Tapash te Seet

Giani Sant Singh ji Maskeen · ਕਥਾ ਅਤੇ ਲੈਕਚਰ · ੨੭੪ / ੩੧੨

ਤਪਸ਼ ਤੇ ਸੀਤ ਪ੍ਰਾਕਿਰਤਕ ਮੰਡਲ ਵਿਚ ਸੂਰਜ ਤੇ ਧਰਤੀ ਦੀ ਗਰਦਿਸ਼ ਨਾਲ ਰੁੱਤਾਂ ਬਦਲਦੀਆਂ ਹਨ। ਇਨ੍ਹਾਂ ਰੁੱਤਾਂ ਵਿਚੋਂ ਇਕ ਰੁੱਤ ਗਰਮੀ ਦੀ ਹੈ। ਜਦ ਤਪਸ਼ ਨਾਲ ਸਰੋਵਰਾਂ ਦਾ ਜਲ ਸੁੱਕ ਜਾਂਦਾ ਹੈ, ਖੂਹਾਂ ਵਿਚ ਪਾਣੀ ਘਟ ਜਾਂਦਾ ਹੈ ਯਾ ਮੁੱਕ ਜਾਂਦਾ ਹੈ। ਨਦੀਆਂ ਦਾ ਵੇਗ ਵੀ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਕੋਈ ਬਿਰਧ ਲਾਠੀ ਦੇ ਸਹਾਰੇ ਹੌਲੇ ਹੌਲੇ ਚਲ ਰਿਹਾ ਹੋਵੇ। ਦਰਖ਼ਤਾਂ ਦੀਆਂ ਜੀਵਨ-ਸ਼ਾਖਾਂ ਕੁਮਲਾਈਆਂ ਹੋਈਆਂ ਤੇ ਪਹਾੜਾਂ ਤੋਂ ਹਰੀ ਚੱਦਰ ਇਕ ਪਾਸੇ ਹੋ, ਵਿਚਾਰੇ ਨਗਨ ਰਹਿ ਜਾਂਦੇ ਹਨ। ਪਿਆਸੇ ਪੰਛੀ ਧਰਤੀ ਦੀ ਕੁੱਖ ਖ਼ਾਲੀ ਵੇਖ, ਉਪਰ ਨੂੰ ਤੱਕਣ ਲੱਗ ਪੈਂਦੇ ਹਨ। ਤਪਦੀ ਲੂਹ ਨਾਲ ਜੀਵਨ ਝੁਲਸ ਜਾਂਦਾ ਹੈ ਤਾਂ ਅੰਤਰ-ਆਤਮੇ ਠੰਢ ਦੀ ਮੰਗ ਜਾਗਦੀ ਹੈ। ਅਤੀ ਗਰਮੀ ਨਾਲ ਫਲ ਫੁੱਲ ਸੜ ਜਾਂਦੇ ਹਨ। ਧਰਤੀ ਦੀ ਇਹ ਦੀਨ-ਦਸ਼ਾ ਵੇਖ, ਸਮੁੰਦਰ ਰਹਿਮਤ ਦੇ ਘਰ ਵਿਚ ਆਇਆ; ਬੱਦਲ ਰੂਪ ਬਣ ਕੇ ਉਛਲਿਆ ਤੇ ਥਾਂ ਥਾਂ ਤੇ ਬਰਸਿਆ, ਧਰਤੀ ਨੂੰ ਸ਼ਿੰਗਾਰ ਮਿਲਿਆ, ਨਦੀਆਂ ਦੇ ਵੇਗ ਨੂੰ ਜੋਬਨ ਮਿਲਿਆ, ਸਰੋਵਰਾਂ ਨੂੰ ਸਰਮਾਇਆ ਮਿਲਿਆ, ਪੰਛੀਆਂ ਦੇ ਕੰਠ ਨੂੰ ਤਾਜ਼ਗੀ ਮਿਲੀ, ਗੀਤ ਸੰਗੀਤ ਦਾ ਜਨਮ ਹੋਇਆ, ਪਹਾੜਾਂ ਦਾ ਨੰਗੇਜ਼ ਢੱਕਿਆ ਤੇ ਦਰਖ਼ਤ ਸੌਂਤਰੇ ਹੋਏ। ਦ੍ਰਿਸ਼ਮਾਨ ਪ੍ਰਾਕਿਰਤਕ ਮੰਡਲ ਤੋਂ ਬਾਅਦ ਸੂਖਮ ਮੰਡਲ ਦੀ ਆਪਣੀ ਖ਼ਾਸ ਦੁਨੀਆਂ ਹੈ। ਮਨ ਦੀ ਗਰਦਿਸ਼ ਨਾਲ ਆਤਮ-ਮੰਡਲ ਵਿਚ ਤਪਸ਼ ਪੈਦਾ ਹੋ ਜਾਂਦੀ ਹੈ। ਤ੍ਰਿਸ਼ਨਾ, ਕ੍ਰੋਧ, ਲੋਭ ਦੀ ਅੱਗ ਨਾਲ ਰੂਹਾਨੀ ਗੁਣਾਂ ਦੇ ਬੂਟੇ ਸੜ ਜਾਂਦੇ ਹਨ: ਦਾਵਾ ਅਗਨਿ ਬਹੁਤੁ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥
{ਆਸਾ ਮਹਲਾ ੫, ਪੰਨਾ ੩੮੪} ਯਥਾ: ਅਗਨਿ ਸਾਗਰ ਬੂਡਤ ਸੰਸਾਰਾ॥
{ਬਿਲਾਵਲ ਮਹਲਾ ੫, ਪੰਨਾ ੮੦੪} ਸਾਰੇ ਗੁਣ ਸੀਤਲ ਹਨ, ਤੇ ਸਾਰੇ ਹੀ ਅਵਗੁਣ ਗਰਮ ਹਨ। ਦਇਆ, ਸੀਲ, ਸੰਜਮ, ਸੰਤੋਖ, ਸਬਰ, ਖਿਮਾਂ ਸਭ ਠੰਢੇ ਹਨ, ਪਰ ਲੋਭ, ਕ੍ਰੋਧ, ਹੰਕਾਰ, ਕਾਮ, ਵੈਰ, ਵਿਰੋਧ ਸਭ ਗਰਮ ਹਨ। ਅਵਗੁਣਾਂ ਦੀ ਗਰਮੀ ਨਾਲ ਜਦ ਅੰਤਹਕਰਣ ਤਪਦਾ ਹੈ ਤਾਂ ਪ੍ਰਭੂ-ਗੁਣਾਂ ਦੀ ਮੰਗ ਪੈਦਾ ਹੁੰਦੀ ਹੈ: ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ॥
