ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨੑ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਰਹਮਾਹਾ ਬਾਣੀ ਦੇ ਰਾਹੀਂ ਅਸੂ ਦੇ ਮਹੀਨੇ ਦਾ ਉਪਦੇਸ਼ ਤੇ ਸੰਦੇਸ਼ ਭਾਦਰੋਂ ਮਹੀਨੇ ਦਾ ਵੱਟ, ਜਿਸ ਨੇ ਮਨ ਨੂੰ, ਤਬੀਅਤ ਨੂੰ ਬੇਚੈਨ ਕੀਤਾ। ਆਮ ਮੁਹਾਵਰਾ ਕਿ ਭਾਦੋਂ ਦੇ ਮਹੀਨੇ ਦਾ ਸਤਾਇਆ ਹੋਇਆ ਜੱਟ ਸਾਧ ਬਣ ਜਾਂਦਾ ਹੈ। ਉਸ ਵੱਟ ਦੀ ਬੇਚੈਨੀ ਅਸੂ ਦੇ ਮਹੀਨੇ ਖ਼ਤਮ ਹੋਈ। ਠੰਢੀ, ਮਿੱਠੀ ਰੁੱਤ, ਜੋ ਸਹਿਨ ਹੋ ਸਕਦੀ ਹੈ, ਬਰਦਾਸ਼ਤ ਹੋ ਸਕਦੀ ਹੈ, ਸਮਤਲ, ਸਮਾਨ। ਹਕੀਕਤ ਇਹ ਹੈ ਕਿ ਮਨ ਨੂੰ ਉਦੋਂ ਹੀ ਅਨੰਦ ਆਉਂਦਾ ਹੈ, ਜਦ ਇਹ ਸਮਤਲ ਦੇ ਵਿਚ ਹੋਵੇ। ਬਿਲਕੁਲ ਦਰਮਿਆਨੀ ਅਵਸਥਾ ਵਿਚ ਹੀ ਸੁਖ ਹੈ। ਅਤਿ ਅਕਸਰ ਉਦਤਾਹਟ ਨੂੰ ਜਨਮ ਦੇਂਦੀ ਹੈ। ਉਕਤਾਹਟ ਥਕਾਵਟ ਤੇ ਬੇਰਸੀ ਪੈਦਾ ਕਰਦੀ ਹੈ। ਅਸੂ ਦੀ ਠੰਢੀ ਮਿੱਠੀ ਰੁੱਤ, ਸਾਹਿਬ ਕਹਿੰਦੇ ਨੇ ਜੀਵ ਰੂਪੀ ਇਸਤ੍ਰੀ ਅੰਦਰ ਪ੍ਰਭੂ ਦੇ ਮਿਲਣ ਦੀ ਚਾਹਤ ਪੈਦਾ ਹੋਈ, ਤਰੰਗ ਪੈਦਾ ਹੋਈ। ਮਹੀਨੇ ਦਾ ਆਪਣਾ ਅਸਰ। ਇਹ ਮਹੀਨਾ ਐਸਾ ਕਿ ਮਨੁੱਖ ਦੇ ਮਨ ਨੂੰ ਅੰਦੋਲਤ ਕਰਦਾ ਹੈ ਔਰ ਮਨੁੱਖ ਦਾ ਮਨ ਮਿਲਣਾ ਚਾਹੁੰਦਾ ਹੈ। "ਅਸੁਨਿ ਪ੍ਰੇਮ ਉਮਾਹੜਾ"-ਜਿਥੇ ਸੰਸਾਰਕ ਤਲ ਤੇ, ਇਸ਼ਕ ਮਜ਼ਾਜ਼ੀ ਦੇ ਤਲ ਤੇ ਜੀਵਾਂ ਦੇ ਅੰਦਰ ਖਿਚ ਪੈਦਾ ਹੁੰਦੀ ਹੈ, ਉੱਥੇ ਇਸ਼ਕ ਹਕੀਕੀ, ਧਾਰਮਿਕ ਜਿਹੜੇ ਜਗਿਆਸੂ ਲੋਕ ਨੇ, ਉਨ੍ਹਾਂ ਦੇ ਮਨ ਵਿਚ ਵੀ ਇਹ ਮਹੀਨਾ ਆਪਣੇ ਢੰਗ ਦਾ ਪ੍ਰਭਾਉ ਪਾਉਂਦਾ ਹੈ, ਜਿਸ ਦਾ ਉਪਦੇਸ਼ ਸਾਹਿਬ ਇੰਝ ਦਿੰਦੇ ਨੇ:- ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥
