ਵਾਹਿਗੁਰੂ ਇਨਸਾਨਾਂ ਵਿਚ ਨਿਵਾਸ ਰੱਖਦਾ ਹੈ:- (੧) 'ਅੱਜ' ਮੈਂ ਬੁੱਢਾ ਹਾਂ। 'ਕੱਲ੍ਹ' ਮੈਂ ਜਵਾਨ ਸਾਂ ਅਤੇ ਮੈਨੂੰ ਆਪਣੀ ਸਿਹਤ, ਨਜ਼ਰ, ਤਾਕਤ, ਰਾਜਨੀਤਿਕ ਪਹੁੰਚ ਆਦਿ ਉੱਤੇ ਮਾਣ ਸੀ। 'ਪਰਸੋਂ' ਮੈਂ ਕੇਵਲ ਇਕ ਬੱਚਾ ਸਾਂ ਜਿਸ ਦਾ ਜ਼ਿਆਦਾ ਸਮਾਂ ਰੌਣ ਅਤੇ ਸੌਣ ਵਿਚ ਗੁਜ਼ਰਦਾ ਸੀ, ਪਰ ਮੈਂ ਆਪਣੇ ਮਾਤਾ ਅਤੇ ਪਿਤਾ ਲਈ ਇਕ ਖੁਸ਼ੀ ਅਤੇ ਆਸ ਸੀ ਜੋ ਹੁਣ ਇਸ ਦੁਨੀਆਂ ਵਿਚ ਨਹੀਂ ਹਨ। 'ਕੱਲ੍ਹ' ਮੈਂ ਮਰ ਜਾਵਾਂਗਾ ਅਤੇ ਮੇਰਾ ਸਸਕਾਰ ਹੋ ਜਾਏਗਾ ਜਾਂ ਦਫ਼ਨਾ ਦਿੱਤਾ ਜਾਵਾਂਗਾ। ਮੇਰੇ ਬੱਚਿਆਂ ਤੋਂ ਇਲਾਵਾ ਬਾਕੀ ਕੁਝ ਵੀ ਮੇਰਾ ਨਹੀਂ ਰਹਿ ਜਾਏਗਾ, ਜੋ ਕਿ ਆਪਣੀ ਵਾਰੀ ਆਉਣ 'ਤੇ ਮਰ ਜਾਣਗੇ। ਬੱਚੇ ਵੀ ਇਸ ਚੱਕਰ ਨੂੰ ਚਲਾਈ ਰੱਖਣਗੇ। ਕੋਈ ਬੰਦਾ ਇਹ ਨਹੀਂ ਦੱਸ ਸਕਦਾ ਕਿ ਇਹ ਚੱਕਰ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖਤਮ ਹੋਵੇਗਾ? ਜੇ ਇਸਨੇ ਖ਼ਤਮ ਹੋਣਾ ਹੈ ਤਾਂ। ਹੁਣ ਤੁਹਾਨੂੰ 'ਮੇਰਾ' ਇਤਿਹਾਸ ਪਤਾ ਲੱਗ ਗਿਆ ਹੈ ਪਰ ਕੀ ਤੁਸੀਂ ਦੱਸ ਸਕਦੇ ਹੋ ਕਿ 'ਮੈਂ' ਕੌਣ ਹਾਂ ਜਾਂ, 'ਮੈਂ' ਕੌਣ ਸੀ? ਕੀ 'ਮੈਂ' ਇਕ ਬੱਚਾ, ਜਵਾਨ, ਬੁੱਢਾ ਜਾਂ ਕੇਵਲ ਮਿੱਟੀ ਹਾਂ? ਮੇਰਾ ਇਸ ਵਕਤ ਸਰੂਪ ਕੀ ਹੈ? ਹੋ ਸਕਦਾ ਹੈ 'ਮੈਂ' ਇਨ੍ਹਾਂ ਵਿੱਚੋਂ ਕੋਈ ਵੀ ਨਾ ਹੋਵਾਂ, ਪਰ ਨਾਲ ਹੀ, ਇਹ ਵੀ ਹੋ ਸਕਦਾ ਹੈ ਕਿ 'ਮੈਂ' ਇਨ੍ਹਾਂ ਵਿੱਚੋਂ ਕੋਈ ਹੋਵਾਂ ਵੀ। ਇਸ ਸਵਾਲ ਦਾ ਜੁਆਬ ਦੇਣ ਲਈ, ਆਓ, ਜ਼ਰਾ ਇਸ ਗੱਲ 'ਤੇ ਦੂਸਰੀ ਵਾਰ ਨਜ਼ਰ ਮਾਰੀਏ-'ਮੈਂ' ਕੀ ਸਾਂ? ਅਸੀਂ ਸੋਚਦੇ ਹਾਂ ਕਿ 'ਮੈਂ' ਜੰਮਿਆ ਸੀ, ਵੱਡਾ ਹੋਇਆ ਅਤੇ ਮਰ ਗਿਆ। ਅਸਲ ਵਿਚ 'ਮੈਂ' ਨਹੀਂ, 'ਮੇਰਾ' ਸਰੀਰ ਜੰਮਿਆ ਸੀ, ਇਸ ਦਾ ਆਕਾਰ ਵੱਡਾ ਹੋਇਆ, ਬੁੱਢਾ ਹੋਇਆ ਅਤੇ ਅਖੀਰ ਮਰ ਗਿਆ। ਜਦ 'ਮੇਰਾ' ਸਰੀਰ ਮਰਿਆ ਤਾਂ ਇਸ ਦੇ ਸਾਰੇ ਤੱਤ ਜੋ ਮਿੱਟੀ ਵਿੱਚੋਂ ਜਜ਼ਬ ਕਰ ਲੈਣਗੇ ਅਤੇ ਇਕ ਨਵਾਂ ਚੱਕਰ ਸ਼ੁਰੂ ਕਰਨਗੇ। ਇਸ ਚੱਕਰ ਦੇ ਹੁੰਦਿਆਂ ਹੋਇਆਂ ਵੀ ਸਭ ਦੇ ਦਿਮਾਗ਼ ਵਿਚ ਇਹ ਭੁਲੇਖਾ ਹੈ ਕਿ 'ਮੇਰਾ' ਸਰੀਰ 'ਮੈਂ' ਸੀ। ਜੇਕਰ ਹੁਣ ਤੁਸੀਂ ਪੁੱਛੋ ਕਿ 'ਮੈਂ' ਕੀ ਸਾਂ, ਤਾਂ ਜੁਆਬ ਹੋਵੇਗਾ "ਇਸ ਸਾਰੇ ਚੱਕਰ ਦੌਰਾਨ, 'ਮੈਂ' ਇਕ ਜ਼ਿੰਦਗੀ, ਆਤਮਾ ਜਾਂ ਸਰੀਰ ਦੇ ਵਿਚ ਪ੍ਰਾਣ ਸੀ।" ਇਹ 'ਮੇਰਾ' ਸਰੀਰ ਸੀ ਨਾ ਕਿ 'ਮੈਂ' ਜੋ ਲਗਾਤਾਰ ਆਪਣਾ ਸਰੂਪ ਅਤੇ ਆਕਾਰ ਬਦਲਦਾ ਰਿਹਾ ਹਾਂ। 'ਮੈਂ' (ਆਪਣੇ ਸਰੀਰ ਅੰਦਰ) ਉਸੇ ਤਰ੍ਹਾਂ ਹੀ ਰਿਹਾ ਪਰ ਮੇਰੇ ਸਰੀਰ ਵਿਚ ਭੌਤਿਕ ਤਬਦੀਲੀਆਂ ਆਉਂਦੀਆਂ ਰਹੀਆਂ। 'ਮੈਂ' ਨਾ ਤਾਂ ਵੱਡਾ ਹੋਇਆ, ਨਾ ਹੀ ਬੁੱਢਾ ਅਤੇ ਨਾ ਹੀ ਮਰਿਆ ਸਾਂ। ਨਾ ਹੀ 'ਮੈਂ' ਆਪਣੇ ਸਰੀਰ ਨੂੰ ਕੁਝ ਅਜਿਹਾ ਕਰ ਸਕਦਾ ਸੀ ਜਿਸ ਨਾਲ ਇਸ ਦਾ ਵਾਧਾ ਰੁੱਕ ਜਾਂਦਾ ਜਾਂ ਛੇਤੀ ਵਾਧਾ ਕਰ ਲੈਂਦਾ। 'ਮੇਰਾ' ਸਰੀਰ 'ਮੈਂ' ਅਤੇ 'ਮੇਰੀਆਂ' ਇੱਛਾਵਾਂ ਤੋਂ ਸੁਤੰਤਰ ਇਨ੍ਹਾਂ ਤਬਦੀਲੀਆਂ ਵਿੱਚੋਂ ਲੰਘਿਆ। 'ਮੇਰੇ' ਸਰੀਰ ਦਾ ਜਨਮ, ਵਾਧਾ ਅਤੇ ਮੌਤ ਕੁਦਰਤ ਦੇ ਅਧੀਨ ਸੀ, ਜਿਸ ਤਰ੍ਹਾਂ 'ਮੇਰੇ' ਅਤੇ 'ਮੇਰੇ ਸਰੀਰ' ਲਈ ਕਾਲ-ਚੱਕਰ ਮਿਥਿਆ ਹੋਇਆ ਸੀ। ਜਦੋਂ ਮੇਰਾ ਸਮਾਂ ਪੂਰਾ ਹੋ ਗਿਆ 'ਮੈਂ' ਅਤੇ ਮੇਰਾ ਸਰੀਰ ਵੱਖ-ਵੱਖ ਹੋ ਗਏ। ਇਸ ਤਰੀਕੇ ਨੂੰ ਗੁਰਬਾਣੀ ਵਿਚ ਇਉਂ ਦਰਸਾਇਆ ਗਿਆ ਹੈ- ਧਨ ਕਹੈ ਤੂ ਵਸੁ ਮੈ ਨਾਲੇ ॥
