ ਦਿੱਬ ਦ੍ਰਿਸ਼ਟੀ ਵਾਲੇ ਹੋ ਜਾਂਦੇ ਹਨ, ਤੇ ਪੂਰਨ ਬ੍ਰਹਮ ਦੀ ਜੋਤੀ ਉਨ੍ਹਾਂ ਦੇ ਅੰਗ ਸੰਗ ਵਿਚ ਸਮਾ ਜਾਂਦੀ ਹੈ। ਸਤਿਗੁਰਾਂ ਦੀ ਸਾਧ ਸੰਗਤ ਹੀ (ਐਸੇ ਗੁਰਸਿੱਖਾਂ ਦੀ) ਸੱਚਾ ਸਨਬੰਧੀ ਤੇ ਮੇਲੀ ਹੈ।੯। ਸ਼ਬਦ ਸੁਰਤ ਲਿਵ ਸਾਧ ਸੰਗ ਪੰਚ ਸਬਦ ਇਕ ਸਬਦ ਮਿਲਾਏ॥
ਰਾਗਨਾਦ ਸੰਬਾਦ ਰਖ ਭਾਖਿਆ ਭਾਉ ਸੁਭਾਉ ਅਲਾਏ॥
ਗੁਰਮੁਖ ਬ੍ਰਹਮ ਧਿਆਨ ਧੁਨ ਜਾਣੈ ਜੰਤ੍ਰੀ ਜੰਤ੍ਰ ਵਜਾਏ॥
ਅਕਥ ਕਥਾ ਵੀਚਾਰ ਕੈ ਉਸਤਤ ਨਿੰਦਾ ਵਰਜ ਰਹਾਏ॥
ਗੁਰ ਉਪਦੇਸ਼ ਅਦੇਸ ਕਰ ਮਿਠਾ ਬੋਲਣ ਮਨ ਪਰਚਾਏ॥
ਜਾਇ ਮਿਲਣ ਗੁੜ ਕੀੜਿਆਂ ਰਖੇ ਰਖਣਹਾਰ ਲੁਕਾਏ॥
ਗੰਨਾ ਹੋਇ ਕੋਹਲੂ ਪੜਾਏ ॥੧੦॥
ਸਾਧ ਸੰਗਤ ਵਿਚ (ਗੁਰਮੁਖਾਂ ਦੀ) ਸ਼ਬਦ ਤੇ ਸੁਰਤ ਵਿਚ ਲਿਵ ਲੱਗੀ ਹੋਈ ਹੈ ਤੇ ਉਹਨਾਂ ਨੇ ਰਾਗ ਦੇ ਪੰਜਾਂ ਸ਼ਬਦਾਂ ਨੂੰ ਇੱਕ ਸ਼ਬਦ ਵਿਚ ਲੀਨ ਕੀਤਾ ਹੋਇਆ ਹੈ। ਰਾਗਾਂ ਤੇ ਨਾਦਾਂ ਦੇ ਸੰਬੰਧਿਤ ਝਗੜੇ ਲੱਖਾਂ ਹਨ, (ਪਰ ਗੁਰਮੁਖ) ਸਹਿਜ ਸੁਭਾ ਹੀ ਬੋਲਦੇ, ਜਾਂ (ਰਾਗ ਵਿਚ) ਅਲਾਪਦੇ ਹਨ, (ਭਾਵ ਉਨ੍ਹਾਂ ਦਾ ਧਿਆਨ ਨਿਰੇ ਰਾਗ ਜਾਂ ਜੋੜੀ ਦੇ ਸੁਰਤਾਲ ਵੱਲ ਨਹੀਂ, ਸਗੋ ਕੇਵਲ ਸ਼ਬਦ ਦੇ ਗਿਆਨ ਵਿਚ ਹੈ, ਪਰ ਰਾਗ ਵੀ ਸਹਿਜ ਸੁਭਾ ਹੀ ਠੀਕ ਤੇ ਤਾਲ ਵੀ ਠੀਕ ਹੀ ਵਜਾ ਰਹੇ ਹਨ)। ਗੁਰਮੁਖ (ਗਿਆਨੀ, ਭੇਤੀ) ਪੁਰਸ਼ ਹੀ ਬ੍ਰਹਮ ਵਿਚ ਧਿਆਨ ਤੇ ਧੁਨ ਲਾਉਣਾ ਜਾਣਦੇ ਹਨ, ਜਿਵੇਂ ਵਾਜਾਂ ਜਾਂ ਤੰਤੀ ਸਾਜ ਵਜਾਉਣ ਵਾਲੇ ਨੂੰ ਸਾਜ ਵਜਾਉਣ ਦੀ ਜਾਚ ਤੇ ਸੋਝੀ ਹੁੰਦੀ ਹੈ। (ਉਹ ਪ੍ਰਭੂ ਦੀ) ਅਕਥ ਕਥਾ ਨੂੰ ਵਿਚਾਰਦੇ ਤੇ ਉਸਤਤਿ, ਨਿੰਦਾ ਨੂੰ (ਜੇ ਕੋਲ ਕੋਈ ਕਰਦਾ ਹੋਵੇ, ਤਾਂ) ਵਰਜ (ਮਨ੍ਹਾਂ ਕਰਕੇ) ਹਟਾ ਦੇਂਦੇ ਹਨ। (ਉਹ ਪ੍ਰਭੂ, ਪ੍ਰੇਮੀ, ਗੁਰਮੁਖ, ਗੁਰੂ) ਉਪਦੇਸ਼ (ਭਾਵ ਸ਼ਬਦ) ਨੂੰ ਮਨ ਵਿਚ ਵਸਾ ਕੇ ਮਿੱਠਾ ਬੋਲਦੇ (ਤੇ ਆਪਣਾ ਅਤੇ ਹੋਰਨਾਂ ਦਾ ਵੀ) ਮਨ ਪਰਚਾਈ ਰੱਖਦੇ ਹਨ। (ਉਹ ਗੁੜ ਵਾਂਗੂ ਮਿੱਠੇ ਤੇ ਪਰਉਪਕਾਰੀ ਹਨ) ਜਿਵੇਂ ਗੁੜ ਨੂੰ ਭਾਵੇਂ ਕੋਈ ਕਿਤੇ ਲੁਕਾ ਕੇ ਰੱਖੇ, ਪਰ ਕੀੜੇ ਕੀੜੀਆਂ ਉਸ ਨੂੰ ਲੱਭ ਹੀ ਲੈਂਦੀਆਂ ਹਨ, (ਇਸੇ ਤਰ੍ਹਾਂ ਮਿੱਠੇ) ਗੁਰਮੁਖਾਂ ਨੂੰ ਵੀ ਲੋਕੀਂ ਲੱਭ ਹੀ ਲੈਂਦੇ ਹਨ। ਉਹ ਗੰਨੇ ਵਾਂਗ (ਪਰਉਪਕਾਰ ਦੀ ਖਾਤਰ, ਆਪਣੇ ਆਪ ਨੂੰ) ਕੋਲੂ ਵਿਚ ਪੀੜ ਲੈਂਦੇ ਹਨ।੧੦। ਚਰਨ ਕਮਲ ਮਕਰੰਦ ਰਸ ਹੋਇ ਭਵਰ ਲੈ ਵਾਸ ਲੁਭਾਵੈ॥
ਇੜਾ ਪਿੰਗਲਾ ਸੁਖਮਨਾ ਲੰਘ ਤ੍ਰਿਬੇਨੀ ਨਿਜ ਘਰ ਆਵੈ॥
ਸਾਹਿ ਸਾਹਿ ਮਨ ਪਵਨ ਲਿਵ ਸੋਹੰ ਹੰਸਾ ਜਪੇ ਜਪਾਵੈ॥
ਅਚਰਜ ਰੂਪ ਅਨੂਪ ਲਿਵ ਗੰਧ ਸੁਗੰਧ ਅਵੇਸ ਮਚਾਵੈ॥
ਸੁਖ ਸਾਗਰ ਚਰਨਾਰਬਿੰਦ ਸੁਖ ਸੰਪਤ ਵਿਚ ਸਹਜ ਸਮਾਵੈ॥
ਗੁਰਮੁਖ ਸੁਖਫਲ ਪਿਰਮ ਰਸ ਦੇਹ ਬਿਦੇਹ ਪਰਮਪਦ ਪਾਵੈ॥
ਸਾਧ ਸੰਗਤ ਮਿਲ ਅਲਖ ਲਖਾਵੈ ॥੧੧॥
(ਗੁਰਮੁਖ ਸਤਿਗੁਰੂ ਜੀ ਦੇ ਫੁੱਲਾਂ ਸਮਾਨ) ਚਰਣਾਂ ਕਮਲਾਂ ਦ ਰਸ (ਭਾਵ ਪਿਆਰ) ਉਤੇ ਭੰਵਰਿਆਂ ਵਾਂਗ (ਪ੍ਰੀਤ-ਵਾਸ਼ਨਾ) ਦੇ ਲੋਭੀ (ਭਾਵ ਚਾਹਵਾਨ) ਹਨ। ਇੜਾ ਪਿੰਗਲਾ ਤੇ ਸੁਖਮਨਾ ਲੰਘ ਕੇ (ਭਾਵ ਹੋਰ ਰਸ ਤਿਆਗ ਤੇ ਅੱਗੇ ਵਧ ਕੇ) ਆਪਣੇ ਘਰ (ਸਵੈ ਸਵਰੂਪ) ਵਿਚ ਆ ਟਿਕਦੇ ਹਨ। ਸਵਾਸ ਸਵਾਸ ਵਿਚ ਮਨ ਦੀ ਲਿਵ ਸੋਹੰ ਹੰਸਾ ਦੇ ਜਾਪਾਂ ਨੂੰ ਲੰਘ ਕੇ (ਗੁਰੂ ਚਰਨਾਂ ਦੇ ਜਾਪ ਭਾਵ) ਧਿਆਨ ਵਿਚ ਜੁੜ ਜਾਂਦੇ ਹਨ। ਲਿਵ ਦਾ ਅਡਰਜ ਤੇ ਅਨੂਪਮ ਰੂਪ ਹੈ, ਜੋ ਹਿਰਦੇ ਰੂਪ ਘਰ ਵਿਚ ਸੁਗੰਧੀ ਤੇ ਮਹਿਕਾਂ ਨੂੰ ਮਚਾ (ਭਾਵ ਤੇਜ ਕਰ) ਦੇਂਦੀ ਹੈ। ਸੁਖ ਦੇ ਸਾਗਰ ਜੋ ਚਰਣ ਕਮਲ ਹਨ, ਬਸ ਉਹਨਾਂ ਸੁਖ ਸੰਪਟ (ਸੁਖਾਂ ਦੇ ਖਜ਼ਾਨੇ) ਵਿਚ ਹੀ ਸਮਾ ਜਾਂਦੇ ਹਨ, (ਭਾਵ ਸੁਖਾਂ ਦਾ ਰੂਪ ਹੀ ਬਣ ਜਾਂਦੇ ਹਨ)। ਗੁਰਮੁਖ ਸੁਖਾਂ ਦੇ ਫਲ ਤੇ ਪ੍ਰੇਮ ਰਸ (ਵਿਚ ਐਸੇ ਮਸਤ ਹੁੰਦੇ) ਹਨ ਕਿ ਉਹ ਦੇਹ ਤੇ ਬਦੇਹ (ਭਾਵ ਸਰੀਰਕ ਸੁਖ, ਤੇ ਦੁਖ-ਪੀੜਾ ਨੂੰ ਮਹਿਸੂਸ ਕਰਨ ਵਾਲੀ ਹਾਲਤ ਤੋਂ ਅੱਗੇ) ਹੋ ਜਾਂਦੇ ਤੇ ਪਰਮ ਪਦ ਪਾਉਂਦੇ ਹਨ। (ਐਸੇ ਗੁਰਮੁਖਾਂ ਦੀ) ਸੰਗਤ ਵਿਚ ਮਿਲਣ ਕਰਕੇ ਨਾ ਜਾਣੇ ਜਾਣ ਵਾਲੇ ਪ੍ਰਭੂ ਦੀ ਲਖਤਾ (ਪਛਾਣ) ਹੁੰਦੀ ਹੈ।੧੧। ਗੁਰਮੁਖ ਹਥ ਸਕਥ ਹਨ ਸਾਧ ਸੰਗਤ ਗੁਰ ਕਾਰ ਕਮਾਵੈ॥
ਪਾਣੀ ਪਖਾ ਪੀਹਣਾ ਪੈਰ ਧੋਇ ਚਰਣਾਮ੍ਰਿਤ ਪਾਵੈ॥
ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰਬਾਬ ਬਜਾਵੈ॥
ਨਮਸਕਾਰ ਡੰਡੌਤ ਕਰ ਗੁਰ ਭਾਈ ਗਲ ਮਿਲ ਗਲ ਲਾਵੈ॥
ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ॥
ਪਾਰਸ ਪਰਸ ਅਪਰਸ ਹੋਇ ਪਰ ਤਨ ਪਰ ਧਨ ਹਥ ਨ ਲਾਵੈ॥
ਗੁਰਸਿਖ ਗੁਰਸਿਖ ਪੁਜਕੈ ਭਾਇ ਭਗਤਿ ਭੈ ਭਾਣਾ ਭਾਵੈ॥
ਆਪ ਗਵਾਇ ਨ ਆਪ ਗਣਾਵੈ ॥੧੨॥
ਉਹਨਾਂ ਗੁਰਮੁਖਾਂ ਦੇ ਹੱਥ ਸਫਲੇ ਹਨ, ਜੋ ਸਾਧ ਸੰਗਤ ਤੇ ਗੁਰੂ ਦੀ ਕਾਰ (ਭਾਵ ਸੇਵਾ) ਕਰਦੇ ਹਨ। ਸੰਗਤ ਨੂੰ ਪੱਖਾ ਝਲਦੇ, (ਲੰਗਰ ਲਈ) ਦਾਣੇ ਪੀਂਹਦੇ, ਪਾਣੀ ਢੋਂਦੇ। (ਆਏ ਗੁਰਸਿੱਖ ਦੇ) ਪੈਰ ਧੋਂਦੇ ਤੇ ਗੁਰੂ ਦੇ ਚਰਣਾਮ੍ਰਿਤ ਨੂੰ ਪਾਉਂਦੇ (ਪੀਂਦੇ) ਹਨ। ਗੁਰਬਾਣੀ ਦੀਆਂ ਪੋਥੀਆਂ ਜਾਂ ਗੁਟਕੇ ਲਿਖ ਕੇ (ਹੋਰਨਾਂ ਨੂੰ ਗੁਰਬਾਣੀ ਪੜ੍ਹਨ ਲਈ ਦੇਂਦੇ), (ਕੀਰਤਨ ਦਾ ਆਨੰਦ ਲੈਣ ਲਈ) ਜੋੜੀ, ਮ੍ਰਿਦੰਗ ਤੇ ਰਬਾਬ ਆਦਿਕ ਵਜਾਉਂਦੇ ਹਨ। ਨਮਸਕਾਰ ਤੇ ਡੰਡਉਤ ਕਰਕੇ, ਗੁਰ ਭਾਈਆਂ ਨੂੰ ਮਿਲਦੇ, ਗਲ ਨਾਲ ਲਾਉਂਦੇ, (ਭਾਵ ਛਾਤੀ ਨਾਲ ਲਾ ਕੇ, ਪ੍ਰੇਮ ਨਾਲ ਮਿਲਦੇ) ਹਨ। ਕਿਰਤ ਵਿਰਤ ਧਰਮ ਦੀ (ਵੱਢੀ ਜਾਂ ਹਰਾਮਖੋਰੀ ਦੀ ਨਹੀਂ) ਕਰਕੇ, ਉਸ ਵਿਚੋਂ (ਦਸਵੰਧ ਤੇ ਹੋਰ ਦਾਨ) ਪਾਰਸ ਨੂੰ ਪਰ ਸਕੇ (ਛੂਹ ਕੇ) ਉਹ ਅਪਰਸ (ਤਿਆਗੀ) ਹੋ ਜਾਂਦੇ ਹਨ ਤੇ ਪਰ ਇਸਤ੍ਰੀ ਤੇ ਪਰ ਧਨ ਨੂੰ ਹੱਥ ਨਹੀਂ ਲਾਉਂਦੇ (ਇਨ੍ਹਾਂ ਨੂੰ ਵਡੇ ਔਗਣ ਤੇ ਉੱਤਮ ਅਤੇ ਵਡੇ ਭਾਗਾਂ ਨਾਲ ਪ੍ਰਾਪਤ ਹੋਈ ਗੁਰਸਿੱਖੀ ਤੋਂ ਡਿੱਗਣਾ ਸਮਝਦੇ ਹਨ)। ਕੋਈ ਗੁਰੂ ਦਾ ਪ੍ਰੇਮੀ ਸਿੱਖ ਮਿਲੇ, ਤਾਂ ਉਸ ਦੀ ਪੂਜਾ ਕਰਨ ਵਾਂਗ ਆਉਭਗਤ ਕਰਦੇ, ਗਲ ਨਾਲ ਮਿਲਦੇ, ਗੁਰੂ ਦਾ ਭੈ ਤੇ ਭਾਵਨਾ ਅਤੇ ਭਾਣੇ ਵਿਚ (ਚਲਣ ਦੀਆਂ ਕਥਾਵਾਂ ਕਰਦੇ) ਰਹਿੰਦੇ ਹਨ। (ਇਹੋ ਜੇਹੇ ਉੱਤਮ ਗੁਰਸਿੱਖ) ਆਪਾ ਭਾਵ ਗਵਾ ਕੇ, ਆਪੇ ਨੂੰ ਕਦੇ ਵੀ ਨਹੀਂ ਜਤਾਉਂਦੇ।੧੨। ਗੁਰਮੁਖ ਪੈਰ ਸਕਾਰਥੇ ਗੁਰਮੁਖ ਮਾਰਗ ਚਾਲ ਚਲੰਦੇ॥
ਗੁਰੂ ਦੁਆਰੇ ਜਾਨ ਚਲ ਸਾਧ ਸੰਗਤ ਚਲ ਜਾਇ ਬਹੰਦੇ॥
ਧਾਵਨ ਪਰਉਪਕਾਰ ਨੋਂ ਗੁਰ ਸਿਖਾਂ ਨੋ ਖੋਜ ਲਹੰਦੇ॥
ਦੁਬਿਧਾ ਪੰਥ ਨ ਧਾਵਨੀ ਮਾਯਾ ਵਿਚ ਉਦਾਸ ਰਹੰਦੇ॥
ਬੰਦ ਖਲਾਸੀ ਬੰਦਗੀ ਵਿਰਲੇ ਕੋਈ ਹੁਕਮੀ ਬੰਦੇ॥
ਗੁਰ ਸਿਖਾਂ ਪਰਦਖਣਾ ਪੈਰੀਂ ਪੈ ਰਹਿਰਾਸ ਕਰੰਦੇ॥
ਗੁਰ ਚੇਲੇ ਪਰਚੇ ਪਰਚੰਦੇ ॥੧੩॥
ਗੁਰਮੁਖਾਂ ਦੇ ਪੈਰ ਸਫਲੇ ਹਨ, ਜੋ ਗੁਰਸਿੱਖੀ ਮਾਰਗ ’ਤੇ (ਠੀਕ ਤੌਰ ’ਤੇ ਦ੍ਰਿੜ੍ਹਤਾ ਨਾਲ) ਚਲਦੇ ਹਨ। ਗੁਰਦੁਵਾਰੇ ਵੱਲ ਚਲ ਕੇ ਜਾਂਦੇ ਹਨ, ਤੇ ਫਿਰ ਸਾਧ ਸੰਗਤ ਵਿਚ ਬੈਠਦੇ ਹਨ। ਪਰਉਪਕਾਰ ਲਈ ਦੌੜਦੇ ਤੇ ਗੁਰਸਿੱਖਾਂ ਨੂੰ ਢੂੰਡ ਢੂੰਡ ਕੇ ਲੱਭਦੇ ਹਨ। ਦੁਬਿਧਾ (ਝਗੜੇ ਜਾਂ ਲਾਲਸਾ) ਵਾਲੇ ਪਾਸੇ ਨਹੀਂ ਨਠਦੇ, ਸਗੋਂ ਮਾਇਆ ਕੋਲ ਹੁੰਦੇ ਵੀ, ਉਦਾਸ (ਨਿਮ੍ਰਤਾ ਵਿਚ) ਰਹਿੰਦੇ ਹਨ। ਬੰਦ ਖਲਾਸੀ (ਮੁਕਤੀ ਤਾਂ ਪ੍ਰਭੂ ਦੀ) ਬੰਦਗੀ (ਭਜਨ ਸਿਮਰਨ) ਨਾਲ ਹੁੰਦੀ ਹੈ, ਪਰ ਅਜੇਹੇ ਬੰਦਗੀ ਵਾਲੇ ਕੋਈ ਵਿਰਲੇ ਹੀ ਪੁਰਸ਼ ਹੁੰਦੇ ਹਨ ਜੋ (ਪਹਿਲੇ) ਗੁਰਸਿੱਖਾਂ ਦੀਆਂ ਪਰਦਖਣਾ (ਸਤਿਕਾਰ ਨਾਲ) ਕਰਦੇ ਤੇ ਫਿਰ ਪੈਰੀਂ ਪੈਂਦੇ ਹਨ ਤੇ ਗੁਰਸਿੱਖੀ ਦੀ ਇਸ ਰਹੁਰੀਤ ਨੂੰ ਆਪਣਾ ਕੇ, ਆਪਣੀ ਜ਼ਿੰਦਗੀ ਦਾ ਅੰਗ ਬਣਾ ਲੈਂਦੇ ਹਨ। ਤੇ ਫਿਰ ਗੁਰੂ-ਚੇਲੇ ਦੀ (ਸੱਚੀ ਪ੍ਰੀਤੀ, ਪ੍ਰੇਮਾ-ਭਗਤੀ ਦੇ) ਪ੍ਰੇਮ-ਰਸ ਵਿਚ ਪਰਚ ਜਾਂਦੇ ਹਨ, (ਭਾਵ ਇਸ ਕੰਮ ਵਿਚ ਹੀ ਲੱਗ ਜਾਂਦੇ ਹਨ)।੧੩। ਗੁਰਸਿਖ ਮਨ ਪਰਗਾਸ ਹੈ ਪਿਰਮ ਪਿਆਲਾ ਅਜਰ ਜਰੰਦੇ॥
