ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ

Giani Sant Singh ji Maskeen · ਕਥਾ ਅਤੇ ਲੈਕਚਰ · ੬੨ / ੩੧੨

ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ਅੰਧਕਾਰ ਸ਼ਾਸਤਵ ਹੈ। ਅੰਧਕਾਰ ਅਨੰਤ ਹੈ। ਮਨੁੱਖੀ ਚੇਤਨਾ ਆਦਿ ਕਾਲ ਤੋਂ ਅੰਧਕਾਰ ਨਾਲ ਘੋਲ ਕਰ ਰਹੀ ਹੈ। ਪਰ ਅੰਧਕਾਰ ਸਾਰਿਆਂ ਨੂੰ ਆਪਣੇ ਵਿਚ ਲੀਨ ਕਰ, ਅੰਧਕਾਰ ਦਾ ਹੀ ਰੂਪ ਬਣਾ ਦੇਂਦਾ ਹੈ। ਮਨੁੱਖ ਦੀ ਗਹਿਰੀ ਚਾਹਤ ਪ੍ਰਕਾਸ਼ ਹੈ, ਪਰ ਮਨੁੱਖ ਅੰਧੇਰੇ ਪਾਸੋਂ ਹਾਰ ਹੀ ਖਾ ਜਾਂਦਾ ਹੈ। ਪ੍ਰਕਾਸ਼ ਕਰਨ ਲਈ ਕੁਝ ਸਾਧਨ ਉਪਰਾਲੇ ਚਾਹੀਦੇ ਹਨ, ਪਰ ਅੰਧਕਾਰ ਤਾਂ ਆਪਣੇ ਆਪ ਹੀ ਹੈ ਤੇ ਵੱਟੀ ਦੀਵਾ ਹੋਵੇ ਤਾਂ ਚਾਨਣਾ ਹੁੰਦਾ ਹੈ, ਪਰ ਅੰਧਕਾਰ ਨੂੰ ਆਪਣੀ ਹੋਂਦ ਪ੍ਰਗਟ ਕਰਨ ਲਈ ਕਿਸੇ ਵੀ ਸਾਧਨ ਉਪਰਾਲੇ ਦੀ ਲੋੜ ਨਹੀਂ ਹੈ। ਬੀਮਾਰੀ ਦੇ ਕੀਟਾਣੂ ਅੰਧਕਾਰ ਵਿਚ ਹੀ ਪਨਪਦੇ ਤੇ ਵਧਦੇ ਹਨ। ਅਵਗੁਣ ਵੀ ਅਗਿਆਨਤਾ ਦੇ ਅੰਧਕਾਰ ਵਿਚ ਪਨਪਦੇ ਤੇ ਵਧਦੇ ਹਨ। ਅੰਧਕਾਰ ਵਿਚ ਕੁਛ ਵੀ ਦਿਖਾਈ ਨਹੀਂ ਦੇਂਦਾ, ਇਸ ਵਾਸਤੇ ਮਨੁੱਖ ਭਟਕ ਜਾਂਦਾ ਹੈ" ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ॥
{ਸੋਰਠਿ ਮ:੫, ਪੰਨਾ ੬੧੦} ਅੰਧਕਾਰ ਦੁਖ ਹੈ, ਗ਼ਮ ਹੈ। ਚਾਨਣਾ ਖ਼ੁਸ਼ੀ ਹੈ, ਅਨੰਦ ਹੈ। ਗ਼ਰੀਬੀ ਭੁੱਖ-ਮਰੀ, ਬੀਮਾਰੀ, ਰੋਗ-ਸੋਗ ਨੂੰ ਤੇ ਮੌਤ ਨੂੰ ਅੰਧਕਾਰ ਨਾਲ ਹੀ ਤਸ਼ਬੀਹ ਦਿੱਤੀ ਗਈ ਹੈ: ਸ਼ਾਮ ਹੀ ਸੇ ਬੁਝਾ ਸਾ ਰਹਤਾ ਹੈ, ਦਿਲ ਹੋ ਯਾ ਚਿਰਾਗ਼ ਕਿਸੀ ਮੁਫ਼ਲਿਸ ਕਾ। ਵਿਆਹ ਸ਼ਾਦੀ ਤੇ ਖ਼ੁਸ਼ੀ ਘਰ ਵਿਚ ਵਿਸ਼ੇਸ਼ ਉਜਾਲਾ ਕਰ ਕੇ ਖ਼ੁਸ਼ੀਆਂ ਨੂੰ ਪ੍ਰਗਟ ਕੀਤਾ ਜਾਂਦਾ ਹੈ। ਇਹ ਪ੍ਰੇਰਨਾ ਵੀ ਭਗਤ-ਜਨਾਂ ਤੋਂ ਮਿਲੀ, ਕਿਉਂਕਿ ਭਗਤਾਂ ਨੇ ਹਮੇਸ਼ਾ ਹੀ ਪਰਮ-ਆਤਮਾ ਤੇ ਅਨੰਦ ਨੂੰ ਪ੍ਰਕਾਸ਼ ਹੀ ਆਖਿਆ ਹੈ। ਬ੍ਰਹਿਮੰਡ ਵਿਚ ਊਰਜਾ ਦਾ ਕੇਂਦਰ ਸੂਰਜ ਹੈ, ਜਿਸ ਕਰਕੇ ਸਾਰੇ ਬ੍ਰਹਿਮੰਡ ਵਿਚ ਜੀਵਨ ਦੀ ਹਲਚਲ ਹੈ। ਰੇਲਾਂ, ਮੋਟਰਾਂ ਗੱਡੀਆਂ, ਅਗਨ-ਊਰਜਾ ਦੇ ਆਸਰੇ 'ਤ ਚੱਲ ਰਹੀਆਂ ਹਨ। ਸ਼ਕਤੀ ਅਗਨ ਹੀ ਹੈ। ਸੂਰਜ ਅਗਨੀ ਦਾ ਇਕ ਮਹਾਂ ਭੰਡਾਰ ਹੈ। ਇਸ ਵਿੱਚੋਂ ਪ੍ਰਕਾਸ਼ ਤੇ ਊਰਜਾ ਸਮੂਹ ਬ੍ਰਹਿਮੰਡ ਨੂੰ ਮਿਲ ਰਹੀ ਹੈ। ਮਨੁੱਖੀ ਪਿੰਡ ਅੰਦਰ ਇਕ ਆਤਮ-ਜੋਤੀ ਹੈ, ਜੋ ਪਰਮਾਤਮਾ ਦੀ ਅੰਸ਼ ਹੈ। ਕਿਰਨਾਂ ਰਾਹੀਂ ਸੂਰਜ ਬ੍ਰਹਿਮੰਡ ਵਿਚ ਛਾਇਆ ਹੋਇਆ ਹੈ। ਆਤਮਾ ਕਰਕੇ ਪਰਮਾਤਮਾ ਹਰ ਛੋਟੇ-ਵੱਡੇ ਪਿੰਡ ਵਿਚ ਬਿਰਾਜਮਾਨ ਹੈ। ਅਭਿਆਸੀ ਨਾਮ-ਅਭਿਆਸ ਵਿਚ ਲੀਨ ਜਦ ਆਤਮ-ਤੱਤ ਤਕ ਪਹੁੰਚਦਾ ਹੈ, ਤਾਂ ਉਹ ਕਹਿ ਉਠਦਾ ਹੈ ਕਿ ਪਰਮਾਤਮਾ ਇਕ ਪ੍ਰਕਾਸ਼ ਹੈ। ਇਸਲਾਮ ਨੇ ਵੀ ਇਹੀ ਆਖਿਆ ਹੈ ਕਿ ਅੱਲ੍ਹਾ ਇਕ ਨੂਰ ਹੈ। ਧਰਮ ਮੰਦਰਾਂ ਵਿਚ ਜੋਤ ਜਲਾ ਕੇ ਰੱਖਣਾ ਇਕ ਪ੍ਰਤੀਕ ਸੀ ਕਿ ਜੀਵਨ-ਪਿੰਡ ਵਿਚ ਜਗ ਰਹੀ ਆਤਮ-ਜੋਤੀ ਨੂੰ ਮਨੁੱਖ ਅਨੁਭਵ ਕਰ ਸਕੇ। ਉਸ ਆਤਮ-ਜੋਤੀ ਵਿਚ ਅਨਹਦ ਧੁਨੀਆਂ ਤੇ ਮਹਾਂ ਸੁਗੰਧੀ ਹੈ, ਇਸ ਵਾਸਤੇ ਸੰਗੀਤ ਤੇ ਸੁਗੰਧੀ ਵੀ ਧਰਮ-ਮੰਦਰਾਂ ਦੀ ਰੌਣਕ ਬਣੀ। ਪ੍ਰਕਾਸ਼, ਸੰਗੀਤ, ਸੁਗੰਧ ਨੂੰ ਭਗਤਾਂ ਦੇ ਜੀਵਨ ਵਿੱਚੋਂ ਪ੍ਰਗਟ ਹੁੰਦਿਆਂ ਆਤਮ-ਅਭਿਲਾਸ਼ੀਆਂ ਨੇ ਵੇਖਿਆ ਹੈ: ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ॥