ਬਾਵਲਿ ਹੋਈ ਸੋ ਸਹੁ ਲੋਰਉ॥
{ਸੇਖ ਫਰੀਦ ਜੀ, ਪੰਨਾ ੭੯੪} ਈਸ਼ਵਰ-ਰੂਪੀ ਸਾਗਰ ਮਿਹਰ ਦੇ ਘਰ ਆ, ਗੁਰੂ ਬੱਦਲ-ਰੂਪ ਬਣ ਬਰਸਦਾ ਹੈ ਅਤੇ ਸਾਗਰ ਹੀ ਬੱਦਲ ਬਣ ਕੇ ਬਰਸਦਾ ਹੈ। ਪ੍ਰਮਾਤਮਾ ਹੀ ਗੁਰੂ ਬਣ ਬਰਸਦਾ ਹੈ: ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵਲਾਇ॥
ਸਚੈ ਸੁਣਿਆ ਕੰਨੁ ਦੇ ਧੀਰਕ ਦੇਵੈ ਸਹਜਿ ਸੁਭਾਇ॥
ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ॥
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ॥
{ਮ:੩, ਪੰਨਾ ੧੨੮੧} ਗੁਰੂ-ਰੂਪ ਬੱਦਲ ਜਦ ਬਰਸਦਾ ਹੈ ਤਾਂ ਸਤਿਸੰਗ ਦੇ ਸਰੋਵਰ ਨਾਮ-ਰਸ ਨਾਲ ਭਰ ਜਾਂਦੇ ਹਨ: ਕਬੀਰ ਅੰਬਰ ਘਨਹਰ ਛਾਇਆ ਬਰਖਿ ਭਰੇ ਸਰਤਾਲ॥
ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ॥
{ਸਲੋਕ ਕਬੀਰ, ਪੰਨਾ ੧੩੭੧} ਨਾਮ-ਜਲ ਨਾਲ ਜਦ ਧਰਤੀ ਸੀਤਲ ਹੁੰਦੀ ਹੈ ਤਾਂ ਅੰਤਹਕਰਣ ਦੀ ਧਰਤੀ ਅੰਦਰ ਰੱਬੀ ਗੁਣਾਂ ਦਾ ਚਮਨ ਪੈਦਾ ਹੋ ਜਾਂਦਾ ਹੈ। ਜਲ ਨਾਲ ਹੀ ਸਾਰੀ ਹਰਿਆਵਲੀ ਹੈ: ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
{ਵਾਰ ਆਸਾ} ਨਾਮ-ਜਲ ਨਾਲ ਹੀ ਅਧਿਆਤਮ ਖੇੜਾ ਹੈ। ਕ੍ਰੋਧੀ ਤੇ ਕਾਮੀ ਮਨੁੱਖ ਦੀਆਂ ਅੱਖਾਂ ਵਿਚੋਂ ਅੱਗ ਨਿਕਲਦੀ ਹੈ, ਜਿਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਕੋਲ ਬੈਠਣ ਵਾਲੇ ਦਾ ਹਿਰਦਾ ਝੁਲਸਦਾ ਹੈ। ਨਾਮ-ਰਸ ਨਾਲ ਸੀਤਲ ਮਨੁੱਖ ਕੋਲ ਬੈਠਣ ਕਰਕੇ ਅੰਤਹਕਰਣ ਨੂੰ ਸੀਤਲਤਾ ਮਿਲਦੀ ਹੈ: ਸਾਧ ਕੈ ਸੰਗਿ ਨਹੀ ਕਿਛੁ ਘਾਲ॥
ਦਰਸਨੁ ਭੇਟਤ ਹੋਤ ਨਿਹਾਲ॥
{ਗਉੜੀ ਸੁਖਮਨੀ} ਤਪ ਤਪ ਕੇ ਤਾਂ ਖਪਣਾ ਹੀ ਹੈ: ਤਪਿ ਤਪਿ ਖਪੈ ਬਹੁਤੁ ਬੇਕਾਰ॥
{ਧਨਾਸਰੀ ਮਹਲਾ ੧, ਪੰਨਾ ੬੬੧} ਪਰ ਜਪ ਜਪ ਕੇ ਸੀਤਲ ਹੋਈਦਾ ਹੈ: ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ॥
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ॥
{ਸਲੋਕ, ਪੰਨਾ ੭੦੯}

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