ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ

Giani Sant Singh ji Maskeen · ਕਥਾ ਅਤੇ ਲੈਕਚਰ · ੬੩ / ੩੧੨

ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ਜਦ ਬ੍ਰਿਤੀ ਦਾ ਪ੍ਰਵਾਹ ਬਾਹਰ-ਮੁਖੀ ਹੁੰਦਾ ਹੈ ਤਾਂ ਨਾਤਾ ਸੰਸਾਰ ਨਾਲ ਜੁੜਦਾ ਹੈ ਔਰ ਜਦ ਪ੍ਰਵਾਹ ਅੰਤਰ-ਮੁਖੀ ਹੋਵੇ ਤਾਂ ਸੰਬੰਧ ਨਿਰੰਕਾਰ ਨਾਲ ਜੁੜਦਾ ਹੈ। ਕਾਮਨਾ ਬ੍ਰਿਤੀ ਦਾ ਪ੍ਰਵਾਹ ਬਾਹਰ-ਮੁਖੀ ਕਰਦੀ ਹੈ ਤੇ ਨਿਹਕਾਮਤਾ ਨਾਲ ਪ੍ਰਵਾਹ ਅੰਤਰ-ਮੁਖੀ ਹੁੰਦਾ ਹੈ। ਕੁਝ ਰਸ ਬਾਹਰ ਪਏ ਹਨ, ਜਿਨ੍ਹਾਂ ਦਾ ਰਸ ਮਾਨਣ ਲਈ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਜਾਣ ਲਈ ਨੌਂ ਦਰਵਾਜ਼ੇ ਹਨ: ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ॥
{ਰਾਮਕਲੀ ਮ:੩, ਅਨੰਦੁ, ਪੰਨਾ ੯੨੨} ਇਨ੍ਹਾਂ ਨੌਂ ਇੰਦ੍ਰੀਆਂ ਨਾਲ ਸੰਸਾਰ ਨਾਲ ਸੰਬੰਧ ਜੁੜਦਾ ਹੈ ਤੇ ਸੰਸਾਰ ਦਾ ਸਾਰਾ ਰਸ ਇਨ੍ਹਾਂ ਨੌਂ ਇੰਦ੍ਰਿਆਂ ਦੇ ਅਧੀਨ ਹੈ। ਬਾਹਰ ਦੀ ਯਾਤਰਾ ਨੌਂ ਇੰਦ੍ਰਿਆਂ ਦੇ ਆਸਰੇ ਹੈ, ਪਰ ਅੰਦਰ ਦੀ ਯਾਤਰਾ ਵਾਸਤੇ ਇੱਕੋ ਹੀ ਦੁਆਰ ਹੈ, ਉਹ ਹੇ ਦਸਵਾਂ ਦੁਆਰ ਦੇ ਦੁਆਰ ਤਾਲੂ ਵਿਚ ਗੁਪਤ ਹੈ। ਇਸ ਗੁਪਤ ਦੁਆਰ ਤੋਂ ਲੰਘ ਕੇ ਹੀ ਪਰਮ ਪੁਰਖ ਤਕ ਪਹੁੰਚੀਦਾ ਹੈ: ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ, ਦਰਾ ਭੀਤਰਿ ਦਰੁ ਕਵਨੁ ਲਹੈ॥
{ਰਾਮਕਲੀ ਮ:੧, ਪੰਨਾ ੮੭੭} ਇਸ ਦਰਵਾਜ਼ੇ ਤਕ ਕਦੀ ਕੋਈ ਖ਼ੁਸ਼-ਕਿਸਮਤ ਹੀ ਪਹੁੰਚਦਾ ਹੈ, ਨਹੀਂ ਤਾਂ ਨੌਂ ਦਰਵਾਜ਼ਿਆਂ ਵਿਚ ਹੀ ਜੀਵ ਭਟਕ ਕੇ ਰਹਿ ਜਾਂਦਾ ਹੈ: ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ॥
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ॥
{ਗਉੜੀ ਕਬੀਰ ਜੀ, ਪੰਨਾ ੩੩੯} ਅੰਦਰੋਂ ਸ਼ਬਦ ਦੀ ਗੁੰਜਾਰ ਪਾ ਕੇ ਉਸ ਵਿਚ ਧਿਆਨ ਜੋੜਨ ਨਾਲ ਸਹਿਜੇ ਸਹਿਜੇ ਸਤਿਗੁਰੂ ਜੀ ਦੀ ਕ੍ਰਿਪਾ ਨਾਲ ਸੁਰਤ ਅੰਤਰ-ਮੁਖੀ ਹੋਣ ਲੱਗ ਪੈਂਦੀ ਹੈ ਔਰ ਜਪ ਲਗਾਤਾਰ ਜਾਰੀ ਰਿਹਾ ਤਾਂ ਸੁਰਤ ਦਸਵੇਂ ਦੁਆਰ ਨੂੰ ਛੁਹ ਲੈਂਦੀ ਹੈ। ਇਸ ਦੁਆਰ ਤਕ ਪੁੱਜਣ ਦੀ ਗੱਲ ਭਗਤ ਕਬੀਰ ਜੀ ਕਰਦੇ ਹਨ: ਦਰਮਾਦੇ ਠਾਢੇ ਦਰਬਾਰਿ॥
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲਿੑ ਕਿਵਾਰ॥
{ਬਿਲਾਵਲੁ ਕਬੀਰ ਜੀ, ਪੰਨਾ ੮੫੬} ਹੇ ਪ੍ਰਭੂ! ਮੈਂ ਤੇਰੇ ਦਰ ਤਕ ਪੁੱਜ ਗਿਆ ਹਾਂ। ਤੂੰ ਦਰਵਾਜ਼ੇ ਖੋਲ੍ਹ ਕੇ ਆਪਣਾ ਦਰਸ਼ਨ ਦੇਹ: ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ॥
{ਆਸਾ ਮ:੫, ਪੰਨਾ ੩੮੩} ਧਿਆਨ ਦਸਵੇਂ ਦੁਆਰ ਤਕ ਪੁੱਜ ਗਿਆ ਹੈ। ਇਸ ਦੀ ਪਹਿਚਾਣ ਇਹ ਹੈ ਕਿ ਅਨਹਤ ਧੁਨੀਆਂ ਵੱਜ ਪੈਣਗੀਆਂ। ਤਰ੍ਹਾਂ ਤਰ੍ਹਾਂ ਦੇ ਵਾਜਿਆਂ ਦੀ ਆਵਾਜ਼ ਸੁਣਾਈ ਦੇਵੇਗੀ, ਜਿਸ ਵਿਚ ਮਹਾਨ ਰਸ ਮਿਲੇਗਾ: ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
{ਜਪੁਜੀ ਸਾਹਿਬ} ਅਨੇਕਾਂ ਵਾਜੇ ਉਸ ਦਰ (ਸੋ ਦਰੁ) 'ਤੇ ਵੱਜਦੇ ਹਨ ਜੋ ਕਿ ਦਸਵਾਂ ਦੁਆਰ ਹੈ। ਇਹ ਦਸਵਾਂ ਦੁਆਰ ਓਦੋਂ ਖੁਲ੍ਹੱਦਾ ਹੈ ਜਦ ਨੌਂ ਦਰਵਾਜ਼ੇ ਬੰਦ ਹੋ ਜਾਂਦੇ ਹਨ, ਭਾਵ ਇਨ੍ਹਾਂ ਨੌਂ ਇੰਦਰਿਆਂ ਰਾਹੀਂ ਹੁਣ ਧਿਆਨ ਬਾਹਰ ਨਾ ਜਾਵੇ ਤਾਂ ਸੁਰਤ ਦਸਵੇਂ ਦੁਆਰ ਤਕ ਪੁੱਜਦੀ ਹੈ: ਮੂੰਦਿ ਲੀਏ ਦਰਵਾਜੇ॥
ਬਾਜੀਅਲੇ ਅਨਹਦ ਬਾਜੇ॥
{ਸੋਰਠਿ ਕਬੀਰ ਜੀ, ਪੰਨਾ ੬੫੬} ਸਹਿਜੇ ਸਹਿਜੇ ਫੁਰਨੇ ਮਿਟਣ ਲੱਗ ਪੈਂਦੇ ਹਨ ਤੇ ਉਸ ਦਰ ਤਕ ਅਪੜਨਾ ਨਸੀਬ ਹੋ ਜਾਂਦਾ ਹੈ, ਜੋ ਅਫੁਰ ਹੈ: ਸੁੰਨ ਸਮਾਧਿ ਅਨਹਤ ਤਹ ਨਾਦ॥
ਕਹਨੁ ਨ ਜਾਈ ਅਚਰਜ ਬਿਸਮਾਦ॥
{ਗਉੜੀ ਸੁਖਮਨੀ ਮ:੫, ਪੰਨਾ ੨੯੩} ਉਸ ਅਫੁਰ ਸੁੰਨ ਮੰਡਲ ਵਿਚ ਉਸ ਪਰਮ ਜੋਗੀ ਦੇ ਦਰਸ਼ਨ ਹੁੰਦੇ ਹਨ ਜੋ ਸਾਰੇ ਜਗਤ ਨਾਲ ਜੁੜਿਆ ਹੋਇਆ ਹੈ: ਸੁੰਨ ਮੰਡਲ ਇਕੁ ਜੋਗੀ ਬੈਸੇ॥
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥
{ਧਨਾਸਰੀ ਮ:੧, ਪੰਨਾ ੬੮੫} ਜਿਤਨੇ ਤਕ ਦਸਵੇਂ ਦੁਆਰ ਤਕ ਸੁਰਤ ਨਾ ਪੁੱਜੇ, ਭਟਕਣਾ ਬਣੀ ਰਹਿੰਦੀ ਹੈ ਤੇ ਸੰਸਾਰ ਵਿਚ ਆਵਣਾ ਜਾਵਣਾ ਚੱਲਦਾ ਰਹਿੰਦਾ ਹੈ। ਸਤਿ ਪੁਰਸ਼ਾਂ ਦੀ ਸੁਹਬਤ ਵਿਚ ਬੈਠ, ਜਦ ਨਉ ਦੁਆਰਿਆਂ ਦੀ ਭਟਕਣ ਦਾ ਪਤਾ ਚੱਲਦਾ ਹੈ ਤਾਂ ਰੁਚੀ ਦਸਵੇਂ ਦੀ ਖੋਜ ਨੂੰ ਚੱਲ ਪੈਂਦੀ ਹੈ। ਇਹ ਮੋੜਾ ਤਦ ਪੈਂਦਾ ਹੈ ਜਦ ਪਤਾ ਚੱਲ ਜਾਵੇ ਕਿ ਇਨ੍ਹਾਂ ਨੌਂ ਦਰਵਾਜ਼ਿਆਂ ਵਿਚ ਤ੍ਰਿਪਤੀ ਨਹੀਂ ਹੋਣੀ। ਸਦੀਵੀ ਭੁੱਖ ਤੇ ਦੁਖ ਬਣਿਆ ਰਹਿੰਦਾ ਹੈ ਤਾਂ ਫਿਰ ਸੁਰਤ ਮੋੜਾ ਖਾਂਦੀ ਹੈ: ਅਖੀ ਵੇਖਿ ਨ ਰਜੀਆ ਬਹੁ ਰੰਗ ਤਮਾਸੇ॥
ਉਸਤਤਿ ਨਿੰਦਾ ਕੰਨਿ ਸੁਣਿ ਰੋਵਣ ਤੈ ਹਾਸੇ॥
ਸਾਦੀ ਜੀਭ ਨ ਰਜੀਆ ਕਰਿ ਭੋਗ ਬਿਲਾਸੇ॥
