Gyaan te Bhagat da sumail

Giani Sant Singh ji Maskeen · ਕਥਾ ਅਤੇ ਲੈਕਚਰ · ੨੯੭ / ੩੧੨

ਗਿਆਨ ਤੇ ਭਗਤੀ ਦਾ ਸੁਮੇਲ ਗੁਰੂ ਅਰਜਨ ਦੇਵ ਜੀ ਨੇ ਬੜਾ ਭਾਰੀ ਨਿਖੇੜਾ ਕੀਤਾ ਹੈ ਕਿ ਗਿਆਨ ਪੁਰਸ਼ ਹੈ, ਭਗਤੀ ਇਸਤਰੀ ਹੈ। ਭਗਤੀ ਵੀ ਅਤ੍ਰਿਪਤ ਰਹਿੰਦੀ ਏ, ਜਿਤਨੇ ਚਿਰ ਤਕ ਗਿਆਨ ਨਾ ਮਿਲ ਜਾਏ। ਗਿਆਨ ਵੀ ਉਦਾਸ ਰਹਿੰਦਾ ਏ, ਬੇਚੈਨ ਰਹਿੰਦਾ ਏ, ਜਿਤਨੇ ਚਿਰ ਤਕ ਭਾਵਨਾ ਨਾ ਮਿਲ ਜਾਏ, ਭਗਤੀ ਨਾ ਮਿਲ ਜਾਏ। ਔਰ ਮੈਂ ਤੁਹਾਡੇ ਸਾਹਮਣੇ ਦੋ ਰੂਪ ਵੀ ਰੱਖ ਦਿਆਂ ਜੋ ਗੁਰੂ ਅਰਜਨ ਦੇਵ ਜੀ ਨੇ ਖ਼ੁਲਾਸਾ ਕੀਤਾ ਏ: ਨਿਜ ਭਗਤੀ ਸੀਲਵੰਤੀ ਨਾਰਿ॥ {ਆਸਾ ਮਹਲਾ ੫, ਪੰਨਾ ੩੭੦} ਭਗਤੀ ਤਾਂ ਨਾਰੀ ਏ, ਇਸਤਰੀ ਏ। ਭਾਵਨਾ ਜਾਂ ਭਗਤੀ, ਇਹ ਇਸਤਰੀ ਦਾ ਸੁਭਾਵਿਕ ਗੁਣ ਹੈ। ਸ਼ਰਧਾ ਜਾਂ ਭਾਵਨਾ, ਇਹ ਤਾਂ ਇਸਤਰੀ ਦੇ ਅੰਦਰ ਬਹੁਤ ਹੁੰਦੀ ਏ।

ਗਿਆਨ ਉਤਨਾ ਨਹੀਂ ਹੁੰਦਾ, ਜਿਤਨੀ ਗਿਆਨ ਦੀ ਲੋੜ ਹੁੰਦੀ ਐ। ਇਹ ਕੋਈ ਇਸਤਰੀ ਦੀ ਤੌਹੀਨ ਨਹੀਂ। ਜਿਤਨੀ ਮਹਿਮਾ ਗਿਆਨ ਦੀ ਏ, ਉਤਨੀ ਭਾਵਨਾ ਦੀ ਏ। ਜਿਤਨੀ ਮਹਿਮਾ ਭਗਤੀ ਦੀ ਏ, ਉਤਨੀ ਗਿਆਨ ਦੀ ਏ। ਪੁਰਸ਼ ਵੀ ਅਧੂਰਾ ਏ; ਤਾਰਕਿਕ ਤਾਂ ਹੈ, ਤਰਕ ਬਹੁਤ ਕਰਦਾ ਹੈ। ਵੀਚਾਰਦਾ ਬਹੁਤ ਹੈ, ਸੋਚਦਾ ਬਹੁਤ ਹੈ ਪਰ ਭਾਵਨਾ ਕੋਈ ਨਹੀਂ, ਯਕੀਨ ਕੋਈ ਨਹੀਂ। ਦੁਨੀਆ ਦੇ ਚੋਟੀ ਦੇ ਨਾਸਤਿਕ ਪੁਰਸ਼ ਹੋਏ ਨੇ। ਚਾਹੇ ਉਹ ਕਾਰਲ ਮਾਰਕਸ ਸੀ, ਚਾਹੇ ਨੀਤਸ਼ੇ ਸੀ ਜਾਂ ਫਿਰ ਡਾਕਟਰ ਫ਼ਰਾਇਡ ਸੀ। ਜਿਨ੍ਹਾਂ ਨੇ ਐਲਾਨੀਆ ਪਰਮਾਤਮਾ ਨੂੰ ਇਨਕਾਰ ਕਰ ਦਿੱਤਾ। ਇਹ ਤਾਂ ਪੁਰਸ਼ ਸਨ। ਵਿਚਾਰਕ ਨੇ, ਗਿਆਨ ਤਾਂ ਬੜਾ ਹੈ।

ਭਾਵਨਾ ਕੋਈ ਨਹੀਂ, ਸ਼ਰਧਾ ਹੀ ਕੋਈ ਨਹੀਂ। ਔਰ ਅਕਸਰ ਭਾਵੇਂ ਕਿਤਨੀ ਪੜ੍ਹੀ ਲਿਖੀ ਇਸਤਰੀ ਹੋਵੇ, ਕਿਤਨੀ ਤਾਰਕਿਕ ਹੋਵੇ, ਫਿਰ ਵੀ ਉਸ ਦੇ ਅੰਦਰ ਭਾਵਨਾ ਪ੍ਰਧਾਨ ਹੁੰਦੀ ਹੈ। ਸਿਆਣੇ ਅਨੁਭਵੀ ਐਸਾ ਕਹਿੰਦੇ ਨੇ ਕਿ ਜੇਕਰ ਕੋਲ ਗਿਆਨ ਨਹੀਂ ਏ ਤਾਂ ਭਗਤੀ ਅੰਧੀ ਏ, ਭਟਕੇਗੀ। ਪੰਜਾਬ ਵਿਚ ਬਹੁਤ ਸਾਰੇ ਸੰਤਾਂ ਦੇ ਡੇਰੇ ਇਸਤਰੀਆਂ ਕਰਕੇ ਚੱਲਦੇ ਨੇ। ਅੰਧੀ ਭਗਤੀ ਭਟਕਦੀ ਪਈ ਹੈ। ਅੰਧੀ ਭਗਤੀ ਨੇ ਅੰਧੇ ਸੰਤਾਂ ਨੂੰ, ਅੰਧੇ ਡੇਰਿਆਂ ਨੂੰ, ਅੰਧੇ ਗੁਰੂਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦਾ ਅਡੰਬਰ ਬਹਤ ਜ਼ਿਆਦਾ ਹੈ ਔਰ ਆਏ ਦਿਨ ਉਨ੍ਹਾਂ ਡੇਰਿਆਂ ਅੰਦਰ ਕੁਝ ਨਾ ਕੁਝ ਅਨਰਥ ਹੁੰਦਾ ਹੀ ਰਹਿੰਦੈ।

ਪਰ ਫਿਰ ਵੀ ਲੋਕਾਂ ਦੀ ਅੰਧੀ ਸ਼ਰਧਾ ਉਨ੍ਹਾਂ ਨਾਲ ਜੁੜੀ ਰਹਿੰਦੀ ਹੈ, ਖ਼ਾਸਕਰ ਬੀਬੀਆਂ ਦੀ। ਉਨ੍ਹਾਂ ਡੇਰਿਆਂ ਅਤੇ ਡੇਰੇਦਾਰਾਂ ਪ੍ਰਤੀ ਕੋਈ ਵਿਦਰੋਹ ਪੈਦਾ ਨਹੀਂ ਹੁੰਦਾ। ਇਧਰ ਪੁਰਸ਼ ਦੀ ਤਰਕ ਨੇ ਨਾਸਤਿਕਤਾ ਨੂੰ ਜਨਮ ਦਿੱਤਾ ਹੈ। ਬੜੇ ਰੁੱਖੇਪਨ ਨੂੰ ਜਨਮ ਦਿੱਤਾ ਹੈ। ਬੜੀ ਸੁੱਕੀ ਹੋਈ ਜ਼ਿੰਦਗੀ ਨੂੰ ਜਨਮ ਦਿੱਤਾ ਹੈ। ਬੜਾ ਭਾਰੀ ਰੱਬ 'ਤੇ ਤਰਕ ਹੈ। ਸੱਚ 'ਤੇ ਸ਼ੱਕ ਹੈ। ਪੁਰਸ਼ ਕੋਲ ਤਰਕ ਗਿਆਨ ਦੀ ਸ਼ਿਖਰਤਾ ਹੈ ਤੇ ਭਾਵਨਾ ਨਹੀਂ ਏ- ਨਾਸਤਿਕ ਬਣਾ ਦਿੰਦੀ ਹੈ। ਗਿਆਨ ਨਹੀਂ ਏ-ਇਹ ਭਗਤੀ ਭਟਕਦੀ ਰਹੇਗੀ। ਭਟਕਣਾ ਹੈ ਕਿਉਂਕਿ ਅੰਧੀ ਹੈ। ਗੁਰੂ ਬਾਬਾ ਜੀ ਦੇ ਬੋਲ ਨੇ: ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥ {ਵਾਰ ਆਸਾ, ਮ:੧, ਪੰਨਾ ੪੬੯} ਇਹ ਭਟਕਣਾ ਹੋਵੇਗਾ।