ਅਸੂ ਦੇ ਮਹੀਨੇ ਵਿਚ ਜਗਿਆਸੂ ਦੇ ਅੰਦਰ, ਜੀਵ ਰੂਪੀ ਇਸਤ੍ਰੀ ਦੇ ਅੰਦਰ ਉਮਾਹ ਪੈਦਾ ਹੋਇਆ, ਕਿਵੇਂ ਹਰੀ ਦਾ ਮਿਲਾਪ ਹੋਵੇ? ਕਿਵੇਂ ਹਰੀ ਮਿਲਨ ਨਸੀਬ ਹੋਵੇ? ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਮਨ ਦੇ ਅੰਦਰ, ਤਨ ਦੇ ਅੰਦਰ ਪ੍ਰਭੂ ਮਿਲਣ ਦੀ ਬੜੀ ਆਸ। ਦਰਸ਼ਣਾਂ ਦੀ ਘਣੀ ਚਾਹਤ। ਹੇ ਮਾਂ, ਕੋਈ ਵੀ ਆ ਕੇ ਮਿਲਾਵੇ। ਅਤੀ ਪੀੜਾ ਦੇ ਸਮੇਂ ਜ਼ਬਾਨ 'ਚ' ਨਿਕਲ ਜਾਂਦਾ ਹੈ, "ਉਈ ਮਾਂ", "ਹੇ ਮਾਂ"। ਮਾਂ ਦਾ ਸੰਬੰਧ ਬਹੁਤ ਗਹਿਰਾ ਹੈ। ਜਦ ਵੀ ਕੋਈ ਦੁੱਖ ਅਚਾਨਕ ਚੋਟ ਕਰੇ ਤਾਂ ਮਾਂ ਸ਼ਬਦ ਦਾ ਮੂੰਹੋਂ ਨਿਕਲ ਜਾਣਾ ਸੁਭਾਵਿਕ ਹੈ। ਚੋਟ ਧਾਰਮਿਕ ਦੁਨੀਆਂ ਵਿਚ ਵੀ ਸਾਧਕ ਲੋਕ ਖਾਂਦੇ ਨੇ ਔਰ ਉਹ ਚੋਟ ਹੈ ਬਿਰਹੇ ਦੀ। ਫਿਰ ਪਾਤਸ਼ਾਹ ਇਸ ਦਾ ਇਸ ਤਰ੍ਹਾਂ ਜਵਾਬ ਦਿੰਦੇ ਨੇ, ਜੀਵ ਰੂਪੀ ਇਸਤ੍ਰੀ ਨੂੰ ਸਮਝਾਂਦਿਆਂ ਹੋਇਆ:- ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਉਹ ਜੋ ਪ੍ਰੇਮ ਅੱਸੂ ਦੇ ਮਹੀਨੇ 'ਚ ਪੈਦਾ ਹੋਇਆ, ਸੰਤ ਜਨ ਉਸ ਵਿਚ ਸਹਾਇਕ ਨੇ, ਉਸ ਵਿਚ ਵਾਧਾ ਕਰਦੇ ਨੇ ਤਾਂ ਕਿ ਪ੍ਰੇਮ ਟੁੱਟੇ ਨਾ, ਪ੍ਰੇਮ ਮੱਧਮ ਨਾ ਪਵੇ। ਸਤਿ-ਸੰਗੀਆਂ ਤੋਂ ਹੋਰ ਉਮੰਗ ਵਧਦੀ ਏ। ਪ੍ਰੇਮ ਕੋਈ ਗੁਣ ਨਹੀਂ ਹੈ, ਅਵਸਥਾ ਹੈ। ਪ੍ਰੇਮ ਇਕ ਹਾਲਤ ਹੈ। ਜਿਸ ਨੂੰ ਬਾਰ ਬਾਰ ਯਾਦ ਕਰੀਏ, ਕੀਤੀ ਹੋਈ ਯਾਦ ਪ੍ਰੇਮ ਬਣ ਜਾਂਦੀ ਹੈ। ਜੈਸੇ ਛਕਿਆ ਹੋਇਆ ਭੋਜਨ ਕੁਝ ਸਮੇਂ ਤੋਂ ਬਾਅਦ ਪਚ ਕੇ ਰਸ ਬਣ ਜਾਂਦਾ ਹੈ, ਖੂਨ ਬਣ ਜਾਂਦਾ ਹੈ, ਇਸ ਤਰ੍ਹਾਂ ਦਿਨ ਰਾਤ ਜਿਸ ਨੂੰ ਯਾਦ ਕਰਦੇ ਰਹੀਏ ਜਪੁ ਦੁਆਰਾ ਜਾਂ ਹੋਰ ਅਨੇਕਾ ਸਾਧਨਾਂ ਦੁਆਰਾ ਕੁਝ ਪੜ੍ਹ ਕੇ ਕੁਝ ਸੁਣ ਕੇ ਯਾਦ ਕਰਦੇ ਰਹੀਏ, ਯਾਦ ਹੀ ਇਕ ਦਿਨ ਪ੍ਰੇਮ ਬਣ ਜਾਂਦੀ ਏ। ਜਿਨ੍ਹੇ ਦੈਵੀ ਗੁਣ ਨੇ, ਉਨ੍ਹਾਂ ਵਿਚੋਂ ਪ੍ਰੇਮ ਸਿਰਮੌਰ ਹੈ। ਬਹੁਤ ਸਾਰੇ ਗੁਣ, ਕਲਾ ਐਸੀਆਂ ਨੇ ਜੋ ਸਿੱਖੀਆਂ ਜਾ ਸਕਦੀਆਂ ਨੇ, ਸਿਖਾਈਆਂ ਜਾ ਸਕਦੀਆਂ ਨੇ, ਇਕ ਪ੍ਰੇਮ ਹੀ ਹੈ, ਨਾ ਸਿਖਿਆ ਜਾ ਸਕਦਾ, ਨਾ ਸਿਖਾਇਆ ਜਾ ਸਕਦਾ ਹੈ। ਬੱਸ ਅਨੰਦ ਮਾਣਿਆ ਜਾ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤਾਂ ਇਹ ਫਰਮਾਨ ਕਿ ਪ੍ਰਮਾਤਮਾ ਦੀ ਮੂਰਤੀ ਹੈ। ਉਹ ਜਿੱਧਰ ਕਿੱਧਰ ਵੀ ਰਮਿਆਂ ਹੋਇਆ ਹੈ, ਪਿਆਰ ਰੂਪ ਹੋ ਕੇ ਰਮਿਆਂ ਹੈ। ਜੱਤ੍ਰ ਤੱਤ੍ਰ ਦਿਸਾ ਵਿਸਾ ਹੋਇ ਫੈਲਿਓ ਅਨੁਰਾਗ॥੮੦॥
(ਜਾਪੁ ਸਾਹਿਬ) ਜਦ ਉਹ ਅਨੁਰਾਗ ਹੈ, ਜਦ ਉਹ ਪ੍ਰੇਮ ਹੈ, ਜਦ ਉਹ ਪਿਆਰ ਹੈ ਤਾਂ ਫਿਰ ਉਸ ਦੀ ਪ੍ਰਾਪਤੀ ਦਾ ਸਾਧਨ ਵੀ ਪਿਆਰ ਹੈ। ਸਹਿਬ ਕਹਿੰਦੇ ਨੇ:- ਸਾਚ ਕਹੋਂ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ॥੮॥
(ਪਾ. ੧੦ ਸਵੲਯੇ) ਅੱਗੇ ਕਹਿੰਦੇ ਨੇ:- ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਪ੍ਰੇਮ ਦਾ ਉਤਸ਼ਾਹ, ਉਮੰਗ ਜਦ ਹਲੋਰੇ ਲੈਂਦਾ ਹੈ ਤਾਂ ਇਕ ਸੂਝ ਮਿਲਦੀ ਏ, ਇਕ ਸਮਝ ਮਿਲਦੀ ਏ-ਪ੍ਰਭੂ ਤੋਂ ਬਿਨਾਂ ਸੁਖ ਕਿਥੇ? ਕੋਈ ਐਸਾ ਦੂਸਰਾ ਟਿਕਾਣਾ ਨਹੀਂ, ਜਿੱਥੇ ਜੀਅ ਕੇ, ਜਿਥੇ ਰਹਿ ਕੇ ਮਨੁੱਖ ਸੁੱਖ ਮਾਣ ਸਕੇ। ਸੁੱਖ ਤੇ ਪ੍ਰਭੂ ਦੀ ਗੋਦ ਵਿਚ ਹੈ। ਉਸ ਨੂੰ ਨਸੀਬ ਹੁੰਦਾ ਹੈ, ਜੋ ਉਸ ਨੂੰ ਯਾਦ ਕਰਦੇ ਨੇ, ਚਿੰਤਨ ਕਰਦੇ ਨੇ। ਉਹਦੀਆਂ ਡੂੰਘੀਆਂ ਲਹਿਰਾਂ ਦੇ ਵਿਚ ਆਪਣੇ ਆਪ ਨੂੰ ਮਿਟਾਉਂਦੇ ਨੇ। ਜਿੰਨੑ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਕਹਿੰਦੇ ਨੇ ਇਕੋ ਇਕ ਅਵਸਥਾ ਪ੍ਰੇਮ ਦੀ ਹੈ, ਜੋ ਬੰਦੇ ਨੂੰ ਮੁਕਤ ਕਰ ਦਿੰਦੀ ਹੈ, ਮਹਾਨ ਬਣਾ ਦਿੰਦੀ ਹੈ। ਬਾਕੀ, 'ਤੇ ਭੁੱਖ ਬਣੀ ਰਹਿੰਦੀ ਹੈ। ਗਿਆਨੀ ਦੇ ਅੰਦਰ ਭੁੱਖ ਬਣੀ ਰਹਿੰਦੀ ਏ। ਦਾਨੀ ਦੇ ਅੰਦਰ ਵੈਰ ਵਿਰੋਧ ਬਣਿਆ ਰਹਿੰਦਾ। ਮਹਾਨ ਕਲਾ, ਸੇਵਾ ਕਰਨ ਦੇ ਅੰਦਰ ਵੀ ਈਰਖਾ ਬਣੀ ਰਹਿੰਦੀ ਹੈ। ਤ੍ਰਿਪਤੀ ਪ੍ਰੇਮ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਪ੍ਰੇਮ ਜਦ ਪੂਰਨ ਰੂਪ 'ਚ ਉਦੈ ਹੁੰਦਾ ਹੈ ਤਾਂ ਅੰਦਰ ਕੋਈ ਮੰਗ ਨਹੀਂ ਰਹਿੰਦੀ। ਪ੍ਰੇਮੀ ਦਾਤਾ ਹੁੰਦਾ ਹੈ, ਪ੍ਰੇਮੀ ਮੰਗਤਾ ਨਹੀਂ ਹੁੰਦਾ। ਪਰ ਪ੍ਰੇਮ ਉਹੀ ਪ੍ਰੇਮ ਹੈ, ਜੋ ਪ੍ਰਮਾਤਮਾ ਨਾਲ ਹੋਵੇ। ਪ੍ਰਮਾਤਮਾ ਪੂਰਨ ਹੈ ਤਾਂ ਪ੍ਰੇਮ ਵੀ ਪੂਰਨ ਹੈ। ਉਸ ਪ੍ਰੇਮ ਵਿਚ ਫਿਰ ਘਾਟਾ ਨਹੀਂ ਹੁੰਦਾ, ਜਦ ਇਕ ਦਫਾ ਉਹ ਪੂਰਨ ਹੋ ਜਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ, ਖਾਲਸਾ ਹੀ ਉਹ ਹੈ ਜਿਸ ਦੇ ਅੰਦਰ ਪ੍ਰੇਮ ਪੈਦਾ ਹੋਵੇ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ, ਮੜੀ, ਮਟ, ਭੂਲ ਨ ਮਾਨੈ॥
ਸਾਹਿਬ ਕਹਿੰਦੇ ਨੇ:- ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜਿਸ ਦੇ ਅੰਦਰ ਪ੍ਰੇਮ ਉਦੈ ਹੋਇਆ ਹੈ, ਜੋ ਪ੍ਰੇਮ ਦਾ ਰਸ ਚਖ ਰਿਹਾ ਹੈ, ਉਸ ਦੇ ਅੰਦਰ ਅਪਣੱਤ ਨਹੀਂ ਹੁੰਦੀ, ਹੰਕਾਰ ਨਹੀਂ ਹੁੰਦਾ। ਉਹ ਸਭ ਤੋਂ ਵੱਡਾ ਜੋ ਤਿਆਗ ਕਰਦੇ ਨੇ, ਹੰਕਾਰ ਨਹੀਂ ਹੁੰਦਾ। ਉਹ ਸਭ ਤੋਂ ਵੱਡਾ ਜੋ ਤਿਆਗ ਕਰਦੇ ਨੇ, ਹੰਕਾਰ ਦਾ ਤਿਆਗ ਕਰਦੇ ਨੇ, ਮਹਾਨ ਤਿਆਗ ਹੈ ਆਪਣੇ ਆਪ ਦਾ ਤਿਆਗ। ਹੋਰ ਕੁਝ ਵੀ ਤਿਆਗੀਏ ਉਹ ਤੁਛ ਤਿਆਗ ਹੈ। ਧਨ ਦਾ ਤਿਆਗ, ਪੁੱਤਰਾਂ ਧੀਆਂ ਦਾ ਤਿਆਗ, ਮਹਿਲ-ਮਾੜਿਆਂ ਦਾ ਤਿਆਗ, ਰਾਜ-ਸੱਤਾ ਦਾ ਤਿਆਗ, ਹੰਕਾਰ ਦੇ ਤਿਆਗ ਅੱਗੇ ਤੁੱਛ ਹੈ। ਜਾਂ ਫਿਰ ਇੰਝ ਕਹਿ ਲਉ, ਅਗਰ ਹੰਕਾਰ ਨਹੀਂ ਤਿਆਗਿਆ ਤਾਂ ਫਿਰ ਕੁਝ ਵੀ ਨਹੀਂ ਤਿਆਗਿਆ। ਭਗਤ ਕਬੀਰ ਜੀ ਦਾ ਫੈਸਲਾ:- ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ॥
