ਪਾਰਟ-੧ ਰੱਬ ਨੂੰ ਕਿਸ ਨੇ ਬਣਾਇਆ? ਸਾਇੰਸਦਾਨਾਂ ਦਾ ਇਹ ਮੱਤ ਹੈ ਕਿ ਪੁਲਾੜ ਵਿਚ ਇ ਧਮਾਕਾ ਹੋਣ ਨਾਲ ਗ੍ਰਹਿ ਬਣ ਗਏ। ਮਨੁੱਖ ਅਤੇ ਜੀਵ-ਜੰਤੂ ਅਮੀਨੋ-ਐਸਿਡ ਤੋਂ ਪੈਂਦਾ ਹੋਏ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਹੋਰ ਧਰਮਾਂ ਅਤੇ ਇਥੋਂ ਤੱਕ ਕਿ ਸਿੱਖਾਂ ਦਾ ਵੀ ਰੱਬ ਵਿਚ ਵਿਸ਼ਵਾਸ ਕਿਉਂ ਹੈ? ਮੇਰਾ ਮਤਲਬ ਇਹ ਹੈ ਕਿ ਰੱਬ ਕੀ ਹੈ? ਕੀ ਰੱਬ ਇਕ ਬੰਦਾ ਔਰਤ, ਜਾਨਵਰ ਜਾਂ ਕੀ ਹੈ? ਇਥੋਂ ਤਕ ਕਿ ਕੋਈ ਧਰਮ ਵੀ ਕਿਵੇਂ ਸ਼ੁਰੂ ਹੋਇਆ? ਵਾਹਿਗੁਰੂ ਕੀ ਹੈ? ਇਹ ਗੁੰਜਲਦਾਰ ਸਵਾਲ ਬੰਦੇ ਦੇ ਮਨ ਵਿਚ ਹਮੇਸ਼ਾਂ ਫਸਿਆ ਰਹੇਗਾ ਕਿਉਂਕਿ ਕੋਈ ਵੀ ਵਾਹਿਗੁਰੂ ਬਾਰੇ ਨਹੀਂ ਦਸ ਸਕਦਾ। ਗੁਰਬਾਣੀ ਵਿਚ ਇਕ ਸੌਖੀ ਜਿਹੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਕਿਉਂ ਕੋਈ ਬੰਦਾ ਇਸ ਸਵਾਲ ਦਾ ਜੁਆਬ ਨਹੀਂ ਦਸ ਸਕਦਾ। ਇਕ ਗੂੰਗਾ ਮਿਠਾਈ ਖਾਣ ਤੋਂ ਬਾਅਦ ਉਸ ਦਾ ਸਵਾਦ ਜਾਣਦਾ ਹੈ, ਉਸ ਨੂੰ ਮਾਣਦਾ ਹੈ ਅਤੇ ਮੁਸਕਰਾ ਕੇ ਉਸ ਨੂੰ ਜ਼ਾਹਿਰ ਕਰਦਾ ਹੈ ਪਰ ਬੋਲਣ ਤੋਂ ਅਸਮਰਥ ਹੋਣ ਕਰਕੇ ਉਹ ਇਹ ਨਹੀਂ ਦਸ ਸਕਦਾ ਕਿ ਮਿਠਾਈ ਕਿਸ ਦੇ ਵਰਗੀ ਹੈ। ਵਾਹਿਗੁਰੂ ਪਿਆਰ ਹੈ, ਇਸ ਲਈ ਅਤਿਅੰਤ ਮਿੱਠਾ ਹੈ, ਕਿਸੇ ਵੀ ਦੁਨੀਆਵੀ ਮਿੱਠੀ ਚੀਜ਼ ਤੋਂ ਕਈ ਗੁਣਾਂ ਜ਼ਿਆਦਾ ਮਿੱਠਾ। ਧਰਮੀ ਬੰਦੇ ਵਾਹਿਗੁਰੂ ਨੂੰ ਪਿਆਰ ਕਰਦੇ ਹਨ, ਇਸ ਪਿਆਰ ਦੀ ਮਿਠਾਸ ਨੂੰ ਮਾਣਦੇ ਹਨ ਪਰ ਅਜਿਹਾ ਕੁਝ ਆਪਣੇ ਮੂੰਹੋਂ ਨਹੀਂ ਬੋਲ ਸਕਦੇ ਜਿਸ ਨਾਲ ਸਾਨੂੰ ਵਾਹਿਗੁਰੂ ਦੀ ਸਮਝ ਆ ਸਕੇ। ਇਸ ਸੰਸਾਰ ਵਿਚ ਕੋਈ ਵੀ ਭਾਸ਼ਾ ਜਾਂ ਅਜਿਹਾ ਸਾਧਨ ਉਪਲੱਬਧ ਨਹੀਂ ਜਿਸ ਨਾਲ ਵਾਹਿਗੁਰੂ ਨੂੰ ਸਮਝਾਇਆ ਜਾ ਸਕੇ। ਇਸ ਲਈ ਧਰਮੀ ਬੰਦਿਆਂ ਦੁਆਰਾ ਕੇਵਲ ਉਦਾਹਰਣਾਂ ਹੀ ਦਿੱਤੀਆਂ ਜਾਂਦੀਆਂ ਹਨ। ਉਹ ਸੰਸਾਰੀ ਬੰਦਿਆਂ ਨੂੰ ਆਪਣੇ ਆਤਮਿਕ ਸੰਸਾਰ (ਵਾਹਿਗੁਰੂ) ਦੇ ਰਹੱਸਵਾਦੀ ਅਨੁਭਵਾਂ ਨੂੰ ਦੱਸਣ ਲਈ ਵੱਧ ਤੋਂ ਵੱਧ ਇਹੀ ਕਰ ਸਕਦੇ ਹਨ। ਵਾਹਿਗੁਰੂ ਮਾਤਾ-ਪਿਤਾ ਵਜੋ:- (੧) ਵਾਹਿਗੁਰੂ ਨੂੰ ਪਿਤਾ, ਮਾਤਾ, ਰੱਖਿਅਕ ਅਤੇ ਕਈ ਹੋਰ ਅਜਿਹੇ ਨਾਵਾਂ ਨਾਲ ਪੁਕਾਰਿਆ ਗਿਆ ਹੈ। ਇਹ ਨਾਮ ਉਸ ਦੇ ਕੇਵਲ ਕੁਝ ਗੁਣਾਂ ਨੂੰ ਦੱਸਣ ਲਈ ਵਰਤੇ ਗਏ ਹਨ। ਵਾਹਿਗੁਰੂ ਹੀ ਸਾਡੇ ਜਨਮ (ਉਤਪਤੀ) ਦਾ ਕਾਰਨ ਹੈ, ਉਹ ਹੀ ਸਾਡੀ ਪ੍ਰਤਿਪਾਲਣਾ ਕਰਦਾ ਹੈ, ਰੱਖਿਆ ਕਰਦਾ ਹੈ ਅਤੇ ਹੋਰ ਸਾਰੇ ਉਹ ਕੰਮ ਕਰਦਾ ਹੈ ਜੋ ਇਕ ਮਾਤਾ-ਪਿਤਾ ਆਪਣੇ ਬੱਚਿਆਂ ਵਾਸਤੇ ਕਰਦੇ ਹਨ। ਮਨੁੱਖਾਂ ਅਤੇ ਹੋਰ ਜੀਵ-ਜੰਤੂਆਂ ਨੂੰ ਪੈਦਾ ਕਰਨ ਤੋਂ ਪਹਿਲਾਂ, ਵਾਹਿਗੁਰੂ ਨੇ ਸੂਰਜ, ਚੰਦਰਮਾ, ਪਾਣੀ ਹਵਾ, ਗ੍ਰਹਿ ਆਦਿ ਦੀ ਸਿਰਜਣਾ ਕੀਤੀ। ਉਸ ਨੇ ਉਹ ਸਾਰਾ ਕੁਝ ਪਹਿਲਾ ਹੀ ਸਿਰਜ ਦਿੱਤਾ ਜਿਸ ਦੀ ਜ਼ਰੂਰਤ ਬੰਦਿਆਂ ਨੂੰ ਸੁਖਾਲਾ ਜੀਵਨ ਜੀਊਣ ਲਈ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਸਾਨੂੰ ਵਾਹਿਗੁਰੂ ਵੱਲੋਂ ਸੁਗਾਤ ਵਜੋਂ ਮਿਲੀਆਂ ਹਨ ਜਿਵੇਂ ਮਾਤਾ-ਪਿਤਾ ਵੱਲੋਂ ਬੱਚਿਆਂ ਨੂੰ ਇਹ ਚੀਜ਼ਾਂ ਮੁਫ਼ਤ ਮਿਲਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਅਜਿਹੀਆਂ ਚੀਜ਼ਾਂ ਹਨ ਜੋ ਵਾਹਿਗੁਰੂ ਨੇ ਪੈਦਾ ਕੀਤੀਆਂ ਹਨ ਪਰ ਹਾਲਾਂ ਤੱਕ ਅਸੀਂ ਉਨ੍ਹਾਂ ਦੀ ਖੋਜ ਨਹੀਂ ਕਰ ਸਕੇ। ਧਰਤੀ, ਸੂਰਜ, ਵਰਖਾ, ਹਵਾ, ਹਨ੍ਹੇਰਾ ਆਦਿ ਅਜਿਹੇ ਤਰੀਕੇ ਨਾਲ ਇਸ ਯੋਗ ਬਣਾਏ ਗਏ ਹਨ ਕਿ ਉਹ ਸਾਡੀ ਖੱਪਤ ਵਾਸਤੇ ਅਨਗਿਣਤ ਪ੍ਰਕਾਰ ਦੇ ਭੋਜਨ ਪੈਦਾ ਕਰਦੇ ਹਨ। ਇਹ ਕੁਦਰਤੀ ਤੌਰ-ਤਰੀਕੇ ਇਸ ਤਰ੍ਹਾਂ ਨਾਲ ਬਣਾਏ ਗਏ ਹਨ ਕਿ ਧਰਤੀ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਤਰ੍ਹਾਂ ਦੇ ਭੋਜਨ ਪੈਦਾ ਕਰਦੀ ਹੈ। ਬੰਦੇ ਨੂੰ ਤਾਂ ਕੇਵਲ ਪਰਮਾਤਮਾ ਦੇ ਦਿੱਤੇ ਹੋਏ ਬੀਜ ਨੂੰ ਧਰਤੀ ਵਿਚ ਪਾ ਕੇ ਉਸ ਦੀ ਉਪਜ ਪ੍ਰਾਪਤ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਮਾਂ-ਬਾਪ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਕਈ ਕੰਮ ਕਰਦੇ ਹਨ, ਉਸੇ ਤਰ੍ਹਾਂ ਵਾਹਿਗੁਰੂ ਵੀ ਸਾਨੂੰ ਖੁਸ਼ ਰੱਖਣ ਲਈ ਕਈ ਕੰਮ ਕਰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਇਉਂ ਹੈ- ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥
{ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੩} (੨) ਮਾਂ ਆਪਣੇ ਭੌਤਿਕ ਸਰੀਰ ਦੀ ਹੋਂਦ ਕਰਕੇ ਬੱਚਿਆਂ ਨੂੰ ਨਜ਼ਰ ਆਉਂਦੀ ਹੈ। ਵਾਹਿਗੁਰੂ ਦਾ ਵੀ ਭੌਤਿਕ ਰੂਪ ਹੈ ਜੋ ਸਾਨੂੰ ਕੁਦਰਤ ਦੇ ਰੂਪ ਵਿਚ ਦਿਸਦਾ ਹੈ ਅਤੇ ਇਸ ਬਾਰੇ ਗੁਰਬਾਣੀ ਦਾ ਫ਼ੁਰਮਾਨ ਇਉਂ ਹੈ- ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥
{ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੪੬੯} (੩) ਜਦੋਂ ਅਸੀਂ ਮਾਂ ਦੀ ਗੋਦ ਵਿਚ ਬੱਚਾ ਦੇਖਦੇ ਹਾਂ ਤਾਂ ਸਾਨੂੰ ਪਤਾ ਹੈ ਇਹ ਦੋਵੇਂ ਇਕ ਸਨ, ਬੱਚਾ ਮਾਂ ਦਾ ਹੀ ਇਕ ਹਿੱਸਾ ਹੈ। ਵਾਹਿਗੁਰੂ ਅਤੇ ਸਾਡੇ ਬਾਰੇ ਵੀ ਬਿਲਕੁਲ ਅਜਿਹਾ ਹੀ ਕਿਹਾ ਜਾ ਸਕਦਾ ਹੈ। ਅਸੀਂ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਾਂ, ਅਸੀਂ ਉਸੇ ਦਾ ਹੀ ਇਕ ਹਿੱਸਾ ਹਾਂ। ਅਸੀਂ ਉਸ ਦੇ ਬੱਚੇ ਹਾਂ। ਅਸੀਂ ਵਾਹਿਗੁਰੂ ਦਾ ਪਿਆਰ ਮਾਣ ਸਕਦੇ ਹਾਂ ਅਤੇ ਆਪਣੇ ਦਿਲ ਵਿਚ ਸੁੱਖ-ਸ਼ਾਂਤੀ ਮਹਿਸੂਸ ਕਰ ਸਕਦੇ ਹਾਂ ਜਿਵੇਂ ਇਕ ਬੱਚਾ ਆਪਣੀ ਮਾਂ ਦੀ ਗੋਦ ਵਿਚ ਇਹ ਸਭ ਕੁਝ ਮਹਿਸੂਸ ਕਰਦਾ ਹੈ ਪਰ ਫਿਰ ਵੀ ਬੱਚੇ ਲਈ ਆਪਣੀ ਮਾਂ ਦਾ ਵਰਣਨ ਕਰਨਾ, ਇਹ ਸਮਝਣਾ ਕਿ ਉਸ (ਮਾਂ) ਦਾ ਜਨਮ ਕਦੋਂ ਹੋਇਆ? ਉਹ ਰੋਟੀ ਅਤੇ ਹੋਰ ਜ਼ਰੂਰਤਾਂ ਕਿਥੋਂ ਪੂਰੀਆਂ ਕਰਦੀ ਹੈ? ਉਸ ਨੇ ਘਰ ਕਿਸ ਤਰ੍ਹਾਂ ਬਣਾਇਆ ਹੈ ਆਦਿ, ਅਸੰਭਵ ਹੈ। ਬਾਲਗ ਹੋਣ ਤੋਂ ਬਾਅਦ, ਬੱਚਾ ਇਹਨਾਂ ਸਾਰੇ ਸਵਾਲਾਂ ਦੇ ਜੁਆਬ ਜਾਣ ਜਾਂਦਾ ਹੈ ਅਤੇ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਇਸੇ ਤਰ੍ਹਾਂ ਅਸੀਂ 'ਬੱਚੇ' ਜਦੋਂ ਆਤਮਿਕ ਤੌਰ 'ਤੇ 'ਬਾਲਗ' ਬਣ ਜਾਂਦੇ ਹਾਂ ਤਾਂ ਆਪਣੀ ਮਾਂ, ਵਾਹਿਗੁਰੂ ਨੂੰ ਸਮਝ ਸਕਦੇ ਹਾਂ। ਵਾਹਿਗੁਰੂ ਨੂੰ ਜਾਣਨ ਦਾ ਕੇਵਲ ਇਹੀ ਤਰੀਕਾ ਹੈ। ਜਦ ਤੱਕ ਅਸੀਂ 'ਬੱਚੇ' ਹੀ ਬਣੇ ਰਹਾਂਗੇ, ਉਦੋਂ ਤੱਕ ਅਸੀਂ ਆਪਣੀ 'ਮਾਂ' ਨੂੰ ਸਮਝਣ ਦੇ ਕਾਬਿਲ ਨਹੀਂ ਹੋ ਸਕਾਂਗੇ। 'ਬਾਲਗ' ਹੋਣ ਦਾ ਮਤਲਬ ਹੈ, ਇਹ ਗੱਲ ਜਾਣ ਲੈਣੀ ਕਿ 'ਮੈਂ ਕੀ ਹਾਂ?' ਇਸ ਲਈ ਇਕ ਮਹਾਨ ਪ੍ਰਸ਼ਨ-ਵਾਹਿਗੁਰੂ ਕੀ ਹੈ? .... ਦਾ ਉੱਤਰ ਦੇਣ ਲਈ ਇਹ ਜਾਣ ਲੈਣਾ ਮੁੱਢਲੀ ਸ਼ਰਤ ਹੈ ਕਿ 'ਮੈਂ ਕੀ ਹਾਂ?' 'ਮੈਂ' ਜਲਦੀ ਪਹਿਚਾਣਿਆਂ ਜਾਂਦਾ ਹਾਂ ਕਿਉਂ ਕਿ ਮੇਰਾ ਸਪਰਸ਼ ਹੈ (ਭਾਵ ਮੈਨੂੰ ਛੁਹਿਆ ਜਾ ਸਕਦਾ ਹੈ)। ਵਾਹਿਗੁਰੂ ਸਾਡੇ ਅੰਦਰ ਹੈ ਅਤੇ ਉੱਚਾ ਹੈ, ਇਸ ਲਈ ਅਦਿੱਖ ਹੈ ਅਤੇ ਸਮਝਣਾ ਔਖਾ ਹੈ। 'ਮੈਂ' ਵਾਹਿਗੁਰੂ ਦੀ ਔਲਾਦ ਹੋਣ ਕਰਕੇ, ਵਾਹਿਗੁਰੂ ਦਾ ਹੀ ਅਕਸ ਹੈ। ਇਸ ਲਈ ਜਦੋਂ ਅਸੀਂ ਆਤਮਿਕ ਤੌਰ 'ਤੇ 'ਵੱਡੇ' ਹੋ ਜਾਵਾਂਗੇ ਅਤੇ 'ਮੈਂ' ਨੂੰ ਸਮਝ ਲਵਾਂਗੇ, ਤਾਂ ਇਸ ਗੱਲ ਦੀ ਕਾਫ਼ੀ ਹੱਦ ਤੱਕ ਉਮੀਦ ਹੈ ਕਿ ਉਦੋਂ ਅਸੀਂ ਵਾਹਿਗੁਰੂ ਨੂੰ ਵੀ ਸਮਝ ਸਕਾਂਗੇ।
ਵਾਹਿਗੁਰੂ ਕੀ ਹੈ?
Dr Gurbaksh Singh · ਕਥਾ ਅਤੇ ਲੈਕਚਰ · ੧ / ੩
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