ਕਰਮ ਅਤੇ ਉਹਨਾਂ ਦਾ ਪ੍ਰਭਾਵ ਕੋਈ ਪੇਂਡੂ ਛੋਟਾ ਬਾਲ ਆਪਣੀ ਮਾਂ ਨਾਲ ਸ਼ਹਿਰ ਵਿਚ ਆਵੇ ਜਿੱਥੇ ਹਰ ਵੇਲੇ ਅੱਗੇ-ਪਿੱਛੇ ਛਾਬੜੀਆਂ ਵਾਲੇ ਮਠਿਆਈ ਆਦਿਕ ਵੇਚਦੇ ਹੋਣ, ਉਸ ਛੋਟੇ ਬਾਲ ਨੂੰ ਕੋਈ ਖਿੱਚ ਨਹੀਂ ਪੈਂਦੀ ਕਿ ਆਪਣੀ ਮਾਂ ਦੇ ਖਹਿੜੇ ਪਵੇ ਉਹ ਮਠਿਆਈ ਆਦਿਕ ਲੈ ਦੇਣ ਵਾਸਤੇ। ਕਿਉਂ? ਉਸ ਨੇ ਨਾ ਕਦੇ ਮਠਿਆਈ ਵੇਖੀ ਨਾ ਖਾਧੀ। ਉਸ ਨੂੰ ਆਪਣੇ ਅੰਦਰੋਂ ਪ੍ਰੇਰਨਾ ਕਿਵੇਂ ਉੱਠੇ? ਪਰ ਜੇ ਮਾਂ ਕਿਸੇ ਇਕ ਛਾਬੜੀ ਵਾਲੇ ਪਾਸੋਂ ਕੁਝ ਲੈ ਕੇ ਬਾਲ ਨੂੰ ਖੁਆ ਦੇਵੇ, ਫਿਰ ਵੇਖੋ ਉਸ ਬੱਚੇ ਦਾ ਹਾਲ। ਜਿਉਂ-ਜਿਉਂ ਕੋਈ ਛਾਬੜੀ ਵਾਲਾ ਆਵੇਗਾ, ਬੱਚਾਂ ਮਾਂ ਦੇ ਖਹਿੜੇ ਪਏਗਾ ਕਿ ਮੈਨੂੰ ਇਹ ਚੀਜ਼ ਲੈ ਦੇ, ਉਹ ਸ਼ੈਅ ਲੈ ਦੇ।
ਇਹ ਫ਼ਰਕ ਕਿਉੇਂ? ਬਾਲ ਦੀ ਜੀਭ ਨੇ ਮਠਿਆਈ ਦਾ ਸੁਆਦ ਚੱਖ ਲਿਆ ਹੈ, ਉਸ ਦੇ ਮਨ ਵਿਚ ਉਹ ਸੁਆਦ ਟਿਕ ਗਿਆ ਹੈ। ਛਾਬੜੀ ਵੇਖਦਿਆਂ ਹੀ ਮਨ ਵਿਚ ਟਿਕੇ ਉਹ ਸੰਸਕਾਰ ਜਾਗ ਪੈਂਦੇ ਹਨ, ਤੇ ਬੱਚੇ ਨੂੰ ਪ੍ਰੇਰਦੇ ਹਨ ਹੋਰ ਮਠਿਆਈ ਖਾਣ ਲਈ। ਜਿਹੜਾ ਵੀ ਕਰਮ ਮਨੁੱਖ ਕਰਦਾ ਹੈ ਉਸ ਦੇ ਸੰਸਕਾਰ ਉਸ ਦੇ ਅੰਦਰ ਟਿਕ ਜਾਂਦੇ ਹਨ, ਉਸ ਦੇ ਮਨ ਦਾ ਹਿੱਸਾ ਬਣ ਜਾਂਦੇ ਹਨ। ਮਨ ਕੀ ਹੈ? ਮਨੁੱਖ ਦੇ ਚੰਗੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ, ਕੀਤੇ ਕਰਮਾਂ ਦੇ ਲੁਕਵੇਂ ਚਿਤਰ ਗੁਪਤ ਚਿੱਤਰ। ਇਹ ਗੁਪਤ ਚਿੱਤਰ, ਚਿੱਤਰ ਗੁਪਤ, ਇਕ ਤਾਂ ਮਨੁੱਖ ਦੇ ਹੁਣ ਤੱਕ ਦੇ ਕੀਤੇ ਹੋਏ ਕਰਮਾਂ ਦੇ ਗਵਾਹ ਹਨ, ਦੂਜੇ ਉਹੋ ਜਿਹੇ ਹੀ ਹੋਰ ਕਰਮ ਕਰਨ ਲਈ ਸਦਾ ਪ੍ਰੇਰਦੇ ਰਹਿੰਦੇ ਹਨ।
