ਮਨਮੁਖ ਦਾ ਸੁਭਾ ਸਾਹਿਬਾਂ ਦੀ ਬਾਣੀ ਨੇ ਐਸਾ ਦਸਿਆ ਹੈ ਕਿ ਕੁਝ ਰੋਗ ਐਸੇ ਹੁੰਦੇ ਹਨ, ਜਿਹੜੇ ਲਾ-ਇਲਾਜ ਹੁੰਦੇ ਨੇ, ਜਿਨ੍ਹਾਂ ਦਾ ਇਲਾਜ ਕਰਨਾ ਬੜੀ ਔਖੀ ਗੱਲ ਹੈ। ਜੇ ਕੀਤਾ ਵੀ ਜਾਏ ਤਾਂ ਬਹੁਤ ਸਮਾਂ ਲਗਦਾ ਹੈ। ਸਰੀਰ ਦੀਆਂ ਜੈਸੇ ਕੁਛ ਬੀਮਾਰੀਆਂ ਲਾ-ਇਲਾਜ ਨੇ, ਮਨ ਦੀਆਂ ਵੀ ਕੁਛ ਬੀਮਾਰੀਆਂ ਐਸੀਆਂ ਨੇ, ਜਿਨ੍ਹਾਂ ਦਾ ਇਲਾਜ ਕਰਨਾ ਬੜੀ ਹੀ ਔਖੀ ਗੱਲ ਹੈ। ਸਰੀਰ ਨੂੰ ਤਾਪ ਚੜ੍ਹਿਆ ਹੋਵੇ ਭੋਜਨ ਨਹੀ ਚੰਗਾ ਲਗਦਾ, ਕਹਿੰਦੇ ਨੇ ਮਨ ਨੂੰ ਵਿਕਾਰਾਂ ਦਾ ਤਾਪ ਚੜ੍ਹਿਆ ਹੋਵੇ ਤਾਂ ਭਜਨ ਨਹੀ ਚੰਗਾ ਲਗਦਾ। ਕਿਹੜਾ ਮਨੁੱਖ ਮਨ ਕਰਕੇ ਰੋਗੀ ਏ? ਸਾਹਿਬਾਂ ਦੀ ਬਾਣੀ ਇਹ ਕਹਿੰਦੇ ਏ, ਨਾਮ ਨਾ ਮਿੱਠਾ ਲੱਗੇ, ਗੁਰਬਾਣੀ ਵਿਚੋਂ ਰਸ ਨਾ ਮਿਲੇ, ਧਰਮ ਦੀ ਕੋਈ ਤੜਫ ਨਾ ਹੋਵੇ, ਗੁਰੂ ਦੇ ਮਿਲਣ ਦਾ ਅੰਦਰ ਕੋਈ ਜਜ਼ਬਾ ਨਾ ਹੋਵੇ, ਤੇ ਐਸੇ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਮਨ ਕੁਛ ਰੋਗੀ ਹੈ। ਔਰ ਇਸ ਰੋਗ ਦਾ ਜੇ ਸ਼ੁਰੂ ਵਿਚ ਇਲਾਜ ਨਾ ਹੋਵੇ, ਬਚਪਨ ਤੋਂ ਜਾਂ ਥੋੜ੍ਹਾ ਜਿਹਾ ਸੁਰਤ ਸੰਭਾਲਦਿਆਂ ਹੀ ਸਿੱਖੀ ਟਕਸਾਲ ਦੇ ਵਿਚ ਜ਼ਿੰਦਗੀ ਨਾ ਘੜੀ ਜਾਏ ਤਾਂ ਅਗਾਂਹ ਚਲ ਕੇ ਇਹ ਰੋਗ ਭਿਅੰਕਰ ਸ਼ਕਲ ਅਖ਼ਤਿਆਰ ਕਰ ਜਾਂਦਾ ਹੈ ਤੇ ਲਾ-ਇਲਾਜ ਹੋ ਜਾਂਦਾ ਹੈ। ਉਂਜ ਵੀ ਮਨੁੱਖ ਦੇ ਕੋਲ ਜਿਹੜਾ ਸਭ ਤੋਂ ਵੱਡਾ ਰੋਗ ਹੈ, ਸਾਹਿਬਾਂ ਦੀ ਬਾਣੀ ਦੇ ਕਥਨ ਮੁਤਾਬਕ ਉਹ ਹੈ-'ਹਉਮੈ', ਭਾਵ 'ਮੈਂ ਹਾਂ', ਇਹ ਬਹੁਤ ਵੱਡਾ ਰੋਗ ਹੈ। ਔਰ ਇਸ ਨੂੰ ਸਾਹਿਬਾਂ ਨੇ 'ਦੀਰਘ ਰੋਗ' ਕਿਹਾ ਹੈ: ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ॥
{ਅੰਗ ੪੬੬} ਬਹੁਤ ਵੱਡਾ ਹੈ ਔਰ ਇਹ ਇਸ ਜਨਮ ਦਾ ਨਹੀਂ, ਬਹੁਤ ਜਨਮਾਂ ਦਾ ਨਾਲ ਚਲਿਆ ਆ ਰਿਹਾ ਹੈ। ਇਥੇ ਇਸ ਬੀਮਾਰੀ ਦਾ ਇਲਾਜ ਕਰਨਾ ਹੈ। ਕੀਰਤਨ ਦੇ ਆਸਰੇ, ਕਥਾ ਦੇ ਆਸਰੇ ਤੇ 'ਮੈਂ ਹਾਂ' ਇਸ ਨੂੰ ਮਿਟਾਣਾ ਹੈ ਤੇ 'ਤੂੰ ਹੈ' ਇਸ ਨੂੰ ਪ੍ਰਗਟ ਕਰਨਾ ਹੈ। ਸਿਰਫ ਤੂੰ ਹੀ ਹੈ, ਮੈਂ ਨਹੀਂ ਹਾਂ, ਬੱਸ ਇੰਨੀ ਜਿਹੀ ਗੱਲ ਹੈ। ਇਸ ਵਾਸਤੇ ਹੀ ਇਸਹ ਧਾਰਮਿਕ ਮੰਦਰ ਬਣੇ ਨੇ। ਬੜੇ ਬੜੇ ਗ੍ਰੰਥਾਂ ਦੀ ਰਚਨਾ ਰਿਸ਼ੀ-ਮੁਨੀਆਂ ਨੇ ਕੀਤੀ ਹੈ। ਲੇਕਿਨ ਕਿਸੇ ਕਿਸੇ ਥਾਂ 'ਤੇ ਰਿਸ਼ੀ-ਮੁਨੀਆਂ ਤੇ ਪੀਰ-ਪੈਗੰਬਰਾਂ ਨੇ ਐਸਾ ਕਹਿ ਦਿੱਤਾ ਹੈ ਕਿ ਇਸ ਮਨੁੱਖ ਦਾ ਇਲਾਜ ਸਾਡੇ ਕੋਲ ਕੋਈ ਨਹੀਂ। ਬਾਬਾ ਫ਼ਰੀਦ ਜੀ ਦਾ ਵਾਕ ਹੈ:- ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥
ਜੋ ਸੈਤਾਨਿ ਞੰਵਾਇਆ ਸੇ ਕਿਤ ਫੇਰਹਿ ਚਿਤ॥੧੫॥