ਪਾਰਬ੍ਰਹਮ ਪੂਰਨ ਬ੍ਰਹਮ ਬ੍ਰਹਮ ਬਬੇਕੀ ਧਿਆਨ ਧਰੰਦੇ॥
ਸਬਦ ਸੁਰਤ ਲਿਵਲੀਨ ਹੋ ਅਕਥ ਕਥਾ ਗੁਰ ਸਬਦ ਸੁਣੰਦੇ॥
ਭੂਤ ਭਵਿਖਹੁ ਵਰਤਮਾਨ ਅਬਗਤ ਗਤ ਅਤਿ ਅਲਖ ਲਖੰਦੇ॥
ਗੁਰਮੁਖ ਸੁਖਫਲ ਅਛਲ ਛਲ ਭਗਤ ਵਛਲ ਕਰ ਅਛਲ ਛਲੰਦੇ॥
ਭਵਜਲ ਅੰਦਰ ਬੋਹਿਥੈ ਇਕਸ ਪਿਛੈ ਲਖ ਤਰੰਦੇ॥
ਪਰਉਪਕਾਰੀ ਮਿਲਨ ਹਸੰਦੇ ॥੧੪॥
ਗੁਰਸਿੱਖਾਂ ਦੇ ਮਨ ਵਿਚ (ਅੱਗੇ ਪਿੱਛੇ ਦਾ) ਪਰਕਾਸ਼ ਹੈ, (ਉਹ ਇਸ ਗਿਆਨ ਦੇ) ਪ੍ਰੇਮ ਪਿਆਲੇ (ਦੀ ਮਹਾਨ ਮਸਤੀ ਦੀ ਸ਼ਕਤੀ ਜੋ ਮਾੜੇ-ਮੋਟੇ ਸੰਭਾਲ ਜਾਂ ਕਰ ਨਹੀਂ ਸਕਦੇ, ਪਰ ਗਿਆਨੀ ਗੁਰਸਿੱਖ) ਅਜਰ ਨੂੰ ਜਰਦੇ ਹਨ, (ਆਪਾ ਨਹੀਂ ਜਣਾਉਂਦੇ)। ਉਹ ਬ੍ਰਹਮ ਬਿਬੇਕੀ (ਪੂਰਨ ਪਾਰਬ੍ਰਹਮ) ਪਰਮੇਸ਼ਰ ਦਾ ਧਿਆਨ ਧਰਦੇ ਹਨ। ਸ਼ਬਦ ਦ ਰਸ ਨਾਲ ਸੁਰਤ ਵਿਚ ਲਿਵਲੀਨ ਹੋ ਕੇ, ਅਕਥ ਕਥਾ ਨੂੰ ਗੁਰ-ਸ਼ਬਦ ਰਾਹੀਂ ਸੁਣਦੇ ਹਨ। (ਜਿਸ ਦੇ ਫਲ ਸਰੂਪ) ਭੂਤ, ਭਵਿਖ ਤੇ ਵਰਤਮਾਨ (ਤਿੰਨਾਂ ਹੀ ਕਾਲਾਂ) ਦੀ ਜੋ ਨ ਜਾਣੀ ਜਾਣ ਵਾਲੀ ਹਾਲਤ ਹੈ, ਉਸ ਦੇ ਗਿਆਤਾ (ਜਾਣਨ ਵਾਲੇ) ਬਣ ਜਾਂਦੇ ਹਨ। ਗੁਰਮੁਖ ਨੂੰ ਆਤਮ-ਸੁਖ ਪ੍ਰਾਪਤ ਹੋ ਜਾਂਦਾ ਹੈ, ਜਿਸ ਨੂੰ ਕੋਈ ਮੇਟ ਜਾਂ ਛਲ (ਧੋਖੇ ਨਾਲ ਖੋਹ) ਨਹੀਂ ਸਕਦਾ, ਸਗੋਂ ਭਗਤਵਛਲ (ਪ੍ਰਭੂ) ਦੀ ਕ੍ਰਿਪਾ ਨਾਲ (ਗੁਰਮੁਖ ਨਾ ਛਲੇ ਜਾਣ ਵਾਲੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਛਲ ਲੈਂਦੇ (ਭਾਵ ਵਸ ਵਿਚ ਕਰ ਲੈਂਦੇ ਹਨ)। (ਜਿਸ ਸਮੁੰਦਰ ਦੇ ਅਥਾਹ ਜਲ ਵਿਚੋਂ ਇੱਕ ਬੇੜਾ ਕਈਆਂ ਨੂੰ ਪਾਰ ਲਾ ਦੇਂਦਾ ਹੈ, ਇਸੇ ਤਰ੍ਹਾਂ) ਸੰਸਾਰ ਭਵਜਲ (ਵਿਸ਼ੇ ਵਿਕਾਰਾਂ, ਭਰਮਾਂ, ਤੇ ਡਰ ਤੌਖਲਿਆਂ ਦੇ ਸਮੁੰਦਰ) ਵਿਚੋਂ ਇੱਕ ਐਸੇ ਗੁਰਮੁਖ ਦੀ ਸੰਗਤ ਦੀ ਬਦੌਲਤ ਲੱਖਾਂ ਤਰ ਜਾਂਦੇ ਹਨ। (ਐਸੇ) ਪਰਉਪਕਾਰੀ (ਭੂਤ, ਭਵਿੱਖ ਦੇ ਜਾਣਨਹਾਰ ਗਿਆਨੀ) ਪੁਰਸ਼ ਸਦਾ ਹੀ ਖਿੜੇ ਹੋਏ, ਹੱਸਦੇ ਮਿਲਦੇ ਹਨ।੧੪। ਬਾਵਨ ਚੰਦਨ ਆਖੀਐ ਬਹਿਲੇ ਬਿਸੀਅਰ ਤਿਸ ਲਪਟਾਹੀਂ॥
ਪਾਰਸ ਅੰਦਰ ਪਥਰਾਂ ਪਥਰ ਪਾਰਸ ਹੋਇ ਨ ਜਾਹੀਂ॥
ਮਣੀਂ ਜਿਨਾਂ ਸਪਾਂ ਸਿਰੀਂ ਓਇ ਭੀ ਸਪਾਂ ਵਿਚ ਫਿਰਾਹੀਂ॥
ਲਹਿਰੀ ਅੰਦਰ ਹੰਸਲੇ ਮਾਣਕ ਮੋਤੀ ਚੁਗ ਚੁਗ ਖਾਹੀਂ॥
ਜ੍ਯੋਂ ਜਲ ਕਵਲ ਅਲਿਪਤ ਹੈ ਘਰਬਾਰੀ ਗੁਰਸਿਖ ਤਿਵਾਹੀਂ॥
ਆਸਾ ਵਿਚ ਨਿਰਾਸ ਹੋਇ ਜੀਵਣ ਮੁਕਤ ਸੁ ਜੁਗਤ ਜਵਾਹੀਂ॥
ਸਾਧ ਸੰਗਤਿ ਕਿਤ ਮੁਖ ਸਲਾਹੀਂ ॥੧੫॥