ਜਦੋਂ ਤੋਂ ਦੁਨੀਆਂ ਬਣੀ ਹੈ, ਜਦ ਤੱਕ ਬਣੀ ਰਹੇਗੀ, ਮਨੁੱਖ ਦੀ ਮਾਨਸਿਕ ਬਣਤਰ ਬਾਰੇ ਕੁਦਰਤ ਦਾ ਇਹ ਨਿਯਮ ਅਟੱਲ ਤੁਰਿਆ ਆ ਰਿਹਾ ਹੈ, ਅਟੱਲ ਤੁਰਿਆ ਰਹੇਗਾ। ਪਰ ਹਾਂ, ਮਨੁੱਖ ਦੀ ਇਹ ਮਾਨਸਿਕ ਬਣਤਰ ਖਾਸ ਨਿਯਮਾਂ ਅਨੁਸਾਰ ਬਦਲ ਵੀ ਸਕਦੀ ਹੈ ਤੇ ਬਦਲਦੀ ਰਹਿੰਦੀ ਹੈ। ਚੰਗੇ ਤੇ ਮੰਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਮਨੁੱਖ ਦੇ ਮਨ ਵਿਚ ਸਦਾ ਘੋਲ ਹੁੰਦਾ ਰਹਿੰਦਾ ਹੈ। ਤਕੜਾ ਧੜਾ ਮਾੜੇ ਧੜੇ ਨੂੰ ਹੋਰ ਮਾੜਾ ਕਰਨ ਦਾ ਯਤਨ ਕਰਦਾ ਰਹਿੰਦਾ ਹੈ। ਦੁਨੀਆਂ ਦੇ ਕਿਰਤ ਕਾਰ ਵਿਚ ਮਨੁੱਖ ਨੂੰ ਜਿਹੋ ਜਿਹੇ ਕਰਮਾਂ ਨਾਲ ਵਾਹ ਪੈਂਦਾ ਹੈ ਉਸ ਦੇ ਅੰਦਰਲੇ ਉਹੋ ਜਿਹੇ ਸੰਸਕਾਰ ਜਾਗ ਕੇ ਬਾਹਰਲੀ ਪ੍ਰੇਰਨਾ ਨਾਲ ਤਕੜੇ ਹੋ ਕੇ ਦੂਜੇ ਧੜੇ ਦੇ ਸੰਸਕਾਰਾਂ ਨੂੰ ਨੱਪ ਲੈਂਦੇ ਹਨ।
ਗੁਰੂ ਆਪਣੀ ਬਾਣੀ ਦੇ ਰਾਹੀਂ ਮਨੁੱਖ ਨੂੰ ਪਰਮਾਤਮਾ ਦੇ ਗੁਣ-ਗਾਣ ਵਿਚ ਜੋੜਦਾ ਹੈ, ਸਿਫ਼ਤਿ ਸਾਲਾਹ ਵਿਚ ਟਿਕਾਂਦਾ ਹੈ। ਇਸ ਸਿਫ਼ਤਿ ਸਾਲਾਹ ਨੂੰ ਧਿਆਨ ਨਾਲ ਸੁਣਨਾ ਹੀ ਪਰਮਾਤਮਾ ਵਿਚ ਸਮਾਧੀ ਲਾਉਣੀ ਹੈ। ਜਿਉਂ-ਜਿਉਂ ਮਨੁੱਖ ਗੁਰੂ ਦੀ ਬਾਣੀ ਦੇ ਰਾਹੀਂ ਸਿਰਜਣਹਾਰ ਕਰਤਾਰ ਵਿਚ ਜੁੜਦਾ ਹੈ, ਤਿਉਂ-ਤਿਉਂ ਮਨੁੱਖ ਦੇ ਅੰਦਰ ਭਲੇ ਸੰਸਕਾਰ ਜਾਗ ਕੇ ਤਕੜੇ ਹੁੰਦੇ ਹਨ ਤੇ ਮੰਦੇ ਸੰਸਕਾਰ ਕਮਜ਼ੋਰ ਹੋ ਕੇ ਮਿਟਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਨਾਮ ਹੈ-'ਮਨ ਨੂੰ ਮਾਰਨਾ', 'ਆਪਾ-ਭਾਵ ਮਿਟਾਉਣਾ' 'ਗੁਰੂ ਦੀ ਸ਼ਰਣ ਪੈਣਾ।'