ਦਇਆ ਧਰਮ ਦਇਆ ਔਰ ਧਰਮ ਦਾ ਚੋਲੀ ਦਾਮਨ ਦਾ ਸਾਥ ਹੈ। ਦਇਆ ਦੀ ਗੱਲ ਕਰਦਿਆਂ ਮੂੰਹ ਵਿਚ ਧਰਮ ਸਹਿਜੇ ਨਿਕਲ ਜਾਂਦਾ ਹੈ। ਅਚੇਤ ਮਨ ਵਿਚ ਇਹ ਭਾਵ ਬਣਿਆ ਹੋਇਆ ਹੈ ਕਿ ਦਇਆ ਦਾ ਧਰਮ ਨਾਲ ਗੂੜ੍ਹਾ ਸੰਬੰਧ ਹੈ। ਧਰਮ ਹੈ ਜੀਵਨ ਨੂੰ ਇਕ ਮਰਯਾਦਾ ਦੇਣ ਦਾ ਨਾਮ। ਇਸ ਢੰਗ ਨਾਲ ਜੀਵਨਾ ਕਿ ਮੇਰੇ ਜੀਵਨ ਤੋਂ ਕਿਸੇ ਨੂੰ ਚੋਟ ਨਾ ਲੱਗੇ। ਇਹ ਤਾਂ ਹੀ ਹੋ ਸਕਦਾ ਹੈ ਕਿ ਜੀਵਨ ਵਿਚ ਧਰਮ (ਮਰਯਾਦਾ) ਹੋਵੇ। ਧਰਮ ਦਾ ਜਨਮ ਦਇਆ ਤੋਂ ਹੈ। ਇਸ ਵਾਸਤੇ ਦਇਆ ਜਨਨੀ ਹੈ ਧਰਮ ਦੀ: ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥ {ਜਪੁਜੀ ਸਾਹਿਬ} ਕਵੀ ਤੁਲਸੀ ਨੇ ਧਰਮ ਦਾ ਬੀਜ (ਮੂਲ) ਦਇਆ ਦੱਸਿਆ ਹੈ ਤੇ ਪਾਪ ਦਾ ਬੀਜ ਅਹੰਕਾਰ ਆਖਿਆ ਹੈ: ਦਯਾ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ।
ਤੁਲਸੀ ਦਯਾ ਨ ਛੋੜੀਏ ਜਬ ਲਗ ਘਟ ਮੇਂ ਪ੍ਰਾਨ। ਦਇਆ ਵਿਚੋਂ ਧਰਮ ਪੈਦਾ ਹੋਇਆ ਤੇ ਧਰਮ ਵਿਚੋਂ ਸੰਤੋਖ। ਧਰਮ ਦੇ ਸੱਚੇ ਖੱਬੇ ਦਇਆ ਤੇ ਸੰਤੋਖ ਖੜਿਆ ਹੈ। ਇੰਞ ਕਹਿ ਲਓ ਜੇ ਦਇਆ ਮਾਂ ਹੈ ਤਾਂ ਸੰਤੋਖ ਪਿਤਾ। ਦਇਆ ਵਿਚੋਂ ਸੇਵਾ ਦਾ ਜਨਮ ਹੁੰਦਾ ਹੈ ਤੇ ਸੰਤੋਖ ਵਿਚੋਂ ਸਿਮਰਨ ਦਾ। ਜਿਵੇਂ ਜਿਵੇਂ ਸੇਵਾ ਵਿਚ ਲੀਨ ਹੋ ਕੇ ਮਨੁੱਖ ਨਾਲ ਨਾਲ ਸਿਮਰਨ ਕਰਦਾ ਹੈ ਤਾਂ ਧਰਮ ਨੂੰ ਇਕ ਸ਼ਿੰਗਾਰ ਮਿਲ ਜਾਂਦਾ ਹੈ। ਧਰਮ ਵਿਚੋਂ ਦਇਆ ਤੇ ਸਿਮਰਨ ਕੱਢ ਦਈਏ ਤਾਂ ਧਰਮ ਸਿਰਫ਼ ਇਕ ਲਾਸ਼ ਦੀ ਤਰ੍ਹਾਂ ਮੁਰਦਾ ਹੋ ਜਾਂਦਾ ਹੈ। ਐਸੇ ਧਰਮੀ ਲੋਕਾਂ ਕੋਲੋਂ ਵੈਰ ਵਿਰੋਧ ਦੇ ਭੇਦ ਦੀ ਸੜ੍ਹਾਂਦ ਆਉਣ ਲੱਗ ਪੈਂਦੀ ਹੈ।
ਐਸੇ ਧਰਮੀ ਲੋਕਾਂ ਕੋਲ ਬੈਠਣਾ ਬਹੁਤ ਔਖਾ ਹੈ ਜੋ ਦਇਆ ਤੇ ਸੰਤੋਖ ਤੋਂ ਕੋਰੇ ਹਨ। ਦਿਆਲੂ ਮਨੁੱਖ ਦੇ ਦਰਸ਼ਨ ਅਠਸਠ ਤੀਰਥਾਂ ਦਾ ਇਸ਼ਨਾਨ ਹੈ:- ਅਠਸਠ ਤੀਰਥ ਸਗਲ ਪੁੰਨ ਜੀਅ ਦਇਆ ਪ੍ਰਵਾਨੁ॥ {ਬਾਰਹਮਾਹਾ ਮਾਝ ਮਹਲਾ ੫} ਦਇਆ ਤੋਂ ਬਿਨਾਂ ਕੀਤੀ ਗਈ ਸੇਵਾ ਵਪਾਰ ਹੈ, ਇਕ ਰਾਜਨੀਤੀ ਹੈ, ਰਾਜਨੀਤਕ ਵੀ ਲੋਕਾਂ ਨੂੰ ਇਹ ਆਖ ਕੇ ਠੱਗਦਾ ਹੈ ਕਿ ਮੈਂ ਦੇਸ਼ ਕੌਮ ਦੀ ਸੇਵਾ ਕਰਨੀ ਹੈ। ਰਾਜਨੀਤਕ ਦੀ ਸੇਵਾ ਵਿਚ ਸੁਆਰਥ ਹੈ। ਦਿਆਲੂ ਦੀ ਸੇਵਾ ਵਿਚ ਅਨੰਦ ਹੈ। ਦਇਆ ਤੋਂ ਜੋ ਸੇਵਾ ਨਿਕਲਦੀ ਹੈ, ਉਹ ਸੇਵਾ ਅੱਗੇ ਅਨੰਦ ਨੂੰ ਜਨਮ ਦੇਂਦੀ ਹੈ। ਸੰਤੋਖ ਤੋਂ ਹੀਣਾ ਸਿਮਰਨ ਇਕ ਪਖੰਡ ਹੁੰਦਾ ਹੈ ਤੇ ਪਾਖੰਡ ਅਹੰਕਾਰ ਨੂੰ ਜਨਮ ਦੇਂਦਾ ਹੈ।
ਜਿਹੜੀ ਦਇਆ ਸੇਵਾ ਨੂੰ ਜਨਮ ਨਾ ਦੇ ਸਕੇ ਉਹ ਬਾਂਝ ਹੈ। ਜੈਨੀ ਸਾਧੂਆਂ ਕੋਲ ਬਾਂਝ ਦਇਆ ਹੈ। ਉਨ੍ਹਾਂ ਦੀ ਦਇਆ ਸੇਵਾ-ਹੀਨ ਹੈ। ਜੈਨ ਮੁਨੀ ਅਕਸਰ ਅਹੰਕਾਰੀ ਦੇਖੇ ਗਏ ਹਨ ਤੇ ਅਹੰਕਾਰ ਪਾਪ ਦਾ ਮੂਲ ਹੈ। ਅੱਜ ਦੇ ਸੰਸਾਰ ਵਿਚ ਦਇਆ ਮਿਟਦੀ ਜਾ ਰਹੀ ਹੈ ਤੇ ਜਦ ਦਇਆ ਹੀ ਨਹੀਂ ਤਾਂ ਧਰਮ ਕਿਥੇ? ਧਰਮ ਗਿਆ ਤਾਂ ਸੰਤੋਖ ਆਪਣੇ ਆਪ ਚਲਾ ਜਾਂਦਾ ਹੈ। ਇਸ ਲੜੀ ਨੂੰ ਇਸ ਤਰ੍ਹਾਂ ਜੋੜੀਏ-ਜਿਥੇ ਦਇਆ ਹੈ, ਉਥੇ ਸੇਵਾ ਹੈ, ਜਿਥੇ ਸੇਵਾ ਹੈ ਉਥੇ ਧਰਮ ਹੈ, ਜਿਥੇ ਧਰਮ ਹੈ ਉਥੇ ਸੰਤੋਖ ਹੈ, ਜਿਥੇ ਸੰਤੋਖ ਹੈ ਉਥੇ ਸਿਮਰਨ ਹੈ ਤੇ ਜਿਥੇ ਸਿਮਰਨ ਹੈ ਉਥੇ ਅਕਾਲ ਪੁਰਖ ਆਪ ਹੈ।