ਜਿਸ ਨੂੰ ਬਾਵਨ ਚੰਦਨ ਕਹਿੰਦੇ ਹਨ, ਉਸ ਨਾਲ ਅਨੇਕਾਂ ਜ਼ਹਿਰੀਲੇ ਸੱਪ ਲਿਪਟੇ ਹੋਏ ਹੁੰਦੇ ਹਨ। (ਚੰਦਨ ਠੰਢਾ ਹੁੰਦਾ ਹੈ, ਤੇ ਸੱਪ ਆਪਣੀ ਜ਼ਹਿਰ ਦੀ ਗਰਮੀ ਨਾਲ ਸੜਦੇ, ਇਸ ਨਾਲ ਲਿਪਟ ਕੇ ਠੰਢਕ ਤੇ ਸੁਖ ਪ੍ਰਾਪਤ ਕਰਦੇ ਹਨ)। ਪਾਰਸ ਪੱਥਰਾਂ ਦੇ ਵਿਚ ਪੱਥਰ ਹੀ ਹੈ, ਉਹ ਹੋਰ ਪੱਥਰਾਂ ਨੂੰ ਪਾਰਸ ਨਹੀਂ ਬਣਾ ਸਕਦਾ। ਜਿਨ੍ਹਾਂ ਸੱਪਾਂ ਦੇ ਸਿਰ ਵਿਚ ਮਣੀ ਹੁੰਦੀ ਹੈ, ਉਹ ਭੀ ਦੂਜੇ ਸੱਪਾਂ ਵਿਚ ਹੀ ਫਿਰਦੇ ਤੁਰਦੇ ਰਹਿੰਦੇ ਹਨ। (ਮਾਨ ਸਰੋਵਰ) ਦੀਆਂ ਲਹਿਰਾਂ ਵਿਚੋਂ ਹੰਸ ਕੇਵਲ ਮਾਣਕ ਤੇ ਮੋਤੀ ਚੁਗ ਚੁਗ ਖਾਂਦੇ ਹਨ, (ਉਨ੍ਹਾਂ ਦਾ ਹੋਰ ਪਾਸੇ ਧਿਆਨ ਹੀ ਨਹੀਂ ਜਾਂਦਾ)। ਜਿਸ ਤਰ੍ਹਾਂ ਪਾਣੀ ਵਿਚ ਰਹਿੰਦਾ ਕੰਵਲ ਫੁਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇਸੇ ਤਰ੍ਹਾਂ ਗ੍ਰਿਹਸਥੀ ਸਿੱਖ ਹੋਰ (ਸੰਸਾਰੀ ਲੋਕਾਂ ਵਿਚ ਰਹਿੰਦਾ) ਸੰਸਾਰ ਦੀਆਂ ਖਿੱਚਾਂ ਤੇ ਪਕੜਾਂ ਤੋਂ ਨਿਰਲੇਪ ਰਹਿੰਦਾ ਹੈ। (ਗੁਰਸਿੱਖ) ਅਸ਼ਾਵਾਂ ਦੇ ਸਮੁੰਦਰ ਵਿਚ ਨਿਰਾਸ਼ਿਆਂ ਵਾਂਗ ਹੋ ਰਹਿੰਦੇ ਹਨ ਤੇ ਜੀਵਨ-ਮੁਕਤੀ ਦੀ ਜੁਗਤੀ ਨਾਲ ਉਹ ਜੀਉਂਦੇ ਹਨ, (ਸੰਸਾਰੀ ਜੁਗਤੀਆਂ ਨਾਲ ਨਹੀਂ)। ਗੁਰਸਿੱਖ ਨੂੰ ਇਹ ਜੀਵਨ-ਜੁਗਤਿ ਸਾਧ ਸੰਗਤ ਵਿਚ ਗੁਰੂ-ਸ਼ਬਦ ਦੀ ਸਿੱਖਿਆ ਤੋਂ ਪ੍ਰਾਪਤ ਹੋਈ ਹੈ, (ਸੋ ਐਸੀ) ਸਾਧ ਸੰਗਤ ਦੀ ਮਹਿਮਾ ਨੂੰ ਕਿਸ ਮੁਖ ਨਾਲ ਕਹੀਏ? (ਭਾਵ ਕਹੀ ਨਹੀਂ ਜਾਂਦੀ)।੧੫। ਧੰਨ ਧੰਨ ਸਤਿਗੁਰ ਪੁਰਖ ਨਿਰੰਕਾਰ ਅਕਾਰ ਬਨਾਇਆ॥
ਧੰਨ ਧੰਨ ਗੁਰਸਿਖ ਸੁਣ ਚਰਨ ਸਰਨ ਗੁਰਸਿਖ ਜੁਆਯਾ॥
ਗੁਰਮੁਖ ਮਾਰਗ ਧੰਨ ਧੰਨ ਸਾਧ ਸੰਗਤ ਮਿਲ ਸੰਗ ਚਲਾਯਾ॥
ਧੰਨ ਧੰਨ ਸਤਿਗੁਰ ਚਰਨ ਧੰਨ ਮਸਤਕ ਗੁਰ ਚਰਨੀ ਲਾਯਾ॥
ਸਤਿਗੁਰ ਦਰਸਨ ਧੰਨ ਹੈ ਧੰਨ ਧੰਨ ਗੁਰਸਿਖ ਪਰਸਨ ਆਯਾ॥
ਭਾਉ ਭਗਤਿ ਗੁਰਸਿਖ ਵਿਚ ਹੋਇ ਦਿਆਲ ਗੁਰੂ ਮਹਿ ਲਾਯਾ॥
ਦੁਰਮਤ ਦੂਜਾ ਜਾਉ ਮਿਟਾਇਆ ॥੧੬॥
ਧੰਨ ਧੰਨ ਸਤਿਗੁਰੂ (ਪੂਰੇ) ਪੁਰਖ ਜੀ ਹਨ, (ਜਿਨ੍ਹਾਂ ਦੇ) ਸਾਖਿਆਤ ਸਰੂਪ ਨੂੰ ਨਿਰੰਕਾਰ ਪ੍ਰਭੂ ਜੀ ਨੇ ਆਪ ਬਣਾਇਆ ਹੈ। ਧੰਨ ਧੰਨ ਸਤਿਗੁਰ ਪੁਰਖ ਦੀ ਸਿੱਖਿਆ ਹੈ, ਜਿਸ ਨੂੰ ਸੁਣ ਕੇ ਗੁਰਸਿੱਖ ਸਤਿਗੁਰੂ ਦੀ ਚਰਣ ਸ਼ਰਣ ਵਿਚ ਆਇਆ ਹੈ। ਸਤਿਗੁਰੂ ਪੁਰਖ ਦਾ ਚਲਾਇਆ ਗੁਰਮੁਖੀ ਮਾਰਗ ਵੀ ਧੰਨ ਹੈ, ਜੋ ਸਾਧ ਸੰਗਤ ਦੇ ਮਿਲਾਪ (ਸੰਗਤ) ਨਾਲ ਚਲਦਾ ਹੈ। ਧੰਨ ਹਨ ਪੂਰੇ ਸਤਿਗੁਰੂ ਜੀ ਦੇ ਚਰਣ, ਜਿਨ੍ਹਾਂ ਉਤੇ ਧੰਨਤਾ ਯੋਗ ਗੁਰਸਿੱਖ ਨੇ ਆਪਣਾ ਮੱਥਾ ਲਾਇਆ ਛੁਹਾਇਆ ਹੈ। ਪੂਰੇ ਸਤਿਗੁਰੂ ਜੀ ਦਾ ਦਰਸ਼ਨ ਵੀ ਧੰਨ ਹੈ (ਜੋ ਭਾਗਾ ਨਾਲ ਪ੍ਰਾਪਤ ਹੁੰਦਾ ਹੈ) ਅਤੇ ਧੰਨ ਧੰਨ ਉਹ ਗੁਰ-ਸਿੱਖ ਹੈ, ਜੋ ਸਤਿਗੁਰੂ ਜੀ ਦੇ ਚਰਣਾਂ ਨੂੰ ਪਰਸਣ ਲਈ ਚੱਲ ਕੇ ਆਇਆ ਹੈ। ਗੁਰੂ ਵਿਚ ਪ੍ਰੇਮਾ-ਭਗਤੀ (ਦਾ ਰੰਗ) ਹੈ, ਜਿਸ ਨੂੰ (ਵੇਖ ਕੇ) ਦਇਆਲੂ ਹੋ ਕੇ ਸਤਿਗੁਰੂ ਜੀ ਨੇ (ਗੁਰਸਿੱਖ ਨੂੰ) ਮੂੰਹ ਲਾਇਆ, ਭਾਵ ਆਪਣੇ ਸਾਹਮਣੇ ਬੁਲਾ ਲਿਆ, (ਤੇ ਬੁਲਾ ਕੇ ਫਿਰ ਕਿਰਪਾ ਕੀਤੀ)। ਸਤਿਗੁਰੂ ਨੇ ਸਿੱਖ ਵਿਚੋਂ ਖੇਟੀ ਮਤ ਤੇ ਦਵੈਤ ਭਾਵ ਨਾਸ ਕਰ ਦਿੱਤੀ।