{ਸਿਰੀਰਾਗੁ ਮ:੧, ਪੰਨਾ ੧੭} ਅਥਾਹ ਮਿਹਨਤ ਕਰ ਕੇ ਮਨੁੱਖ ਨੇ ਬਾਹਰ ਦਾ ਅੰਧਕਾਰ ਤਾਂ ਖ਼ਤਮ ਹੀ ਕਰ ਦਿੱਤਾ ਹੈ। ਬਿਜਲੀ ਦੇ ਜਲ ਰਹੇ ਲੈਂਪ ਰਾਤ ਨੂੰ ਦਿਨ ਵਿਚ ਬਦਲ ਰਹੇ ਹਨ। ਪਰ ਜੀਵਨ ਦੇ ਅੰਦਰ ਅਜੇ ਵੀ ਮੱਸਿਆ ਦੀ ਰਾਤ ਦਾ ਹੀ ਘੋਰ ਅੰਧਕਾਰ ਹੈ। ਜੀਵਨ ਦੀ ਰਾਤ ਇਸੀ ਘੋਰ ਅੰਧਕਾਰ ਵਿਚ ਬਤੀਤ ਹੋ ਜਾਂਦੀ ਹੈ। ਸਤਿਗੁਰ ਜੀ ਇਸ ਅੰਧਕਾਰ-ਭਰੀ ਰਾਤ ਨੂੰ ਪ੍ਰਕਾਸ਼-ਮਾਨ ਕਰਨ ਦਾ ਉਪਦੇਸ਼ ਤੇ ਸੰਦੇਸ਼ ਦੇਂਦੇ ਹਨ: ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ॥
{ਸਿਰੀਰਾਗੁ ਮ:੫, ਪੰਨਾ ੭੮} ਗੁਰੂ ਦੇ ਬਚਣ ਮੰਨਣ ਦੀ ਵੱਟੀ ਹੋਵੇ ਤੇ ਬਚਨਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਤੇਲ ਹੋਵੇ ਤੇ ਗੁਰੂ ਦੇ ਬਚਨਾਂ ਦੀ ਸੂਝ-ਬੂਝ ਦੀ ਅਗਨ ਹੋਵੇ ਤਾਂ ਜੀਵਨ ਦੀ ਇਸ ਅੰਧਿਆਰੀ ਕੋਠੀ ਵਿਚ ਲੋਅ ਜਲ ਉਠਦੀ ਹੈ: ਪੋਥੀ ਪੁਰਾਣ ਕਮਾਈਐ॥
ਭਉ ਵਟੀ ਇਤੁ ਤਨਿ ਪਾਈਐ॥
ਸਚੁ ਬੂਝਣੁ ਆਣਿ ਜਲਾਈਐ॥
ਇਹੁ ਤੇਲੁ ਦੀਵਾ ਇਉ ਜਲੈ॥
ਕਰਿ ਚਾਨਣੁ ਸਾਹਿਬ ਤਉ ਮਿਲੈ॥
{ਸਿਰੀਰਾਗੁ ਮ:੧, ਪੰਨਾ ੨੫} ਜਿਵੇਂ ਬਿਨਾਂ ਵਸੀਲਿਆਂ ਤੋਂ ਬਾਹਰ ਚਾਨਣ ਨਹੀਂ ਹੁੰਦਾ, ਬਿਨਾਂ ਸਾਧਨਾ ਤੋਂ ਆਤਮ-ਪ੍ਰਕਾਸ਼ ਨਹੀਂ ਮਿਲਦਾ ਤੇ ਆਤਮ-ਪ੍ਰਕਾਸ਼ ਤੋਂ ਬਿਨਾਂ ਜੀਵਨ-ਕੋਠੀ ਵਿਚ ਦੁੱਖ ਸੰਤਾਪ ਦਾ ਅੰਧਕਾਰ ਹੀ ਬਣਿਆ ਰਹਿੰਦਾ ਹੈ: ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ॥
{ਆਸਾ ਮ:੧, ਪੰਨਾ ੩੫੪} ਸਾਧਨਾ ਜਦ ਸਫਲ ਹੁੰਦੀ ਹੈ ਤਾਂ ਪ੍ਰਭੂ ਦਾ ਜੀਵਨ-ਕੋਠੀ ਵਿਚ ਅਵਤਰਣ ਹੋ ਜਾਂਦਾ ਹੈ, ਜਿਸ ਨਾਲ ਜੀਵਨ ਵਿਚ ਚਾਨਣ ਹੀ ਚਾਨਣ ਹੋ ਜਾਂਦਾ ਹੈ: ਚਾਦਨਾ ਚਾਦਨੁ ਆਂਗਨਿ ਪ੍ਰਭੁ ਜੀਉ ਅੰਤਰਿ ਚਾਦਨਾ॥
{ਮਾਰੂ ਮ:੫, ਪੰਨਾ ੧੦੧੮} ਇਹ ਚਾਨਣਾ ਅੰਮ੍ਰਿਤ ਹੈ, ਸੰਗੀਤ ਅਨਹਦ ਯਾਦ ਤੇ ਮਹਾਂ ਸੁਗੰਧੀ ਹੈ ਤੇ ਰਤਨਾਂ-ਜਵਾਹਰਾਂ ਦਾ ਖ਼ਜ਼ਾਨਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