ਸਿਮਰਨ ਕਿਵੇਂ ਕਰਨਾ ਹੈ ਤੁਸੀ ਸਕੂਲਾਂ ਕਾਲਜਾਂ, ਦਫ਼ਤਰਾਂ ਤੇ ਅਮੀਰ ਲੋਕਾਂ ਦੇ ਘਰਾਂ ਵਿਚ ਕੰਧ ਨਾਲ ਲਟਕਾਇਆ ਹੋਇਆ ਕਲਾਕ ਨਿੱਤ ਵੇਖਦੇ ਹੋਵੋਗੇ। ਕਲਾਕ ਦੇ ਹੇਠਲੇ ਵਧਵੇਂ ਹਿੱਸੇ ਵਿਚ ਪਤਲੀ ਲੰਮੀ ਡੰਡੀ ਵਾਲਾ ਇਕ ਚੰਗਾ ਵਜ਼ਨੀ ਭਾਰ ਲਟਕਾਇਆ ਹੁੰਦਾ ਹੈ, ਜੋ ਹਰ ਵੇਲੇ ਸੱਜੇ ਖੱਬੇ ਹਿਲਦਾ ਰਹਿੰਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ 'ਪੈਂਡੂਲਮ' ਆਖਦੇ ਹਨ। ਕਦੇ ਕਲਾਕ ਦਾ ਸਾਹਮਣਾ ਡਾਇਲ ਚੁੱਕ ਕੇ ਕਲਾਕ ਦੇ ਅੰਦਰਲੇ ਪੁਰਜ਼ੇ ਵੇਖੋ। ਇਹ ਪੁਰਜ਼ੇ ਬੜੇ ਸੁੰਦਰ, ਪਤਲੇ ਤੇ ਨਾਜ਼ੂਕ ਦਿੱਸਦੇ ਹਨ। ਪੁਰਜ਼ਿਆਂ ਦੀ ਆਪੋ ਵਿਚ ਦੀ ਸਾਂਝ ਤੋਂ ਅੰਞਾਣ ਬੰਦਾ ਇਹਨਾਂ ਨਾਜ਼ੁਕ ਪੁਰਜ਼ਿਆਂ ਦੇ ਨਾਲ ਇਤਨੇ ਵਜ਼ਨੀ ਭਾਰ ਨੂੰ ਬੱਧਾ ਵੇਖ ਕੇ ਕੁਝ ਹੈਰਾਨੀ ਜਿਹੀ ਵਿਚ ਇਤਰਾਜ਼ ਕਰ ਉੱਠਦਾ ਹੈ ਕਿ ਇਕ ਪਾਸੇ ਇਹ ਬਾਰੀਕ ਨਾਜ਼ੁਕ ਪੁਰਜ਼ੇ, ਤੇ, ਦੂਜੇ ਪਾਸੇ ਇਹ ਇਤਨਾ ਭਾਰ-ਇਹਨਾਂ ਦੋਹਾਂ ਦਾ ਮੂਲ ਨਹੀਂ ਫਬਦਾ। ਪਰ ਵਾਕਫ਼ ਆਦਮੀ ਜਾਣਦਾ ਹੈ ਕਿ ਪੈਂਡੂਲਮ ਨੂੰ ਕਲਾਕ ਨਾਲੋਂ ਵੱਖਰਾ ਕਰ ਦੇਈਏ, ਤਾਂ ਪੁਰਜ਼ਿਆਂ ਦੀ ਚਾਲ ਬੇ-ਥਵੀ ਹੋ ਜਾਂਦੀ ਹੈ ਤੇ ਕਲਾਕ ਠੀਕ ਵਕਤ ਦੇਣ ਜੋਗਾ ਨਹੀਂ ਰਹਿ ਜਾਂਦਾ। ਇਹੀ ਹਾਲ ਮਨੁੱਖ ਦੀ ਜੀਵਨ ਤੋਰ ਦਾ ਹੈ। ਦੁਨੀਆ ਦੀਆਂ ਜ਼ਿੰਮੇਵਾਰੀਆਂ ਤੋਂ ਖਿੱਝ ਅੱਕ ਕੇ ਕਈ ਅੰਞਾਣ ਬੰਦੇ ਇਹ ਮਿਥ ਲੈਂਦੇ ਹਨ ਕਿ ਜੇ ਦੁਨੀਆ ਦੇ ਧੰਦਿਆਂ ਦਾ ਭਾਰ ਸਿਰ ਤੋਂ ਲਹਿ ਜਾਏ ਤਾਂ ਹੌਲੇ-ਫੁੱਲ ਹੋ ਕੇ ਕਿਤੇ ਇਕਾਂਤ ਵਿਚ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਇਹ ਵੱਦਾ ਭਾਰਾ ਭੁਲੇਖਾ ਹੈ। ਜਗਤ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੀ ਮਨੁੱਖ ਦੀ ਜੀਵਨ ਤੋਰ ਨੂੰ ਸਾਵਾਂ ਪੱਧਰਾ ਰੱਖਦਾ ਹੈ, ਤੇ ਇਸ ਭਾਰ ਨੂੰ ਚੁੱਕੀ ਰੱਖ ਕੇ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ। ਭਗਤ ਨਾਮਦੇਵ ਜੀ ਦੇ ਮਿੱਤਰ ਤ੍ਰਿਲੋਚਨ ਜੀ ਨੇ ਇਕ ਵਾਰੀ ਨਾਮਦੇਵ ਜੀ ਨੂੰ ਕੱਪੜੇ ਛਾਪਦਿਆਂ ਵੇਖ ਕੇ ਇਉਂ ਸਮਝਿਆ ਕਿ ਨਾਮਦੇਵ ਜੀ ਪਰਮਾਤਾ ਦੀ ਯਾਦ ਵਿਸਾਰ ਕੇ ਦੁਨੀਆ ਦੇ ਜੰਜਾਲ ਵਿਚ ਫਸ ਗਏ ਹਨ। ਇਤਰਾਜ਼ ਕੀਤੋ ਨੇ, ਤਾਂ ਨਾਮਦੇਵ ਜੀ ਨੇ ਆਖਿਆ-ਇਕ ਮੁੰਡਾ ਕਾਗ਼ਜ਼ ਦੀ ਗੁੱਡੀ ਉਡਾਂਦਾ ਹੈ, ਆਪਣੇ ਨਾਲ ਦੇ ਹਾਣੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦੀ ਸੁਰਤ ਆਪਣੀ ਗੁੱਡੀ ਵਿਚ ਹੀ ਰਹਿੰਦੀ ਹੈ। ਜਵਾਨ ਕੁੜੀਆਂ ਪਾਣੀ ਭਰਨ ਜਾਂਦੀਆਂ ਹਨ, ਪਾਣੀ ਦੀਆਂ ਭਰੀਆਂ ਗਾਗਰਾਂ ਵਲਟੋਹੀਆਂ ਸਿਰ ਉਤੇ ਰਖੀ ਆਉਂਦੀਆਂ ਹਨ, ਆਪੋ ਵਿਚ ਹੱਸਦੀਆਂ ਖੇਡਦੀਆਂ ਹਨ, ਪਰ ਉਹਨਾਂ ਦਾ ਧਿਆਨ ਆਪਣੀਆਂ ਗਾਗਰਾਂ ਵਿਚ ਹੁੰਦਾ ਹੈ। ਅੰਞਵਾਣੇ ਵੱਛੇ ਵਾਲੀ ਗਾਂ ਨੂੰ ਗਾਂ ਦਾ ਮਾਲਕ ਚੁਗਣ ਵਾਸਤੇ ਚੌਣੇ ਛੱਡ ਆਉਂਦਾ ਹੈ, ਗਾਂ ਬਾਹਰ ਜੂਹ ਵਿਚ ਘਾਹ ਚੁਗਦੀ ਹੈ, ਪਰ ਉਸਦੀ ਸੁਰਤ ਆਪਣੇ ਵੱਛੇ ਵਿਚ ਹੁੰਦੀ ਹੈ। ਬੱਚੇ ਦੀ ਮਾਂ ਬੱਚੇ ਨੂੰ ਪੰਘੂੜੇ ਵਿਚ ਸੁਆ ਕੇ ਘਰ ਦਾ ਕੰਮ-ਕਾਜ ਕਰਦੀ ਹੈ, ਪਰ ਉਸਦਾ ਧਿਆਨ ਹਰ ਵੇਲੇ ਆਪਣੇ ਬੱਚੇ ਵਿਚ ਹੀ ਟਿਕਿਆ ਰਹਿੰਦਾ ਹੈ। ਜਿਵੇਂ ਸੁਨਿਆਰਾ ਗਹਿਣੇ ਘੜਦਾ ਗਾਹਕ ਨਾਲ ਗੱਲਾਂ ਕਰਦਾ ਹੋਇਆ ਭੀ ਧਿਆਨ ਸੋਨੇ ਵਿਚ ਰੱਖਦਾ ਹੈ, ਤਿਵੇਂ ਕਿਰਤ-ਕਾਰ ਕਰਦਿਆਂ ਮਨੁੱਖ ਨੇ ਆਪਣੀ ਸੁਰਤ ਦੀ ਡੋਰ ਪਰਮਾਤਮਾ ਦੇ ਚਰਨਾਂ ਵਿਚ ਜੋੜੀ ਰੱਖਣੀ ਹੈ। ਫ਼ੁਰਮਾਂਦੇ ਹਨ: ਆਨੀਲੇ ਕਾਗਦੁ, ਕਾਟੀਲੇ ਗੂਡੀ, ਅਕਾਸ ਮਧੇ ਭਰਮੀਅਲੇ॥
ਪੰਚ ਜਨਾ ਸਿਉ ਬਾਤ ਬਤਊਆ, ਚੀਤੁ ਸੁ ਡੋਰੀ ਰਾਖੀਅਲੇ॥੧॥
ਮਨੁ ਰਾਮ ਨਾਮਾ ਬੇਧੀਅਲੇ॥
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥੧॥
ਰਹਾਉ॥
ਆਨੀਲੇ ਕੁੰਭੁ, ਭਰਾਈਲੇ ਉਦਕ, ਰਾਜ ਕੁਆਰਿ ਪੁਰੰਦਰੀਏ॥
ਹਸਤ ਬਿਨੋਦ ਬੀਚਾਰ ਕਰਤੀ ਹੈ, ਚੀਤੁ ਸੁ ਗਾਗਰਿ ਰਾਖੀਅਲੇ॥੨॥
ਮੰਦਰੁ ਏਕੁ ਦੁਆਰ ਦਸ ਜਾ ਕੇ, ਗਊ ਚਰਾਵਨ ਛਾਡੀਅਲੇ॥
ਪਾਂਚ ਕੋਸ ਪਰ ਗਊ ਚਰਾਵਤ, ਚੀਤੁ ਸੁ ਬਛੁਰਾ ਰਾਖੀਅਲੇ॥੩॥
ਕਹਤ ਨਾਮਦੇਉ ਸੁਨਹੁ ਤਿਲੋਚਨ, ਬਾਲਕੁ ਪਾਲਨ ਪਉਢੀਅਲੇ॥
ਅੰਤਰਿ ਬਾਹਰਿ ਕਾਜ ਬਿਰੂਧੀ, ਚੀਤੁ ਸੁ ਬਾਰਿਕ ਰਾਖੀਅਲੇ॥੪॥
੧॥
{ਰਾਮਕਲੀ} ਅਰਥ : ਹੇ ਤ੍ਰਿਲੋਚਨ! (ਜਿਵੇਂ ਸੁਨਿਆਰੇ ਦਾ ਮਨ) ਹੋਰਨਾਂ ਨਾਲ ਗੱਲਾਂ ਬਾਤਾਂ ਕਰਦਿਆਂ ਭੀ ਕੁਠਾਲੀ ਵਿਚ ਪਾਏ ਸੋਨੇ ਵਿਚ ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਿਆ ਹੋਇਆ ਹੈ।੧।ਰਹਾਉ। (ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸਦੀ ਗੱਡੀ ਕੱਟਦਾ ਹੈ, ਤੇ ਗੁੱਡੀ ਨੂੰ ਅਸਮਾਨ ਵਿਚ ਉਡਾਂਦਾ ਹੈ, ਸਾਥੀਆਂ ਨਾਲ ਗੱਲਾਂ ਭੀ ਮਾਰੀ ਜਾਂਦੀ ਹੈ, (ਪਰ ਉਸ ਦਾ ਮਨ ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ।੧। (ਹੇ ਤ੍ਰਿਲੋਚਨ!) ਜਵਾਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ), ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ, (ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ।੨। (ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ। ਜਿਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ। ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ, ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰਖਦੀਆਂ ਹਨ। (ਤਿਵੇਂ ਹੀ ਦਸ-ਇੰਦ੍ਰੀਆਂ ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਹੀ ਹੈ)।