੧੬। ਧੰਨ ਪਲ ਚਸਾ ਘੜੀ ਪਹਿਰ ਧੰਨ ਧੰਨ ਥਿਤ ਸੁ ਵਾਰ ਸਭਾਗੇ॥
ਧੰਨ ਧੰਨ ਦਿਹ ਰਾਤ ਹੈ ਪਖ ਮਾਹ ਰੁਤ ਸੰਮਤ ਜਾਗੇ॥
ਧੰਨ ਅਭੀਚ ਨਿਛਤੵ ਹੈ ਕਾਮ ਕ੍ਰੋਧ ਅਹੰਕਾਰ ਤਿਆਗੇ॥
ਧੰਨ ਧੰਨ ਸੰਜੋਗ ਹੈ ਅਠਸਠ ਤੀਰਥ ਰਾਜ ਪਿਰਾਗੇ॥
ਗੁਰੂ ਦੁਆਰੇ ਆਇਕੈ ਚਰਨ ਕਵਲ ਰਸ ਅੰਮ੍ਰਿਤ ਪਾਗੇ॥
ਗੁਰਉਪਦੇਸ ਅਵੇਸ ਕਰ ਅਨਭੈ ਪਿਰਮ ਪਿਰੀ ਅਨੁਰਾਗੇ॥
ਸ਼ਬਦ ਸੁਰਤ ਲਿਵ ਸਾਧਸੰਗਤਿ ਅੰਗ ਅੰਗ ਇਕ ਰੰਗ ਸਮਾਗੇ॥
ਰਤਨ ਮਾਲ ਕਰ ਕਚੇ ਧਾਗੇ ॥੧੭॥
ਧੰਨ ਹਨ ਉਹ ਪਲ, ਚਸਾ, ਘੜੀ ਤੇ ਪਹਿਰ, ਉਹ ਥਿੱਤਾ ਤੇ ਵਾਰ ਭਾਗਾਂ ਵਾਲੇ ਹਨ। ਉਹ ਦਿਨ ਰਾਤ ਵੀ ਧੰਨ ਧੰਨ ਹਨ, ਉੱਤਮ ਹਨ, ਉਹ ਪੱਖ, ਮਹੀਨੇ, ਰੁਤ ਤੇ ਸੰਮਤ। ਧੰਨ ਹੈ ਉਹ ਅਭੀਚ ਨਿਛੱਤ੍ਰ ਜਿਸ ਵਿਖੇ ਕਾਮ, ਕ੍ਰੋਧ ਤੇ ਹੰਕਾਰ ਆਦਿ ਵਿਕਾਰਾਂ ਦਾ ਤਿਆਗ ਕੀਤਾ ਜਾਏ। ਉਹ ਸੰਜੋਗ (ਮਿਲਾਪ) ਧੰਨ ਹੈ, ਜਦੋਂ (ਗੁਰੂ ਰੂਪ) ਅਠਾਹਠ ਤੀਰਥਾਂ ਤੇ ਪਰਯਾਗ ਰਾਜ ਦੇ ਇਸ਼ਨਾਨ ਤੇ ਦਰਸ਼ਨ ਹੋ ਜਾਣ। (ਧੰਨਤਾ ਯੋਗ ਹਨ) ਉਹ ਸਿੱਖ ਜੋ ਗੁਰੂ ਦੇ ਦੁਆਰੇ ਆ ਕੇ (ਉਥੋਂ) ਚਰਣ ਕਵਲਾਂ ਦੇ ਪ੍ਰੇਮ ਰਸ ਦਾ ਅੰਮ੍ਰਿਤ ਪੀਂਦੇ ਹਨ (ਭਾਵ ਅੰਮ੍ਰਿਤ-ਰਸ ਵਿਚ ਲੀਨ ਹੋਏ ਹਨ)। ਗੁਰੂ ਉਪਦੇਸ਼ ਨੂੰ ਹਿਰਦੇ ਵਿਚ ਵਸਾ ਕੇ, ਅਨੁਭਵਤਾ ਦੇ ਪਰਮ ਪ੍ਰੇਮ ਰਸ ਵਿਚ ਮਗਨ ਹੋ ਗਏ, (ਭਾਵ ਪ੍ਰੇਮ ਦੇ ਰੰਗ ਵਿਚ ਰੰਗੇ ਗਏ ਹਨ)। ਸਿੱਖ ਨੇ ਸ਼ਬਦ ਨੂੰ ਸੂਰਤ ਵਿਚ ਰੱਖ ਕੇ ਧਿਆਨ ਜੋੜਿਆ। ਸਾਧ ਸੰਗਤਿ ਦਾ (ਐਸਾ ਫਲ) ਹੋਇਆ ਕਿ ਅੰਗ ਅੰਗ ਵਿਚ ਇੱਕ ਪ੍ਰਭੂ ਦਾ ਰੰਗ ਸਮਾ ਗਿਆ। ਗੁਰਸਿੱਖ ਕੱਚੇ ਧਾਗੇ (ਮੁੱਕ ਜਾਣ ਵਾਲੇ ਸਵਾਸਾਂ ਨੂੰ) ਰਤਨਾਂ ਦੀ ਮਾਲਾ ਵਾਂਗ ਕਰ ਲੈਂਦੇ ਹਨ, ਭਾਵ ਸਰੀਰ ਤੇ ਸਰੀਰ ਦੇ ਸਵਾਸਾਂ ਨੂੰ ਸਫਲਾ ਕਰ ਲੈਂਦੇ ਹਨ।੧੭। ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋਈ ਜਪ ਜਾਪੈ॥
ਗੁਰਮੁਖ ਅਖੀਂ ਦੇਖਣਾ ਬ੍ਰਹਮ ਧਿਆਨ ਧਰੇ ਆਪ ਸੁਆਪੈ॥
ਗੁਰਮੁਖ ਸੁਨਣਾ ਸੁਰਤ ਕਰ ਪੰਚ ਸ਼ਬਦ ਗੁਰ ਸ਼ਬਦ ਅਲਾਪੈ॥
ਗੁਰਮੁਖ ਕਿਰਤ ਕਮਾਵਣੀ ਨਮਸਕਾਰ ਡੰਡਉਤ ਸਿਞਾਪੈ॥
ਗੁਰਮੁਖ ਮਾਰਗ ਚਲਣਾ ਪਰਦਖਣਾ ਪੂਰਨ ਪਰਤਾਪੈ॥
ਗੁਰਮੁਖ ਖਾਣਾ ਪੈਨਣਾ ਜਗ ਭੋਗ ਸੰਜੋਗ ਪਛਾਪੈ॥
ਗੁਰਮੁਖ ਸਵਣ ਸਮਾਧਿ ਹੈ ਆਪੈ ਆਪ ਨ ਥਾਪ ੳਥਾਪੈ॥
ਘਰਬਾਰੀ ਜੀਵਨ ਮੁਕਤਿ ਲਹਰ ਨਹੀਂ ਲਬ ਲੋਭ ਬਿਆਪੈ॥
ਪਾਰ ਪਵੇ ਲੰਘ ਵਰੈ ਸਰਾਪੈ ॥੧੮॥
ਗੁਰਮੁਖ ਮਿੱਠਾ ਬੋਲਦੇ ਹਨ, ਜੋ ਬੋਲਦੇ ਹਨ, (ਪਰਮੇਸ਼ਰ ਦੇ) ਜਪੁ ਜਾਪੁ ਨੂੰ ਹੀ ਬੋਲਦੇ ਹਨ, (ਭਾਵ ਵਧ ਘਟ ਬੋਲਦੇ ਹੀ ਨਹੀਂ)। ਗੁਰਮੁਖ ਅੱਖਾਂ ਨਾਲ ਆਪਣੇ ਆਪ ਨੂੰ ਹੀ ਦੇਖਦੇ, ਅੰਦਰੋਂ (ਆਪੇ ਵਿਚੋਂ ਵੀ) ਬ੍ਰਹਮ ਦਾ ਹੀ ਧਿਆਨ ਧਰਦੇ ਹਨ। ਗੁਰਮੁਖ ਸੁਰਤ ਨਾਲ ਹੀ ਪੰਜਾਂ ਸ਼ਬਦਾਂ ਨੂੰ ਸੁਣਦੇ, ਤੇ ਸੁਰਤ ਨਾਲ ਹੀ ਸ਼ਬਦ ਦਾ ਅਲਾਪ ਕਰਦੇ ਹਨ। ਗੁਰਮੁਖ ਹੱਥਾਂ ਨਾਲ ਕਿਰਤ ਕਰਦੇ ਤੇ ਸਿਰ ਨੂੰ ਡੰਡਉਤ ਤੇ ਨਮਸਕਾਰ ਕਰਨ ਵਿਚ ਹੀ ਲਾਉਂਦੇ ਹਨ। ਗੁਰਮੁਖ ਪੈਰਾਂ ਨਾਲ ਗੁਰਮੁਖੀ ਮਾਰਗ ’ਤੇ ਚਲਦੇ, (ਸਾਧ ਸੰਗਤ ਵਿਚ ਜਾ ਕੇ) ਪੂਰਨ ਪਰਤਾਪੀ ਸਤਿਗੁਰੂ ਜੀ ਦੀਆਂ ਪਰਦਖਣਾ ਕਰਦੇ ਹਨ। ਗੁਰਮੁਖ ਖਾਣਾ, ਪਹਿਨਣਾ, ਜੋਗ, ਭੋਗ ਤੇ ਸੰਜੋਗ (ਮੇਲ) ਦੀ ਵਿਧੀਆਂ ਨੂੰ ਪਛਾਣਦੇ ਹਨ ਭਾਵ ਸਭ ਕੁਝ ਹੀ ਸਮਝ ਕੇ (ਗੁਰੂ ਸ਼ਬਦ-ਸਿੱਖਿਆ) ਦੀ ਰੌਸ਼ਨੀ ਵਿਚ ਕਰਦੇ ਹਨ। ਗੁਰਮੁਖਾਂ ਦਾ ਨਿੰਦਰਾਂ ਵਿਚ ਜਾਣਾ ਵੀ ਸਮਾਧੀ ਲਾਣਾ ਹੈ, ਕਿਉਂਕਿ ਉਨ੍ਹਾਂ ਨੂੰ ਸੁਤਿਆਂ ਵੀ ਕੋਈ ਵਾਧੂ ਫੁਰਨਾ (ਸੁਪਨਾ) ਜਾਂ ਸੰਕਲਪ ਨਹੀਂ ਫੁਰਦਾ, ਸੋ ਉਨ੍ਹਾਂ ਦਾ ਸੌਣਾ ਵੀ ਸਮਾਧੀ ਦਾ ਦਰਜਾ ਰੱਖਦਾ ਹੈ। ਉਨ੍ਹਾਂ ਨੂੰ ਗ੍ਰਿਹਸਥੀ ਜੀਵਨ ਬਤੀਤ ਕਰਦਿਆਂ, ਸੰਸਾਰ ਦੀ ਕੋਈ ਲੋਭ ਲਹਿਰ ਨਹੀਂ ਵਿਆਪਦੀ, ਉਨ੍ਹਾਂ ਨੂੰ ਜੀਵਨ-ਮੁਕਤੀ ਦੀ ਪਦਵੀਂ ਤੋਂ ਨਹੀਂ ਡੋਗਦੀ। (ਕਿਉਂਕਿ) ਉਹ ਵਰ ਤੇ ਸਰਾਪ ਦੀ ਮਾਰ ਤੋਂ ਦੂਰ, ਭਾਵ ਉਪਰਲੀ ਅਵਸਥਾ ਵਿਚ ਪਹੁੰਚ ਕੇ ਦ੍ਰਿੜ੍ਹ ਹੋ ਗਏ ਹਨ, ਇਸ ਲਈ ਮੁਕਤ ਹੋ ਗਏ ਹਨ ਭਾਵ ਸਮਦ੍ਰਿਸ਼ਟੀ ਵਾਲੇ ਹੋ ਗਏ ਹਨ।੧੮। ਸਤਿਗੁਰ ਸਤਿ ਸਰੂਪ ਹੈ ਧਿਆਨ ਮੂਲ ਗੁਰ ਮੂਰਤ ਜਾਣੈ॥
ਸਤਿਨਾਮੁ ਕਰਤਾ ਪੁਰਖ ਮੂਲ ਮੰਤ੍ਰ ਸਿਮਰਣ ਪਰਵਾਣੈ॥
ਚਰਨ ਕਮਲ ਮਕਰੰਦ ਰਸ ਪੂਜਾ ਮੂਲ ਪਿਰਮ ਰਸ ਮਾਣੈ॥
ਸਬਦ ਸੁਰਤਿ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੈ॥
ਗੁਰਮੁਖ ਪੰਥ ਅਗੰਮ ਹੈ ਗੁਰਮਤ ਨਿਹਚਲ ਚਲਣ ਭਾਣੈ॥
ਵੇਦ ਕਤੇਬਹੁ ਬਾਹਰੀ ਅਕਥ ਕਥਾ ਕਉਣ ਆਖ ਵਖਾਣੈ॥
ਵੀਹ ਇਕੀਹ ਉਲੰਘ ਸਿਞਾਣੈ ॥੧੯॥
