ਸਰਬੱਤ ਦਾ ਭਲਾ (ਪਾਰਟ ੨)

Prof Sahib Singh ji · ਕਥਾ ਅਤੇ ਲੈਕਚਰ · ੫ / ੧੭

ਸਰਬੱਤ ਦਾ ਭਲਾ (ਪਾਰਟ ੨) ਭਾਈ ਨੰਦ ਲਾਲ ਜੀ ਲਿਖਦੇ ਹਨ: ਜਮਾਲੇ ਊ ਹਮਹ ਜਾ ਬੇ-ਹਿਜਾਬ ਜਲਵਾ-ਗਰੱਸਤ॥
ਤੂ ਹਮ ਹਿਜਾਬੇ ਖ਼ੁਦੀ, ਯਾਰੇ ਖ਼ੁਸ਼-ਲਕਾ ਚਿਹ ਕੁਨਦ? ਭਾਵ, ਉਸ ਸੋਹਣੇ ਮਿੱਤਰ-ਪ੍ਰਭੂ ਦੀ ਸੁੰਦਰਤਾ ਹਰ ਥਾਂ ਪਰਤੱਖ ਪਰਗਟ ਹੈ, ਪਰ (ਹੇ ਜੀਵ!) ਤੇਰੇ ਆਪਣੇ ਉੱਤੇ ਹਉਮੈ ਦਾ ਪਰਦਾ ਪਿਆ ਹੋਇਆ ਹੈ। ਉਹ ਸੋਹਣਾ ਸਾਈਂ ਕੀ ਕਰੇ? ਇਹਨਾਂ ਰੁਕਾਵਟਾਂ ਨੂੰ ਪ੍ਰਭੂ ਤਦ ਤਕ ਦੂਰ ਕਰਨਾ ਨਹੀਂ ਚਾਹੁੰਦਾ, ਜਦ ਤਕ ਇਨਸਾਨ ਖੁਦ ਤਾਂਘ ਨਾ ਕਰੇ। ਸੋ, ਇਸ ਤਰ੍ਹਾਂ ਅਸਾਡੇ ਵਾਂਗ ਹੀ ਕਿਸੇ ਹੱਦ ਤਕ ਪ੍ਰਭੂ ਭਲਾਈ ਕਰਨੋਂ ਅਸਮਰੱਥ ਹੈ। ਪਰ ਉਸ ਦੀ ਇਹ 'ਅਸਮਰੱਥਾ' ਭੀ ਇਨਸਾਨੀ ਭਲੇ ਵਾਸਤੇ ਹੈ। ਇੱਥੇ ਇਕ ਹੋਰ ਇਤਰਾਜ਼ ਪੈਦਾ ਹੋ ਜਾਂਦਾ ਹੈ। ਜੇ ਪਰਮਾਤਮਾ ਦੀ ਇਹ ਰਜ਼ਾ ਹੈ ਕਿ ਅਸਾਡੀ ਅਰਦਾਸ ਦਾ ਦਬਾਅ ਦੂਜਿਆਂ ਦੀ ਸੁਤੰਤਰਤਾ ਮਨ-ਮਰਜ਼ੀ ਉੱਤੇ ਨਾ ਪਏ, ਜਿਸ ਕਰਕੇ ਉਹ ਮਨ-ਮਰਜ਼ੀ ਦੇ ਸਹੇੜੇ ਹੋਏ ਵਿਕਾਰਾਂ ਵਲੋਂ ਹਟ ਕੇ ਪਰਮਾਤਮਾ ਵਲ ਪਰਤਣ 'ਤੇ ਮਜ਼ਬੂਰ ਹੋ ਜਾਣ, ਤਾਂ ਦੂਜਿਆਂ ਵਾਸਤੇ ਅਰਦਾਸ ਕਰਨ ਦੀ ਲੋੜ ਕੀ ਰਹੀ? ਜੇ ਮੈਂ ਆਪਣੇ ਕਿਸੇ ਕੁਰਾਹੇ ਜਾਂਦੇ ਭਰਾ ਵਾਸਤੇ ਵਿਚੋਲਾ-ਪਨ ਨਹੀਂ ਕਰ ਸਕਦਾ, ਤਾਂ ਉਸ ਦੀ ਖ਼ਾਤਰ ਪੂਰਨ ਨਿਸਚੇ ਤੇ ਯਕੀਨ ਨਾਲ ਮੈਂ ਪ੍ਰਭੂ ਦਰ 'ਤੇ ਅਰਦਾਸ ਕਿਵਚੇਨ ਕਰ ਸਕਦਾ ਹਾਂ? ਤੇ ਜੋ ਅਰਦਾਸ ਸ਼ਰਧਾ ਤੋਂ ਸੱਖਣੀ ਹੈ, ਉਹ ਕੁਝ ਸੁਆਰ ਨਹੀਂ ਸਕਦੀ। ਪਰ ਇਸ ਇਤਰਾਜ਼ ਤੋਂ ਭੀ ਡਰਨ ਦੀ ਲੋੜ ਨਹੀਂ। ਇਹ ਠੀਕ ਹੈ ਕਿ ਪਰਮਾਤਮਾ ਅਸਾਡੀ ਅਰਜ਼ੋਈ ਸੁਣ ਕੇ ਦੂਜਿਆਂ ਦੀ ਮਨ-ਮਰਜ਼ੀ ਨੂੰ ਅਸਾਡੇ ਜ਼ੋਰ ਨਹੀਂ ਕਰਦਾ। ਪਰ ਤਾਂ ਭੀ ਇਹ ਸੱਚ ਹੈ ਕਿ ਕੋਈ ਮਨੁੱਖ ਕਦੇ ਗੁਰੂ-ਸ਼ਰਨ ਨਹੀਂ ਆਉਂਦਾ ਤੇ ਨਹੀਂ ਆ ਸਕਦਾ, ਜਦ ਤਕ ਪ੍ਰਭੂ-ਪਿਤਾ ਉਸ ਨੂੰ ਆਪ ਪ੍ਰੇਰ ਕੇ ਨਹੀਂ ਭੇਜਦਾ। 'ਆਸਾ ਦੀ ਵਾਰ' ਦੀ ਚੌਥੀ ਪਉੜੀ ਵਿਚ ਸਾਹਿਬ ਗੁਰੂ ਨਾਨਕ ਦੇਵ ਜੀ ਇਸ ਖ਼ਿਆਲ ਨੂੰ ਇਉਂ ਬਿਆਨ ਕਰਦੇ ਹਨ: ਨਦਰਿ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰੁ ਪਾਇਆ॥
ਏਹੁ ਜੀਉ ਬਹੁਤੇ ਜਨਮ ਭਰੰਮਿਆ, ਤਾ ਸਤਿਗੁਰਿ ਸਬਦੁ ਸੁਣਾਇਆ॥
ਸਤਿਗੁਰ ਜੇਵਡੁ ਦਾਤਾ ਕੋ ਨਹੀ, ਸਭਿ ਸੁਣਿਅਹੁ ਲੋਕ ਸਬਾਇਆ॥
ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑ ਵਿਚਹੁ ਆਪੁ ਗਵਾਇਆ॥
ਜਿਨਿ ਸਚੋ ਸਚੁ ਬੁਝਾਇਆ॥੪॥

ਸਤਿਗੁਰੂ ਜੀ ਦੀ ਬਾਣੀ ਵਿਚ ਹੋਰ ਕਈ ਥਾਈਂ ਅਜਿਹੇ ਹੀ ਹੁਕਮ ਮਿਲਦੇ ਹਨ: ਕਹੁ ਨਾਨਕ ਜਾ ਕਉ ਭਾਏ ਦਇਆਲਾ॥
ਸਾਧ ਸੰਗਿ ਮਿਲਿ ਭਜਹਿ ਗੁਪਾਲਾ॥
ਇਹ ਜ਼ਰੂਰੀ ਨਹੀਂ ਕਿ ਜਿਸ ਜਿਸ ਨੂੰ ਉਹ ਪ੍ਰੇਰਦਾ ਹੈ, ਉਹ ਜ਼ਰੂਰ ਉਸੇ ਵੇਲੇ ਹੀ ਸ਼ਰਨ ਆਉਂਦਾ ਹੈ। ਪਰ ਗੁਰੂ ਦੀ ਸ਼ਰਨੀ ਜੀਵ ਆਉਂਦਾ ਤਦੋਂ ਹੀ ਜਦੋਂ ਪ੍ਰਭੂ ਪ੍ਰੇਰਦਾ ਹੈ। ਪ੍ਰਭੂ ਦਰ 'ਤੇ ਅਰਦਾਸ ਕਰਨੀ ਰੱਬੀ ਨਿਯਮ ਅਨੁਸਾਰ ਹਰੇਕ ਇਨਸਾਨ ਵਾਸਤੇ ਲਾਜ਼ਮੀ ਫ਼ਰਜ਼ ਹੈ। ਇਸੇ ਕਰਕੇ ਪਰਮਾਤਮਾ ਨੇ ਆਪਣੀ ਬਖ਼ਸ਼ਸ਼ ਦੇ ਦਰਿਆ ਦਾ ਦਰ ਖੁਲ੍ਹਣ ਵਾਸਤੇ 'ਅਰਦਾਸ' ਨੂੰ ਇਕ ਜ਼ਰੂਰੀ ਸ਼ਰਤ ਕਾਇਮ ਕੀਤਾ ਹੋਇਆ ਹੈ। ਜਦੋਂ ਅਸੀ ਦੂਜਿਆਂ ਦੀ ਭਲਾਈ ਵਾਸਤੇ ਅਰਦਾਸ ਕਰਦੇ ਹਾਂ, ਤਦੋਂ ਭੀ ਇਹੀ ਨਿਯਮ ਕੰਮ ਕਰਦਾ ਹੈ। ਇਸ 'ਅਰਦਾਸ' ਵੇਲੇ ਅਸੀ ਇਹ ਯਕੀਨ ਨਹੀਂ ਬਣਾ ਸਕਦੇ ਕਿ ਅਸਾਡੇ ਅਰਜ਼ੋਈ ਕਰਦਿਆਂ-ਸਾਰ ਹੀ ਉਹ ਦਾਤਿ ਉਸ ਮਨੁੱਖ ਨੂੰ ਮਿਲ ਗਈ ਹੈ ਜਿਸ ਦਾਤਿ ਦੀ ਖ਼ਾਤਰ ਅਰਜ਼ੋਈ ਕੀਤੀ ਹੈ। ਅਸਾਡਾ ਯਕੀਨ ਇਹ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਅਸਾਡੀ ਅਰਦਾਸ ਕਬੂਲ ਕਰ ਕੇ ਆਪਣੇ ਕੁਦਰਤੀ ਨਿਯਮਾਂ ਅਨੁਸਾਰ ਉਹ ਰੱਬੀ ਰਸੂਖ਼ ਵਰਤ ਸਕਦਾ ਹੈ ਜੋ ਅਸਾਡੇ ਮਿੱਤਰ ਨੂੰ (ਜਿਸ ਦੀ ਖ਼ਾਤਰ ਅਸੀ ਅਰਦਾਸ ਕਰਦੇ ਹਾਂ) ਗੁਰੂ ਦੇ ਚਰਨਾਂ ਵਿਚ ਅੱਪੜਨ ਵਿਚ ਸਹਾਇਤਾ ਕਰਦਾ ਹੈ। ਇੱਥੇ ਅਸਾਨੂੰ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਪਰਮਾਤਮਾ ਅਕਲ ਦਾ ਪੁੰਜ ਹੈ। ਜਿਵੇਂ ਉਸ ਨੇ ਇਸ ਸਾਰੇ ਬ੍ਰਹਿਮੰਡ ਨੂੰ ਆਪਣੀ ਉੱਚੀ ਸਿਆਣਪ ਨਾਲ ਜੁਗਤ ਵਿਚ ਰਖਿਆ ਹੋਇਆ ਹੈ, ਤਿਵੇਂ ਉਹ ਇਹ ਭੀ ਜਾਣਦਾ ਹੈ ਕਿ ਇਨਸਾਨੀ ਦਿਲ ਉੱਤੇ ਕਦੋਂ ਪਰਭਾਵ ਪੈ ਸਕਦਾ ਹੈ, ਜਿਸ ਪਰਭਾਵ ਨਾਲ ਉਹ ਪ੍ਰਭੂ ਉਸ ਅਵਸਰ ਨੂੰ ਉਸ ਮਨੁੱਖ ਦੀ ਭਲਾਈ ਵਾਸਤੇ ਵਰਤ ਸਕੇ। ਸੋ, ਜੇ ਅਸਾਡੀ ਕਿਸੇ ਦੂਜੇ ਵਾਸਤੇ ਕੀਤੀ ਅਰਜ਼ੋਈ ਦਾ ਨਤੀਜਾ ਉਸ ਵੇਲੇ ਨਾ ਨਿਕਲੇ, ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਅਰਜ਼ ਨਿਸਫਲ ਗਈ ਹੈ। ਪਰਮਾਤਮਾ ਉਸ ਅਵਸਰ ਨੂੰ ਉਡੀਕਦਾ ਹੈ ਜਦੋਂ ਇਸ ਅਰਜ਼ੋਈ ਦੀ ਰਾਹੀਂ ਉਸ ਮਨੁੱਖ ਉੱਤੇ ਠੀਕ ਉਹ ਅਸਰ ਪੈ ਸਕੇ, ਜਿਸ ਅਸਰ ਵਾਸਤੇ ਅਰਜ਼ ਕੀਤੀ ਜਾਂਦੀ ਹੈ। ਇਹੋ ਜਿਹੀ ਅਰਜ਼ੋਈ ਸ਼ਰਧਾ ਤੋਂ ਭੀ ਸੱਖਣੀ ਨਹੀਂ ਹੋਣੀ ਚਾਹੀਦੀ। ਅਸੀਂ ਜਾਣਦੇ ਹਾਂ ਕਿ ਪਰਮਾਤਮਾ ਘਟ ਘਟ ਦੀ ਜਾਣਨ ਵਾਲਾ ਹੈ। ਅਰਜ਼ੋਈ ਕਰ ਕੇ ਅਸੀ ਸਾਰੀ ਵਾਗ-ਡੋਰ ਉਸ ਦੇ ਹਵਾਲੇ ਕਰ ਦੇਂਦੇ ਹਾਂ ਕਿ ਜਦੋਂ ਯੋਗ ਸਮਝੇ, ਆਪਣੇ ਤਰੀਕਿਆਂ ਨਾਲ ਕੰਮ ਨੂੰ ਸਿਰੇ ਚੜ੍ਹਾਏ। ਅ੍ਰਦਾਸ ਕਰਨ ਵੇਲੇ ਅਸਾਡਾ ਇਹ ਮਤਲਬ ਨਹੀਂ ਹੋਣਾ ਚਾਹੀਦਾ ਕਿ ਪਰਮਾਤਮਾ ਆਪਣੇ ਕੁਦਰਤੀ ਨਿਯਮ ਉਲਟਾ ਦੇਵੇ, ਜਾਂ ਤੁਰੰਤ ਹੀ ਸਾਡੀ ਅਰਦਾਸ ਨੂੰ ਫਲ ਲਾ ਦੇਵੇ, ਉਹ ਮਨੁੱਖ ਸਾਡੀ ਅਰਦਾਸ ਦੀ ਰਾਹੀਂ ਕੀਤੀ ਉਸ ਭਲਾਈ ਦੀ ਲੋੜ ਅਨੁਭਵ ਕਰੇ ਚਾਹੇ ਨਾ ਕਰੇ। ਅਸੀਂ ਕੇਵਲ ਇਹ ਇੱਛਾ ਕਰੀਏ ਕਿ ਰੱਬੀ ਜੀਵਨ ਦਾ ਜੋ ਵਹਿਣ ਅਸਾਡੇ ਮਿੱਤਰ ਦੀ ਜੀਵਨ ਰੌ ਨਾਲੋਂ ਟੁੱਟ ਗਿਆ ਹੈ, ਉਹ ਮੁੜ ਮਿਲ ਜਾਏ, ਅਸਾਡੇ ਮਿੱਤਰ ਦੇ ਹਿਰਦੇ ਦੀ ਜੋ ਕਠੋਰਤਾ ਇਸ ਜੀਵਨ-ਵਹਿਣ ਦੇ ਰਾਹ ਵਿਚ ਰੁਕਾਵਟ ਬਣ ਖਲੋਤੀ ਹੈ, ਉਹ ਦੂਰ ਹੋ ਜਾਏ। ਸਾਡਾ ਮਿੱਤਰ ਇਸ ਰੁਕਾਵਟ ਦੇ ਕਾਰਨ ਗੁਰੂ-ਦਰ 'ਤੇ ਆਉਣੋਂ ਝਕਦਾ ਹੈ, ਇਹ ਝਾਕਾ ਹਟ ਜਾਏ। ਅਰਦਾਸ ਸੁਣੀ ਜਾ ਰਹੀ ਹੈ। ਇਸ ਦਾ ਪਰਤੱਖ ਨਤੀਜਾ ਕਦੋਂ ਨਿਕਲਣਾ ਹੈ? ਤਦੋਂ ਜਦੋਂ ਪਰਮਾਤਮਾ ਆਪਣੇ ਨਿਯਮਾਂ ਅਨੁਸਾਰ ਢੁੱਕਵਾਂ ਸਮਾ ਵੇਖਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