ਆਪੇ ਬੀਜਿ ਆਪੇ ਹੀ ਖਾਹੁ ਇੰਗਲੈਂਡ ਦੀ ਗੱਲ ਐ, ਦੋ ਤਿੰਨ ਸੱਜਣ ਮੇਰੇ ਕੋਲ ਇਕ ਬੱਚਾ ਲਿਆਏ। ਉਹ ਕੋਈ ਨੌਂ ਦਸ ਮਹੀਨਿਆਂ ਦਾ ਹੋਵੇਗਾ। ਜਨਮ ਤੋਂ ਅੰਨ੍ਹਾਂ ਸੀ ਅਤੇ ਉਸ ਦੀਆਂ ਦੋਵੇਂ ਲੱਤਾਂ ਵੀ ਕੰਮ ਨਹੀਂ ਕਰਦਿਆਂ ਸਨ, ਲਟਕੀਆਂ ਹੋਈਆਂ ਸਨ। ਦੋਵੇਂ ਲੱਤਾਂ ਵਿਚ ਪੂਰੀਆਂ ਹੱਡੀਆਂ ਵੀ ਨਹੀਂ ਸਨ ਅਤੇ ਬਾਂਹ ਵੀ ਬਿਲਕੁਲ ਟੁੰਡੀ ਸੀ। ਜਿਹੜੇ ਸੱਜਣ ਉਸ ਨੂੰ ਮੇਰੇ ਕੋਲ ਲਿਆਏ, ਫਿਰ ਕਹਿਣ ਲੱਗੇ- ਤੁਸੀਂ ਹੁਣ ਦੱਸੋ, ਇਹ ਬੱਚਾ ਜੋ ਅਪਾਹਜ ਹੈ, ਇਸ ਨੂੰ ਪ੍ਰਕਿਰਤੀ ਦੀ ਗ਼ਲਤੀ ਮੰਨੀਏ ਜਾਂ ਇਸ ਦੇ ਕਰਮਾਂ ਦਾ ਲੇਖਾ ਹੈ? ਪਰ ਨਾਲ ਆਪ ਹੀ ਫ਼ੈਸਲਾ ਸੁਣਾਉਣ ਲੱਗ ਪਏ ਕਿ ਅਸੀਂ ਇਹਦੇ ਕਰਮਾਂ ਦਾ ਲੇਖਾ ਇਸ ਵਾਸਤੇ ਨਹੀਂ ਮੰਨਦੇ ਕਿਉਂਕਿ ਇਸ ਨੇ ਅਜੇ ਕੀਤਾ ਹੀ ਕੀ ਹੈ?
ਇਹ ਤਾਂ ਕੁਝ ਕਰ ਹੀ ਨਹੀਂ ਸਕਦਾ। ਤਾਂ ਇਸ ਦਾ ਮਤਲਬ ਪ੍ਰਕਿਰਤੀ ਵਿਚ ਗ਼ਲਤੀਆਂ ਹੁੰਦੀਆਂ ਨੇ। ਪਰਮਾਤਮਾ ਕੋਲੋਂ ਵੀ ਗ਼ਲਤੀਆਂ ਹੁੰਦੀਆਂ ਨੇ ਤੇ ਜਿਹਦੇ ਕੋਲੋਂ ਗ਼ਲਤੀਆਂ ਹੁੰਦੀਆਂ ਨੇ ਤਾਂ ਉਸ ਨੂੰ ਪਰਮਾਤਮਾ ਆਖਣ ਦੀ ਕੀ ਲੋੜ ਹੈ? ਉਨ੍ਹਾਂ ਤਿੰਨਾਂ ਦੇ ਵਿਚਾਰ ਮੂੰਹ 'ਚੋਂ ਨਿਕਲਦੇ ਵੀ ਗ਼ੁੱਸੇ ਵਿਚ ਸਨ। ਗਿਲੇ ਵਿੱਚੋਂ ਨਿਕਲਦੇ ਪਏ ਸਨ। ਆਪ ਹੀ ਸਵਾਲ ਕਰੀ ਜਾਂਦੇ ਸਨ ਅਤੇ ਆਪ ਹੀ ਜੁਆਬ ਦੇਈ ਜਾਂਦੇ ਸਨ। ਭਾਵੇਂ ਮੈਂ ਹੱਥ ਜੋੜ ਕੇ ਉਨ੍ਹਾਂ ਨੂੰ ਆਖਿਆ ਕਿ ਵਿਚਾਰ ਵਿਟਾਂਦਰੇ ਦਾ ਆਪਣਾ ਇਕ ਢੰਗ ਹੁੰਦਾ ਹੈ। ਆਪਣੀ ਇਕ ਗੱਲ ਕਰੋ ਤੇ ਅੱਗੋਂ ਦੂਜੇ ਦਾ ਜੁਆਬ ਸੁਣੋ। ਹੁਣ ਸੁਆਲ ਵੀ ਤੁਸੀਂ ਆਪ ਹੀ ਕਰੀ ਜਾਂਦੇ ਹੋ ਤੇ ਜੁਆਬ ਵੀ ਆਪ ਹੀ ਦੇਈ ਜਾਂਦੇ ਹੋ।
ਫੇਰ ਪੁੱਛਣਾ ਕੀ ਹੈ? ਇਸ ਤਰ੍ਹਾਂ ਦੀ ਵਿਚਾਰ ਤਕਰਾਰ ਬਣ ਜਾਂਦੀ ਹੈ। ਸ਼ੇਖ ਸਾਅਦੀ ਸਾਹਿਬ ਕਿਹਾ ਕਰਦੇ ਸਨ ਕਿ ਸਿਆਣਾ ਮਨੁੱਖ ਕਤੱਈ ਵਿਚਾਰ ਨੂੰ ਤਕਰਾਰ ਨਹੀਂ ਬਣਨ ਦਿੰਦਾ। ਜਦੋਂ ਉਹ ਵੇਖਦਾ ਹੈ ਕਿ ਵਿਚਾਰ ਤਕਰਾਰ ਬਣਨ ਲੱਗੀ ਹੈ ਤਾਂ ਹੱਥ ਜੋੜ ਕੇ ਇਕ ਪਾਸੇ ਹੋ ਜਾਂਦਾ ਹੈ। ਤਕਰਾਰ ਅੱਗੋਂ ਹਥਿਆਰ ਬਣ ਜਾਏਗੀ। ਅਗਲੇ ਨੇ ਤਲਵਾਰ ਚੁੱਕ ਲੈਣੀ ਹੈ। ਹੱਥ ਉਠਾ ਲੈਣਾ ਹੈ। ਕੁਝ ਵੀ ਹੋ ਸਕਦਾ ਹੈ। ਹਰ ਸਿਆਣਾ ਮਨੁੱਖ ਉਸ ਸਮੇਂ ਪਿੱਛੇ ਹਟ ਜਾਂਦਾ ਹੈ, ਜਦ ਵਿਚਾਰ ਤਕਰਾਰ ਬਣਨ ਲੱਗੇ। ਮੈਂ ਕਿਹਾ- ਮਿੱਤਰੋਂ! ਤੁਸੀ ਖ਼ੁਦ ਸੁਆਲ ਕਰੀ ਜਾਂਦੇ ਹੋ, ਖ਼ੁਦ ਹੀ ਜੁਆਬ ਦੇਈ ਜਾਂਦੇ ਹੋ। ਇਹਦਾ ਮਤਲਬ ਜੁਆਬ ਹੀ ਮੈਨੂੰ ਸੁਣਾਉਣ ਵਾਸਤੇ ਆਏ ਹੋ ਅਤੇ ਨਾਲੇ ਕਹੀ ਜਾਂਦੇ ਹੋ ਕਿ ਅਸੀਂ ਜਾਨਣਾ ਚਾਹੁੰਦੇ ਹਾਂ, ਪੁੱਛਣਾ ਚਾਹੁੰਦੇ ਹਾਂ।
ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਜੁਆਬ ਤਾਂ ਤੁਸੀਂ ਆਪ ਦੇ ਰਹੇ ਹੋ। ਕਹਿਣ ਲੱਗੇ ਕਿ ਸਾਡੀ ਸਮਝ ਵਿਚ ਤਾਂ ਇਹੀ ਆਇਆ ਹੈ। ਜਦ ਇਹ ਕੁਝ ਕਰ ਹੀ ਨਹੀਂ ਸਕਦਾ ਤਾਂ ਇਹਦੇ ਵਿਚ ਇਸ ਦਾ ਕੀ ਦੋਸ਼ ਮੰਨੀਏ? ਕਿਉਂਕਿ ਤੁਸੀ ਕਹਿੰਦੇ ਹੋ ਕਿ ਦੁਖ ਕਰਮਾਂ ਦਾ ਫਲ ਹੈ। ਕਰਮ ਇਸ ਨੇ ਕੁਝ ਵੀ ਨਹੀਂ ਕੀਤੇ ਅਤੇ ਕਰ ਵੀ ਨਹੀਂ ਸਕਦਾ। ਇਹ ਜਨਮ ਤੋਂ ਹੀ ਨੇਤਰਹੀਣ ਹੈ ਅਤੇ ਜਨਮ ਤੋਂ ਹੀ ਇਸ ਦੀਆਂ ਲੱਤਾਂ ਲਟਕੀਆਂ ਹੋਈਆਂ ਹਨ। ਲੱਤਾਂ ਵੀ ਐਸੀਆਂ ਕਿ ਜਿਸ ਵਿਚ ਹੱਡੀਆਂ ਵੀ ਕੋਈ ਨਹੀਂ। ਇਹ ਸਾਰੀ ਜ਼ਿੰਦਗੀ ਦੂਜਿਆਂ ਦਾ ਮੁਥਾਜ ਰਹੇਗਾ, ਜਦ ਤਕ ਜ਼ਿੰਦਾ ਰਹੇਗਾ। ਨਾ ਇਹ ਚੱਲ ਸਕਦਾ ਹੈ, ਨਾ ਇਹ ਵੇਖ ਸਕਦਾ ਹੈ ਅਤੇ ਫਿਰ ਇਕ ਬਾਂਹ ਵੀ ਠੀਕ ਨਹੀਂ।
ਇਸ ਨੂੰ ਤਾਂ ਅਸੀਂ ਪ੍ਰਕਿਰਤੀ ਦੀ ਗ਼ਲਤੀ ਹੀ ਆਖਾਂਗੇ। ਮੈਂ ਕਿਹਾ- ਤੁਹਾਨੂੰ ਜੁਆਬ ਨਹੀਂ ਚਾਹੀਦਾ। ਜੁਆਬ ਤੁਸੀਂ ਆਪ ਦੇ ਦਿੱਤਾ ਹੈ। ਮੈਂ ਕਿਹਾ- ਇਹ ਪ੍ਰਭੂ ਜਾਂ ਪ੍ਰਕਿਰਤੀ ਦੀ ਗ਼ਲਤੀ ਨਹੀਂ ਹੈ। ਕਹਿਣ ਲੱਗੇ ਕਿ ਜੇ ਪਰਮਾਤਮਾ ਦੀ ਗ਼ਲਤੀ ਨਹੀਂ ਹੈ, ਪ੍ਰਕਿਰਤੀ ਦੀ ਗ਼ਲਤੀ ਨਹੀਂ ਹੈ ਤਾਂ ਪਹਿਲੇ ਇਹ ਦੱਸੋ, ਇਸ ਨੇ ਕਿਹੜਾ ਕਰਮ ਕੀਤਾ ਹੈ? ਮੈਂ ਕਿਹਾ- ਇਸ ਨੇ ਹੁਣ ਤਾਂ ਕੋਈ ਕਰਮ ਨਹੀਂ ਕੀਤਾ। ਪਰ ਪੂਰਬਲੇ ਸੰਚਿਤ ਕਰਮ ਪ੍ਰਾਣੀ ਦੇ ਨਾਲ ਚੱਲਦੇ ਹਨ। ਜਿਵੇਂ ਮੈਂ ਬੀਜ ਅੱਜ ਬੋਇਆ ਹੋਵੇ, ਅੱਜ ਹੀ ਫਲ ਤਾਂ ਨਹੀਂ ਮਿਲ ਜਾਣਾ। ਬੀਜ ਅੱਜ ਬੋਇਆ ਤਾਂ ਪੰਜ ਮਹੀਨੇ, ਛੇ ਮਹੀਨੇ, ਸਾਲ, ਦੋ ਸਾਲ ਫਲ ਦੀ ਉਡੀਕ ਕਰਨੀ ਹੀ ਪਏਗੀ।