ਭਗਤੀ ਨੂੰ ਗੁਰੂ ਅਰਜਨ ਦੇਵ ਜੀ ਨਾਰੀ ਕਹਿੰਦੇ ਨੇ, ਗਿਆਨ ਨੂੰ ਰਾਜਾ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ: ਗਿਆਨ ਰਾਉ ਜਬ ਸੇਜੈ ਆਵੈ... ॥ {ਆਸਾ ਮਹਲਾ ੧, ਪੰਨਾ ੩੫੯} ਗਿਆਨ ਤਾਂ ਪੁਰਸ਼ ਹੈ। ਬੜੇ ਬੜੇ ਫ਼ਿਲਾਸਫਰ, ਦਾਰਸ਼ਨਿਕ, ਚਿੰਤਕ, ਖੋਜੀ, ਵਿਚਾਰਕ-ਪੁਰਸ਼ ਹੋਏ ਨੇ। ਦੁਨੀਆ ਦੇ ਸਾਰੇ ਧਰਮ ਗ੍ਰੰਥਾਂ ਦੀ ਰਚਨਾ ਵੀ ਪੁਰਸ਼ਾਂ ਤੋਂ ਹੀ ਹੋਈ ਹੈ। ਭਾਵੇ ਨਾਰੀ ਦੇ ਅੰਦਰ ਭਗਤੀ ਪ੍ਰਧਾਨ ਸੀ ਤੇ ਗਿਆਨ ਮਿਲ ਵੀ ਗਿਆ, ਉਹ ਕਿਸੇ ਬੜੇ ਪੰਥ ਦੀ, ਕਿਸੇ ਬੜੇ ਮਹਾਨ ਗ੍ਰੰਥ ਦੀ ਰਚਨਾ ਨਹੀਂ ਕਰ ਸਕੀ ਕਿਉਂਕਿ ਮਾਤਰਾ ਉਸ ਦੇ ਅੰਦਰ ਭਾਵਨਾ ਦੀ ਪ੍ਰਧਾਨ ਰਹਿੰਦੀ ਹੈ। ਗਿਆਨ ਦੇ ਮਿਲਣ ਨਾਲ ਤ੍ਰਿਪਤ ਤਾਂ ਹੋ ਗਈ; ਮੰਜਿਲ ਤਾਂ ਮਿਲ ਗਈ; ਲੇਕਿਨ ਇਹ ਉਸ ਦੇ ਸ਼ੌਕ ਵਿਚ ਹੈ ਹੀ ਨਹੀਂ ਕਿ ਕਿਸੇ ਪੰਥ ਨੂੰ ਜਨਮ ਦੇਣਾ ਹੈ ਜਾਂ ਕਿਸੇ ਗ੍ਰੰਥ ਨੂੰ ਜਨਮ ਦੇਣਾ ਹੈ।

ਗਿਆਨਵਾਨਾਂ ਕੋਲ ਸ਼ਰਧਾ ਭਾਵਨਾ ਹੋਣੀ ਜ਼ਰੂਰੀ ਹੈ ਤੇ ਸ਼ਰਧਾਵਾਨਾਂ ਲਈ ਗਿਆਨਵਾਨ ਹੋਣਾ ਜ਼ਰੂਰੀ ਹੈ। ਦੋਵੇਂ ਗੁਣ ਹੋਵਣ, ਤਾਂ ਜੀਵਣ ਸਫਲ ਤੇ ਖ਼ੁਸ਼ਹਾਲ ਬਣਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