ਅਖੰਡ ਹਨ ਕਥਾ ਕੀਰਤਨ ਇਹ ਕੁਝ ਵਿਚਾਰ ਮੈਂ ਇਸ ਲਈ ਤੁਹਾਡੇ ਸਾਹਮਣੇ ਰੱਖਦਾ ਹਾਂ, ਇਸ ਚੇਸ਼ਟਾ ਨਾਲ ਕਿ ਜੀਵਨ ਯਾਤਰਾ ਸਫਲ ਹੋਵੇ। ਅਸੀਂ ਸਾਰੇ ਯਾਤਰਾ ਵਿਚ ਹਾਂ। ਹਰ ਬਸ਼ਰ ਯਾਤਰਾ ਵਿਚ ਹੈ। ਉਂਜ ਤੇ ਇਕ ਰੇਤ ਦਾ ਜ਼ੱਰਾ ਵੀ ਯਾਤਰਾ ਵਿਚ ਹੈ। ਪਸ਼ੂ ਪੰਛੀ ਵੀ ਯਾਤਰਾ ਵਿਚ ਹਨ। ਅਸੀਂ ਵੀ ਯਾਤਰਾ ਵਿਚ ਹਾਂ: ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥
{ਸਿਰੀਰਾਗੁ ਮ:੧ ਪੰਨਾ ੬੪} ਮਹਾਰਾਜ ਕਹਿੰਦੇ ਨੇ, ਸਭ ਕੁਛ ਚੱਲ ਰਿਹੈ। ਜੇ ਚੱਲ ਰਿਹੈ ਤਾਂ ਕੋਈ ਮੰਜ਼ਲ ਹੈ। ਚੱਲ ਰਿਹੈ ਤਾਂ ਕੋਈ ਟਿਕਾਣਾ ਹੈ। ਟਿਕਾਣਾ ਉਹ ਹੈ ਜਿਥੇ ਦੁੱਖ-ਸੁੱਖ ਨਹੀਂ ਹੈ। ਟਿਕਾਣਾ ਉਹ ਹੈ ਜਿਥੇ ਜਨਮ ਤੇ ਮਰਨ ਨਹੀਂ ਹੈ। ਪਾਤਸ਼ਾਹ ਰਹਿਮਤ ਕਰਨ, ਇਹ ਅਵਸਥਾ ਇਸੇ ਹੀ ਜੀਵਨ ਵਿਚ ਪ੍ਰਾਪਤ ਹੋਵੇ ਤਾਂ ਕਿ ਮੁੜ ਕੇ ਫਿਰ ਕੋਈ ਜਨਮ ਨਾ ਹੋਵੇ। ਬੱਸ ਇਤਨੀ ਕੁ ਹੀ ਬੇਨਤੀ ਹੈ। ਇਸ ਪ੍ਰਕਰਣ ਨੂੰ ਮੈਂ ਇਥੇ ਹੀ ਸਮਾਪਤ ਕਰਦਾ ਹਾਂ ਪਰ ਇਹ ਨਾ ਸਮਝਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਿਚ ਇਹ ਪ੍ਰਕਰਣ ਕੇਵਲ ਏਨਾ ਹੀ ਹੈ। ਐਸਾ ਨਾ ਸੋਚਣਾ। ਪ੍ਰਕਰਣ ਤਾਂ ਅਥਾਹ ਹੈ। ਸਮੇਂ ਦੀ ਗਤੀ ਨੂੰ ਮੁੱਖ ਰੱਖਦਿਆਂ ਤੇ ਧਰਮ ਦੇ ਕੁਝ ਹੋਰ ਪਹਿਲੂਆਂ ਦੀ ਵਿਚਾਰ ਕਰਨ ਲਈ ਇਸ ਵਿਸ਼ੇ ਨੂੰ ਇਥੇ ਹੀ ਸਮਾਪਤ ਕਰਦੇ ਹਾਂ। ਕਿਤੇ ਤੁਸੀ ਇਹ ਨਾ ਆਖੋ ਕਿ ਇੱਕੋ ਗੱਲ ਆਰੰਭ ਕੀਤੀ ਹੋਈ ਹੈ ਤੇ ਪੰਦਰਾਂ ਦਿਨਾਂ ਤੋਂ ਉਹਨੂੰ ਖੋਲ੍ਹੀ ਜਾ ਰਹੇ ਨੇ, ਖਹਿੜਾ ਹੀ ਨਹੀਂ ਛੱਡਦਾ। ਕਿਤੇ ਐਸਾ ਨਾ ਸੋਚਣਾ। ਮੈਂ ਜਿਹਨਾਂ ਕੋਲੋਂ ਗੁਰਬਾਣੀ ਵਿਆਕਰਣ ਪੜ੍ਹਦਾ ਰਿਹਾਂ, ਬਾਬਾ ਬਲਵੰਤ ਸਿੰਘ ਉਨ੍ਹਾਂ ਦਾ ਨਾਮ ਹੈ। ਇਕ ਘਟਨਾ ਯਾਦ ਆਈ- ਕੱਟਕ ਦੀ ਗੱਲ ਹੈ ਜੋ ਉੜੀਸਾ ਦੀ ਰਾਜਧਾਨੀ ਹੈ। ਕਿਸੇ ਵਕਤ ਕੱਟਕ ਸੀ, ਅੱਜ ਕੱਲ੍ਹ ਨਾਮ ਭੁਬਨੇਸ਼ਵਰ ਹੋ ਗਿਐ। ਕੱਟਕ ਵਿਚ ਮਹਾਂ ਨਦੀ ਵੱਗਦੀ ਹੈ ਤੇ ਮਹਾਂ ਨਦੀ ਦੇ ਕਿਨਾਰੇ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸਕ ਅਸਥਾਨ ਹੈ। ਉਥੇ ਕਾਫ਼ੀ ਸੰਗਤਾਂ ਰਹਿੰਦੀਆਂ ਨੇ ਤੇ ਬਾਬੇ ਬਲਵੰਤ ਸਿੰਘ ਨੇ ਜਪੁ ਜੀ ਸਾਹਿਬ ਦੀ ਕਥਾ ਆਰੰਭ ਕੀਤੀ। ਉਥੇ ਇਕ ਮਹੀਨਾ ਰਹਿਣਾ ਸੀ। ਦੀ ਕਥਾ ਉਹ ਪੱਚੀ ਦਿਨ ਕਰਦੇ ਰਹੇ। ਮੈਂ ਆਖਿਆ-ਬਾਬਾ ਜੀ! ਆਪਾਂ ਤਾਂ ਪੂਰਾ ਜਪੁ ਜੀ ਸਾਹਿਬੁ ਤੁਹਾਥੋਂ ਸੁਣਨਾ ਹੈ। ਇਹ ਤਾਂ ਪੱਚੀ ਦਿਨ ਵਿਚ ਹੀ ਲੰਘ ਗਏ। ਅੱਗੇ ਕਹਿਣ ਲੱਗੇ ਕਿ ਪੱਚੀ ਦਿਨ ਤਾਂ ਕੀ, ਬਲਵੰਤ ਸਿੰਘ ਜੈਸੇ ਦੀਆਂ ਹਜ਼ਾਰਾਂ ਜ਼ਿੰਦਗੀਆਂ ਵੀ ਲੰਘ ਜਾਣ ਤਾਂ ਵੀ ਨਹੀਂ ਮੁੱਕਦਾ। ਮੈਨੂੰ ਇੰਜ ਕਹਿਣ ਲੱਗੇ ਕਿ ਤੂੰ ਕਿਹੜੇ ਚੱਕਰਾਂ ਵਿਚ ਪਿਐਂ। ਇਤਨੀ ਅਗਾਧ ਗੱਲ ਹੈ, ਇਤਨੀ ਅਥਾਹ ਗੱਲ ਹੈ। ਸਭ ਕੁਛ ਤਾਂ ਦੇ ਵਿਚ ਹੀ ਹੈ: ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥
ਓਅੰਕਾਰਿ ਬੇਦ ਨਿਰਮਏ॥
{ਰਾਮਕਲੀ ਮ:੧, ਦਖਣੀ ਓਅੰਕਾਰੁ, ਪੰਨਾ ੯੨੯} ਉਸ ਜ਼ਮਾਨੇ ਵਿਚ ਇਹ ਟੇਪ ਰਿਕਾਰਡ ਹੈ ਨਹੀਂ ਸਨ ਤੇ ਉਦੋਂ ਲਿਖਣ ਦਾ ਸ਼ੌਂਕ ਮੇਰੇ ਅੰਦਰ ਪੈਦਾ ਨਹੀਂ ਸੀ ਹੋਇਆ। ਅੱਜ ਉਹ ਗੱਲਾਂ ਯਾਦ ਆਉਂਦੀਆਂ ਨੇ ਬਈ ਇੰਨੇ ਦਿਨ ਦੀ ਵਿਚਾਰ ਹੋਈ, ਫਿਰ ਅੱਗੇ ਤਾਂ ਹੀ ਬਾਬਾ ਜੀ ਚੱਲੇ, ਜਦ ਮੈਂ ਬੇਨਤੀ ਕੀਤੀ ਕਿ ਹੁਣ ਅੱਗੇ ਚੱਲੋ। ਤਾਂ ਦੂਸਰੇ ਦਿਨ ਕਥਾ ਤੌਰੀ ਅਤੇ ਨਾਲ ਹੀ ਕਹਿਣ ਲੱਗੇ ਕਿ ਸਮਝਣਾ ਮੇਰੀ ਸੋਚਣੀ ਸਮਾਪਤ ਹੈ, ਮੇਰਾ ਸਮਾਂ ਸਮਾਪਤ ਹੈ, ਇਸ ਵਾਸਤੇ ਮੈਂ ਦੀ ਕਥਾ ਸਮਾਪਤ ਕਰਦਾ ਪਿਆਂ ਨਹੀਂ ਤਾਂ ਮੇਰੇ ਜੈਸੇ ਕਰੋੜਾਂ ਮਨੁੱਖ ਆ ਜਾਣ, ਉਹ ਸਮਾਪਤ ਹੋ ਸਕਦੇ ਨੇ ਪਰ ਦੀ ਕਥਾ ਸਮਾਪਤ ਨਹੀਂ ਹੋ ਸਕਦੀ। ਐਵੇਂ ਹੀ ਲੋਕ ਬਿਨਾਂ ਸੋਚੇ ਸਮਝੇ ਕਹੀ ਜਾ ਰਹੇ ਨੇ ਕਿ ਹੁਣ ਕੀਰਤਨ ਸਮਾਪਤ ਹੈ, ਹੁਣ ਕਥਾ ਸਮਾਪਤ ਹੈ। ਭੋਲੇ ਭਾਅ ਹੀ ਕਹੀ ਜਾ ਰਹੇ ਨੇ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਮੈਨੂੰ ਜੋ ਕਥਾ ਜਾਂ ਕੀਰਤਨ ਦਾ ਸਮਾਂ ਮਿਲਿਆ ਹੈ, ਉਹ ਸਮਾਪਤ ਹੈ। ਮੇਰੀ ਇੰਨੇ ਸਮੇਂ ਦੀ ਹੀ ਸੇਵਾ ਸੀ। ਕਥਾ ਕੀਰਤਨ ਤਾਂ ਅਖੰਡ ਹਨ।
Akahnd han katha kirtan
Giani Sant Singh ji Maskeen · ਕਥਾ ਅਤੇ ਲੈਕਚਰ · ੨੯੮ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