ਖ਼ਾਸ ਕਰਕੇ ਕੋਈ ਫਲਦਾਰ ਬੂਟੇ ਦਾ ਮੈਂ ਬੀਜ ਬੋਇਆ ਸੀ ਜਾਂ ਪਹਿਲੇ ਜਿਹੜੀ ਉਹਦੀ ਪਿਉਂਦ ਹੈ, ਉਸ ਨੂੰ ਫਿਰ ਕਿਸੇ ਹੋਰ ਥਾਂ 'ਤੇ ਪੁੱਟ ਕੇ ਲਾਉਣਾ ਪਏਗਾ। ਫਿਰ ਫਲ ਨੂੰ ਚਾਰ ਪੰਜ ਸਾਲ ਉਡੀਕਣਾ ਪਏਗਾ। ਬੀਜ ਬੋਣਾ ਅੱਜ ਹੈ, ਫਲ ਅੱਜ ਨਹੀਂ ਹੈ। ਬੀਜ ਬੋਣਾ ਵਰਤਮਾਨ ਵਿਚ ਹੈ। ਫਲ ਤਾਂ ਭਵਿੱਸ਼ ਵਿਚ ਹੈ। ਇਸ ਵਾਸਤੇ ਗੁਰਬਾਣੀ ਇਹ ਕਹਿੰਦੀ ਹੈ ਕਿ ਫਲ ਦੀ ਇੱਛਾ ਹੀ ਛੱਡੋ। ਐਵੇਂ ਧਿਆਨ ਭਵਿੱਸ਼ ਵਿਚ ਜਾਏਗਾ। ਸ਼ੁਭ ਕਰਮ ਕਰੋ। ਚੰਗੇ ਬੀਜ ਹੀ ਬੋਇਓ। ਫਲ ਦੀ ਇੱਛਾ ਹੀ ਨਾ ਕਰੋ। ਜੇ ਬੀਜ ਚੰਗੇ ਬੋਵੋਗੇ ਤਾਂ ਚੰਗੇ ਫਲ ਆਪਣੇ ਆਪ ਹੀ ਝੋਲੀ ਵਿਚ ਪੈਂਦੇ ਜਾਣਗੇ। ਮੈਂ ਕਿਹਾ- ਮਰਦੇ ਦਮ ਤਕ ਮਨੁੱਖ ਕੁਝ ਨਾ ਕੁਝ ਕਰਮ ਕਰਦਾ ਹੈ।
ਰੋਜ਼ ਕਰਮ ਕਰਦਾ ਹੈ। ਬੋਲਣਾ ਇਕ ਕਰਮ ਹੈ। ਸੋਚਣਾ ਇਕ ਕਰਮ ਹੈ, ਕੁਝ ਹੱਥੀ ਤਾਂ ਕੀਤੇ ਹੋਏ ਕਰਮ, ਬੋਏ ਹੋਏ ਬੀਜ ਉਹ ਤਾਂ ਰਹਿ ਗਏ ਤੇ ਜ਼ਿੰਦਗੀ ਸਮਾਪਤ ਹੋ ਗਈ। ਉਹ ਜਿਹੜੇ ਬੋਏ ਹੋਏ ਬੀਜ ਰਹਿ ਗਏ, ਜਿਨ੍ਹਾਂ ਦਾ ਫਲ ਮਨੁੱਖ ਖਾ ਨਾ ਸਕਿਆ। ਉਨ੍ਹਾਂ ਬੀਜਾਂ ਕਰਕੇ 'ਕਰਮੀ ਆਵੈ ਕਪੜਾ' ਉਨ੍ਹਾਂ ਹੀ ਕਰਮਾਂ ਕਰਕੇ ਇਹ ਸਰੀਰ ਦਾ ਕੱਪੜਾ ਫਿਰ ਮਿਲਦਾ ਹੈ। ਇਹ ਚੋਲਾ ਫਿਰ ਮਿਲਦਾ ਹੈ। ਮੇਰਾ ਇਹ ਸਰੀਰ ਪਿਛਲੇ ਕਰਮਾਂ ਅਨੁਸਾਰ ਬਣਿਆ। ਤੁਹਾਡਾ ਇਹ ਸਰੀਰ ਪਿਛਲੇ ਕਰਮਾਂ ਅਨੁਸਾਰ ਬਣਿਆ। ਪਿਛਲੇ ਕਰਮਾਂ ਅਨੁਸਾਰ ਸੰਜੋਗ ਬਣੇ ਹਨ। ਕਰਮਾਂ ਅਨੁਸਾਰ ਦੁਖ ਸੁਖ ਬਣੇ ਹਨ। ਕਿਹੜੇ ਕਰਮ? ਜਿਨ੍ਹਾਂ ਦਾ ਫਲ ਮਨੁੱਖ ਖਾ ਨਹੀਂ ਸਕਿਆ।
ਕੁਝ ਤਾਂ ਨਾਲ ਨਾਲ ਖਾਂਦਾ ਰਿਹਾ, ਪਰ ਕੁਝ ਕਰਮ ਰਹਿ ਗਏ। ਬੋਏ ਹੋਏ ਬੀਜ ਰਹਿ ਗਏ ਤੇ ਜ਼ਿੰਦਗੀ ਸਮਾਪਤ ਹੋ ਗਈ। ਬਾਹਰ ਜ਼ਮੀਨ 'ਚ ਬੀਜ ਭਾਵੇਂ ਕੋਈ ਬੋਏ, ਅਕਸਰ ਕੋਈ ਦੂਜਾ ਖਾਂਦਾ ਹੈ। ਪਿਉ ਨੇ ਬੀਜਿਆ, ਪੁੱਤਰ ਖਾਂਦਾ ਹੈ। ਪੁੱਤਰ ਨੇ ਬੀਜਿਆ, ਪਿਉ ਖਾਂਦਾ ਹੈ। ਇਕ ਨੇ ਬੀਜਿਆ, ਦੂਜਾ ਖਾ ਰਿਹਾ ਹੈ। ਪੜੋਸੀ ਖਾ ਰਿਹਾ ਹੈ। ਤੀਜਾ, ਚੌਥਾ ਖਾ ਰਿਹਾ ਹੈ। ਪਰ ਕਰਮਾਂ ਦਾ ਬੀਜ, ਜੋ ਜੀਵਨ ਦੀ ਧਰਤੀ ਵਿਚ ਬੀਜਿਆ ਜਾਂਦਾ ਹੈ, ਉਹ ਤਾਂ "ਆਪੇ ਬੀਜਿ ਆਪੇ ਹੀ ਖਾਹੂ", ਦੂਜਾ ਨਹੀਂ ਖਾਂਦਾ। ਪਿਉ ਨੇ ਬੀਜਿਆ, ਪਿਉ ਹੀ ਖਾਏ, ਪੁੱਤਰ ਨਹੀਂ। ਪੁੱਤਰ ਨੇ ਬੀਜਿਆ, ਪੁੱਤਰ ਖਾਏ, ਪਿਉ ਨਹੀਂ।