ਨਕ ਨ ਰਜਾ ਵਾਸੁ ਲੈ ਦੁਰਗੰਧ ਸੁਵਾਸੇ॥
ਰਜਿ ਨ ਕੋਈ ਜੀਵਿਆ ਕੂੜੇ ਭਰਵਾਸੇ॥
ਪੀਰ ਮੁਰੀਦਾਂ ਪਿਰਹੜੀ ਸਚੀ ਰਹਰਾਸੇ॥
{ਭਾਈ ਗੁਰਦਾਸ ਜੀ, ਵਾਰ ੨੭, ਪਉੜੀ ੯} ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ॥
{ਕਲਿਆਨ ਮ:੪, ਪੰਨਾ ੧੩੨੩} ਦਸ ਦੁਆਰ 'ਤੇ ਪੁੱਜ ਕੇ ਰਜੇਵਾਂ ਨਸੀਬ ਹੋ ਜਾਂਦਾ ਹੈ: ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ॥
{ਸੂਹੀ ਮ:੫, ਪੰਨਾ ੭੬੩} ਰੱਜਿਆ ਹੋਇਆ ਹੀ ਰਾਜਾ ਹੈ ਤੇ ਉਸ ਜੋਗੀ ਨਾਲ ਮਿਲ ਕੇ ਰਾਜ-ਜੋਗੀ ਬਣਨਾ ਨਸੀਬ ਹੋ ਜਾਂਦਾ ਹੈ। ਜਦ ਸੁਰਤ ਨੌਂ ਦਰਵਾਜ਼ਿਆਂ ਵਿਚ ਭਟਕਦੀ ਹੈ ਤਾਂ ਸੰਸਾਰ ਦੇ ਸਾਰੇ ਅਵਗੁਣ ਅੰਦਰ ਪ੍ਰਵੇਸ਼ ਕਰ ਜਾਂਦੇ ਹਨ ਤੇ ਜਦ ਸੁਰਤ ਦਸਵੇਂ ਦੀ ਤਰਫ਼ ਪ੍ਰਸਥਾਨ ਕਰਦੀ ਹੈ ਤਾਂ ਸਾਰੇ ਦੈਵੀ ਗੁਣ ਨਸੀਬ ਹੋ, ਸਮਾਧੀ ਲੱਗ ਜਾਂਦੀ ਹੈ। ਦਸਮ ਦੁਆਰ ਦੇ ਪਿੱਛੇ ਪਰਮ ਜੀਵਨ ਛੁਪਿਆ ਹੋਇਆ ਹੈ, ਇਸ ਦੇ ਖੁੱਲ੍ਹਦਿਆਂ ਅਗੰਮ ਅਪਾਰ ਦੇ ਦਰਸ਼ਨ ਹੁੰਦੇ ਹਨ ਤੇ ਜੀਵਨ ਧੰਨ ਧੰਨ ਹੋ ਜਾਂਦਾ ਹੈ: ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ॥
{ਰਾਮਕਲੀ ਬੇਣੀ ਜੀ, ਪੰਨਾ ੯੭੪} ਇਥੇ ਹੀ ਅਨਹਦ ਧੁਨ ਸੁਣਨ ਨੂੰ ਮਿਲਦੀ ਹੈ ਤੇ ਇਥੇ ਪੁੱਜ ਕੇ ਹੀ ਪਰਮ ਪ੍ਰਕਾਸ਼, ਜੋ ਅਨੰਦ ਦਾ ਸੋਮਾ ਹੈ, ਉਸ ਦੇ ਦਰਸ਼ਨ ਹੁੰਦੇ ਹਨ। ਜੀਵਨ ਨੂੰ ਲਕਸ਼ ਮਿਲ ਜਾਂਦਾ ਹੈ ਤੇ ਭਟਕਣ ਸਾਰੀ ਮਿਟ ਜਾਂਦੀ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