੩। ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ-ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ, ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ।੪।੧। ਇਹਨਾਂ ਦੋਹਾਂ ਮਿੱਤਰਾਂ ਦੀ ਇਸ ਗੱਲ ਬਾਤ ਦਾ ਤੱਤ ਥੋੜੇ ਲਫ਼ਜ਼ਾਂ ਵਿਚ ਕਬੀਰ ਜੀ ਨੇ ਇਉਂ ਦੱਸਿਆ ਹੈ: ਨਾਮਾ ਮਾਇਆ ਮੋਹਿਆ, ਕਹੈ ਤ੍ਰਿਲੋਚਨ ਮੀਤੁ॥
ਕਾਹੇ ਛੀਪਹੁ ਛਾਇਲੈ, ਰਾਮ ਨ ਲਾਵਹੁ ਚੀਤੁ॥੨੧੨॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ॥੨੧੩॥
ਅਰਥ: ਤ੍ਰਿਲੋਚਨ ਆਖਦਾ ਹੈ-ਹੇ ਮਿੱਤਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈ। ਇਹ ਅੰਬਰੇ ਕਿਉਂ ਠੇਕ ਰਿਹਾ ਹੈ? ਪਰਮਾਤਮਾ ਦੇ ਚਰਨਾਂ ਨਾਲ ਕਿਉਂ ਚਿੱਤ ਨਹੀਂ ਜੋੜਦਾ?।੨੧੨। ਨਾਮਦੇਵ (ਅੱਗੋਂ) ਉਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਲ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿੱਤ ਮਾਇਆ ਰਹਿਤ ਪਰਮਾਤਮਾ ਨਾਲ ਜੋੜ।੨੧੩। ਤੁਸੀ ਰੇਲ-ਗੱਡੀ ਵਿਚ ਸਫ਼ਰ ਕਰ ਰਹੇ ਹੋ, ਗੱਡੀ ਦੇ ਪਹੀਆਂ ਦਾ ਖੜਾਕ ਸੁਣਨਾ ਸ਼ੁਰੂ ਕਰੋ। ਪਹਿਲਾਂ ਕੁਝ ਖਰ੍ਹਵਾ ਜਿਹਾ ਜਾਪੇਗਾ। ਪਰ ਤੁਸੀ ਇਸ ਦੇ ਨਾਲ 'ਤੂੰ ਹੀ ਤੂੰ' 'ਵਾਹਿ-ਗੁਰੂ' ਦੀ ਸੁਰ ਰਲਾ ਦਿਉ। ਵੇਖੋ, ਕੈਸੀ ਮਸਤੀ-ਭਰੀ ਮੌਜ ਬਣ ਜਾਂਦੀ ਹੈ। ਤੁਸੀ ਟਾਂਗੇ ਤੇ ਬੈਠੇ ਹੋ। ਘੋੜੇ ਦੇ ਟਾਪਾਂ ਵਲ ਕੰਨ ਲਾ ਦਿਉ। ਤੇ, ਟਾਪਾਂ ਦੇ ਤਾਲ ਨਾਲ ਆਪਣੇ ਅੰਦਰ ਧੁਨੀ ਛੇੜ ਦਿਓ 'ਤੂੰ ਹੀ ਤੂੰ' ਦੀ। ਸਾਥੀ ਰਾਹੀਆਂ ਦੀਆਂ ਗੱਪਾਂ ਵਲੋਂ ਹਟ ਕੇ ਆਪਣੇ ਆਪ ਤੁਹਾਡਾ ਮਨ 'ਤੂੰ ਹੀ ਤੂੰ' ਦੀ ਮੌਜ ਵਿਚ ਜੁੜ ਜਾਏਗਾ। ਤੁਸੀ ਪੈਦਲ ਤੁਰੇ ਜਾ ਰਹੇ ਹੋ। ਮਨ ਕਦੇ ਵਿਹਲਾ ਤਾਂ ਰਹਿ ਨਹੀਂ ਸਕਦਾ, ਕਈ ਫੁਰਨੇ ਇਸਦੇ ਅੰਦਰ ਉੱਠਦੇ ਰਹਿੰਦੇ ਹਨ। ਪਰ ਤੁਸੀ ਆਪਣੇ ਪੈਰਾਂ ਦੇ ਤਾਲ ਨਾਲ ਆਪਣੇ ਅੰਦਰ 'ਤੂੰ ਹੀ ਤੂੰ' 'ਵਾਹਿ-ਗੁਰੂ' ਦੀ ਸੁਰ ਛੇੜ ਦਿਉ। ਵੇਖੋ, ਕੈਸੇ ਸੋਖੇ ਤਰੀਕੇ ਨਾਲ ਪੈਂਡਾ ਮੁੱਕਦਾ ਹੈ। ਤੁਸੀ ਕਿਸੇ ਪਹਾੜੀ ਨਦੀ ਦੇ ਕੰਢੇ ਬੈਠੇ ਹੋ। ਪੱਥਰਾਂ ਨਾਲ ਵੱਜਦੇ ਪਾਣੀ ਦੇ ਖੜਾਕ ਨਾਲ ਤੁਸੀ 'ਤੂੰ ਹੀ ਤੂੰ' ਰਲਾ ਦਿਉ। ਵੇਖੋ, ਕੈਸੀ ਮਸਤੀ ਦੀ ਹਾਲਤ ਬਣਦੀ ਹੈ। ਦੁਨੀਆ ਤੇ ਦੁਨੀਆ ਦੇ ਸਾਰੇ ਚਿੰਤਾ ਫ਼ਿਕਰ ਕਿਤੇ ਜਾਂਦੇ ਨਹੀਂ ਲੱਭਦੇ। ਰਾਤ ਸੌਣ ਵੇਲੇ ਤੁਸੀ ਆਪਣੇ ਮੰਜੇ ਤੇ ਲੇਟੇ ਹੋ। ਅੰਦਰ ਬਾਹਰ ਆਉਂਦੇ ਜਾਂਦੇ ਆਪਣੇ ਸਾਹ ਦੇ ਨਾਲ ਤੁਸੀ 'ਤੂੰ ਹੀ ਤੂੰ' 'ਵਾਹਿ-ਗੁਰੂ' ਦੀ ਸੁਰ ਮੇਲ ਦਿਉ। ਵੇਖੋ, ਕੀ ਮੌਜ ਬਣਦੀ ਹੈ। ਤੁਸੀ ਵਗਦੇ ਖੂਹ ਦੀ ਗਾਧੀ ਤੇ ਬੈਠੇ ਹੋ। ਖੂਹ ਦਾ ਰਾਗ ਸੁਣੋ, ਤੇ ਉਸ ਰਾਗ ਦੇ ਨਾਲ ਆਪਣੇ 'ਵਾਹਿ-ਗੁਰੂ' ਨੂੰ ਜੋੜ ਦਿਉ। ਫਿਰ ਇਉਂ ਜਾਪੇਗਾ ਕਿ- ਹਰਹਟ ਭੀ ਤੂੰ ਤੂੰ ਕਰਹਿ, ਬੋਲਹਿ ਭਲੀ ਬਾਣਿ॥
ਆਪਣਾ ਮਾਲਕ ਆਪਣੇ ਕੋਲ ਬੈਠਾ ਜਾਪੇਗਾ। ਉੱਚੀ ਬੋਲਣ ਨੂੰ ਜੀਅ ਨਹੀਂ ਰਹੇਗਾ। ਸਾਹਿਬੁ ਸਦਾ ਹਦੂਰਿ ਹੈ, ਕਿਆ ਉਚੀ ਕਰਹਿ ਪੁਕਾਰ॥
{ਸਲੋਕ ਵਾਰਾਂ ਤੇ ਵਧੀਕ, ਮ:੩} ਬੱਸ! ਇਸ ਤਰ੍ਹਾਂ ਤੁਰਦਿਆਂ-ਫਿਰਦਿਆਂ, ਉੱਠਦਿਆਂ ਬੈਠਦਿਆਂ, ਕੰਮ-ਕਾਰ ਕਰਦਿਆਂ ਖਸਮ-ਪ੍ਰਭੂ ਨੂੰ ਗਲੇ ਦਾ ਹਾਰ ਬਣਾਣਾ ਹੈ। ਸਾਹਿਬ ਪੰਚਮ ਪਾਤਿਸ਼ਾਹ ਫ਼ੁਰਮਾਂਦੇ ਹਨ: ਊਠਤ ਬੈਠਤ ਸੋਵਤ ਧਿਆਇਐ॥
ਮਾਰਗਿ ਚਲਤ ਹਰੇ ਹਰਿ ਗਾਈਐ॥੧॥
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ॥
ਜਾਸੁ ਸੁਨੀ ਮਨਿ ਹੋਇ ਅਨੰਦਾ, ਦੂਖ ਰੋਗ ਮਨ ਸਗਲੇ ਲਥਾ॥੧॥
ਰਹਾਉ॥
ਕਾਰਜਿ ਕਾਮਿ ਬਾਟ ਘਾਟ ਜਪੀਜੈ॥
ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ॥੨॥
ਦਿਨਸੁ ਰੈਨਿ ਹਰਿ ਕੀਰਤਨੁ ਗਾਈਐ॥
ਸੋ ਜਨੁ ਜਮ ਕੀ ਵਾਟ ਨ ਪਾਈਐ॥੩॥
ਆਠ ਪਹਰ ਜਿਸੁ ਵਿਸਰੈ ਨਾਹੀ॥
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ॥੪॥
੬੧॥
{ਆਸਾ ਮ:੫} ਇਥੇ ਇਕ ਹੋਰ ਗੱਲ ਦਾ ਭੀ ਧਿਆਨ ਰੱਖਣਾ ਹੈ। ਕਿਰਸਾਣ ਆਪਣੇ ਫ਼ਸਲ-ਬੰਨੇ ਦੀ ਰਾਖੀ ਆਦਿਕ ਦਾ ਖ਼ਿਆਲ ਤਾਂ ਹਰ ਵੇਲੇ ਰੱਖਦਾ ਹੈ, ਪਰ ਜਿਸ ਨੇ ਬੀਜਣ ਵੇਲੇ ਵੱਤਰ ਦਾ ਵੇਲਾ ਹੀ ਖੁੰਝਾ ਦਿੱਤਾ ਹੋਵੇ, ਉਸ ਦਾ ਫ਼ਸਲ ਬਣਨਾ ਹੀ ਕਿੱਥੋਂ ਹੋਇਆ? ਅੱਠੇ ਪਹਿਰ ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣਾ-ਇਹ ਅਸਲ ਵਿਚ ਨਾਮ-ਫ਼ਸਲ ਦੀ ਰਾਖੀ ਤੇ ਪਰਵਰਿਸ਼ ਹੈ। ਇਸ ਦੇ ਬੀਜਣ ਦਾ ਅਸਲੀ ਸਮਾ ਹੈ ਅੰਮ੍ਰਿਤ ਵੇਲਾ, ਪਰਭਾਤ ਦਾ ਵੇਲਾ, ਜਦੋਂ ਚਿੜੀ ਚੁਹਕਦੀ ਹੈ, ਤੇ ਰੱਬ ਦੇ ਆਸ਼ਿਕਾਂ ਦੇ ਅੰਦਰ ਸਿਮਰਨ ਦੇ ਤਰੰਗ ਉੱਠਦੇ ਹਨ: ਚਿੜੀ ਚੁਹਕੀ, ਪਹੁ ਫੁਟੀ, ਵਗਨਿ ਬਹੁਤੁ ਤਰੰਗ॥
ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ॥੧॥
੬॥
{ਗਉੜੀ ਕੀ ਵਾਰ ਮ:੫} ਅਰਥ: ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ। ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪਰਮਾਤਮਾ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ)॥੧॥
ਸਿੱਖ ਬਬੀਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੀ ਵਰਖਾ ਵਾਸਤੇ ਅਰਜ਼ੋਈ ਕਰਦਾ ਹੈ। ਦਾਤਾਰ-ਪ੍ਰਭੂ ਦੇ ਹੁਕਮ ਵਿਚ ਗੁਰੂ-ਮੇਘ ਬਾਣੀ ਦੀ ਰਾਹੀਂ ਵਰਖਾ ਕਰਦਾ ਹੈ। ਤੇ, ਗੁਰਬਾਣੀ ਦੀ ਵਿਚਾਰ ਵਿਚ ਭਿੱਜ ਕੇ ਸਿੱਖ ਦੇ ਹਿਰਦੇ ਵਿਚ ਹਰਿਆਲ ਹੋ ਜਾਂਦੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ: ਬਾਬੀਹਾ ਅੰਮ੍ਰਿਤ ਵੇਲੈ ਬੋਲਿਆ, ਤਾਂ ਦਰਿ ਸੁਣੀ ਪੁਕਾਰ॥
