Aastik te Nastik

Giani Sant Singh ji Maskeen · ਕਥਾ ਅਤੇ ਲੈਕਚਰ · ੩੦੧ / ੩੧੨

ਆਸਤਿਕ ਤੇ ਨਾਸਤਿਕ ਆਸਤਾ ਰੱਖਣਾ ਵਾਲੇ ਨੂੰ ਆਸਤਿਕ ਆਖਦੇ ਹਨ। ਜਿਸ ਦੀ ਕੋਈ ਆਸਤਾ ਨਹੀਂ, ਇਨਕਾਰੀ ਹੈ, ਵਿਸ਼ਵਾਸ ਨਹੀਂ ਹੈ, ਉਹ ਨਾਸਤਿਕ ਹੈ। ਆਸਤਿਕ ਦੇ ਕੋਲ ਗਹਿਰੀ ਦ੍ਰਿਸ਼ਟੀ ਹੈ। ਦ੍ਰਿਸ਼ਮਾਨ ਦੇ ਵਿਚ ਅਦ੍ਰਿਸ਼ ਨੂੰ ਮਹਿਸੂਸ ਕਰਦਾ ਹੈ। ਕੁਦਰਤ ਨੂੰ ਵੇਖ ਕੇ ਕਾਦਰ ਦਾ ਖ਼ਿਆਲ ਆ ਜਾਂਦਾ ਹੈ। ਕ੍ਰਿਤ ਤੋਂ ਕਰਤੇ ਦੀ ਹੋਂਦ ਦਾ ਪਤਾ ਚਲਦਾ ਹੈ। ਜੀਵਨ ਵਿਚ ਦੁੱਖ ਹੀ ਦੁੱਖ ਦਾ ਦਿਖਾਈ ਦੇਣਾ ਤੇ ਇਸ ਦੁੱਖ ਦਾ ਦੋਸ਼ ਆਪਣੇ ਤੇ ਨਾ ਦੇ ਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ ਇਹ ਬਿਰਤੀ ਨਾਸਤਿਕ ਦੀ ਬਣ ਜਾਂਦੀ ਹੈ। ਜਿਹੜੇ ਜਿਹੜੇ ਦੇਸ਼ ਦੁਖੀ ਹਨ, ਗ਼ਰੀਬ ਹਨ, ਉਨ੍ਹਾਂ ਦੇਸ਼ਾਂ ਵਿਚ ਕਮਿਊਨਿਜ਼ਮ ਦਾ ਸਵਾਗਤ ਹੋ ਰਿਹਾ ਹੈ।

ਸੰਪੰਨ ਦੇਸ਼ਾਂ ਅੰਦਰ ਇਸ ਵਿਚਾਰਧਾਰਾ ਨੂੰ ਕੋਈ ਥਾਂ ਨਹੀਂ ਮਿਲ ਸਕੀ। ਜਿਨ੍ਹਾਂ ਦੇਸ਼ਾਂ ਅੰਦਰ ਕਮਿਊਨਿਜ਼ਮ ਹੈ ਉਥੇ ਸੱਤਾਧਾਰੀ, ਪ੍ਰਮਾਤਮਾ ਬਣ ਬੈਠਾ ਹੈ, ਉਸ ਨੂੰ ਪੂਜਿਆ ਜਾਂਦਾ ਹੈ। ਉਸ ਦੇ ਬਚਨਾਂ ਨੂੰ ਅੰਮ੍ਰਿਤ ਬਾਣੀ ਸਮਝ ਕੇ ਸਕੂਲਾਂ ਕਾਲਜਾਂ ਅੰਦਰ ਵਿਦਿਆਰਥੀਆਂ ਨੁੰ ਰਟਾਇਆ ਜਾਂਦਾ ਹੈ। ਅਮੀਰ ਧਨਵਾਨ ਕੋਲ ਇਤਨੀ ਸ਼ਕਤੀ ਕਦੇ ਵੀ ਨਹੀਂ ਆਈ ਸੀ ਜਿਤਨੀ ਕੀ ਸੋਸ਼ਲਿਸਤ ਅਖਵਾਉਣ ਵਾਲੇ ਦੇਸ਼ਾਂ ਅੰਦਰ ਸੱਤਾਧਾਰੀ ਕੋਲ ਸ਼ਕਤੀ ਹੈ। ਪ੍ਰਮਾਤਮਾ ਹੈ ਤਾਂ ਮਨੁੱਖੀ ਵਿਚਾਰਧਾਰਾ ਤੋਂ ਕੱਢ ਦਿਤਾ ਹੈ ਪਰ ਆਪ ਪ੍ਰਮਾਤਮਾ ਬਣ ਬੈਠੇ ਹਨ ਔਰ ਐਸੇ ਕਠੋਰ ਪ੍ਰਮਾਤਮਾ ਕਿ ਕੋਈ ਜ਼ਬਾਨ ਖੋਲ੍ਹ ਨਹੀਂ ਸਕਦਾ।

ਪ੍ਰਮਾਤਮਾ ਅੱਗੇ ਤਾਂ ਪ੍ਰਾਰਥਨਾ ਕੀਤੀ ਜਾ ਸਕਦੀ ਹੈ ਪਰ ਇਹ ਕਠੋਰ ਪ੍ਰਮਾਤਮਾ ਕੋਈ ਫਰਿਆਦ ਸੁਣਨ ਨੂੰ ਰਾਜ਼ੀ ਨਹੀਂ ਹੈ। ਜੋ ਕਹਿ ਦਿੱਤਾ ਹੈ ਉਸ ਨੂੰ ਮੰਨਣਾ ਪਵੇਗਾ, ਜੋ ਇਨਕਾਰੀ ਹੈ-ਗ਼ੱਦਾਰ ਹੈ, ਗੋਲੀ ਨਾਲ ਉਡਾ ਦਿਤਾ ਜਾਂਦਾ ਹੈ: ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ॥ {ਇਕਬਾਲ} ਸੱਤਾ ਵਿਚੋਂ ਧਰਮ ਕੱਢ ਦੇਈਏ ਤਾਂ ਸੱਤਾਧਾਰੀ ਦਾ ਰੂਪ ਚੰਗੇਜ਼ ਹਲਾਕੂ ਦੀ ਸ਼ਕਲ ਅਖ਼ਤਿਆਰ ਕਰ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਅੰਦਰ ਨਾਸਤਿਕ ਹੋਣ ਤੇ ਮਾਣ ਕੀਤਾ ਜਾਂਦਾ ਹੈ ਉਨ੍ਹਾਂ ਦੇਸ਼ਾਂ ਨੂੰ ਪੂਰੇ ਰੂਪ ਵਿਚ ਜੇਲ੍ਹਖ਼ਾਨਾ ਬਣਾ ਦਿੱਤਾ ਗਿਆ ਹੈ।

ਮਨੁੱਖ ਨੂੰ ਮਨੁੱਖ ਨਾਲੋਂ ਤੋੜ ਦਿੱਤਾ ਗਿਆ ਹੈ। ਦਿਲ ਦੀ ਗੱਲ ਜ਼ਬਾਨ ਤੇ ਲਿਆਉਣ ਤੇ ਪੁੱਤ ਪਿਤਾ ਕੋਲੋਂ ਤੇ ਪਿਤਾ ਪੁੱਤ ਕੋਲੋਂ ਡਰਦਾ ਹੈ। ਗਹਿਰੇ ਮਿੱਤਰ ਵੀ ਆਪਣੀ ਦਿਲ ਦੀ ਗੱਲ ਕਹਿਣ ਤੋਂ ਮੰਕੋਚ ਕਰਦੇ ਹਨ। ਸਾਹਿਤਕਾਰ ਕਲਮ ਮਜ਼ਦੂਰ ਦਾ ਹਥੌੜਾ ਬਣ ਕੇ ਰਹਿ ਗਈ ਹੈ। ਕਵੀਆਂ ਦੇ ਗੀਤ ਪਿੰਜਰੇ ਦੇ ਪੰਛੀਆਂ ਦੇ ਗੀਤ ਹਨ। ਕੋਈ ਪ੍ਰਵਾਜ਼ ਨਹੀਂ ਹੈ। ਜ਼ਮੀਨ ਤੇ ਪਹਿਲੀ ਦਫ਼ਾ ਨਾਸਤਿਕ ਲੋਕਾਂ ਦਾ ਸਮੂੰਹ ਬਣਿਆ ਹੈ ਤੇ ਹੱਥ ਵਿਚ ਸੱਤਾ ਆਈ ਹੈ। ਕਿਸੇ ਵਕਤ ਜ਼ਮੀਨ ਤੇ ਹਰਨਾਖ਼ਸ਼ ਹੋਇਆ ਸੀ ਜਿਹੜਾ ਆਪਣੇ ਆਪ ਨੂੰ ਪ੍ਰਮਾਤਮਾ ਅਖਵਾਉਣ ਵਿਚ ਸੰਤੁਸ਼ਟ ਹੁੰਦਾ ਸੀ। ਅਜੋਕੇ ਇਹ ਸੱਤਾਧਾਰੀ ਸਿੱਧਾ ਤਾਂ ਆਪਣੇ ਆਪ ਨੂੰ ਪ੍ਰਮਾਤਮਾ ਨਹੀਂ ਆਖਦੇ, ਪਰ ਇਨ੍ਹਾਂ ਦੇ ਖ਼ਿਆਲਾਂ ਨੂੰ ਅੰਮ੍ਰਿਤ ਬਚਨ ਜਾਣ ਪੜ੍ਹਾਇਆ ਜਾਂਦਾ ਹੈ।