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
ਪਿਰਿ ਕਹਿਆ ਹਉ ਹੁਕਮੀ ਬੰਦਾ ॥
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
ਅਰਥਾਤ ਇਕ ਪ੍ਰੇਮੀ (ਸਰੀਰ) ਆਪਣੀ ਪ੍ਰੇਮਿਕਾ (ਆਤਮਾ) ਨੂੰ ਕਹਿੰਦਾ ਹੈ- ਮੈਨੂੰ ਸਿਰਫ਼ ਉਸ ਵੇਲੇ ਅਨੰਦ ਆਉਂਦਾ ਹੈ ਜਦੋਂ ਤੂੰ ਮੇਰੇ ਨਾਲ ਹੁੰਦੀ ਹੈ। ਇਸ ਲਈ ਇਹ ਮੇਰੀ ਬੇਨਤੀ ਹੈ ਕਿ ਤੂੰ ਮੈਨੂੰ ਵਚਨ ਦੇ ਕਿ ਮੈਨੂੰ ਕਦੀ ਛੱਡ ਕੇ ਨਹੀਂ ਜਾਏਗੀ। ਪ੍ਰੇਮਿਕਾ (ਆਤਮਾ) ਕਹਿਦੀ ਹੈ:- ਮੈਂ ਆਪਣੇ ਮਾਲਕ (ਵਾਹਿਗੁਰੂ) ਦਾ ਹੁਕਮ ਮੰਨਦੀ ਹਾਂ, ਜੋ ਸਭ ਤੋਂ ਮਹਾਨ ਹੈ ਅਤੇ ਕਿਸੇ ਦਾ ਮੁਥਾਜ ਨਹੀਂ। ਉਸ ਨੂੰ ਕਿਸੇ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਨਹੀਂ। ਉਹ ਆਪਣੇ ਫੈਸਲੇ ਆਪ ਕਰਦਾ ਹੈ। ਜਦੋਂ ਵੀ ਉਹ ਮੈਨੂੰ ਬੁਲਾਉਂਦਾ ਹੈ, ਮੈਨੂੰ ਜਾਣਾ ਹੀ ਪੈਂਦਾ ਹੈ। ਸਾਡਾ ਇਹ ਮਿਲਾਪ (ਸਰੀਰ ਅਤੇ ਆਤਮਾ) ਝੂਠਾ ਅਤੇ ਕੱਚਾ ਹੈ। ਜਦੋਂ ਮੈਂ ਮੇਰੇ ਸਰੀਰ ਵਿਚ ਸੀ ਤਾਂ ਤੁਸੀਂ ਮੈਨੂੰ ਦੇਖ ਸਕਦੇ ਸੀ। ਜਦੋਂ ਕਦੀ ਮੈਂ ਉਦਾਸ, ਖੁਸ਼ ਜਾਂ ਪਾਗਲ ਹੁੰਦਾ ਸੀ, ਮੈਂ ਆਪਣੀਆਂ ਭਾਵਨਾਵਾਂ ਆਪਣੇ ਸਰੀਰ ਦੁਆਰਾ ਪ੍ਰਗਟ ਕਰਦਾ ਸੀ। ਨਹੀਂ ਤਾਂ ਮੇਰੇ ਬਗ਼ੈਰ ਮੇਰਾ ਸਰੀਰ ਤਾਂ ਕੇਵਲ ਨਿਰਜੀਵ ਧਾਤੂ ਹੈ ਜੋ ਖੁਸ਼ ਜਾਂ ਉਦਾਸ ਨਹੀਂ ਹੋ ਸਕਦਾ। ਇਹ ਮੇਰੀਆਂ ਭਾਵਨਾਵਾਂ ਤਾਂ ਹੀ ਜ਼ਾਹਿਰ ਕਰ ਸਕਦਾ ਹੈ ਜੇਕਰ 'ਮੈਂ' ਇਸ ਦੇ ਅੰਦਰ ਹੋਵਾਂ। ਜਿਸ ਪਲ 'ਮੈਂ' ਇਸ ਨੂੰ ਛੱਡਿਆ, ਨਾ ਇਹ ਸੁਣ ਸਕਿਆ, ਨਾ ਦੇਖ ਸਕਿਆ ਅਤੇ ਨਾ ਹੀ ਚੱਲ ਸਕਿਆ। ਉਹ 'ਮੈਂ' ਸੀ ਜੋ ਸੁਣਦਾ ਸੀ, ਦੇਖਦਾ ਸੀ ਅਤੇ ਪ੍ਰਤੀਕਰਮ ਕਰਦਾ ਸੀ। ਮੇਰਾ ਸਰੀਰ ਕੇਵਲ ਇਕ ਮਾਧਿਅਮ ਸੀ। ਕੀ ਤੁਸੀਂ ਹੁਣ ਸਮਝ ਗਏ ਹੋ ਕਿ 'ਮੈਂ' ਕੌਣ ਹਾਂ? (੨) ਆਪਾਂ ਹੁਣ ਇਕ ਹੋਰ ਨਜ਼ਰੀਏ ਤੋਂ 'ਮੈਂ' ਨੂੰ ਦੇਖਦੇ ਹਾਂ। ਇਕ ਦਿਨ ਸ਼ਾਮ ਨੂੰ ਮੈਂ ਬਹੁਤ ਸੋਹਣੇ ਮਿਜਾਜ਼ ਵਿਚ ਚਾਹ ਦਾ ਅਨੰਦ ਮਾਣ ਰਿਹਾ ਸੀ। ਮੇਰਾ ਲੜਕਾ ਆਇਆ ਅਤੇ ਉਸ ਨੇ ਮੈਨੂੰ ਆਪਣਾ ਰਿਪੋਰਟ ਕਾਰਡ ਦਿਖਾਇਆ ਜੋ ਕਿ ਬਹੁਤ ਮਾੜਾ ਸੀ। ਨੰਬਰ ਬਹੁਤ ਘੱਟ ਸਨ। ਮੇਰਾ ਮਿਜਾਜ਼ ਉਸੇ ਵਕਤ ਖਰਾਬ ਹੋ ਗਿਆ ਅਤੇ ਰਿਪੋਰਟ ਪੜ੍ਹਦਿਆਂ ਹੀ ਮੈਨੂੰ ਗੁੱਸਾ ਆ ਗਿਆ। ਕੀ ਤੁਸੀਂ ਮੇਰੇ ਗੁੱਸੇ ਦੇ ਮੂਲ ਦਾ ਪਤਾ ਲਗਾ ਸਕਦੇ ਹੋ ਜਾਂ ਮੇਰੀ ਖੁਸ਼ੀ ਦਾ ਰਸਤਾ ਦੱਸ ਸਕਦੇ ਹੋ ਜਿਥੋਂ ਉਹ ਮੈਨੂੰ ਛੱਡ ਗਈ? ਜੇਕਰ ਤੁਸੀਂ ਮੇਰੇ ਸਰੀਰ ਦਾ ਚੀਰ ਫਾੜ ਕਰਕੇ ਇਕ ਇਕ ਹਿੱਸਾ ਵੱਖ ਕਰ ਦੇਵੋ ਤਾਂ ਵੀ ਤੁਹਾਨੂੰ ਉਸ ਵਿਚ ਕਿਧਰੇ ਖੁਸ਼ੀ ਜਾਂ ਗੁੱਸਾ ਨਹੀਂ ਮਿਲੇਗਾ। ਤੁਹਾਨੂੰ ਪਤਾ ਹੈ ਮੈਂ ਤਕਰੀਬਨ ਰੋਜ਼ ਹੀ ਖੁਸ਼ ਹੁੰਦਾ ਹਾਂ ਅਤੇ ਮੈਨੂੰ ਗੁੱਸਾ ਵੀ ਆਉਂਦਾ ਹੈ। ਮੇਰੇ ਸਰੀਰ ਵਿਚ ਕਿਧਰੇ ਵੀ ਤੁਸੀਂ ਮੇਰੇ ਮਿਜਾਜ਼ ਜਾਂ ਮਨ ਨੂੰ ਲੱਭ ਨਹੀਂ ਸਕੋਗੇ ਹਾਲਾਂ ਕਿ ਸਾਨੂੰ ਪਤਾ ਹੈ ਕਿ ਇਹ ਹਰ ਵੇਲੇ ਸਾਡੇ ਸਰੀਰ ਵਿਚ ਹੁੰਦੇ ਹਨ ਅਤੇ ਮੇਰੇ ਕੰਮ ਅਤੇ ਭਾਵਨਾਵਾਂ ਨੂੰ ਕੰਟਰੋਲ (ਨਿਰਦੇਸ਼ਿਤ) ਕਰਦੇ ਹਨ। (੩) ਆਓ, ਜ਼ਰਾ ਹੁਣ ਆਪਾਂ ਇਸ ਵਿਡਾਣ ਨੂੰ ਸਮਝਣ ਦਾ ਯਤਨ ਕਰੀਏ- ਮੈਂ ਆਪਣੇ ਸਰੀਰ ਵਿਚ ਹਾਂ ਪਰ ਮੈਂ ਇਸ ਵਿਚ ਕਿਧਰੇ ਵੀ ਮੌਜੂਦ ਨਹੀਂ। ਧਰਮੀ ਬੰਦੇ ਕਹਿੰਦੇ ਹਨ ਕਿ ਹਰ ਆਦਮੀ ਦੋ ਚੀਜ਼ਾਂ ਦਾ ਬਣਿਆ ਹੈ, ਪੰਜ ਭੂਤਕ ਸਰੀਰ ਅਤੇ ਆਤਮਾ, ਜੋ ਸਾਡੇ ਜੀਵਨ ਦਾ ਕਾਰਨ ਹਨ। ਆਤਮਾ ਵਾਹਿਗੁਰੂ ਦਾ ਅਕਸ ਹੈ, ਜੋ ਸਾਰਿਆਂ ਦੇ ਜੀਵਨ ਦਾ ਕਾਰਨ ਹੈ। ਸਾਡੀ ਆਤਮਾ ਉਸ ਪੂਰਨ ਪਰਮਾਤਮਾ (ਪਰਮ-ਆਤਮਾ) ਦਾ ਹੀ ਇਕ ਹਿੱਸਾ ਹੈ। ਜੇਕਰ ਅਸੀਂ ਇਹ ਮੰਨ ਲਈਏ ਕਿ ਇਹ ਭੌਤਿਕ ਬ੍ਰਹਿਮੰਡ (ਜਿਸ ਨੂੰ ਜਾਣਿਆ ਨਹੀਂ ਜਾ ਸਕਦਾ), ਵਾਹਿਗੁਰੂ ਦਾ ਦਿਖਾਈ ਦੇਣ ਵਾਲਾ ਰੂਪ ਹੈ। ਉਹ ਸਿਧਾਂਤ (ਜਿਨ੍ਹਾਂ ਬਾਰੇ ਅਸੀਂ ਕੁਝ ਨਹੀਂ ਜਾਣਦੇ) ਜੋ ਇਸ ਨੂੰ ਅਰੰਭ ਤੋਂ ਹੀ ਨਿਰੰਤਰ ਅਤੇ ਸਿਲਸਿਲੇਵਾਰ ਚਲਾ ਰਹੇ ਹਨ, ਉਹ ਹੈ ਪਰਮ-ਆਤਮਾ, ਉਹ ਵਾਹਿਗੁਰੂ ਜੋ ਅਦਿੱਖ ਹੈ। ਇਸ ਦਾ ਮਤਲਬ ਹੈ ਕਿ ਅਸੀਂ ਵਾਹਿਗੁਰੂ ਦਾ ਆਪਣੇ ਸ਼ਬਦਾਂ ਵਿਚ ਵਰਣਨ ਨਹੀਂ ਕਰ ਸਕਦੇ ਅਤੇ ਨਾ ਹੀ ਕਦੀ ਵਰਣਨ ਕਰ ਸਕਾਂਗੇ, ਜਿਸ ਨਾਲ ਉਸ ਦੇ ਸਰੀਰਕ ਰੂਪ ਦਾ ਅਹਿਸਾਸ ਹੋ ਸਕੇ। ਇਹ ਬ੍ਰਹਿਮੰਡ, ਜੋ 'ਵਾਹਿਗੁਰੂ ਦਾ ਸਰੀਰ' ਹੈ ਬਿਲਕੁਲ ਉਸੇ ਤਰ੍ਹਾਂ, ਨਿਰੰਤਰ ਤਬਦੀਲੀਆਂ ਵਿੱਚੋਂ ਲੰਘਦਾ ਹੈ ਜਿਸ ਤਰ੍ਹਾਂ 'ਮੇਰਾ ਸਰੀਰ', ਅਤੇ ਉਹ ਪਰਮ ਆਤਮਾ ਮੇਰੀ 'ਆਤਮਾ' ਵਾਂਗ ਹਮੇਸ਼ਾ ਇਕਸਾਰ ਅਤੇ ਅਡੋਲ ਰਹਿੰਦੀ ਹੈ। ਮੈਂ ਆਪਣੇ ਸਰੀਰ ਦੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਇਸ ਦੇ ਜਨਮ ਤੋਂ ਬਾਅਦ ਉਦੋਂ ਤੱਕ ਮੌਜੂਦ ਰਵਾਂਗਾ ਜਦ ਤੱਕ ਉਸ ਪਰਮ-ਆਤਮਾ ਵਾਹਿਗੁਰੂ ਦੇ ਵਿਚ ਸਮਾਂ ਨਹੀਂ ਜਾਂਦਾ, ਜਿਸ ਤਰ੍ਹਾਂ ਇਕ ਦਰਿਆ ਸਮੁੰਦਰ ਵਿਚ ਸਮਾ ਜਾਂਦਾ ਹੈ। ਇਸੇ ਤਰ੍ਹਾਂ ਉਹ ਪਰਮ-ਆਤਮਾ ਇਸ ਬ੍ਰਹਿਮੰਡ ਦੀ ਉਤਪਤੀ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਇਸ ਬ੍ਰਹਿਮੰਡ ਦੇ ਵਿਨਾਸ਼ ਤੋਂ ਬਾਅਦ ਵੀ ਮੌਜੂਦ ਰਹੇਗੀ। ਇਹ ਤੁਲਨਾ ਇਕ ਮਹੱਤਵਪੂਰਨ ਪੱਖ ਤੋਂ ਅਸਫਲ ਹੈ। ਇਸ ਬ੍ਰਹਿਮੰਡ ਦੀ ਉਤਪਤੀ ਅਤੇ ਚਾਲ ਉਸ ਪਰਮ-ਆਤਮਾ ਦੇ ਅਧੀਨ ਹੈ। ਮੈਂ ਆਪਣੇ ਸਰੀਰ ਦਾ ਜਨਮ ਵਾਧਾ ਜਾਂ ਮੌਤ ਨੂੰ ਆਪਣੇ ਅਧੀਨ ਨਹੀਂ ਕਰ ਸਕਦਾ। ਇਸ ਨੂੰ ਉਸ ਪਰਮ-ਆਤਮਾ ਦੇ ਹੁਕਮ ਅਨੁਸਾਰ ਕੰਮ ਕਰਨਾ ਪਏਗਾ ਜਿਸ ਦੇ ਅਧੀਨ ਇਹ ਸਾਰਾ ਬ੍ਰਹਿਮੰਡ ਹੈ। ਉਹ ਪਰਮ-ਆਤਮਾ ਦੇ ਹੁਕਮ ਅਨੁਸਾਰ ਕੰਮ ਕਰਨਾ ਪਏਗਾ ਜਿਸ ਦੇ ਅਧੀਨ ਇਹ ਸਾਰਾ ਬ੍ਰਹਿਮੰਡ ਹੈ। ਉਹ ਪਰਮ-ਆਤਮਾ ਇਸ ਬ੍ਰਹਿਮੰਡ ਦਾ ਰਚਨਹਾਰਾ, ਪਾਲਨਹਾਰਾ ਅਤੇ ਸੰਘਾਰ ਕਰਨ ਵਾਲਾ ਹੈ। ਇਸ ਲਈ ਹੀ ਇਸ ਦਾ ਨਾਮ ਹੈ ਰੱਬ, ਵਾਹਿਗੁਰੂ। ਗੁਰਬਾਣੀ ਇਸ ਗੱਲ 'ਤੇ ਚਾਨਣਾ ਪਾਉਂਦੀ ਹੈ ਕਿ ਅਸੀਂ ਵਾਹਿਗੁਰੂ ਨੂੰ ਕਿੳੇੁੇਂ ਨਹੀਂ ਮਿਲ ਸਕਦੇ? ਜਦ ਕਿ ਉਹ ਹਰੇਕ ਜੀਵ ਵਿਚ ਵੱਸਦਾ ਹੈ। ਇਹ ਗੱਲ ਹਿਰਨ ਦੀ ਕਸਤੂਰੀ ਦੀ ਉਦਾਹਰਣ ਦੇ ਕੇ ਸਮਝਾਈ ਗਈ ਹੈ। ਹਿਰਨ ਕਸਤੂਰੀ ਦੀ ਖੁਸ਼ਬੂ ਸੁੰਘ ਕੇ ਇੱਧਰ-ਉੱਧਰ ਉਸ ਨੂੰ ਲੱਭਦਾ ਹੈ ਪਰ ਅਸਫਲ ਰਹਿੰਦਾ ਹੈ। ਉਹ ਇਸ ਕਸਤੂਰੀ ਦੀ ਭਾਲ ਆਪਣੇ ਆਲੇ-ਦੁਆਲੇ ਕਰਦਾ ਹੈ ਜਦ ਕਿ ਕਸਤੂਰੀ ਉਸ ਦੇ ਆਪਣੇ ਸਰੀਰ ਅੰਦਰ ਹੁੰਦੀ ਹੈ, ਇਸੇ ਲਈ ਉਹ ਅਸਫਲ ਰਹਿੰਦਾ ਹੈ। ਉਸ ਨੂੰ ਪਤਾ ਉਸ ਵੇਲੇ ਲੱਗਦਾ ਹੈ ਜਦੋਂ ਸ਼ਿਕਾਰੀ ਆ ਕੇ ਉਸ ਦੀ ਨਾਭੀ ਕੋਲੋਂ ਪਈ ਥੈਲੀ ਵਿੱਚੋਂ ਕਸਤੂਰੀ ਕੱਢ ਲੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਅਸੀਂ ਵਾਹਿਗੁਰੂ ਨੂੰ ਬਾਹਰ, ਇੱਧਰ-ਉੱਧਰ ਲੱਭਦੇ ਫਿਰਦੇ ਹਾਂ ਪਰ ਲੱਭਣ ਵਿਚ ਅਸਫਲ ਰਹਿੰਦੇ ਹਾਂ। ਸਾਨੂੰ ਇਸ ਗੱਲ ਦਾ ਪਤਾ ਉਸ ਸਮੇਂ ਲਗਦਾ ਹੈ ਜਦੋਂ ਸਾਡੀ ਆਤਮਾ ਇਸ ਸਰੀਰ ਦਾ ਤਿਆਗ ਕਰਦੀ ਹੈ ਕਿ ਉਸ ਵਾਹਿਗੁਰੂ ਦਾ ਅਕਸ ਤਾਂ ਸਾਡੇ ਅੰਦਰ ਸੀ ਜਿਸ ਕਰਕੇ ਅਸੀਂ ਜਿਉਂਦੇ ਸਾਂ- ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥
{ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੬੪੪} ਸਿੱਟੇ ਵਜੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸੱਚ ਹੈ ਕਿ ਅਸੀਂ ਵਾਹਿਗੁਰੂ ਨੂੰ ਜਾਣਦੇ ਹਾਂ ਉਹ ਕੋਈ ਭਰਮ ਜਾਂ ਭੁਲੇਖਾ ਨਹੀਂ। ਉਹ ਇਸ ਬ੍ਰਹਮੰਡ ਦਾ ਰਚਨਹਾਰਾ ਹੈ ਅਤੇ ਇਸ ਵਿਚ ਉਸੇ ਤਰ੍ਹਾਂ ਰਹਿ ਰਿਹਾ ਹੈ ਜਿਸ ਤਰ੍ਹਾਂ ਮੈਂ ਆਪਣੇ ਸਰੀਰ ਵਿਚ। ਉਹ ਨਿਰਭਉ ਅਤੇ ਨਿਰਵੈਰ ਹੈ ਕਿਉਂਕਿ ਉਸ ਤੋਂ ਇਲਾਵਾ ਕੋਈ ਹੋਰ ਹੈ ਹੀ ਨਹੀਂ। ਨਾ ਉਹ ਬੁੱਢਾ ਹੁੰਦਾ ਹੈ ਅਤੇ ਨਾ ਹੀ ਮਰਦਾ ਹੈ। ਉਹ ਕਾਲ ਤੋਂ ਪਰ੍ਹੇ ਹੈ। ਉਹ ਜਨਮ ਮਰਨ ਦੇ ਚੱਕਰ ਵਿਚ ਨਹੀਂ ਆਉਂਦਾ। ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਇਸ ਲਈ ਉਸ ਦਾ ਕੋਈ ਮਾਤਾ-ਪਿਤਾ ਨਹੀਂ। (੪) ਅਗਲੀ ਗੱਲ ਜਾਣਨ ਤੋਂ ਪਹਿਲਾਂ ਪਾਠਕ ਇਸ ਗੱਲ ਦਾ ਵਿਗਿਆਨਿਕ ਤੱਥ ਜਾਣ ਸਕਦੇ ਹਨ ਜੋ ਗੱਲ ਪਹਿਲਾਂ ਕਹੀ ਗਈ ਹੈ ਕਿ ਇਹ ਭੌਤਿਕ ਬ੍ਰਹਿਮੰਡ ਜੋ ਅਸੀਂ ਵੇਖਦੇ ਹਾਂ, ਇਸ ਨੂੰ ਜਾਣਿਆ ਨਹੀਂ ਜਾ ਸਕਦਾ। ਗੁਰਮਤਿ ਦਾ ਵਿਚਾਰ ਹੈ- ਆਪਹੀ ਸੂਖਮ ਆਪਹਿ ਅਸਥੂਲਾ॥
ਲਖੀ ਨ ਜਾਈ ਨਾਨਕ ਲੀਲਾ॥
{ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੫੦) ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥
{ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩} ਇਹ ਭੌਤਿਕ ਬ੍ਰਹਿਮੰਡ ਅਤੇ ਜੋ ਤਾਕਤ ਇਸ ਨੂੰ ਚਲਾ ਰਹੀ ਹੈ, ਦੋਵੇਂ ਕੋਈ ਹੋਰ ਨਹੀਂ ਬਲਕਿ ਵਾਹਿਗੁਰੂ ਆਪ ਹੀ ਹੈ, ਆਪਣੇ ਦਿਸਦੇ ਅਤੇ ਅਦਿੱਖ ਰੂਪ ਵਿਚ ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਪੂਰੇ ਬ੍ਰਹਿਮੰਡ ਵਿਚ ਵਾਹਿਗੁਰੂ ਜੀ ਜ਼ਿੰਦਗੀ ਦਾ ਅਸਲੀ ਸੋਮਾ ਹੈ, ਹਰੇਕ ਚੀਜ਼ ਉਸ ਕਰ ਕੇ ਹੀ ਹੈ। ਅਨੁਭਵੀ ਲੋਕ ਕਹਿੰਦੇ ਹਨ ਕਿ ਉਹ ਵਾਹਿਗੁਰੂ ਨੂੰ ਸਮਝ ਸਕਦੇ ਹਨ ਪਰ ਉਸ ਨੂੰ ਵਰਣਨ ਨਹੀਂ ਕਰ ਸਕਦੇ ਕਿਉਂਕਿ ਉਹ ਮਨੁੱਖੀ ਹਾਵ-ਭਾਵ ਤੋਂ ਪਰ੍ਹੇ ਹੈ। ਗੂੰਗੇ ਬੰਦੇ ਦੀ ਮਿਠਾਈ ਖਾਣ ਵਾਲੀ ਉਦਾਹਰਣ ਵਾਂਗ ਜੋ ਪਹਿਲਾਂ ਦਿੱਤੀ ਗਈ ਸੀ। ਅਜਿਹੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜੋ ਸਾਨੂੰ ਭਾਵਨਾਤਮਕ ਤੌਰ 'ਤੇ ਇਸ ਜੁਆਬ ਦੇ ਨਜ਼ਦੀਕ ਲੈ ਜਾਣਗੀਆਂ ਕਿ ਵਾਹਿਗੁਰੂ ਨੂੰ ਕਿਸ ਤਰ੍ਹਾਂ ਸਮਝਣਾ ਹੈ।