Nirgun te Sirgun

Giani Sant Singh ji Maskeen · ਕਥਾ ਅਤੇ ਲੈਕਚਰ · ੨੯੩ / ੩੧੨

ਨਿਰਗੁਣ ਤੇ ਸਰਗੁਣ ਦ੍ਰਿਸ਼ਮਾਨ ਜਗਤ ਸਰਗੁਣ ਹੈ। ਅਦ੍ਰਿਸ਼ ਨਿਰਗੁਣ ਹੈ। ਪਰ ਨਿਰਗੁਣ ਤੇ ਸਰਗੁਣ ਜੁੜੇ ਹੋਏ ਹਨ। ਦ੍ਰਿਸ਼ਮਾਨ ਵਿਚ ਜਨਮ ਮਰਨ ਦਾ ਖੇਲ ਚਲਦਾ ਹੀ ਰਹਿੰਦਾ ਹੈ, ਪਰ ਅਦ੍ਰਿਸ਼ ਜਨਮ ਮਰਨ ਰਹਿਤ ਹੈ। ਦ੍ਰਿਸ਼ਮਾਨ ਵਿਚ ਉਤਪਤ ਪਰਲੋ ਹੈ, ਸਰਦੀ ਗਰਮੀ, ਦਿਨ ਰਾਤ ਭਾਵ ਹਰ ਤਰ੍ਹਾਂ ਦੀ ਹਲਚਲ ਹੈ, ਪਰ ਅਦ੍ਰਿਸ਼ ਨਿਹਚਲ ਹੈ। ਦੁਨੀਆਂ ਵਿਚ ਦੋ ਤਰ੍ਹਾਂ ਦੇ ਧਾਰਮਿਕ ਚਿੰਤਨ ਪ੍ਰਗਟ ਹੋਏ: ਇਸਲਾਮ ਕਹਿੰਦਾ ਹੈ ਕਿ ਅਦ੍ਰਿਸ਼ ਨੂੰ ਹੀ ਮੰਨਣਾ ਹੈ, ਕਿਉਂਕਿ ਉਹ ਅਜਨਮਾ ਹੈ, ਵਾਹਿਦ ਇਕ ਹੈ, ਨਿਹਚਲ ਹੈ, ਚੂੰਕਿ ਦ੍ਰਿਸ਼ਮਾਨ ਵਿਚ ਜਨਮ ਮਰਨ ਤੇ ਹਲਚਲ ਹੈ, ਇਸ ਵਾਸਤੇ ਇਸਲਾਮ ਨੇ ਸਰਗੁਣ ਦੀ ਬੜੀ ਪੁਰਜ਼ੋਰ ਵਿਰੋਧਤਾ ਕੀਤੀ। ਸਨਾਤਨ, ਬੋਧੀ, ਜੈਨੀ ਆਪਣੀ ਪੂਜਾ ਸਰਗੁਣ ਤੋਂ ਸ਼ੁਰੂ ਕਰਦੇ ਹਨ। ਈਸ਼ਵਰੀ ਗੁਣ ਜਿਸ ਮਹਾਨ ਆਤਮਾ ਵਿਚ ਪ੍ਰਗਟ ਹੋਏ, ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਪੂਜਾ-ਅਰਚਾ ਕਰਨੀ। ਇਸ ਤਰ੍ਹਾਂ ਦੀ ਸਰਗੁਣ ਦੀ ਉਪਾਸਨਾ ਕਰ, ਆਪਣਾ ਜਨਮ ਸੰਵਾਰਨ ਦੀ ਕੋਸ਼ਿਸ਼ ਕਰਦੇ ਹਨ। ਜਿਥੇ ਸਨਾਤਨ ਮੂਰਤੀ ਪੂਜਕ ਸੀ, ਉਥੇ ਇਸਲਾਮ ਮੂਰਤੀ ਭੰਜਕ ਸੀ। ਮੱਕੇ ਅੰਦਰ ਪਈਆਂ ਸਾਰੀਆਂ ਮੂਰਤੀਆਂ ਮੁਹੰਮਦ ਸਾਹਿਬ ਨੇ ਤੁੜਵਾ ਦਿੱਤੀਆਂ। ਇਸ ਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਇਤਨੀ ਪ੍ਰੇਰਨਾ ਮਿਲੀ ਕਿ ਉਹ ਜਿਥੇ ਗਏ ਮੂਰਤੀਆਂ ਤੋੜਦੇ ਗਏ। ਇੰਜ ਮੂਰਤੀ ਪੂਜਕ ਤੇ ਮੂਰਤੀ ਭੰਜਕਾਂ ਵਿਚ ਸਖ਼ਤ ਟਕਰਾਓ ਹੋਇਆ। ਇਸ ਟਕਰਾਓ ਨਾਲ ਕਈ ਕੀਮਤੀ ਜਾਨਾਂ ਜ਼ਾਇਆ ਗਈਆਂ। ਹਣ ਥੋੜ੍ਹਾ ਵਾਸਤਵਿਕਤਾ ਨੂੰ ਸਮਝੀਏ। ਸੰਸਾਰ ਦਾ ਜੋ ਗੁਪਤ ਹਿੱਸਾ ਹੈ, ਉਹ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ, ਉਹ ਸੰਸਾਰ ਹੈ। ਸਰੀਰ ਦਾ ਅਦ੍ਰਿਸ਼ ਹਿੱਸਾ ਆਤਮਾ ਹੈ ਤੇ ਆਤਮਾ ਦਾ ਦ੍ਰਿਸ਼ਮਾਨ ਹਿੱਸਾ ਸਰੀਰ ਹੈ। ਸੂਖਮ ਤੇ ਅਸਥੂਲ ਤੋਂ ਭੇਦ ਖੜਾ ਹੋ ਗਿਆ। ਗੁਰਮਤ ਨੇ ਦਰਸ ਇਹ ਦਿੱਤਾ ਕਿ ਸੂਖਮ ਅਸਥੂਲ ਵਿਚ ਭੇਦ ਨਹੀਂ ਹੈ: ਤੂੰ ਸੂਖਮੁ ਹੋਆ ਅਸਥੂਲੀ॥
{ਮਾਂਝ ਮਹਲਾ ੫, ਪੰਨਾ ੧੦੨} ਤੂੰ ਨਿਰਗੁਣ ਵੀ ਹੈਂ ਤੇ ਸਰਗੁਣ ਵੀ ਹੈਂ: ਨਿਰਗੁਨੁ ਆਪਿ ਸਰਗੁਨੁ ਭੀ ਓਹੀ॥
ਕਲਾਧਾਰਿ ਜਿਨਿ ਸਗਲੀ ਮੋਹੀ॥
{ਗਉੜੀ ਸੁਖਮਨੀ, ਪੰਨਾ ੨੮੭} ਸਰਗੁਣ ਤੋਂ ਇਨਕਾਰੀ ਹੋਣ ਕਾਰਨ ਇਸਲਾਮ ਨੇ ਖ਼ੁਦਾ ਨੂੰ ਸਤਵੇਂ ਅਸਮਾਨ ਤੇ ਬਿਠਾ ਦਿਤਾ। ਨਿਰਗੁਣ ਨੂੰ ਵੇਖਣ ਵਿਚ ਅਸਮਰਥ ਹੋਣ ਕਰਕੇ ਸਨਾਤਨ ਦੀ ਸ਼ਰਧਾ ਮੂਰਤੀ ਤਕ ਹੀ ਰਹੀ। ਇਬਾਦਤ ਚਾਹੇ ਸਰਗੁਣ ਦੀ ਕਰੀਏ ਯਾ ਨਿਰਗੁਣ ਦੀ, ਦੋਹਾਂ ਨੂੰ ਜੁੜਿਆ ਹੋਇਆ ਮੰਨਣਾ ਤੇ ਦਿੱਸ ਪੈਣਾ ਹੀ ਪੂਰੀ ਬੰਦਗੀ ਹੈ, ਵਰਨਾ ਮਨੁੱਖ ਅਧੂਰਾ ਰਹਿ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਸਰਗੁਣ ਹੈ। ਜੈਸੇ ਕਿ ਕਾਗ਼ਜ਼, ਸਿਆਹੀ, ਉਪਰ ਧਾਰਨ ਕਰਾਏ ਰੁਮਾਲੇ ਵਗੈਰਾ। ਪਰ ਅੱਖਰਾਂ ਅੰਦਰ ਜੋ ਰੱਬੀ ਜੋਤ ਹੈ ਇਹ ਨਿਰਗੁਣ ਹੈ। ਅਸਥੂਲ ਰੂਪ ਅਸਥੂਲ ਅੱਖ ਨਾਲ ਵੇਖ ਸਕਦੇ ਹਾਂ। ਪਰ ਸੂਖਮ ਨੂੰ ਵੇਖਣ ਵਾਸਤੇ ਦ੍ਰਿਸ਼ਟੀ ਸੂਖਮ ਚਾਹੀਦੀ ਹੈ। ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ॥
{ਸਲੋਕ, ਪੰਨਾ ੫੭੭} ਜਦ ਸਰਗੁਣ ਨਿਰਗੁਣ ਦੀ ਵਿਰੋਧਤਾ ਵਿਚ ਨਹੀਂ ਹੈ ਤੇ ਨਿਰਗੁਣ ਸਰਗੁਣ ਦੇ ਖਿਲਾਫ਼ ਨਹੀਂ, ਤਾਂ ਨਿਰਗੁਣ ਸਰਗੁਣ ਦੇ ਉਪਾਸ਼ਕਾਂ ਦਾ ਆਪਸੀ ਟਕਰਾਓ ਮੂਰਖਤਾ ਤੇ ਖੜਾ ਹੈ। ਜਦ ਮੂੜ੍ਹਤਾ ਮਿਟਦੀ ਹੈ ਤਾਂ ਅੱਖ ਪੂਰੀ ਖੁਲ੍ਹਦੀ ਹੈ ਤਾਂ ਨਿਰਗੁਣ ਅੰਦਰ ਸਰਗੁਣ ਤੇ ਸਰਗੁਣ ਅੰਦਰ ਨਿਰਗੁਣ ਭਾਸਦਾ ਹੈ। ਸਰਗੁਣ ਵਿਚ ਉਹ ਹੱਥਾਂ, ਪੈਰਾਂ, ਅੱਖ, ਕੰਨ, ਨੱਕ ਵਾਲਾ ਹੈ, ਪਰ ਨਿਰਗੁਣ ਵਿਚ ਇੰਦਰੇ ਰਹਿਤ ਹੈ: ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥
{ਧਨਾਸਰੀ ਮਹਲਾ ੧, ਪੰਨਾ ੧੩} ਇਕ ਸੂਫ਼ੀ ਦਾ ਕਹਿਣਾ ਹੈ ਕਿ ਮੰਦਰ ਮਸਜਿਦ ਵਿਚ ਇਕੋ ਹੀ ਨੂਰ ਹੈ, ਅੰਧੇ ਐਵੇਂ ਹੀ ਟਕਰਾ ਰਹੇ ਹਨ: ਅਜ਼ ਯਕ ਚਿਰਾਗ਼ ਮਸਜਿਦ ਵ ਬੁਤ ਖਾਨਾ ਰੋਸ਼ਨ ਅਸਤ। ਦਰ ਹੈਰਤਮ ਕਿ ਦੁਸ਼ਮਨੀ ਕੁਫ਼ਰੋ ਦੀਂ ਚਿਰਾਸਤ। ਉਸ ਕੇ ਹੀ ਨੂਰ ਸੇ ਝੁਮਕੇ ਹੈ ਸਭ ਮੇਂ ਨੂਰ, ਸ਼ਮ੍ਹਾਂ ਹਰਮ ਹੋ ਯਾ ਦੀਆ ਸੋਮਨਾਥ ਕਾ। ਇਸ ਸੂਝ ਦੇ ਮਿਲਦੇ ਹੀ ਸਰਗੁਣ ਵਿਚ ਨਿਰਗੁਣ ਤੇ ਨਿਰਗੁਣ ਵਿਚ ਸਰਗੁਣ ਦਿਸ ਪੈਂਦਾ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