ਇਨ੍ਹਾਂ ਤਸਵੀਰਾਂ ਨੂੰ ਰੱਬ ਸਮਝ ਪੂਜਿਆ ਜਾਂਦਾ ਹੈ ਤੇ ਹਰ ਹੁਕਮ ਅਟੱਲ ਹੁਕਮ ਹੈ। ਵਿਆਪਕ ਰੂਪ ਵਿਚ ਐਸੀ ਦਰਿੰਦਗੀ ਆ ਸਕਦੀ ਹੈ, ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਮੀ ਲੋਕਾਂ ਦਾ ਸਮਗਠਨ ਵੇਖਿਆ ਸੀ, ਪਰ ਪਹਿਲੀ ਦਫ਼ਾ ਨਾਸਤਿਕ ਲੋਕਾਂ ਦੀ ਬੜੀ ਤਾਕਤਵਰ ਜਮਾਤ ਬਣੀ ਹੈ ਜੋ ਮਨੁੱਖ ਨੂੰ ਭੇਡਾਂ ਬਕਰੀਆਂ ਦੀ ਤਰ੍ਹਾਂ ਜੀਵਣ ਤੇ ਮਜਬੂਰ ਕਰ ਰਹੀ ਹੈ। ਗਹਿਰੇ ਚਿੰਤਨ ਤੋਂ ਬਾਦ ਪਤਾ ਚਲਿਆ ਹੈ, ਗਿਲੇ ਸ਼ਕਾਇਤਾਂ ਜਦ ਬਹੁਤ ਵਧ ਜਾਣ ਤਾਂ ਨਾਸਤਿਕਤਾ ਦਾ ਜਨਮ ਹੁੰਦਾ ਹੈ, ਗਿਲੇ ਜਿਸ ਸੰਬੰਧ ਵਿਚ ਵਧ ਜਾਣ ਸੰਬੰਧ ਟੁੱਟ ਜਾਂਦੇ ਹਨ। ਭਾਈ ਭਾਈ ਵਿਚ ਗਲ ਵਧਣ ਯਾ ਪਤੀ ਪਤਨੀ, ਮਿੱਤਰ ਮਿੱਤਰ ਵਿਚ ਯਾ ਪੁੱਤਰ ਪਿਤਾ ਅੰਦਰ ਗਿਲੇ-ਸ਼ਿਕਵੇ ਸੰਬੰਧ ਵਿਛੰਨ ਕਰ ਦੇਂਦੇ ਹਨ।

