ਸਰਬੱਤ ਦਾ ਭਲਾ (ਪਾਰਟ ੩)

Prof Sahib Singh ji · ਕਥਾ ਅਤੇ ਲੈਕਚਰ · ੬ / ੧੭

ਸਰਬੱਤ ਦਾ ਭਲਾ (ਪਾਰਟ ੩) ਹਰੇਕ ਇਨਸਾਨ ਜਾਣਦਾ ਹੈ ਕਿ ਕੋਈ ਮਨੁੱਖ ਕਿਸੇ ਦੂਜੇ ਨੂੰ ਰੂਹਾਨੀ ਜੀਵਨ ਨਹੀਂ ਦੇ ਸਕਦਾ; ਇਹ ਇੱਕ ਰੱਬੀ ਦਾਤਿ ਹੈ, ਉਸ ਪ੍ਰਭੂ ਦੇ ਆਪਣੇ ਹੱਥ ਵਿਚ ਹੈ: ਇਹੁ ਪਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇਇ॥
ਫਿਰ ਭੀ ਗੁਰਬਾਣੀ ਵਿਚ ਕਈ ਥਾਈਂ ਜ਼ਿਕਰ ਹੈ ਕਿ ਨਾਮ ਜਪਣ ਵਾਲੇ ਬੰਦੇ ਅੰਮ੍ਰਿਤ ਦਾ ਸੋਮਾ ਬਣ ਜਾਂਦੇ ਹਨ। ਉਹ ਸਭ ਨੂੰ ਅੰਮ੍ਰਿਤ ਵੰਡਦੇ ਹਨ, ਜਿਸ ਦੀ ਬਰਕਤਿ ਨਾਲ ਕਈ ਜੀਵਾਂ ਦਾ ਬੇੜਾ ਪਾਰ ਹੁੰਦਾ ਹੈ: ਜਨਮ ਮਰਣ ਦੁਹਹੂ ਮਹਿ ਨਾਹੀ, ਜਨ ਪਰਉਪਕਾਰੀ ਆਏ॥
ਜੀਅ ਦਾਨੁ ਦੇ ਭਗਤੀ ਲਾਇਨਿ, ਹਰਿ ਸਿਉ ਲੈਨਿ ਮਿਲਾਏ॥
ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰੁ॥
ਭਾਵ, ਬ੍ਰਹਮ ਗਿਆਨੀ ਦੀ ਰਾਹੀਂ ਸਾਰਾ ਸੰਸਾਰ ਪਰਮਾਤਮਾ ਨੂੰ ਜਪਣ ਲੱਗ ਪੈਂਦਾ ਹੈ। ਸੋ, ਅਸੀ ਇਹ ਕਦੇ ਨਹੀਂ ਆਖ ਸਕਦੇ ਕਿ ਦੂਜਿਆਂ ਦੀ ਆਤਮਾ ਵਾਸਤੇ ਅਰਜ਼ੋਈ ਕਰਨ ਦਾ ਕੋਈ ਲਾਭ ਨਹੀਂ। ਅਸੀ ਜਾਣਦੇ ਹਾਂ ਕਿ ਅਸਾਡਾ ਕੋਈ ਉੱਦਮ ਤਦ ਤਕ ਸਫਲ ਨਹੀਂ ਹੋ ਸਕਦਾ ਜਦ ਤਕ ਪਰਮਾਤਮਾ ਆਪ ਅਸਾਡੀ ਰਾਹੀਂ ਕੰਮ ਨ ਕਰੇ, ਅਤੇ ਜਦ ਤਕ ਉਹ ਮਨੁੱਖ, ਜਿਸ ਦੀ ਖਾਤਰ ਅਸੀ ਅਰਦਾਸ ਕਰਦੇ ਹਾਂ, ਅਸਾਡੀ ਅਰਦਾਸ ਦੇ ਅਸਰ ਨਾਲ ਪ੍ਰੇਰਿਆ ਨਾ ਜਾਏ। ਇਹ ਉਸ ਪ੍ਰਭੂ ਦੀ ਆਪਣੀ ਰਜ਼ਾ ਹੈ ਕਿ ਉਹ ਅਸਾਨੂੰ ਦੂਜਿਆਂ ਦੀ ਭਲਾਈ ਲਈ ਵਰਤਣਾ ਚਾਹੁੰਦਾ ਹੈ, ਅਸਾਡਾ ਭੀ ਇਹ ਫ਼ਰਜ਼ ਹੈ ਕਿ ਅਸ਼ੀ ਇਸ ਤਰ੍ਹਾਂ ਵਰਤੇ ਜਾਣ ਦੀ ਆਸ ਰੱਖੀਏ। ਸਦੀਆਂ ਤੋਂ ਦੱਬੇ ਚਲੇ ਆ ਰਹੇ ਕ੍ਰੋੜਾਂ ਬੰਦਿਆਂ ਵਾਸਤੇ ਸਤਿਗੁਰੂ ਜੀ ਆਪਣੇ ਨਿੱਜ ਦੇ ਸੁਖ ਛੱਡ ਕੇ ਦੇਸਾਂ ਪਰਦੇਸਾਂ ਦੇ ਸਫ਼ਰ ਤੇ ਕਸ਼ਟ ਸਹਾਰਨ ਤੁਰ ਪਏ; ਕਿਤੇ ਕੋਹਾਂ ਤਕ ਰੇਤ ਹੀ ਰੇਤ, ਅੱਕ ਹੀ ਅੱਕ, ਕਿਤੇ ਮਾਣਸ-ਖਾਣਿਆਂ ਤੇ ਠੱਗਾਂ ਦੇ ਕਾਬੂ ਆਏ। ਇਹਨਾਂ ਕੁਰਾਹੇ-ਪਏ ਬੰਦਿਆਂ ਨੂੰ ਜੀਵਨ ਦਾ ਸਹੀ ਰਾਹ ਵਿਖਾਣ ਲਈ ਪੈਂਡੇ ਝਾਗਦੇ ਫਿਰੇ। ਪਰ ਉਹਨਾਂ ਨੂੰ ਹਰ ਥਾਂ ਤਾਂ ਉਸੇ ਵੇਲੇ ਕਾਮਯਾਬੀ ਨਹੀਂ ਹੁੰਦੀ ਰਹੀ; ਕਈ ਐਸੇ ਉੱਦਮ ਸਨ, ਜਿਨ੍ਹਾਂ ਨੇ ਸਮਾ ਪਾ ਕੇ ਸਫਲ ਹੋਣਾ ਸੀ। ਜੇ ਚਾਰੇ ਬੰਨੇ ਹੀ ਸਫਲਤਾ ਨਾ ਹੋਵੇ, ਤਾਂ ਘੱਟ ਤੋਂ ਘੱਟ ਇਹ ਉੱਦਮ ਤੇ ਕੁਰਬਾਨੀ ਕਰਨ ਵਾਲੇ ਮਹਾਂਪੁਰਖਾਂ ਨੂੰ ਆਪਣੇ ਆਪ ਨੂੰ ਤਾਂ ਆਤਮਕ ਆਨੰਦ ਆ ਹੀ ਜਾਂਦਾ ਹੈ, ਕਿਉਂਕਿ ਉਹਨਾਂ ਦੇ ਅੰਦਰ ਕੁਰਬਾਨੀ ਦੀ ਬਰਕਤਿ ਨਾਲ 'ਪਿਆਰ' ਦੇ ਤਰੰਗ ਸਦਾ ਹੁਲਾਰੇ ਦੇਂਦੇ ਹਨ। ਇਸੇ ਤਰ੍ਹਾਂ ਦੂਜਿਆਂ ਦੀ ਭਲਾਈ ਵਾਸਤੇ ਅਰਦਾਸ ਕਰਨ ਵਿਚ ਜੇ ਸਾਡੀ ਆਸ ਅਨੁਸਾਰ ਛੇਤੀ ਨਤੀਜਾ ਨਾ ਨਿਕਲੇ ਤਾਂ ਭੀ ਇਕ ਗੱਲ ਤਾਂ ਪਰਤੱਖ ਹੈ; ਉਹ ਇਹ ਕਿ ਜੋ ਮਨੁੱਖ ਦੂਜਿਆਂ ਦਾ ਭਲਾ ਮੰਗਦਾ ਹੈ, ਉਸ ਦਾ ਆਪਣਾ ਆਤਮਾ ਦਿਨੋ-ਦਿਨ ਪਵਿਤਰ ਹੋ ਜਾਂਦਾ ਹੈ, 'ਪਿਆਰ' ਨਾਲ ਭਡਪੂਰ ਹੋ ਜਾਂਦਾ ਹੈ। ਇਕ ਹੋਰ ਭੀ ਲਾਭਦਾਇਕ ਸਿੱਟਾ ਇਹ ਨਿਕਲਦਾ ਹੈ, ਜਗਤ ਵਿਚ ਜਿਉਂ ਜਿਉਂ ਵਧੀਕ ਮਨੁੱਖ ਦੂਜਿਆਂ ਦਾ ਭਲਾ ਮੰਗਦੇ ਹਨ, ਤਿਉਂ ਤਿਉਂ ਸਾਰਿਆਂ ਦੀ ਇਹ ਅਰਜ਼ੋਈ ਮਿਲ ਕੇ ਇਕ ਬੜੀ ਤਕੜੀ ਤਾਕਤ ਬਣ ਜਾਂਦੀ ਹੈ, ਅਕਾਸ਼-ਮੰਡਲ ਵਿਚ ਇਕ ਐਸੀ ਜ਼ਬਰਦਸਤ ਲਹਿਰ ਚੱਲ ਪੈਂਦੀ ਹੈ ਜੋ ਸਭ ਬੰਦਿਆਂ ਦੇ ਹਿਰਦੇ ਤਕ ਅੱਪੜ ਕੇ ਪਿਆਰ ਤੇ ਭਲਾਈ ਦੇ ਉਛਾਲੇ ਪੈਦਾ ਕਰਦੀ ਹੈ। ਕਰਤਾਰ ਦੀ ਕੁਦਰਤਿ ਵਿਚ ਇਹ ਅਜਿਹੇ ਅਨੋਖੇ ਕੌਤਕ ਕਰ ਵਿਖਾਂਦੀ ਹੈ ਜੋ ਇਸ ਵੇਲੇ ਅਸਾਡੇ ਚਿੱਤ ਚੇਤੇ ਭੀ ਨਹੀਂ ਹਨ। ਦੂਜਿਆਂ ਵਾਸਤੇ ਕੀਤੀ ਅਰਦਾਸ ਵਿਚ ਕਾਮਯਾਬੀ ਦਾ ਸਭ ਤੋਂ ਵੱਡਾ ਭੇਤ ਇਹ ਹੈ ਕਿ ਅਸਾਡੀ ਅਰਜ਼ੋਈ ਵਿਚ ਕੋਈ ਖ਼ੁਦ-ਗਰਜ਼ੀ ਨਾ ਹੋਵੇ। ਜੇ ਅਸੀ ਕਿਤੇ ਮੋਹ ਦੇ ਖਿਚੇ ਹੋਏ ਕਿਸੇ ਸੰਬੰਧੀ ਵਾਸਤੇ ਅਰਦਾਸ ਕਰਦੇ ਹਾਂ ਤੇ ਉਸ ਨੂੰ ਵਿਕਾਰਾਂ ਤੋਂ ਬਚਾਣ ਦਾ ਜਤਨ ਕਰਦੇ ਹਾਂ, ਤਾਂ ਮੁਮਕਿਨ ਹੈ ਕਿ ਇਸ ਦਾ ਕੋਈ ਅਸਰ ਨਾ ਪਏ, ਕਿਉਂਕਿ ਪਹਿਲਾਂ ਕਈ ਵਾਰੀ ਅਸੀ ਉਸ ਨੂੰ ਮੰਦੇ ਪਾਸੇ ਵੱਲੋਂ ਰੋਕ ਚੁੱਕੇ ਹੁੰਦੇ ਹਾਂ, ਉਸ ਨੂੰ ਅਸ਼ਾਡੀ ਪ੍ਰੇਰਨਾ ਦਾ ਟਾਕਰਾ ਕਰਨ ਦੀ ਆਦਤ ਪੈ ਚੁੱਕੀ ਹੁੰਦੀ ਹੈ, ਸੋ, ਉਹ ਅਸਾਡੀ ਅਰਦਾਸ ਦੇ ਪ੍ਰਭਾਵ ਦਾ ਭੀ ਮੁਕਾਬਲਾ ਕਰੀ ਜਾਂਦਾ ਹੈ। ਪਰ ਇਸ ਦਾ ਭਾਵ ਇਹ ਨਹੀਂ ਕਿ ਅਜਿਹੀ ਅਰਦਾਸ ਕਰਨੀ ਨਹੀਂ ਚਾਹੀਦੀ, ਜਾਂ ਇਸ ਦਾ ਕੋਈ ਲਾਬ ਨਹੀਂ ਹੁੰਦਾ। ਇਸ ਦਾ ਮਤਲਬ ਸਿਰਫ਼ ਇਹ ਹੈ ਕਿ ਅਜਿਹੀ ਅਰਦਾਸ ਦੇ ਫਲ ਦਾ ਪੂਰਾ ਯਕੀਨ ਨਹੀਂ ਹੋ ਸਕਦਾ, ਘਟ ਤੋਂ ਘਟ, ਉਸੇ ਵੇਲੇ ਫਲ ਮਿਲਣ ਦੀ ਆਸ ਨਹੀਂ ਹੋ ਸਕਦੀ। ਪਰ, ਹਾਂ, ਜੇ ਪਰਮਾਤਮਾ ਖੁਦ ਇਸ ਅਰਦਾਸ ਲਈ ਅਸਾਨੂੰ ਪ੍ਰੇਰਦਾ ਹੈ, ਸਾਡੇ ਆਤਮਾ ਉੱਤੇ ਜ਼ਿੰਮੇਵਾਰੀ ਪਾਂਦਾ ਹੈ, ਤਾਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਪਰਮਾਤਮਾ ਆਪ ਸਾਡੀ ਅਰਦਾਸ ਸੁਣ ਕੇ ਸਾਡੇ ਉੱਤੋਂ ਜ਼ਿੰਮੇਵਾਰੀ ਦਾ ਭਾਰ ਉਤਾਰਨ ਨੂੰ ਤਿਆਰ ਹੈ। ਜਦੋਂ ਅਸੀ ਪਰਮਾਤਮਾ ਦੀ ਪ੍ਰੇਰਨਾ ਨਾਲ ਕਿਸੇ ਦੂਜੇ ਮਨੁੱਖ ਦੀ ਭਲਾਈ ਵਾਸਤੇ ਅਰਜ਼ੋਈ ਕਰਦੇ ਹਾਂ ਤਦੋਂ ਉਸ ਵਿਚ ਅਸਾਡਾ ਕੋਈ ਸੁਆਰਥ ਨਹੀਂ ਹੁੰਦਾ, ਕੇਵਲ 'ਪਿਆਰ' ਦੇ ਅਸਰ ਹੇਠ ਉੱਦਮ ਕਰਦੇ ਹਾਂ। ਜਦੋਂ ਅਸੀ ਕਿਸੇ ਨਿਕਟੀ ਸੰਬੰਧੀ ਵਾਸਤੇ ਅਰਦਾਸ ਕਰਦੇ ਹਾਂ, ਤਾਂ ਇੱਥੇ ਆਮ ਤੌਰ 'ਤੇ ਇਹ ਭਾਵਨਾ ਹੁੰਦੀ ਹੈ ਕਿ ਜੇ ਇਹ ਬੰਦਾ ਵਿਕਾਰਾਂ ਤੋਂ ਨਾ ਹਟਿਆ ਤਾਂ ਸਾਨੂੰ ਦੁੱਖ ਹੋਵੇਗਾ, ਤਕਲੀਫ਼ ਹੋਵੇਗੀ। ਅਜਿਹੀ ਅਰਦਾਸ ਨੂੰ ਸੁਆਰਥ-ਭਰੀ ਅਰਜ਼ੋਈ ਭਾਵੇ ਨਾ ਆਖਿਆ ਜਾਏ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਨੂੰ ਪਹਿਲਾ ਖ਼ਿਆਲ ਆਪਣੀ ਸਹੂਲਤ ਤੇ ਅਰਾਮ ਦਾ ਆਉਂਦਾ ਹੈ; ਜਿਸ ਮਨੁੱਖ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਉਸ ਦੇ ਆਤਮਾ ਦੀ ਕਦਰ ਘੱਟ ਸੁੱਝਦੀ ਹੈ। ਨਾ ਹੀ ਸਾਨੂੰ ਇਹ ਫੁਰਨਾ ਫੁਰਦਾ ਹੈ ਕਿ ਗੁਰੂ-ਚਰਨਾਂ ਤੋਂ ਵਿਛੁੜੀ ਇਕ ਆਤਮਾ ਮੁੜ ਚਰਨਾਂ ਵਿਚ ਅੱਪੜੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