ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
ਭਾਦੋਂ ਦੇ ਮਹੀਨੇ ਦਾ ਜੋ ਨਾਮ ਰੱਖਿਆ ਗਿਆ ਹੈ। ਬੜਾ ਹੀ ਵਿਗਿਆਨਕ, ਭਾਦੁਇ ਦੋ-ਭਾਅ, ਖਿਨ 'ਚ ਵਰਖਾ ਖਿਨ ਦੇ 'ਚ ਧੁੱਪ। ਕਦੀ ਠੰਢ ਹੋ ਜਾਣੀ, ਕਦੀ ਗਰਮੀ ਹੋ ਜਾਣੀ। ਕਦੌ ਜ਼ੋਰ ਦਾ ਵੱਟ ਪੈ ਜਾਣਾ, ਕਦੀ ਠੰਢੀ ਪਵਨ ਚੱਲ ਪੈਣੀ। ਇਕੋ ਹੀ ਮਹੀਨੇ ਵਿਚ ਇਹ ਦੋ ਤਰ੍ਹਾਂ ਦੇ ਭਾਅ ਇਹ ਦੋ ਵਿਪਰੀਤ ਹਾਲਤਾਂ ਭਾਦੋਂ ਦੇ ਮਹੀਨੇ ਵਿਚ ਵਾਪਰਦੀਆਂ ਹਨ, ਇਸ ਵਾਸਤੇ ਇਸ ਮਹੀਨੇ ਦਾ ਨਾਂ ਬੜਾ ਸੁੰਦਰ ਰੱਖਿਆ ਗਿਆ ਹੈ। ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ। "ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥" ਜੀਵ ਰੁਪੀ ਇਸਤ੍ਰੀ ਭਰਮ ਦੇ ਵਿਚ ਪੈ ਗਈ। ਪ੍ਰਮਾਤਮਾ ਨਾਲ ਹੇਤ ਹੈ, ਪਰ ਪ੍ਰਮਾਤਮਾ ਤੋਂ ਬਿਨਾਂ ਦੂਜੇ ਨਾਲ ਵੀ ਹੇਤ ਹੈ। ਬਿਪਰੀਤ ਦਿਸ਼ਾਵਾਂ ਵੱਲ ਉਸ ਦੀਆਂ ਮਾਨਸਿਕ ਦਿਸ਼ਾਵਾਂ ਜਾ ਰਹੀਆਂ ਹਨ, ਦੋ ਪਾਸੇ ਦੀ ਖਿੱਚ, ਦੋ ਪਾਸੇ ਦੀ ਧਾਵਨਾ। ਛਿਨ ਦੇ ਵਿਚ ਸ਼ਾਂਤਮਈ ਬੈਠੀ ਹੈ, ਛਿਨ ਦੇ ਵਿਚ ਕ੍ਰੋਧਿਤ। ਅਕਸਰ ਦੇਖਣ ਦੇ ਵਿਚ ਆਇਆ ਹੈ, ਬਹੁਤੇ ਮਨੁੱਖ ਭਾਦੋਂ ਦਾ ਮਹੀਨਾ ਹੀ ਬਣ ਕੇ ਰਹਿ ਜਾਂਦੇ ਹਨ, ਕਦੀ ਬੜੀ ਦਯਾ ਉਤਪੰਨ ਹੋ ਜਾਂਦੀ ਏ, ਕਦੀ ਬੜੇ ਕਠੌਰ। ਕਦੇ ਬੜੇ ਮਿਣਸਾਰ ਦਿਖਾਈ ਦੇਂਦੇ ਹਨ ਅਤੇ ਕਦੇ ਬਹੁਤ ਘ੍ਰਿਣਾ ਤੇ ਨਫ਼ਰਤ ਨਾਲ ਭਰੇ ਹੋਏ। ਅਗਰ ਜੀਵਨ ਭਰ ਵਿਚ ਦੋ ਵਿਪਰੀਤ ਦਿਸ਼ਾਵਾਂ ਬਣੀਆਂ ਰਹਿਣ, ਉਹ ਮਨੁੱਖ ਤੇ ਐਸਾ ਹੈ ਜੈਸੇ ਭਾਦੋਂ ਦਾ ਮਹੀਨਾ। ਭਰਮ ਪੈ ਗਿਆ, ਜੋ ਸਮਝੀਏ ਉਹ ਹੋਵੇ ਨਾ, ਉਸ ਨੂੰ ਕਹਿੰਦੇ ਹਨ, "ਭਰਮ"। ਮਾਧਵੇ ਕਿਆ ਕਹੀਏ ਭ੍ਰਮੁ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥੧॥
ਰਹਾਉ॥
ਜੈਸੇ ਗਹਿਰੇ ਅੰਧਕਾਰ ਦੇ ਵਿਚ ਰਸਤੇ ਵਿਚ ਪਈ ਰੱਸੀ ਸੱਪ ਦਿਖਾਈ ਦਿੰਦੀ ਹੈ, ਪਰ ਸੱਪ ਹੈ ਤਾਂ ਨਹੀਂ। ਇਕ ਭਰਮ ਹੈ। ਜਗਤ ਦੇ ਵਿਚ ਜਿਨ੍ਹਾਂ-ਜਿਨ੍ਹਾਂ ਪਦਾਰਥਾਂ ਵਿਚ ਸਾਨੂੰ ਰਸ ਦਿਖਾਈ ਦਿੰਦਾ ਹੈ, ਸੁਖ ਦਿਖਾਈ ਦਿੰਦਾ ਹੈ ਬਸ ਸੁੱਖ ਦਿਖਾਈ ਦਿੰਦਾ, ਪਰ ਹੈ ਨਹੀਂ। ਸੁੱਖ ਤਾਂ ਕੇਵਲ ਪ੍ਰਭੂ ਨਾਮ ਦੇ ਵਿਚ ਹੈ। ਪਦਾਰਥ ਤਾਂ ਕੇਵਲ ਸਰੀਰ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦੇ ਹਨ, ਸੁੱਖ ਨਹੀਂ ਦੇ ਸਕਦੇ, ਅਨੰਦ ਨਹੀਂ ਦੇ ਸਕਦੇ। ਲੋੜਾਂ ਦਾ ਪੂਰਾ ਹੋ ਜਾਣਾ ਕੁਝ ਹੋਰ ਹੈ, ਪਰ ਅਨੰਦਤ ਅਵਸਥਾ ਵਿਚ ਹੋ ਜਾਣਾ ਕੁਝ ਹੋਰ ਗਲ ਹੈ ਤਾਂ ਭਰਮ ਦੇ ਵਿਚ ਤਾਂ ਭੁੱਲਣਾ ਹੀ ਹੈ। ਦੂਜੇ ਪਾਸੇ ਪਿਆਰ ਪੈ ਗਿਆ। ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਲੱਖਾਂ ਤਰ੍ਹਾਂ ਦੇ ਧਾਰਮਿਕ ਅਡੰਬਰ ਕੀਤੇ ਹਨ। ਸੰਗਰਾਂਦ, ਪੁੰਨਿਆ, ਮੱਸਿਆ ਮਨਾਈ ਏ, ਤੀਰਥਾਂ ਦਾ ਰਟਨ ਕੀਤਾ ਹੈ, ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਹਨ, ਪਰ ਅੰਦਰ ਭਰਮ ਹੈ, ਅੰਦਰ ਦੋ-ਭਾਉ ਹਨ। ਮਿਲਾਪ ਦਾ ਜਿਹੜਾ ਇਹ ਕੰਮ ਹੈ, ਉਹ ਸਿਰੇ ਨਹੀਂ ਚੜ੍ਹ ਰਿਹਾ। ਪ੍ਰਭੂ ਮਿਲਣਾ ਨਸੀਬ ਨਹੀਂ ਹੋ ਰਿਹਾ ਅਤੇ ਸਾਰੇ ਦਾ ਸਾਰਾ ਕੀਤਾ ਹੋਇਆ ਸ਼ਿੰਗਾਰ ਵਿਅਰਥ ਜਾ ਰਿਹਾ ਹੈ। ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ॥
ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ॥