ਅੱਜ ਨਾਸਤਿਕ ਇਤਨਾ ਗਿਲੇ ਸ਼ਿਕਵਿਆਂ ਨਾਲ ਭਰਿਆ ਹੈ ਕਿ ਈਸ਼ਵਰ ਨੂੰ ਮੰਨਣਾ ਔਖਾ ਹੋ ਗਿਆ ਹੈ। ਸੰਬੰਧ ਹੀ ਟੁੱਟ ਗਏ ਹਨ। ਨਾਸਤਿਕ ਅੰਦਰ ਗਿਲੇ ਕਿਉਂ ਪੈਦਾ ਹੁੰਦੇ ਹਨ? ਉਹ ਕਹਿੰਦਾ ਹੈ ਮੇਰੀ ਯੋਗਤਾ ਤਾਂ ਬਹੁਤ ਹੈ, ਮੇਰੀ ਝੋਲੀ ਤਾਂ ਬਹੁਤ ਵੱਡੀ ਹੈ, ਪਰ ਤੂੰ ਦਿੱਤਾ ਬਹੁਤ ਥੋੜ੍ਹਾ ਹੈ। ਜਿਉਂ ਜਿਉਂ ਇਹ ਭਾਵ ਅੰਦਰ ਵਧਦਾ ਹੈ ਤਿਉਂ ਤਿਉਂ ਸੰਬੰਧ ਟੁੱਟਦਾ ਹੈ, ਗਿਲੇ ਵਧਦੇ ਹਨ, ਸ਼ਿਕਵੇ ਵਧਦੇ ਹਨ। ਆਸਤਿਕ ਦੀ ਪ੍ਰਮਾਤਮਾ ਤੇ ਬੜੀ ਆਸਤਾ ਹੁੰਦੀ ਹੈ, ਉਹ ਕਹਿੰਦਾ ਹੈ-ਮੇਰੀ ਯੋਗਤਾ ਤਾਂ ਕੁਝ ਵੀ ਨਹੀਂ, ਮੇਰੀ ਝੋਲੀ ਤਾਂ ਬਹੁਤ ਛੋਟੀ ਹੈ, ਪਰ ਤੂੰ ਬਹੁਤ ਦਿੱਤਾ ਹੈ ਔਰ ਜੋ ਕੁਝ ਮੈਨੂੰ ਨਹੀਂ ਮਿਲਿਆ ਮੇਰੀ ਯੋਗਤਾ ਦੀ ਝੋਲੀ ਛੋਟੀ ਹੈ।

ਇਹ ਭਾਵ ਜਿਉਂ ਜਿਉਂ ਵਧਦਾ ਹੈ ਹਿਰਦਾ ਧੰਨਵਾਦ ਨਾਲ ਭਰ ਜਾਂਦਾ ਹੈ ਔਰ ਧੰਨਵਾਦ ਦੇ ਵਿਚੋਂ ਹੀ ਪ੍ਰਾਰਥਨਾ, ਅਰਦਾਸ ਨਿਕਲ ਸਕਦੀ ਹੈ। ਗਿਲੇ ਸ਼ਿਕਵਿਆਂ ਵਿਚੋਂ ਤਾਂ ਇਨਕਾਰ ਤੇ ਤਕਰਾਰ ਹੀ ਜਨਮ ਲੈਂਦਾ ਹੈ। ਗਿਲੇ ਹਨ, ਇਨਕਾਰ ਹੈ, ਇਨਕਾਰ ਹੈ ਤਾਂ ਫਿਰ ਤਕਰਾਰ ਹੈ ਤੇ ਇਸ ਤਕਰਾਰ ਵਿਚੋਂ ਨਾਸਤਿਕਤਾ ਜਨਮ ਲੈਂਦੀ ਹੈ। ਸ਼ੁਕਰਾਨਾ ਹੈ, ਰਜ਼ਾ ਵਿਚ ਰਾਜ਼ੀ ਹੈ, ਆਪਣੀ ਯੋਗਤਾ ਹੀ ਕਮ ਹੈ। ਝੋਲੀ ਛੋਟੀ ਹੈ ਇਹ ਭਾਵ ਹੈ, ਧੰਨਵਾਦ ਹੈ, ਪ੍ਰਾਰਥਨਾ ਹੈ, ਜੋਦੜੀ ਹੈ, ਇਸ ਭਾਵ ਤੋਂ ਆਸਤਿਕਤਾ ਜਨਮ ਲੈਂਦੀ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