ਮਾਂ ਨੇ ਬੀਜਿਆ ਤਾਂ ਮਾਂ ਖਾਏਗੀ, ਧੀ ਨਹੀਂ। ਧੀ ਨੇ ਬੀਜਿਆ ਤਾਂ ਧੀ ਖਾਏਗੀ, ਮਾਂ ਨਹੀਂ। "ਆਪੇ ਬੀਜਿ ਆਪੇ ਹੀ ਖਾਹੂ॥" ਮੈਂ ਕਿਹਾ- ਇਸ ਬੱਚੇ ਦੇ ਕੁਝ ਪਿਛਲੇ ਬੀਜ ਰਹਿ ਗਏ ਨੇ ਤੇ ਇਹ ਹੁਣ ਫਲੀਭੂਤ ਹੋਏ। ਇਹ ਉਨ੍ਹਾਂ ਬੀਜਾਂ ਦਾ ਫਲ ਹੈ। ਮੈਨੂੰ ਕਹਿਣ ਲੱਗੇ- ਪਿਛਲਾ ਜਨਮ ਕਿਸ ਨੇ ਦੇਖਿਆ ਹੈ? ਮੈਂ ਕਿਹਾ- ਫਿਰ ਦੂਜਾ ਪ੍ਰਸ਼ਨ ਤੁਸੀ ਇਹ ਕਰੋਗੇ ਕਿ ਰੱਬ ਨੂੰ ਕਿਸ ਨੇ ਦੇਖਿਆ ਹੈ? ਪਰਮਾਤਮਾ ਨੂੰ ਕਿਸ ਨੇ ਦੇਖਿਆ ਹੈ? ਕਿਉਂਕਿ ਉਹ ਵੀ ਵੇਖਣ ਦਾ ਵਿਸ਼ਾ ਨਹੀਂ ਹੈ, ਅਨੁਭਵ ਦਾ ਵਿਸ਼ਾ ਹੈ। ਇਹ ਤਾਂ ਖੇਡ ਫਿਰ ਲੰਬੀ ਹੋ ਜਾਏਗੀ। ਇਸੇ ਨੂੰ ਹੀ ਨਾਸਤਿਕਤਾ ਕਹਿੰਦੇ ਹਨ। ਹੋਰ ਕੀ ਹੈ?
ਇਹ ਇਹਦੇ ਪਿਛਲੇ ਜਨਮ ਦਾ ਲੈਣ ਦੇਣ ਹੈ। ਪਿਛਲੇ ਹੀ ਕਰਮ ਹਨ। ਸੰਚਿਤ ਕਰਮ ਹਨ ਅਤੇ ਗ਼ਜ਼ਬ ਦੀ ਗੱਲ ਹੈ ਕਿ ਜ਼ਮੀਨ 'ਚ ਬੀਜ ਬੋਈਏ ਤਾਂ ਹੋ ਸਕਦਾ ਹੈ ਫਲ ਕੋਈ ਦੂਜਾ ਖਾਏ, ਤੀਜਾ ਖਾਏ। ਪਰ ਜੀਵਨ ਵਿਚ ਜੋ ਕੁਛ ਬੀਜਾਂਗੇ, ਖ਼ੁਦ ਹੀ ਖਾਵਾਂਗੇ: ਆਪੇ ਬੀਜਿ ਆਪੇ ਹੀ ਖਾਹੁ॥ {ਜਪੁਜੀ ਪੰਨਾ ੪} ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ {ਬਾਰਹ ਮਾਹਾ ਮਾਂਝ ਮ:੫, ਪੰਨਾ ੧੩੪} ਇਸ ਲਈ ਮਨੁੱਖ ਨੂੰ ਐਸੇ ਕਰਮ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਦਾ ਫਲ ਅਤਿ ਦੁਖਦਾਇਕ ਹੋਵੇ। ਕਰਮ ਰੂਪ ਬੀਜਾਂ ਨੂੰ ਬੀਜਣ ਸਮੇਂ ਮਨੁੱਖ ਨੂੰ ਬਹੁਤ ਸੁਚੇਤ ਹੋਣਾ ਚਾਹੀਦਾ ਹੈ।