(ਅੰਗ ੧੩੭੨) ਮਾਨੋਂ ਮਨ ਤੋਂ ਆਪਣੀ ਹੋਂਦ ਦਾ ਤਿਆਗ ਕਰ ਦਿੰਦੇ ਨੇ ਤੇ ਹਰ ਵਕਤ ਬੇਨਤੀ ਵਿਚ ਰਹਿੰਦੇ ਨੇ ਕਿ ਹੇ ਪ੍ਰਭੂ! ਆਪਣੇ ਲੜ ਲਾਕੇ ਰੱਖ। ਇੰਝ ਉਹ ਪ੍ਰਾਰਥਨਾ 'ਚ ਜੀਉਂਦਾ ਹੈ। ਆਖਰ ਇਹ ਅਰਦਾਸ ਕਬੂਲ ਹੁੰਦੀ ਏ ਤੇ ਫਿਰ ਪ੍ਰਮਾਤਮਾ ਪ੍ਰਵਾਨ ਕਰਦਾ ਹੈ। ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਜਿਨ੍ਹਾਂ ਨੂੰ ਹਰੀ ਕੰਤ ਆਪਣੇ ਨਾਲ ਮਿਲਾ ਦਿੰਦਾ ਹੈ ਫਿਰ ਵਿਛੋੜਾ ਕਦੇ ਹੁੰਦਾ ਹੀ ਨਹੀਂ। ਇਹੋ ਹੀ ਇਕ ਮਿਲਾਪ ਹੈ ਜਿਥੇ ਵਿਛੋੜਾ ਹੁੰਦਾ ਹੀ ਨਹੀਂ। ਮਿੱਤਰਾਂ ਦਾ ਮਿਲਾਪ ਹੈ, ਆਖਰ ਇਕ ਦਿਨ ਵਿਛੋੜਾ। ਪਤੀ, ਪਤਨੀ, ਪਰਿਵਾਰ ਦਾ ਮਿਲਾਪ ਹੈ, ਆਖਰ ਇਕ ਦਿਨ ਵਿਛੋੜਾ ਹੈ। ਹੋਰ ਕੋਈ ਕਾਰਨ ਅਗਰ ਵਿਛੋੜ ਨਾ ਸਕੇ ਤਾਂ ਮੌਤ ਤਾਂ ਵਿਛੋੜ ਹੀ ਦਿੰਦੀ ਹੈ। ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਇਸ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ, ਸਦੀਵੀ ਮਿਲਾਪ ਦਾ ਅਨੰਦ ਦੇਣ ਵਾਲਾ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, "ਅਸੀਂ ਉਸ ਦੀ ਸ਼ਰਨ ਵਿਚ ਹਾਂ।" ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥
ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਮਿਲਾਪ ਹੋ ਗਿਆ, ਰਹਿਮਤ ਹੋ ਗਈ, ਪ੍ਰੇਮ ਦੀ ਉਮੰਗ ਤਰੰਗ ਪੈਦਾ ਹੋ ਗਈ, ਸਾਹਿਬ ਕਹਿੰਦੇ ਨੇ, "ਅਸੂ ਦਾ ਮਹੀਨਾ ਸਾਰੇ ਦਾ ਸਾਰਾ ਉਨ੍ਹਾਂ ਦਾ ਸੁੱਖਾਂ ਨਾਲ ਬਤੀਤ ਹੁੰਦਾ ਹੈ, ਅਨੰਦ ਨਾਲ ਬਤੀਤ ਹੁੰਦਾ ਹੈ, ਰਸ ਨਾਲ ਬਤੀਤ ਹੁੰਦਾ ਹੈ।"