ਮੇਘੈ ਨੋ ਫੁਰਮਾਨੁ ਹੋਆ, ਵਰਸਹੁ ਕਿਰਪਾ ਧਾਰਿ॥
ਹਉ ਤਿਨ ਕੈ ਬਲਿਹਾਰਣੈ, ਜਿਨੀ ਸਚੁ ਰਖਿਆ ਉਰਿ ਧਾਰਿ॥
ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸਬਦਿ ਵੀਚਾਰਿ॥੧॥
੧੬॥
ਅਰਥ: (ਜਦੋਂ ਜੀਵ) ਪਪੀਹਾ ਅੰਮ੍ਰਿਤ ਵੇਲੇ ਅਰਜ਼ੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪਰਮਾਤਮਾ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ। (ਪਰਮਾਤਮਾ ਵਲੋਂ ਗੁਰੂ-) ਬੱਦਲ ਨੂੰ ਹੁਕਮ ਹੁੰਦਾ ਹੈ ਕਿ (ਇਸ ਅਰਜ਼ੋਈ ਕਰਨ ਵਾਲੇ ਉਤੇ) ਮਿਹਰ ਕਰ ਕੇ ਨਾਮ ਦੀ ਵਰਖਾ ਕਰੋ। ਜਿਨ੍ਹਾਂ ਮਨੁੱਖਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਹੇ ਨਾਨਕ! ਸਤਿਗੁਰੂ ਦੇ ਸ਼ਬਦ ਦੀ ਰਾਹੀਂ ('ਨਾਮ' ਦੀ) ਵੀਚਾਰ ਕੀਤਿਆਂ (ਭਾਵ, ਨਾਮ ਸਿਮਰਿਆਂ) 'ਨਾਮ' ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ-ਭਰੀ ਹੋ ਜਾਂਦੀ ਹੈ।੧। ਗੁਰੂ ਰਾਮਦਾਸ ਜੀ ਲਿਖਦੇ ਹਨ, ਸਤਿਗੁਰੂ ਸਮੁੰਦਰ ਹੈ, ਜਿਸ ਵਿਚ ਨਾਮ-ਰਤਨ ਭਰੇ ਪਏ ਹਨ। ਜਿਹੜੇ ਭਾਗਾਂ ਵਾਲੇ ਸਤਿਗੁਰੂ ਦੀ ਬਾਣੀ ਵਿਚ ਜੁੜਦੇ ਹਨ ਉਹਨਾਂ ਨੂੰ ਇਹ ਰਤਨ ਆਪਣੇ ਅੰਦਰੋਂ ਹੀ ਲੱਭ ਪੈਂਦਾ ਹੈ। ਗੁਰੂ ਤੇ ਗੋਬਿੰਦ ਵਿਚ ਮਨ ਜੋੜੋ। ਆਪ ਫ਼ੁਰਮਾਂਦੇ ਹਨ: ਰਤਨਾ ਰਤਨ ਪਦਾਰਥ, ਬਹੁ ਸਾਗਰੁ ਭਰਿਆ ਰਾਮ॥
ਬਾਣੀ ਗੁਰਬਾਣੀ ਲਾਗੇ, ਤਿਨੑ ਹਥਿ ਚੜਿਆ ਰਾਮ॥
ਗੁਰਬਾਣੀ ਲਾਗੇ, ਤਿਨੑ ਹਥਿ ਚੜਿਆ, ਨਿਰਮੋਲਕੁ ਰਤਨੁ ਅਪਾਰਾ॥
ਹਰਿ ਹਰਿ ਨਾਮੁ ਅਤੋਲਕੁ ਪਾਇਆ, ਤੇਰੀ ਭਗਤਿ ਭਰੇ ਭੰਡਾਰਾ॥
ਸਮੁੰਦੁ ਵਿਰੋਲਿ ਸਗੈਰੁ ਹਮ ਦੇਖਿਆ, ਇਕ ਵਸਤੁ ਅਨੂਪ ਦਿਖਾਈ॥
ਗੁਰੁ ਗੋਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ॥੪॥
੮॥
{ਆਸਾ ਮ:੪ ਛੰਤ}