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ॥
ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ॥
ਇਹ ਤੂੰ ਜੋ ਚੂੜਾ ਪਹਿਨਿਆ ਹੋਇਆ ਹੈ, ਇਸ ਨੂੰ ਪਲੰਘ ਦੇ ਪਾਵੇ ਨਾਲ ਹੀ ਤੋੜ ਦੇ। ਕਿਉ? ਤੇਰੀਆ ਇਨ੍ਹਾਂ ਬਾਹਵਾਂ ਨੂੰ ਪਤੀ ਦਾ ਕੰਠ ਤਾਂ ਕਦੀ ਨਸੀ ਹੋਇਆ ਨਹੀਂ। ਜੋ ਬਾਹਵਾਂ ਕਦੀ ਹਾਰ ਨਹੀਂ ਬਣੀਆ ਕੰਠ ਦਾ, ਤੋੜ ਦੇ ਉਸ ਚੂੜੇ ਨੂੰ। ਇਤਨਾ ਜ਼ੋਰ ਨਾਲ ਪਾਵੇ 'ਤੇ ਹੱਥ ਮਾਰ, ਤੇਰੀ ਬਾਂਹ ਵੀ ਟੁੱਟ ਜਾਵੇ। ਸ਼ਿੰਗਾਰ ਤਾਂ ਉਹੀ ਮਹਾਨ ਹੈ, ਜੋ ਪਿਆਰਾ ਲੱਗੇ, ਪ੍ਰਵਾਨ ਹੋ ਜਾਵੇ, ਨਹੀਂ ਤਾਂ ਸ਼ਿੰਗਾਰ ਵਿਅਰਥ ਚਲਾ ਜਾਂਦਾ ਹੈ। ਸਤਿਗੁਰੂ ਇਥੇ ਫਰਮਾਨ ਕਰਦੇ ਹਨ ਕਿ ਬੜਾ ਹੀ ਧਾਰਮਿਕ ਸ਼ਿੰਗਾਰ ਕੀਤਾ ਪ੍ਰਭੂ ਦੀ ਪ੍ਰਸ਼ੰਸ਼ਾ ਲਈ। ਦੁਨੀਆ ਵਿਚ ਤਰ੍ਹਾਂ-ਤਰ੍ਹਾਂ ਦੇ ਧਾਰਮਿਕ ਚਿੰਨ੍ਹ ਹਨ, ਧਾਰਮਿਕ ਰੂਪ-ਰੇਖਾ, ਧਾਰਮਿਕ ਸ਼ਿੰਗਾਰ ਹਨ। ਪਰ ਸ਼ਿੰਗਾਰ ਉਹੀ ਮਹਾਨ ਹੈ, ਜੋ ਪ੍ਰਮਾਤਮਾ ਨੂੰ ਪਿਆਰਾ ਲੱਗ ਜਾਏ ਅਤੇ ਪ੍ਰਮਾਤਮਾ ਨੂੰ ਪ੍ਰਵਾਨ ਹੋ ਜਾਏ ਵਰਨਾ ਸਾਰਾ ਸ਼ਿੰਗਾਰ ਵਿਅਰਥ ਚਲਾ ਗਿਆ। ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਇਹ ਸੋਹਣੀ ਦੇਹੀ, ਜਿਸ ਨੂੰ ਹਰ ਵਕਤ ਸ਼ਿੰਗਾਰਿਆ, ਸੰਵਾਰਿਆ ਅਤੇ ਪਿਆਰ ਕੀਤਾ। ਬੜੀ ਹਿਫਾਜ਼ਤ ਨਾਲ ਇਸ ਨੂੰ ਰੱਖਿਆ ਅਤੇ ਬੜਿਆ ਨਾਲ ਸੰਬੰਧ ਜੋੜਿਆ। ਬਹੁਤ ਸਾਰੇ ਤੈਨੂੰ ਸੰਬੰਧੀ ਸਮਝਦੇ ਹਨ, ਪਰ ਜਿਸ ਦਿਨ ਇਸ ਦੇਹੀ ਵਿਚੋਂ ਪ੍ਰਾਣ ਪੰਖੇਰੂ ਉਡ ਜਾਣਗੇ, ਇਹੀ ਸੰਬੰਧੀ ਕਹਿਣਗੇ, "ਇਹ ਤਾਂ ਪ੍ਰੇਤ ਹੈ, ਕੱਢੋ ਘਰ ਵਿਚੋਂ, ਛੇਤੀ ਕੱਢੋ, ਜਲਦੀ ਕੱਢੋ"। ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਨਵੇਂ ਸੰਬੰਧ ਜੁੜਨਗੇ, ਜਮਦੂਤਾਂ ਦੇ ਨਾਲ ਨਵੇਂ ਜਨਮ, ਅਗਲੇ ਜਨਮ। ਇਨ੍ਹਾਂ ਜਮਦੂਤਾਂ ਨੇ ਕਿਹੜੇ ਜਨਮਾਂ ਵਿਚ ਪਾ ਦਿੱਤਾ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਪੁਰਾਣੇ ਸੰਬੰਧੀਆਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਗਿਆ? ਕਿਹੜੀ ਥਾਂ ਜਾ ਕੇ ਜੰਮਿਆ? ਕਿੱਥੇ ਗਰਭ ਵਿਚ ਇਹ ਪ੍ਰਵੇਸ਼ ਕਰ ਗਿਆ? ਕਿਸੇ ਨੂੰ ਕੁਝ ਵੀ ਬੋਧ ਨਹੀਂ। ਲੇਕਿਨ ਦੁੱਖ ਹੈ ਕਿ ਵਿਛੋੜਾ ਹੋ ਗਿਆ। ਦੇਹੀ ਵਿਛੜ ਗਈ। ਸਹਿਬ ਅਗਾਂਹ ਚੱਲ ਕੇ ਫਰਮਾਨ ਕਰਦੇ ਹਨ- ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਜਿਨ੍ਹਾਂ ਨਾਲ ਬੜਾ ਸਨੇਹ ਸੀ, ਜਿਨ੍ਹਾਂ ਤੋਂ ਸਦਕੇ ਜਾਣ ਨੂੰ, ਕੁਰਬਾਨ ਹੋਣ ਨੂੰ ਹਰ ਵਕਤ ਜੀਅ ਕਰਦਾ ਸੀ, ਇਕ ਛਿਨ ਦੇ ਵਿਚ ਹੀ ਸਾਥ ਛੱਡ ਗਏ ਅਤੇ ਸਿਰਫ਼ ਮਰਘਟ ਤੱਕਦਾ ਹੀ ਸਾਧ ਨਿਭਾਇਆ। ਤਨਹਾਈ ਹੀ ਛੋੜ ਕੇ ਚਲੇ ਆਏ, ਸੰਬੰਧ ਟੁੱਟ ਗਏ। ਸਹਿਬ ਕਹਿੰਦੇ ਹਨ- ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਆਖਰੀ ਪ੍ਰਾਣ ਜਦ ਨਿਕਲੇ ਹਨ, ਧਾਰਮਿਕ ਵਿਦਵਾਨਾਂ ਦਾ ਐਸਾ ਕਹਿਣਾ ਹੈ ਕਿ ਆਖਰੀ ਪ੍ਰਾਣ ਨਾਭੀ ਵਿਚ ਹੁੰਦੇ ਹਨ, ਜਿਸ ਨੂੰ ਧੁੰਨੀ ਵੀ ਕਹਿੰਦੇ ਹਨ। ਦਰਅਸਲ ਧੁੰਨ (ਆਵਾਜ਼) ਇਥੋਂ ਹੀ ਉਤਪੰਨ ਹੁੰਦੀ ਏ। ਜਦ ਧੁੰਨੀ ਤੋਂ ਇਹ ਆਵਾਜ਼ ਉੱਠਦੀ ਹੈ, ਇਸ ਨੂੰ ਕਹਿੰਦੇ ਨੇ, "ਪਰਾ ਬਾਣੀ" ਅਤੇ ਇਹ ਆਵਾਜ਼ ਜਦ ਹਿਰਦੇ ਤਕ ਪਹੁੰਚਦੀ ਹੈ ਇਸ ਨੂੰ ਆਖਦੇ ਹਨ, "ਪਸੰਤੀ"। ਇਹ ਜਦ ਕੰਠ ਤਕ ਪਹੁੰਚੀ ਏ ਇਸਨੂੰ ਕਹਿੰਦੇ ਨੇ, "ਮਧਿਮਾ" ਅਤੇ ਜਦ ਰਸਨਾ ਬਿਆਨ ਕਰ ਦਿੰਦੀ ਏ, ਇਸ ਨੂੰ ਕਹਿੰਦੇ ਨੇ, "ਬੈਖਾਰੀ"। ਇਹ ਜੋ ਜ਼ਬਾਨ ਬੋਲ ਰਹੀ ਏ, ਇਹ ਪਹਿਲੇ ਨਾੜੀ ਤੋਂ ਉਠਦੀ ਹੈ। ਧੁੰਨੀ ਦਾ ਮਤਲਬ ਹੀ ਇਹ ਹੈ "ਧੁੰਨ" ਯਾਨੀ ਆਵਾਜ਼ ਪਹਿਲੋਂ ਇਥੋਂ ਹੀ ਉੱਠਦੀ ਹੈ। ਜਦ ਅਸੀਂ ਬੋਲਦੇ ਹਾਂ ਤਾਂ ਇਹ ਨਾਭੀ ਅੱਧੀ ਖੁਲ੍ਹਦੀ ਹੈ, ਪੂਰੀ ਨਹੀਂ ਖੁਲ੍ਹਦੀ। ਇਹ ਨਾਭੀ ਪੂਰਾ ਖੁਲ੍ਹੰ ਗਈ ਹੈ ਤਾਂ ਅੰਦਰ ਅੱਠੇ ਪਹਿਰ ਅਨਹਦ ਨਾਦ ਦੀ ਧੁਨੀ ਚਲ ਪੈਂਦੀ ਹੈ। ਉਹ ਬੰਦਾ ਫਿਰ ਪ੍ਰਮਾਤਮਾ ਨੂੰ ਸੁਣਦਾ ਹੈ। ਉਹ ਜਿਤਨਾ ਵੀ ਬੋਲਦਾ ਹੈ, ਉਸ ਨੂੰ ਐਸਾ ਮਹਿਸੂਸ ਹੁੰਦਾ ਕਿ ਹੁਣ ਮੈਂ ਨਹੀਂ, ਮੈਂ ਤਾਂ ਰਿਹਾ ਹੀ ਨਹੀਂ, ਹੁਣ ਜੋ ਕੁਝ ਬੋਲ ਰਿਹਾ ਹੈ, ਪ੍ਰਮਾਤਮਾ ਬੋਲ ਰਿਹਾ। ਜੈਸੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ- ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥
ਮੈਂ ਤਾਂ ਉਹਦੇ ਹੁਕਮ ਦੇ ਵਿਚ ਸਭ ਕੁਝ ਕਹਿ ਰਿਹਾ ਹਾਂ। ਉਹ ਹੀ ਬੋਲ ਰਿਹਾ, ਮੈਂ ਕਿਥੇ ਪਿਆ ਬੋਲਦਾ ਹਾਂ? ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥
ਇਹ ਇਸ ਗੱਲ ਦਾ ਸਬੂਤ ਹੈ ਕਿ ਨਾਭੀ ਪੂਰਨ ਰੂਪ ਵਿਚ ਖੁੱਲ੍ਹ ਗਈ ਹੈ। ਇਕ ਹੋਰ ਅਵਸਥਾ ਹੈ, ਜਦ ਇਹ ਨਾਭੀ ਪੂਰੀ ਦੀ ਪੂਰੀ ਖੁੱਲ੍ਹਦੀ ਹੈ, ਉਹ ਹੈ ਜਦ ਆਖਰੀ ਪਰਾਣ ਨਿਕਲਦੇ ਹਨ। ਪ੍ਰਾਣ ਪੈਰਾਂ 'ਚ ਨਿਕਲ ਗਏ, ਅੱਖਾਂ 'ਚ ਨਿਕਲ ਗਏ, ਕੰਨਾਂ 'ਚ ਨਿਕਲ ਗਏ, ਸਾਰੇ ਸਰੀਰ ਵਿਚੋਂ ਪ੍ਰਾਣ ਨਿਕਲੇ, ਆਖਰੀ ਪ੍ਰਾਣ ਜੋ ਨਾਭੀ ਦੇ ਵਿਚ ਹੈ, ਉਸੇ ਦਾ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ਼ਾਰਾ ਹੈ, "ਆਜੁ ਕਾਲਿ ਖੂਲ੍ਹੈ ਤੇਰੀ ਗਾਂਠੁਲੀ॥" ਅੱਜਕਲ੍ਹ ਹੀ ਤੇਰੀ ਨਾਭੀ ਦੀ ਗੰਢ ਖੁੱਲਣ ਵਾਲੀ ਹੈ। ਮੌਤ ਇਕ ਐਸੀ ਚੋਟ ਹੈ, ਜਿਸ ਨਾਲ ਨਾਭੀ ਖੁੱਲ੍ਹਦੀ ਹੈ। ਇਕ ਸਿਮਰਨ ਦੀ ਚੋਟ ਜਦ ਸਿਖਰ 'ਤੇ ਪਹੁੰਚਦੀ ਹੈ ਤਾਂ ਵੀ ਨਾਭੀ ਖੁਲ੍ਹਦੀ ਹੈ। ਉਸ ਵਕਤ ਵੀ ਇਕ ਮੌਤ ਹੁੰਦੀ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਪਰ ਜਦ ਮਨ ਮਰਦਾ ਹੈ ਤੇ ਤਨ ਜ਼ਿੰਦਾ ਰਹਿ ਜਾਂਦਾ ਹੈ, ਉਦੋਂ ਉਸ ਮਨੁੱਖ ਦੀ ਜ਼ਿੰਦਗੀ ਈਸ਼ਵਰਮਈ ਹੋ ਜਾਂਦੀ ਹੈ। ਹੁਣ ਅੱਠੇ ਪਹਿਰ ਉਸ ਦੇ ਅੰਦਰ ਧੁਨੀ ਚੱਲ ਰਹੀ ਹੈ, ਪ੍ਰਮਾਤਮਾ ਦਾ ਨਾਮ ਉਸ ਦੇ ਅੰਦਰ ਵੱਜ ਰਿਹਾ ਹੈ। ਉਹ ਹਰ ਵਕਤ ਉਸੇ ਸੁਣ ਸੁਣ ਕੇ ਅਨੰਦਤ ਹੁੰਦਾ ਹੈ। ਜਿਸ ਵਕਤ ਇਹ ਨਾਭੀ ਖੁੱਲਦੀ ਹੈ ਤਾਂ ਬੰਦੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਹਨ, ਤਨ ਤੇ ਕੰਬਣੀ ਛਿੜ ਜਾਂਦੀ ਹੈ, ਦੰਦ ਵੱਜਦੇ ਹਨ। ਇਹ ਹਾਲਤ ਤੋਵੇ ਤਾਂ ਸਮਝ ਲੈਣਾ ਜਾਂ ਤਾਂ ਮਨ ਦੀ ਮੌਤ ਹੋ ਰਹੀ ਹੈ ਜਾਂ ਤਨ ਦੀ ਮੌਤ ਹੋ ਰਹੀ ਹੈ। ਜਦ ਸਿਮਰਨ ਚਰਮ-ਸੀਮਾ ਤੱਕ ਪਹੁੰਚਦਾ ਹੈ, ਉਦੋਂ ਵੀ ਕੰਬਣੀ ਛਿੜ ਜਾਂਦੀ ਹੈ। ਐਸੀ ਹਾਲਤ ਨੂੰ ਵੇਖ ਕੇ ਕਈ ਵਾਰੀ ਘਰ ਵਾਲੇ ਘਬਰਾ ਜਾਂਦੇ ਹਨ। ਇਹ ਕਿਤੇ ਪਾਗ਼ਲ ਤਾਂ ਨਹੀਂ ਹੋ ਗਿਆ। ਇਹਨੂੰ ਕਿਤੇ ਬੁਖਾਰ ਤਾਂ ਨਹੀਂ ਚੜ੍ਹਿਆ। ਪਿੰਡਾ ਤੇ ਆਮ ਹਾਲਤ ਵਿਚ ਹੁੰਦਾ, ਨਬਜ਼ ਠੀਕ ਚੱਲ ਰਹੀ ਹੁੰਦੀ ਹੈ। ਸਰੀਰ ਦੀ ਸਾਰੀ ਕਿਰਿਆ ਠੀਕ ਚੱਲ ਰਹੀ ਹੁੰਦੀ ਹੈ, ਪਰ ਕੰਬਣੀ ਛਿੜ ਜਾਂਦੀ ਹੈ। ਪਹਿਚਾਣ ਕੀ ਹੈ? ਸਾਹਿਬ ਦੱਸਦੇ ਹਨ- ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਹੱਥਾਂ ਵਿਚ ਮਰੋੜ ਪੈਂਦੇ ਹਨ। ਮੁੱਠੀਆਂ ਮੀਚਦਾ ਹੈ, ਕੰਬਣੀ ਛਿੜੀ ਹੈ। ਜੈਸੇ ਇਹ ਗੰਢ ਖੁੱਲ੍ਹੀ, ਆਖਰੀ ਪ੍ਰਾਣ ਨਿਕਲਿਆ। ਤਨ ਦੇ ਉੱਤੇ ਸਿਆਹੀ ਛਾ ਗਈ ਅਤੇ ਫਿਰ ਤਨ ਸਫੈਦ ਚਿੱਟਾ ਹੋ ਗਿਆ, ਕਿਉਂਕਿ ਖੂਨ ਪਾਣੀ ਹੋ ਜਾਂਦਾ ਹੈ ਅਤੇ ਸਰੀਰ ਆਪਣਾ ਰੰਗ ਬਦਲ ਲੈਂਦਾ ਹੈ। ਹੁਣ ਸਾਹਿਬ ਕਹਿੰਦੇ ਹਨ- ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਜੋ ਕੁਝ ਇਹ ਬੀਜਦਾ ਰਿਹਾ ਅਤੇ ਜੀਵਨ ਭਰ ਜੋ ਬੀਜਿਆ, ਜੋ ਕੁਝ ਬੀਜ-ਬੀਜ ਕੇ ਇਸ ਨੇ ਖਾਧਾ ਹੈ ਤੇ ਜੋ ਕੁਝ ਬਚ ਗਿਆ ਹੈ, ਉਹੀ ਇਸ ਨੂੰ ਪ੍ਰਾਪਤ ਹੋਵੇਗਾ। ਖੇਡ ਸਾਰੀ ਕਰਮਾਂ ਦੀ ਹੈ, ਬੀਜੇ ਹੋਏ ਬੀਜਾਂ ਦੀ ਹੈ। ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਦੋਂ ਦੇ ਮਹੀਨੇ ਦਾ ਉਪਦੇਸ਼ ਕਰਦਿਆਂ ਹੋਇਆਂ ਫਰਮਾਨ ਕਰਦੇ ਨੇ, "ਅਰਦਾਸ ਕਰ ਪਰੀ-ਪੂਰਨ ਪ੍ਰਮਾਤਮਾ ਦੇ ਚਰਨਾਂ ਵਿਚ ਕਿ ਹੇ ਪ੍ਰਭੂ! ਮੈਂ ਸ਼ਰਨਾਗਤ ਹਾਂ, ਤੇਰੀ ਸ਼ਰਨ ਦੇ ਵਿਚ ਹਾਂ, ਤੂੰ ਮਿਹਰ ਕਰ, ਬਖ਼ਸ਼ਿਸ਼ ਕਰ, ਆਪਣੇ ਗੁਣਾਂ ਦਾ ਜਹਾਜ਼ ਦੇ, ਮੈਂ ਭਵ-ਸਾਗਰ ਤੋਂ ਪਾਰ ਹੋਵਾਂ। ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
ਜੇ ਗੁਰੂ ਰਖਵਾਲਾ ਹੋਵੇ ਅਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੋਵੇ। ਭਾਦੋਂ ਦੇ ਮਹੀਨੇ ਦਾ ਉਪਦੇਸ਼, ਉਹ ਨਰਕਾਂ ਵਿਚ ਨਹੀਂ ਜਾਂਦੇ। ਉਹ ਦੁਖਿਤ ਨਹੀਂ ਹੁੰਦੇ, ਉਹ ਪੀੜਤ ਨਹੀਂ ਹੁੰਦੇ। ਸਾਰਾ ਮਹੀਨੇ ਉਨ੍ਹਾਂ ਲਈ ਅਨੰਦਮਈ ਹੁੰਦਾ ਹੈ।