(ਗੁਰਮੁਖ) ਸਤਿਗੁਰੂ ਜੀ ਨੂੰ ਸਤਿ ਸਰੂਪ ਸਮਝ ਕੇ, ਮੂਲ (ਮੁੱਢਲਾ) ਧਿਆਨ (ਸੁਰਤੀ) ਵਿਚ ਗੁਰ-ਮੂਰਤਿ ਨੂੰ ਹੀ ਜਾਣਦਾ ਹੈ। (ਉਹ) ਸਤਿਨਾਮੁ ਕਰਤਾ ਪੁਰਖੁ ਦੇ ਮੂਲ ਮੰਤਰ ਦਾ ਸਿਮਰਨ ਕਰਕੇ ਪਰਵਾਣ ਹੁੰਦਾ ਹੈ। (ਗੁਰਮੁਖ ਸਤਿਗੁਰਾਂ ਦੇ) ਚਰਣ ਕਵਲਾਂ ਦੀ ਸੁਗੰਧੀ ਦ ਰਸ ਨੂੰ ਮੂਲ ਪੂਜਾ (ਦਾ ਅਧਾਰ ਬਣਾ ਕੇ) ਰਸ ਵਿਚ ਮਗਨ ਹੁੰਦਾ ਹੈ। ਸ਼ਬਦ ਨੂੰ ਸੁਰਤ ਧਿਆਨ ਵਿਚ, ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ ਲਿਆਉਂਦਾ ਹੈ। ਗੁਰਮੁਖ ਦਾ ਮਾਰਗ, (ਮਨ ਬਾਣੀ ਦੀ) ਪਹੁੰਚ ਤੋਂ ਪਰੇ ਹੈ, ਉਹ ਗੁਰਮਤਿ ਨਾਲ ਨਿਹਚਲ ਹੋ ਨਿਹਚਲ ਭਾਣੇ ਵਿਚ ਹੀ ਚਲਦਾ ਹੈ। ਇਸ (ਗੁਰਮੁਖ ਦੀ) ਵੇਦ ਕਤੇਬਾਂ ਤੋਂ ਬਾਹਰੀ (ਭਾਵ ਉਨ੍ਹਾਂ ਦੇ ਵਿਚਾਰਾਂ ਤੋਂ ਉੱਚੀ ਗਾਥਾ) ਨੂੰ ਕੌਣ ਆਖ ਸਕਦਾ ਤੇ ਬੋਲ ਸਕਦਾ ਹੈ। ਇਸਹ ਤਾਂ ਵੀਹ ਤੋਂ ਇਕੀਹ (ਦ੍ਰਿਸ਼ਟਮਾਨ ਗਿਆਨ ਅਵਸਥਾ) ਨੂੰ ਲੰਘ ਕੇ ਹੀ ਕੋਈ ਪਛਾਣ ਸਕਦਾ ਹੈ।੧੯। ਸੀਸ ਨਿਵਾਏ ਢੀਂਗੁਲੀ ਗਲ ਬਧੇ ਜਲ ਉੱਚਾ ਆਵੈ॥
ਘੁੱਘੂ ਸੁੱਝ ਨ ਸੁੱਝਈ ਚਕਵੀ ਚੰਦ ਨ ਡਿਠਾ ਭਾਵੈ॥
ਸਿੰਬਲ ਬਿਰਖ ਨ ਸਫਲ ਹੋਇ ਚੰਦਨ ਵਾਸ ਨ ਵਾਂਸ ਸਮਾਵੈ॥
ਸਪੈ ਦੁਧ ਪੀਆਲੀਐ ਤੁੰਮੇ ਦਾ ਕਉੜਤ ਨ ਜਾਵੈ॥
ਜਿਉਂ ਥਨ ਚੰਮੜ ਚਿਚੜੀ ਲਹੂ ਪੀਐ ਦੂਧ ਨ ਖਾਵੈ॥
ਸਬ ਅਵਗੁਣ ਮੈਂ ਤਨ ਵਸਣ ਗੁਣ ਕੀਤੇ ਅਵਗਣ ਨੋਂ ਧਾਵੈ॥
ਥੋਮ ਨ ਵਾਸ ਕਥੂਰੀ ਆਵੈ ॥੨੦॥
੬॥
(ਪਾਣੀ ਜੰਤਰ) ਢੀਂਗਲੀ ਦਾ ਸਿਰ ਨੀਵਾਂ ਕਰੀਦਾ ਬੰਨ੍ਹੀਦਾ ਹੈ ਕਿ ਪਾਣੀ ਉੱਚਾ ਆਵੇ, (ਮਿਸਾਲ ਦਿੱਤੀ ਹੈ ਕਿ ਢੀਂਗੁਲੀ ਦਾ ਸਿਰ ਜ਼ੋਰ ਨਾਲ ਨਿਵਾਈਦਾ ਹੈ, ਉਹ ਆਪਣੇ ਆਪ ਨਹੀਂ ਨਿਉਂਦੀ)। ਉੱਲੂ ਨੂੰ ਸੂਰਜ ਨਹੀਂ ਦਿਸਦਾ, ਚਕਵੀ ਨੂੰ ਚੰਦਰਮਾਂ ਦੇਖਣਾ ਨਹੀਂ ਭਾਉਂਦਾ। (ਇਸੇ ਤਰ੍ਹਾਂ ਜਿਵੇ) ਸਿੰਬਲ ਦੇ ਰੁਖ ਨੂੰ ਫਲ ਨਹੀਂ ਲੱਗਦੇ, ਤੇ ਵਾਂਸ ਵਿਚ, ਚੰਦਨ ਦੇ ਬਹੁਤ ਨੇੜੇ ਹੁੰਦੇ ਵੀ, ਉਸ ਵਿਚ ਸੁਗੰਧੀ ਨਹੀਂ ਆਉਂਦੀ। ਸੱਪ ਨੂੰ ਦੂੱਧ ਪਿਆਓ, (ਤਦ ਵੀ ਉਸਦੀ ਜ਼ਹਿਰ ਨਹੀਂ ਘਟਦੀ, ਨਾ ਡੰਗ ਮਾਰਨ ਦਾ ਸੁਭਾ ਛੱਡਦਾ ਹੈ)। ਤੁੰਮੇ ਨੂੰ (ਦੁੱਧ ਨਾਲ) ਮਿੱਠਾ ਕਰਨਾ ਚਾਹੋ, ਤਾਂ ਨਹੀਂ ਹੋ ਸਕਦਾ। (ਗਉ ਦੇ) ਥਣ ਨੂੰ ਚੰਬੜੀ ਚਿੱਚੜੀ ਦੁੱਧ ਨਹੀਂ ਪੀਂਦੀ, ਲਹੁ ਪੀਂਦੀ ਹੈ। (ਭਾਈ ਗੁਰਦਾਸ ਜੀ ਇਹ ਸਭ ਅਵਗੁਣ ਆਪਣੇ ਵਿਚ ਵੱਸਦੇ ਦੱਸ ਕੇ, ਕਹਿੰਦੇ ਹਨ ਪਰ ਹੋਰਨਾਂ ਨੂੰ ਸਮਝਾਉਣ ਲਈ)-ਕਿ ਸਾਰੇ (ਇਹ) ਅਵਗੁਣ ਮੇਰੇ ਤਨ ਵਿਖੇ ਵੱਸਦੇ ਹਨ, (ਪਰਮੇਸ਼ਰ ਨੇ ਸਾਨੂੰ ਗੁਣ ਦਿੱਤੇ ਸਨ, ਪਰ ਅਸੀਂ) ਗੁਣ ਛੱਡ ਕੇ ਅਵਗੁਣਾਂ ਵੱਲ ਦੌੜ ਰਹੇ ਹਾਂ। ਥੋਮ ਵਿਚੋਂ ਕਸਤੂਰੀ ਦੀ ਸੁਗੰਧੀ ਨਹੀਂ ਆ ਸਕਦੀ। ਭਾਵ ਮਨਮੁਖ ਦੀ ਅਵਸਥਾ ਅਸਾਧ ਬੀਮਾਰੀ ਵਾਲੀ ਹੈ, ਉਹ ਠੀਕ ਹੋ ਨਹੀਂ ਸਕਦੀ।੨੦।੬।