{ਅੰਗ : ੧੩੭੮} ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਮਤਿ ਦੇ ਦੇ ਕੇ ਥੱਕ ਗਿਆ ਹਾਂ, ਪਰ ਮੇਰੇ ਪਾਸੋਂ ਮਤਿ ਕਿਸੇ ਨੇ ਲਈ ਨਹੀਂ। ਔਰ ਹੂਬਹੂ ਇਹ ਖਿਆਲ ਰੱਖਦੇ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ ਵਾਕਿਆ ਹੀ ਕੁਝ ਅੰਦਰੂਨੀ ਬੀਮਾਰੀਆਂ ਐਸੀਆਂ ਨੇ, ਜਿਹੜੀਆਂ ਲਾ-ਇਲਾਜ ਨੇ। ਐਸੇ ਮਨੁੱਖ 'ਤੇ ਧਰਮ ਦਾ ਪ੍ਰਭਾਵ ਪਵੇ, ਐਸੇ ਮਨੁੱਖ ਨੂੰ ਕੋਈ ਨਾਮ ਦਾ ਰਸ ਆਵੇ, ਬੜੀ ਹੀ ਔਖੀ ਗੱਲ ਹੈ। ਬਹੁਤ ਹੀ ਔਖੀ। ਗੁਰਦਵਾਰਾ ਏਕਤਾ ਦਾ ਕੇਂਦਰ ਹੁੰਦਾ ਹੈ। ਕਈ ਵਾਰ ਇਸ ਥਾਂ 'ਤੇ ਹੀ ਅਨੇਕਤਾ ਪੈਦਾ ਹੋ ਜਾਂਦੀ ਹੈ। ਗੁਰਦਵਾਰਾ ਸ਼ਾਂਤੀ ਕੇਂਦਰ ਹੁੰਦਾ ਹੈ, ਕਈ ਥਾਂ ਐਸਾ ਦੇਖਣ 'ਚ ਆਇਆ ਹੈ ਕਿ ਏਥੇ ਹੀ ਕ੍ਰੋਧ ਤੇ ਵਿਰੋਧ ਪੈਦਾ ਹੋ ਜਾਂਦਾ ਹੈ। ਔਰ ਏਸੇ ਹੀ ਤਰੀਕੇ ਨਾਲ ਗੁਰਦਵਾਰਾ ਧਰਮ ਦਾ ਕੇਂਦਰ ਹੈ, ਕਈ ਦਫ਼ਾ ਐਸਾ ਹੁੰਦਾ ਹੈ ਕਿ ਮਨੁੱਖ ਅਧਰਮ ਦੀ ਪ੍ਰੇਰਨਾ ਵੀ ਲੈ ਜਾਂਦਾ ਹੈ। ਕਹਿੰਦੇ ਨੇ ਸੋਨੇ ਦਾ ਵੀ ਛੁਰਾ ਜੇ ਬਣਾ ਲਈਏ ਤਾਂ ਪੇਟ ਪਾੜਿਆ ਜਾ ਸਕਦਾ ਹੈ। ਲੋਹੇ ਦੇ ਛੁਰੇ ਨਾਲ ਤਾਂ ਪੇਟ ਪਾੜਿਆ ਜਾ ਸਕਦਾ ਹੈ, ਪਰ ਸੋਨੇ ਦੇ ਛੁਰੇ ਨਾਲ ਵੀ ਕਿਸੇ ਦਾ ਪੇਟ ਪਾੜਿਆ ਜਾ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਘੁੰਮ ਫਿਰ ਕੇ ਐਸਾ ਅਧਿਐਨ ਕੀਤਾ ਹੈ ਕਿ ਸੰਸਾਰ ਦੇ ਵਿਚ ਬਹੁਤ ਸਾਰੇ ਮਨੁੱਖ ਐਸੇ ਨੇ, ਜੋ ਧਰਮ ਦਾ ਪ੍ਰਭਾਵ ਕਬੂਲਣ ਤੋਂ ਅਸਮਰਥ ਨੇ। ਅੰਦਰ ਕੋਈ ਐਸੀ ਗੱਲ ਹੀ ਨਹੀਂ ਜੋ ਅਸਰ ਕਬੂਲ ਕਰ ਸਕਣ। ਜੈਸੇ ਇਕ ਦੀਵੇ ਵਿਚ ਤੇਲ ਨਾ ਹੋਵੇ, ਬੱਤੀ ਨਾ ਹੋਵੇ ਤੇ ਹੁਣ ਮਾਚਿਸ ਫੂਕੀ ਜਾਈਏ, ਜਗਾਉਣ ਦੀ ਕੋਸ਼ਿਸ਼ ਕਰੀਏ, ਕਿਸ ਤਰ੍ਹਾਂ ਜਗੇਗਾ ਦੀਵਾ? ਗੁਰੂ ਦਾ ਸ਼ਬਦ ਇਕ ਜੋਤਿ ਹੈ, ਇਕ ਨੂਰ ਹੈ ਤੇ ਅਸੀਂ ਆਪਣੇ ਹਿਰਦੇ ਰੂਪੀ ਦੀਵੇ ਨੂੰ ਰੌਸ਼ਨ ਕਰਨਾ ਹੈ। ਹੁਣ ਸਾਡੇ ਅੰਦਰ ਸ਼ਰਧਾ ਦਾ ਤੇਲ ਨਾ ਹੋਵੇ, ਤੇ ਭੈ ਦੀ ਵਟੀ ਨਾ ਹੋਵੇ ਤਾਂ ਖਿਮਾ ਕਰਨੀ, ਕੀਰਤਨ ਹੁੰਦਾ ਰਹੇਗਾ, ਸਾਡਾ ਦੀਵਾ ਬੁਝਿਆ ਰਹੇਗਾ, ਰੌਸ਼ਨੀ ਨਹੀਂ ਹੋਵੇਗੀ। ਗੁਰਦਵਾਰੇ ਵਿਚ ਸਤਿਸੰਗ ਵਿਚ ਆਵਣਾ ਹੈ ਰੌਸ਼ਨੀ ਲੈਣ ਵਾਸਤੇ ਤੇ ਦੀਵਾ ਖ਼ਾਲੀ ਨਹੀ ਚਾਹੀਦਾ। ਇਹਦੇ 'ਚ ਕੋਈ ਤੇਲ ਚਾਹੀਦਾ ਹੈ, ਕੋਈ ਵਟੀ ਚਾਹੀਦੀ ਹੈ ਤੇ ਜਦ ਵੀ ਕੋਈ ਕਿਸੇ ਥਾਂ 'ਤੇ ਰਿਸ਼ੀ, ਮੁਨੀ, ਪੀਰ-ਪੈਗ਼ੰਬਰ ਦੇਖ ਲੈਂਦੇ ਸਨ ਕਿਸੇ ਮਨੁੱਖ ਨੂੰ ਕਿ ਤੈਨੂੰ ਰੌਸ਼ਨੀ ਦੇਣੀ ਬਹੁਤ ਔਖੀ ਗੱਲ ਹੈ, ਬਹੁਤ ਹੀ ਔਖੀ, ਕਿਉਂਕਿ ਤੇਰੇ ਮਨ ਰੂਪੀ ਦੀਵੇ 'ਚ ਸ਼ਰਧਾ ਰੂਪੀ ਤੇਲ ਹੀ ਕੋਈ ਨਹੀਂ, ਅਤੇ ਭੈ ਦੀ ਬੱਤੀ ਹੀ ਕੋਈ ਨਹੀਂ, ਤੇਰੇ ਅੰਦਰ ਧਰਮ ਦਾ ਰਸ ਪਾਉਣਾ ਬੜੀ ਹੀ ਔਖੀ ਗੱਲ ਹੈ। ਆਓ ਪਹਿਲੇ ਪਾਤਸ਼ਾਹ ਜੀ ਦਾ ਇਕ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ, ਜਿਸ ਵਿਚ ਸਾਹਿਬ ਕਹਿੰਦੇ ਨੇ, ਜੈਸੇ ਬੁਖ਼ਾਰ ਚੜ੍ਹੇ ਮਨੁੱਖ ਨੂੰ ਭੋਜਨ ਨਹੀਂ ਚੰਗਾ ਲਗਦਾ, ਤ੍ਰਿਸ਼ਨਾ-ਗ੍ਰਸੇ ਮਨ ਨੂੰ ਭਜਨ ਵੀ ਨਹੀਂ ਚੰਗਾ ਲਗਦਾ। ਲੋਭ-ਗ੍ਰਸੇ ਮਨ ਨੂੰ ਧਰਮ ਨਹੀਂ ਚੰਗਾ ਲਗਦਾ ਅਤੇ ਦੁਬਿਧਾ ਵਿਚ ਪਏ ਮਨ ਨੂੰ ਗੁਰਬਾਣੀ ਨਹੀਂ ਚੰਗੀ ਲਗੇਗੀ, ਤੇ ਸਾਹਿਬ ਨੇ ਇਕ ਸਰੋਵਰ ਵੇਖਿਆ ਹੈ, ਉਸ ਦੇ ਵਿਚ ਆਪ ਜੀ ਕੰਵਲ ਦੇ ਫੁਲ ਵੇਖਦੇ ਪਏ ਨੇ। ਸਤਿਗੁਰੂ ਜੀ ਬੈਠ ਗਏ ਨੇ ਤੇ ਕੀ ਦੇਖਦੇ ਹਨ ਕਿ ਇਸ ਸਰੋਵਰ ਵਿਚੋਂ ਕੁਛ ਗੰਦਗੀ, ਕੀੜੇ-ਮਕੌੜੇ। ਥੋੜੀ ਦੇਰ ਵਿਚ ਸੂਰਜ ਚੜ੍ਹਿਆ ਹੈ, ਕੰਵਲ ਦੇ ਫੁਲ ਖਿੜੇ ਨੇ ਤੇ ਭੌਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਆ ਗਈਆਂ। ਉਹ ਕੰਵਲ ਦੇ ਫੁੱਲ 'ਤੇ ਬੈਠ ਗਏ। ਬੱਸ ਇਤਨਾ ਵੇਖਦੇ ਸਾਰ ਇਕ ਰੱਬੀ ਕਲਾਮ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਅੰਦਰੋਂ ਫੁਟੀ ਏ। ਸਾਹਿਬ ਕਹਿੰਦੇ ਨੇ: ਦਾਦਰ ਤੂੰ ਕਥਹਿ ਨ ਜਾਨਸਿ ਰੇ॥
ਭਖਸਿ ਸਿਥਾਲੁ ਬਸਸਿ ਜਲ ਅੰਮ੍ਰਿਤ ਨਾ ਲਖਸਿ ਰੇ॥
{ਅੰਗ : ੯੯੦} ਐ ਮੇਂਡਕ! ਤੂੰ ਰਹਿੰਦਾ ਨਿਰਮਲ ਸਰੋਵਰ ਵਿਚ ਹੈ। ਉਸ ਸਰੋਵਰ ਵਿਚ, ਜਿਥੇ ਕੰਵਲ ਦਾ ਫੁਲ ਹੈ ਤੇ ਤੂੰ ਉਸ ਨਿਰਮਲ ਜਲ 'ਚ ਰਹਿ ਕੇ ਵੀ ਕੰਵਲ ਫੁਲ ਦੇ ਨੇੜੇ ਨਹੀਂ ਜਾਂਦਾ, ਤੇ ਤੂੰ ਉਥੋਂ ਗੰਦਗੀ ਲੱਭਦਾ ਪਿਆ ਹੈ, ਕੀੜੇ-ਮਕੌੜੇ ਲੱਭ ਰਿਹਾ ਹੈ। ਤੂੰ ਉਥੋਂ ਕਾਈ ਲੱਭ ਕੇ ਖਾ ਰਿਹਾ ਹੈਂ, ਤੇਰਾ ਇਸ ਅੰਮ੍ਰਿਤ ਨਾਲ ਕੋਈ ਸੰਬੰਧ ਹੀ ਨਹੀਂ। ਫੁਲ ਦੇ ਕੋਲ ਰਹਿੰਦਾ ਹੋਇਆ ਵੀ ਤੂੰ ਫੁਲ ਦੀ ਸਾਰ ਨਾ ਜਾਣੀ। ਤੇ ਫੁਲਾਂ ਦੀ ਮਿਠਾਸ ਨੂੰ ਭੰਵਰੇ ਪਏ ਕੱਢਦੇ ਨੇ। ਹੱਦ ਹੋ ਗਈ, ਤੂੰ ਨਿਰਮਲ ਸਰੋਵਰ ਵਿਚੋਂ ਭੀ ਗੰਦਗੀ ਲੱਭ ਰਿਹਾ ਹੈ। ਹੁਣ ਇਥੇ ਪੁਛਿਆ ਜਾ ਸਕਦਾ ਹੈ, ਬਾਬਾ ਜੀ ਇਥੇ ਆਖਦੇ ਪਏ ਨੇ। ਧਾਰਮਿਕ ਮੰਦਰ ਇਕ ਨਿਰਮਲ ਸਰੋਵਰ ਹੁੰਦਾ ਹੈ। ਗੁਰੂ ਦਾ ਸ਼ਬਦ ਇਕ ਖਿੜਿਆ ਹੋਇਆ ਕੰਵਲ ਦਾ ਫੁਲ ਹੈ। ਪਰ ਜੈਸੇ ਸਰੋਵਰ ਵਿਚ ਕਾਈ ਹੁੰਦੀ ਏ, ਅਕਸਰ ਧਾਰਮਿਕ ਮੰਦਰਾਂ 'ਚ ਵੀ ਮਾਇਆ ਦੀ ਕਾਈ ਹੁੰਦੀ ਏ, ਜ਼ਰੂਰ ਹੁੰਦੀ ਹੈ। ਤੇ ਅਕਸਰ ਜਿਹੜੇ ਮੇਂਡਕ ਸਮਾਨ ਬਿਰਤੀ ਦੇ ਹੁੰਦੇ ਹਨ, ਬਾਬਾ ਨਾਨਕ ਜੀ ਕਹਿੰਦੇ ਨੇ ਉਹ ਗੁਰਦਵਾਰੇ 'ਚ ਆ ਕੇ ਸ਼ਬਦ ਦਾ ਰਸ ਨਹੀਂ ਲੈਂਦੇ। ਜਿਹੜਾ ਖਿੜਿਆ ਹੋਇਆ ਕੰਵਲ ਹੈ ਉਸ ਦਾ ਰਸ ਨਹੀਂ ਲੈਂਦੇ। ਬਲਕਿ ਉਸ ਖਾਰਮਿਕ ਮੰਦਰ ਰੂਪੀ ਸਰੋਵਰ ਵਿਚ ਜਿਹੜੀ ਕਾਈ ਪਈ ਹੈ ਨਾ, ਉਹਦੇ ਵਿਚੋਂ ਕੀੜੇ-ਮਕੌੜੇ ਲੱਭਦੇ ਪਏ ਨੇ। ਇਹ ਸ਼ਬਦ ਤੁਹਾਡੇ ਸਾਹਮਣੇ ਮੈਂ ਇਸ ਵਾਸਤੇ ਰੱਖ ਰਿਹਾ ਹਾਂ ਕਿ ਪਹਿਲੇ ਸਾਨੂੰ ਗੁਰਦਵਾਰੇ ਆਵਣ ਦਾ ਢੰਗ ਪਤਾ ਹੋਣਾ ਚਾਹੀਦਾ ਹੈ। ਕਿਸ ਵਾਸਤੇ ਆਏ ਹਾਂ? ਕਿਉਂ ਆਏ ਹਾਂ? ਪਤਾ ਹੋਣਾ ਚਾਹੀਦਾ ਹੈ। ਇਹ ਕਿਉਂ ਬਣਾਏ ਨੇ? ਕਿਸ ਵਾਸਤੇ ਬਣਾਏ ਨੇ? ਇਹ ਠੀਕ ਹੈ ਜਿਤਨੀਆਂ ਜ਼ਿਆਦਾ ਟਕਸਾਲਾਂ ਹੋਵਣ, ਚੰਗੀਆਂ ਹਨ। ਜਿਤਨੇ ਜ਼ਿਆਦਾ ਸਰੋਵਰ ਹੋਵਣ, ਬਹੁਤ ਅੱਛੇ ਨੇ। ਲੇਕਿਨ ਬਣਨਾਂ ਅਸੀਂ ਭੌਰੇ ਹੈ ਮੇਡਕ ਨਹੀਂ। ਬੱਸ ਇੰਨੀ ਕੁ ਅਰਜ਼ ਹੈ। ਤੋ ਸਾਹਿਬ ਕਹਿੰਦੇ ਨੇ, ਐ ਮੇਂਡਕ! ਤੂੰ ਰਹਿੰਦਾ ਸਰੋਵਰ ਦੇ ਵਿਚ ਹੈ, ਲੇਕਿਨ ਕੰਵਲ ਦੀ ਸਾਰ ਹੀ ਨਹੀਂ ਜਾਣਦਾ। ਤੈਨੂੰ ਪਤਾ ਹੀ ਨਹੀਂ ਕਿ ਕੰਵਲ ਦੇ ਵਿਚ ਕੀ ਰਸ ਹੈ, ਇਸ ਵਿਚ ਮਿਠਾਸ ਕਿੰਨੀ ਹੈ। ਫਿਰ ਮੇਂਡਕ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ, "ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ।" ਐ ਮੇਂਡਕ! ਤੇਰੀ ਤਰ੍ਹਾਂ ਇਹ ਭੰਵਰਾ ਪਾਣੀ ਵਿਚ ਨਹੀਂ ਰਹਿੰਦਾ। ਦੂਰੋਂ ਚਲ ਕੇ ਆਇਆ ਹੈ, ਪਰ ਕਾਈ ਨਾਲ ਕੋਈ ਮਤਲਬ ਹੀ ਨਹੀਂ। ਕੀੜਿਆ-ਮਕੌੜਿਆਂ ਨਾਲ ਕੋਈ ਮਤਲਬ ਹੀ ਨਹੀਂ। ਇਹ ਸਿੱਧਾ ਕੰਵਲ ਦੇ ਫੁੱਲ 'ਤੇ ਆ ਕੇ ਬੈਠਾ ਹੈ, ਰਸ ਪਿਆ ਕੱਢਦਾ ਹੈ। ਅਨੰਦ ਲੈ ਰਿਹਾ ਹੈ। ਹੁਣ ਕਾਈ ਕਿਸ ਨੂੰ ਕਿਹਾ ਹੈ? ਹਉਮੈ ਦੀ ਕਾਈ ਵੀ ਗੁਰਦਵਾਰਿਆਂ 'ਚ ਹੁੰਦੀ ਹੈ। ਕਈ ਵਾਰ ਇਥੇ ਆਉਣ ਨਾਲ ਹਉਮੈ ਵਧ ਜਾਂਦੀ ਹੈ। ਕਈ ਦਫ਼ਾ ਐਸਾ ਵੀ ਹੁੰਦਾ ਹੈ ਕਿ ਇਕ ਪ੍ਰਧਾਨ ਨੂੰ ਤੁਸੀਂ ਪ੍ਰਧਾਨਗੀ ਤੋਂ ਹਟਾ ਦਿਓ ਤਾਂ ਉਹ ਗੁਰਦਵਾਰੇ ਆਉਣਾ ਹੀ ਛਡ ਦਿੰਦਾ ਹੈ। ਇਕ ਸਕੱਤਰ ਨੂੰ ਤੁਸੀਂ ਸਕੱਤਰੀ ਤੋਂ ਹਟਾ ਦਿਓ ਤਾਂ ਉਹ ਗੁਰਦਵਾਰੇ ਵੜਨਾ ਹੀ ਬੰਦ ਕਰ ਦਿੰਦਾ ਹੈ। ਇਹਦਾ ਮਤਲਬ ਹੋਇਆ ਗੁਰਦਵਾਰੇ 'ਚ ਪ੍ਰਧਾਨਗੀ ਜਾਂ ਸਕੱਤਰੀ ਵਾਸਤੇ ਆ ਰਿਹਾ ਸੀ, ਨਾ ਕਿ ਸ਼ਬਦ ਵਾਸਤੇ ਆ ਰਿਹਾ ਸੀ। ਗੁਰਬਾਣੀ ਵਾਸਤੇ ਤੇ ਨਹੀਂ ਆ ਰਿਹਾ ਸੀ ਤੇ ਕਈਆਂ ਨੂੰ ਹਟਾ ਦੇਈਏ ਨਾ, ਤੇ ਜਦ ਤਕ ਉਹਨਾਂ ਨੂੰ ਉਹੀ ਕੁਰਸੀ ਨਾ ਲਭੇ ਤਾਂ ਵਿਚਾਰਿਆਂ ਨੂੰ ਚੈਨ ਵੀ ਨਹੀਂ ਆਉਂਦੀ, ਸ਼ਾਂਤੀ ਵੀ ਨਹੀਂ ਆਉਂਦੀ। ਔਰ ਕਈ ਦਫਾ ਤਾਂ ਕੁਰਸੀ ਲਈ ਨਵਾਂ ਗੁਰਦਵਾਰਾ ਬਣਾਉਣ ਤਕ ਵੀ ਜਾਂਦੇ ਹਨ। ਇਕ ਜ਼ਮਾਨਾ ਸੀ ਕਿ ਨਵਾਬੀਆਂ ਨੂੰ ਵੀ ਸਿਖ ਪੈਰਾਂ ਤਲੇ ਰੋਲ ਦੇਂਦੇ ਸਨ, ਨਹੀਂ ਚਾਹੀਦੀ। ਬੜਾ ਤਿਆਗ ਸੀ। ਸਤਿਗੁਰ ਦੇਵ ਜੀ ਮਹਾਰਾਜ ਨੇ ਸਿੱਖ ਦੀ ਮੂਰਤੀ ਇਸ ਢੰਗ ਦੀ ਘੜੀ ਸੀ, ਲੇਕਿਨ ਸਹਿਜੇ ਸਹਿਜੇ ਸਿਲਸਿਲਾ ਇਤਨਾ ਵਿਗੜਿਆ ਹੈ। ਧਾਰਮਿਕ ਮੰਦਰਾਂ ਦੀ ਸਾਡੇ ਕੋਲ ਘਾਟ ਨਹੀਂ, ਧਾਰਮਿਕ ਉਪਦੇਸ਼ ਦੀ ਵੀ ਘਾਟ ਨਹੀਂ, ਬੜਾ ਕਥਾ ਕੀਰਤਨ ਹੋ ਰਿਹਾ ਹੈ। ਲੇਕਿਨ ਭਾਂਡਿਆਂ ਦੀ ਘਾਟ ਹੈ, ਜਿਸ ਵਿਚ ਇਹ ਵਸਤੂ ਪੈ ਸਕੇ। ਜਿਸ ਵਿਚ ਇਹ ਰਸ ਪੈ ਸਕੇ। ਜਿਸ ਵਿਚ ਇਹ ਮਹਾਨ ਅੰਮ੍ਰਿਤ ਪੈ ਸਕੇ। ਸੋ ਸਾਹਿਬ ਉਪਦੇਸ਼ ਕਰਦੇ ਨੇ, ਐ ਮੇਂਡਕ! ਤੇਰੀ ਤਰ੍ਹਾਂ ਇਹ ਭੰਵਰਾ ਪਾਣੀ ਦੇ ਵਿਚ ਨਹੀਂ ਰਹਿੰਦਾ। "ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ।" ਇਹ ਭੰਵਰਾ ਬਾਹਰੋਂ ਬਹੁਤ ਦੂਰੋਂ ਚੱਲ ਕੇ ਆਇਆ ਹੈ। ਚੁੰਘ ਰਿਹਾ ਹੈ ਫੁੱਲ ਨੂੰ। ਵਿਚੋਂ ਰਸ ਕੱਢ ਰਿਹਾ ਹੈ। ਪਰ ਤੂੰ ਪਾਣੀ ਵਿਚ ਰਹਿੰਦਾ ਹੋਇਆ ਵੀ, ਕੰਵਲ ਦੇ ਨੇੜੇ ਰਹਿੰਦਾ ਹੋਇਆ ਵੀ, ਗੱਲ ਨਹੀਂ ਜਾਣੀ। ਗੁਸਤਾਖ਼ੀ ਮੁਆਫ਼! ਮੈਂ ਵੀ ਇਸੇ ਸ਼੍ਰੇਣੀ ਵਿਚੋਂ ਹਾਂ, ਅਕਸਰ ਗੁਰਦਵਾਰਿਆਂ ਵਿਚ ਗੁਣੀ ਗਿਆਨੀ ਜ਼ਿਆਦਾ ਰਹਿੰਦੇ ਹਨ। ਗ੍ਰੰਥੀ ਸਿੰਘ ਹੋਏ, ਮੈਂ ਹੋਇਆ। ਰਾਗੀ ਪ੍ਰਚਾਰਕ ਹੋਏ। ਕੁਛ ਤਨਜ਼ ਬਾਬੇ ਨਾਨਕ ਨੇ ਇਹਨਾਂ ;ਤੇ ਵੀ ਕਰ ਦਿੱਤੀ ਹੈ। ਪ੍ਰਿੰਸੀਪਲ ਗੰਗਾ ਸਿੰਘ ਤੇ ਇਹ ਕਿਹਾ ਕਰਦੇ ਸਨ ਕਿ ਸ਼ਾਇਦ ਨਾਸਤਕਤਾ ਇਸ ਤਬਕੇ ਕਰਕੇ ਪੈਦਾ ਹੋੋਈ ਹੈ। ਕਿਉਂਕਿ ਗੁਰੂ ਦੇ ਨੇੜੇ ਰਹਿੰਦੇ ਹੋਏ ਵੀ ਇਹ ਗੁਰੂ ਤੋਂ ਬਹੁਤ ਦੂਰ ਹੁੰਦੇ ਹਨ। ਧਰਮ ਮੰਦਰ ਵਿਚ ਰਹਿੰਦਿਆਂ ਹੋਇਆਂ ਉਹਨਾਂ ਦੀ ਮੂਰਤੀ ਅਧਰਮ ਦੀ ਹੁੰਦੀ ਹੈ, ਧਰਮ ਦੀ ਮੂਰਤੀ ਨਹੀਂ। ਔਰ ਸਾਹਿਬਾਂ ਨੇ 'ਸਰਬ ਲੋਹ ਗ੍ਰੰਥ' ਵਿਚ ਪੁਜਾਰੀ 'ਤੇ ਬਹੁਤ ਕੁਝ ਲਿਖਿਆ ਹੈ। ਸਿੱਖ ਬਣੇ ਜ਼ਰੂਰ, ਲੇਕਿਨ ਇਕ ਆਦਰਸ਼ਕ ਜ਼ਿੰਦਗੀ ਪੇਸ਼ ਕਰੇ। ਖ਼ੈਰ, ਕੁਛ ਅਸੀਂ ਮਾਹੌਲ ਵੀ ਐਸਾ ਬਣਾਇਆ ਹੈ ਕਿ ਸਾਨੂੰ ਗੁਰਦਵਾਰਿਆਂ ਦਾ ਗ੍ਰੰਥੀ ਨਹੀਂ ਚਾਹੀਦਾ ਹੁੰਦਾ, ਸਾਨੂੰ ਚਪੜਾਸੀ ਚਾਹੀਦਾ ਹੁੰਦਾ ਹੈ। ਜਿਸ ਤੋਂ ਇਹ ਮਾਹੌਲ ਖ਼ਰਾਬ ਹੋਇਆ ਹੈ। ਮੈਂ ਤੇ ਅਕਸਰ ਇਹ ਕਿਹਾ ਕਰਦਾ ਹਾਂ ਕਿ ਜਿਹਦਾ ਹੁਕਮ ਘਰ ਵੀ ਨਾ ਚੱਲੇ, ਬਾਹਰ ਵੀ ਨਾ ਚੱਲੇ, ਘਰ ਵਾਲੀ ਵੀ ਨਾ ਮੰਨੇ, ਬੱਚੇ ਵੀ ਨਾ ਮੰਨਣ, ਉਹ ਕਹਿੰਦਾ ਹੈ ਕੋਈ ਨਹੀਂ ਗ੍ਰੰਥੀ ਸਿੰਘ ਜ਼ਿੰਦਾ ਰਹੇ, ਸਾਰੀ ਕਸਰ ਕੱਢਾਂਗੇ ਗੁਰਦਵਾਰੇ ਜਾ ਕੇ। ਇਸ ਤਰੀਕੇ ਨਾਲ ਮੈਂ ਵੇਖਦਾ ਹਾਂ। ਇਹ ਭੜਾਸ ਅਕਸਰ ਇਸ ਤਰੀਕੇ ਨਾਲ ਕੱਢੀ ਜਾਂਦੀ ਹੈ। ਇਸ ਭੜਾਸ ਦਾ ਸਦਕਾ ਹੈ ਕਿ ਚੰਗੇ ਪੁਰਸ਼ ਇਸ ਪਾਸੇ ਵਲ, ਗ੍ਰੰਥੀ ਪ੍ਰਚਾਰਕ ਦੇ ਪਾਸੇ ਵਲ ਆਉਣੋਂ ਹਟ ਗਏ ਹਨ। ਫਿਰ ਵੀ ਜਿਹੜੇ ਹਨ ਉਹਨਾਂ 'ਤੇ ਜ਼ਿੰਮੇਵਾਰੀ ਬਹੁਤ ਹੈ। ਸਾਹਿਬ ਕਹਿੰਦੇ ਨੇ, ਇਹ ਰਹਿੰਦਾ ਗੁਰਦਵਾਰੇ ਦੇ ਵਿਚ ਪਿਆ ਹੈ, ਲੇਕਿਨ ਉਹ ਜਿਹੜਾ ਸ਼ਬਦ ਦਾ ਕੰਵਲ ਖਿੜਿਆ ਹੈ, ਉਹਦੇ ਨਾਲ ਕੋਈ ਮਤਲਬ ਨਹੀਂ, ਸ਼ਬਦ ਦੇ ਰਸ ਨਾਲ ਕੋਈ ਮਤਲਬ ਨਹੀਂ। ਗ੍ਰੰਥੀ ਸਿੰਘਾਂ ਦੀ ਪ੍ਰਥਾ ਚਲੀ ਹੈ ਬਾਬਾ ਬੁੱਢਾ ਜੀ ਤੋਂ, ਤੇ ਹੁਣ ਬਾਬੇ ਬੁੱਢੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਜਿਹੜਾ ਵੀ ਕੋਈ ਗ੍ਰੰਥੀ ਬਣਦਾ ਹੈ ਉਸ ਨੂੰ ਇਹ ਤੇ ਸਮਝ ਲੈਣਾ ਚਾਹੀਦਾ ਹੈ ਕਿ ਮੈਂ ਉਸ ਸਿੰਘਾਸਣ 'ਤੇ ਬੈਠਾ ਹਾਂ ਜਿਸ ਸਿੰਘਾਸਣ 'ਤੇ ਗੁਰੂ ਅਰਜਨ ਦੇਵ ਜੀ ਨੇ ਬਾਬੇ ਬੁੱਢੇ ਨੂੰ ਬਿਠਾਇਆ ਸੀ। ਬਹੁਤ ਵੱਡੀ ਜ਼ਿੰਮੇਵਾਰੀ ਆਇਦ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ, ਗੁਰਦਵਾਰੇ, ਧਾਰਮਿਕ ਮੰਦਰ ਕੀ ਹਨ? ਇਹ ਇਕ ਨਿਰਮਲ ਸਰੋਵਰ ਹਨ। ਲੇਕਿਨ ਇਸ ਨਿਰਮਲ ਸਰੋਵਰ ਵਿਚ ਥੋੜ੍ਹੀ ਜਿਹੀ ਕਾਈ ਜ਼ਰੂਰ ਹੈ। ਝਗੜਾ ਜਦ ਵੀ ਸ਼ੁਰੂ ਹੋਵੇਗਾ ਹਉਮੈ ਤੋਂ। ਲੇਕਿਨ ਹੳੇੁੇਮੈ ਗੁਰਦਵਾਰੇ ਆ ਕੇ ਖੜੀ ਹੋ ਜਾਂਦੀ ਹੈ। ਔਰ ਕੁਛ ਮਾਇਆ ਦੀ ਕਾਈ ਵੀ ਜ਼ਰੂਰ ਹੈ। ਆਪ ਨੂੰ ਪਤਾ ਹੋਵੇ, ਸਤਿਗੁਰਾਂ ਨੇ ਕਿਹਾ ਸੀ ਕਿ ਗ਼ਰੀਬ ਦਾ ਮੂਹ ਮੇਰੀ ਗੋਲਕ ਹੈ। ਤੇ ਹੁਣ ਗੋਲਕ ਕਰ ਲਈ ਬਹੁਤ ਸਾਰੀ ਇਕੱਠੀ, ਬੈਂਕ ਬੈਲੰਸ ਬਹੁਤ ਵਧ ਜਾਣ ਤੇ ਸਿਵਾਏ ਲੜਾਈ ਝਗੜਿਆਂ ਤੋਂ ਕੁਝ ਨਹੀਂ ਹੁੰਦਾ, ਜੋ ਮੈਂ ਹਰ ਥਾਂ 'ਤੇ ਦੇਖਦਾ ਹਾਂ'। 'ਗਰੀਬ ਦਾ ਮੂੰਹ ਮੇਰੀ ਗੋਲਕ ਹੈ' ਵੇਖਿਆ ਕਰੋ ਸਿੱਖਾਂ ਦੇ ਵਿਚੋਂ ਕਿਹੜਾ ਮਜਬੂਰ ਹੈ, ਕਿਹੜਾ ਪਛੜ ਗਿਆ ਹੈ। ਕਿਸ ਦੇ ਘਰ ਕੋਈ ਐਸੀ ਬੱਚੀ ਹੈ ਜੋ ਉਸ ਨੂੰ ਉਠਾ ਨਹੀਨ ਸਕਦਾ। ਕਿਸ ਦੇ ਐਸੇ ਬੱਚੇ ਨੇ ਜੋ ਜ਼ਿੰਦਗੀ ਦੀ ਦੌੜ ਵਿਚ ਪਛੜ ਗਏ ਨੇ। 'ਗਰੀਬ ਦਾ ਮੂੰਹ ਮੇਰੀ ਗੋਲਕ ਹੈ' ਇਸ ਗੋਲਕ ਨੂੰ ਸਮਝਿਆ ਕਰੋ ਜੁ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਚਨ ਕਹੇ ਨੇ। ਖ਼ੈਰ, ਮਹਾਰਾਜ ਅਗੇ ਕਹਿੰਦੇ ਨੇ "ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ॥" ਇਹ ਜਿਹੜਾ ਭੰਵਰਾ ਹੈ ਸਰੋਵਰ ਦੇ ਵਿਚ ਨਹੀਂ ਰਹਿੰਦਾ, ਪਰ ਦੇਖ ਕੇ, ਸਹੀ ਤੜਫ ਦਾ ਮਾਰਿਆ ਦੂਰੋਂ ਆਇਆ ਹੈ, ਉਡ ਕੇ ਆਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਉਪਰ ਗੱਲ ਲੈਂਦੇ ਨੇ: ਦਾਦਰ ਸਰੋਵਰ ਮੈ ਜਾਨੀ ਨ ਕਮਲ ਗਤਿ, ਮਧੁਕਰ ਮਨ ਮਕਰੰਦ ਕੈ ਬਿਮੋਹੈ ਹੈ।.... ਨਿਕਟਿ ਬਸਤ ਮਮ ਗੁਰ ਉਪਦੇਸ਼ ਹੀਨ, ਦੂਰੰਤਰਿ ਸਿਖਿ ਉਰ ਅੰਤਰਿ ਲੈ ਪੋਹੇ ਹੈ।੫੦੭। ਭਾਈ ਸਾਹਿਬ ਕਹਿੰਦੇ ਨੇ, ਮੈਂ ਰਹਿੰਦਾ ਤੇ ਗੁਰੂ ਦੇ ਬਹੁਤ ਨੇੜਾ ਹਾਂ (ਗੱਲ ਆਪਣੇ ਉਪਰ ਲਈ ਹੈ, ਮਹਾਂਪੁਰਖਾਂ ਦੇ ਸਮਝਾਣ ਦਾ ਢੰਗ ਹੈ) ਪਰ ਗੁਰਬਾਣੀ ਦਾ ਰਸ ਨਹੀਂ ਮਾਣ ਸਕਿਆ। ਇਹ ਸਿੱਖ ਦੂਰੋਂ ਚਲ ਕੇ ਆਏ ਨੇ ਤੇ ਅਨੰਦ ਲੈ ਕੇ ਜਾ ਰਹੇ ਨੇ। ਭਾਈ ਸਾਹਿਬ ਆਪਣੀ ਉਦਾਹਰਣ ਸਾਹਮਣੇ ਰਖਦੇ ਨੇ। ਪਰ ਤਨਜ਼ ਉਹਨਾਂ 'ਤ ਪਏ ਕਰਦੇ ਨੇ ਜਿਹੜੇ ਗੁਰੂ ਦੇ ਨੇੜੇ ਹੁੰਦੇ ਹੋਏ ਵੀ ਗੁਰੂ ਤੋਂ ਬਹੁਤ ਦੂਰ ਹੁੰਦੇ ਨੇ। ਭਾਵ ਕਈ ਨੇੜੇ ਦੇ ਬਹੁਤ ਦੂਰ ਹੋ ਜਾਂਦੇ ਨੇ ਤੇ ਕਈ ਦਫਾ ਦੂਰ ਦੇ ਬਹੁਤ ਨੇੜੇ ਹੋ ਜਾਂਦੇ ਨੇ, ਐਸਾ ਵੀ ਵੇਖਣ ਨੂੰ ਆਇਆ ਹੈ। ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਇਹ ਗੁਰੂ ਦੇ ਬਹੁਤ ਨੇੜੇ ਨੇ, ਲੇਕਿਨ ਕਦੀ ਬਾਗ਼ੌਰ ਮੁਤਾਲਾ ਕਰੋਗੇ ਤਾਂ ਇਹ ਨੇੜਤਾ ਵੀ ਬਹੁਤ ਦੂਰ ਦੀ ਹੁੰਦੀ ਹੈ। ਤੇ ਸਾਹਿਬ ਹੁਣ ਸ਼ਬਦ ਨੂੰ ਖੋਲ੍ਹਦੇ ਨੇ ਤੇ ਗੁਰੂ ਨਾਨਕ ਦੇਵ ਜੀ ਦਾ ਸਮਝਾਣ ਦਾ ਢੰਗ ਵੀ ਬੜਾ ਨਿਰਾਲਾ ਹੈ ਅਤੇ ਮੇਰੇ ਅੰਦਰ ਜ਼ਜ਼ਬਾਤ ਇਹ ਨੇ ਕਿ ਜੈਸੇ ਸੋਹਣੇ ਸੋਹਣੇ ਗੁਰਦਵਾਰੇ ਬਣੇ ਹੋਏ ਨੇ, ਇਥੇ ਸਿੱਖ ਦੀ ਮੂਰਤੀ ਇਤਨੀ ਸੁੰਦਰ ਹੋਵੇ ਕਿ ਉਹਨੂੰ ਵੇਖਦਿਆਂ ਹੀ ਗੁਰੂ ਚੇਤੇ ਆਵੇ, ਇੰਨੀ ਗੱਲ ਹੈ। ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥
{ਅੰਗ : ੯੯੦} ਪ੍ਰਕਰਣ ਬਦਲਿਆ ਹੈ, ਸ਼ਬਦ ਇਕੋ ਹੈ। ਇਸ ਸਰੋਵਰ ਵਿਚ ਜਿਹੜਾ ਜਾਲਾ ਹੈ ਨਾ, ਕਾਈ ਇਹ ਇਸ ਸਰੋਵਰ ਵਿਚੋਂ ਕਰੂਪਤਾ ਲਭ ਰਹੀ ਏ, ਦੁਰਗੰਧੀ ਲਭ ਰਹੀ ਏ, ਬਦਬੋ ਆਂਦੀ ਹੈ ਕਾਈ ਦੇ ਵਿਚੋਂ। ਤੇ ਇਹ ਕੰਵਲ ਵੀ ਉਸੇ ਪਾਣੀ ਦੇ ਵਿਚੋਂ ਪੈਦਾ ਹੋਇਆ ਹੈ। ਇਹਦੇ 'ਚ ਸੁਗੰਧੀ ਹੈ, ਇਹਦੇ 'ਚ ਰਸ ਹੈ, ਸਰੋਵਰ ਇਕ ਹੈ। ਕਈ ਬੰਦੇ ਗੁਰਦਵਾਰੇ 'ਚੋਂ ਹੀ ਗੰਦਗੀ ਲੱਭ ਲੈਂਦੇ ਨੇ। ਇਥੇ ਹੀ ਆ ਕੇ ਮਨਮੁਖ ਬਣ ਜਾਂਦੇ ਨੇ, ਉਂਜ ਅਗੇ ਪਿਛੇ ਚੰਗੇ ਭਲੇ ਬਣੇ ਰਹਿੰਦੇ ਨੇ। ਇਹ ਵੀ ਵੇਖਣ ਵਿਚ ਆਇਆ ਹੈ, ਇੰਜ ਉਲਟੀ ਧਾਰਾ ਚਲਾ ਲੈਂਦੇ ਨੇ। ਲੇਕਿਨ ਸਾਹਿਬ ਕਹਿੰਦੇ ਨੇ ਜਿਹੜਾ ਕੰਵਲ ਦਾ ਫੁਲ ਹੈ ਉਹ ਇਸ ਪਾਣੀ ਦੇ ਵਿਚੋਂ ਸੁਗੰਧੀ ਲੈਂਦਾ ਹੈ, ਸੁੰਦਰਤਾ ਲੈਂਦਾ ਹੈ। ਮਹਾਰਾਜ ਦੇ ਕੋਲ ਹੀ ਮਰਦਾਨਾ ਬੈਠਾ ਹੈ। ਮਰਦਾਨੇ ਨੇ ਪੁੱਛ ਲਿਆ, ਪਾਤਸ਼ਾਹ! ਐਸਾ ਜਿਹੜਾ ਮਨਮੁਖ ਹੈ, ਜਿਹਦਾ ਸੁਭਾ ਬਣ ਗਿਆ ਹੈ ਕਿ ਸਰੋਵਰ ਵਿਚੋਂ ਕਾਈ ਲੱਭਦੀ ਹੈ, ਗੰਦਗੀ ਹੀ ਖਾਣੀ ਹੈ, ਮੇਂਡਕ ਦੀ ਤਰ੍ਹਾਂ ਜਿਸ ਦੀ ਬਿਰਤੀ ਬਣ ਗਈ ਹੈ, ਕੀ ਉਹਨਾਂ ਬੰਦਿਆਂ ਨੂੰ ਬਦਲਿਆ ਨਹੀਂ ਜਸ ਸਕਦਾ? ਤੋਂ ਤੁਸੀ ਨਿਰਾਸ ਨਾ ਹੋਣਾ, ਅੱਜ ਮੈਂ ਓਹੀ ਸ਼ਬਦ ਰਖਣੇ ਨੇ, ਜਿਸ ਦੇ ਵਿਚ ਸਾਹਿਬਾਂ ਨੇ, ਗੁਰੂਆਂ ਨੇ ਕਹਿ ਦਿੱਤਾ ਹੈ, ਨਹੀ ਬਦਲਿਆ ਜਾ ਸਕਦਾ। ਗੱਲ ਨਹੀਂ ਬਣਦੀ। ਮੁਸ਼ਕਲ ਹੈ ਸੁਭਾਵ ਨੂੰ ਤਬਦੀਲ ਕਰਨਾ। ਜੇ ਕੱਚਾ ਸੁਭਾ ਹੈ, ਜੈਸੇ ਕਾਗ਼ਜ਼ 'ਤੇ ਪੈਨਸਲ ਨਾਲ ਲਿਖੀਏ ਤੇ ਕਈ ਦਫਾ ਉਹਨੂੰ ਮਿਟਾਣ ਲਗਿਆਂ ਦੇਰ ਨਹੀਂ ਲਗਦੀ। ਪਰ ਜੇ ਸਿਆਹੀ ਨਾਲ ਲਿਖਿਆ ਹੋਵੇ ਤੇ ਫਿਰ ਥੋੜ੍ਹਾ ਜਿਹਾ ਸੋਚਣਾ ਪੈਂਦਾ ਹੈ। ਕਿਸੇ ਕਿਸੇ ਥਾਂ ਸੁਭਾ ਪੁਖ਼ਤਾ ਹੋ ਜਾਂਦਾ ਹੈ, ਪੱਕ ਜਾਂਦਾ ਹੈ, ਫਿਰ ਐਸੇ ਬੰਦੇ ਨੂੰ ਬਦਲਣਾ ਬਹੁਤ ਔਖੀ ਗੱਲ ਹੋ ਜਾਂਦੀ ਹੈ, ਬਹੁਤ ਹੀ ਔਖੀ। ਮਰਦਾਨਾ ਪੁੱਛਦਾ ਹੈ, ਪਾਤਸ਼ਾਹ! ਐਸਾ ਜਿਹੜਾ ਮਨਮੁਖ ਹੈ, ਜਿਸਦਾ ਮਨਮੁਖਤਾਈ ਵਿਚ ਸੁਭਾ ਪੱਕ ਗਿਆ ਹੈ, ਤਾਂ ਕੀ ਉਸ ਦਾ ਸੁਭਾ ਬਦਲਿਆ ਨਹੀਂ ਜਾ ਸਕਦਾ? ਸਾਹਿਬ ਕਹਿੰਦੇ ਨੇ, ਨਹੀਂ। ਤੋ ਮਰਦਾਨਾ ਬੜਾ ਸਿਆਣਾ ਹੈ, ਕਹਿੰਦਾ ਹੈ, ਪਾਤਸ਼ਾਹ! ਤੁਹਾਡੇ ਅੰਮ੍ਰਿਤਮਈ ਬਚਨਾਂ ਨਾਲ ਵੀ ਨਹੀਂ ਬਦਲਿਆ ਜਾ ਸਕਦਾ? ਇਹ ਸ਼ਬਦ ਤੁਹਾਡੀ ਆਤਮਾ ਦੇ ਗਹਿਰੇ ਤਲ 'ਚੋਂ ਨਿਕਲਦੇ ਨੇ, ਕੀ ਇਹਨਾਂ ਨਾਲ ਵੀ ਨਹੀਂ ਬਦਲਿਆ ਜਾ ਸਕਦਾ? ਤੋ ਸਾਹਿਬ ਕਹਿੰਦੇ ਨੇ 'ਨਹੀਂ'। ਹੁਣ ਇਸ ਗੱਲ ਲਈ ਵੀ ਪ੍ਰਮਾਣ ਚਾਹੀਦੇ ਨੇ। ਤੋ ਮੈਂ ਅਰਜ਼ ਕਰਾਂ, ਉਹ ਵੀ ਬੰਦੇ ਸਨ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਭੂਤਨਾ ਤੇ ਬੇਤਾਲਾ ਆਖਿਆ ਹੈ। ਉਹ ਵੀ ਪੁਰਸ਼ ਸਨ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਪੱਥਰ ਮਾਰੇ ਨੇ। ਸੁਭਾ ਇਤਨਾ ਮਨਮੁਖਤਾਈ ਵਿਚ ਪੱਕ ਗਿਆ ਹੈ ਕਿ ਬਾਬੇ ਤੋਂ ਪ੍ਰੇਰਨਾ ਨਹੀਂ ਲੈ ਸਕਦੇ। ਲੇਕਿਨ ਫਿਰ ਵੀ ਮੈਂ ਕਹਿੰਦਾ ਹਾਂ ਉਹਨਾਂ ਪੱਥਰ ਮਾਰਨ ਵਾਲਿਆਂ ਨਾਲੋਂ ਸੱਜਣ ਠਗ ਬਹੁਤ ਚੰਗਾ ਸੀ। ਪਤਾ ਕਿਉਂ? ਇਕੋ ਹੀ ਸ਼ਬਦ ਸੁਣਿਆ ਹੈ ਤੇ ਬਦਲ ਗਿਆ ਹੈ। ਬੁਰਾਈ ਕਰਦਿਆਂ ਕਰਦਿਆਂ ਤੰਗ ਆ ਗਿਆ ਸੀ, ਆਪਣੀ ਜ਼ਿੰਦਗੀ ਨੂੰ ਬਦਲ ਲਿਆ ਹੈ। ਅਸੀਂ ਕਈ ਦਫ਼ਾ ਹਜ਼ਾਰਾਂ ਸ਼ਬਦ ਬਾਬੇ ਦੇ ਸੁਣਦੇ ਹਾਂ, ਨਹੀਂ ਬਦਲਦੇ, ਉਹ ਇਕੋ ਹੀ ਸ਼ਬਦ ਸੁਣਦਾ ਹੈ, ਬਦਲ ਜਾਂਦਾ ਹੈ। ਇਥੇ ਵਿਚਾਰਨ ਵਾਲੀ ਗੱਲ ਹੈ, ਇਕੋ ਹੀ ਸ਼ਬਦ ਸੁਣਿਆ ਹੈ। ਇਹ ਠੀਕ, ਉਸ ਨੂੰ ਅਸੀਂ ਠੱਗ ਆਖੀ ਜਾਂਦੇ ਹਾਂ ਇਸ ਧਾਰਮਿਕ ਸਟੇਜ ਤੋਂ। ਲੇਕਿਨ ਸ਼ਬਦ ਸੁਣ ਕੇ ਬਾਬੇ ਦੇ ਚਰਨੀਂ ਆ ਪਿਆ ਹੈ, ਤੌਬਾ ਕੀਤੀ ਹੈ। ਮਨ ਨਿਰਮਲ ਹੋ ਗਿਆ ਹੈ। ਪਰ ਬਾਬੇ ਦੇ ਇਹੀ ਸ਼ਬਦ ਅਸੀਂ ਕਿੰਨੀ ਦਫ਼ਾ ਸੁਣੇ ਨੇ, ਕੁਛ ਕਦੀ ਪਰਵਿਰਤਨ ਆਇਆ ਹੈ? ਕੁਛ ਪਲਟਾ ਆਇਆ ਹੈ? ਤੇ ਫਿਰ ਥੋੜ੍ਹਾ ਜਿਹਸ ਸੋਚਣਾ ਪਵੇਗਾ ਕਿ ਸਾਡੇ ਨਾਲੋਂ ਕਿਸੇ ਹੱਦ ਤਕ ਇਹ ਸੱਜਣ ਠੱਗ ਕਈ ਗੁਣਾ ਚੰਗਾ ਸੀ। ਇਕੋ ਹੀ ਸ਼ਬਦ ਸੁਣਦਾ ਹੈ ਤੇ ਬਦਲ ਜਾਂਦਾ ਹੈ। ਤੇ ਮਰਦਾਨੇ ਨੇ ਫਿਰ ਕਿਹਾ, ਪਾਤਸ਼ਾਹ! ਤੁਹਾਡੇ ਜਿਹੜੇ ਸ਼ਬਦ, ਅੰਮ੍ਰਿਤ ਮਈ ਬਚਨ, ਅੰਮ੍ਰਿਤ ਮਈ ਹਿਰਦੇ ਦੇ ਗਹਿਰੇ ਤਲ 'ਚੋਂ ਨਿਕਲਦੇ, ਰੱਬੀ ਰਸ ਨਾਲ ਭਰੇ ਹੋਏ ਨੇ ਤੇ ਇਹਦੇ ਨਾਲ ਤੇ ਪਲਟਾ ਲਿਆਇਆ ਜਾ ਸਕਦਾ ਹੈ। ਸਾਹਿਬ ਕਹਿੰਦੇ, 'ਨਹੀਂ'। ਹੁਣ ਤਸ਼ਬੀਹ ਚਾਹੀਦੀ ਹੈ, ਸਾਹਿਬ ਅਗਲੀ ਤੁਕ ਵਿਚ ਦੇਂਦੇ ਨੇ: ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂਬ ਨ ਚਾਤੁਰ ਰੇ॥
{ਅੰਗ : ੯੯੦} ਤੁੰਮੇ ਵਿਚ ਬੜੀ ਕੁੜੱਕਣ ਹੁੰਦੀ ਹੈ, ਸਾਹਿਬ ਕਹਿੰਦੇ, ਪਾਣੀ ਦੀ ਥਾਂ ਜੇ ਉਸ ਤੁੰਮੇ ਦੀਆਂ ਜੜ੍ਹਾਂ ਦੇ ਵਿਚ ਸ਼ਹਿਦ ਘੋਲ ਕੇ ਪਾਈਏ, ਸ਼ੱਕਰ ਘੋਲ ਕੇ ਪਾਈਏ ਤੇ ਗੁਰੂ ਜੀ ਮਰਦਾਨੇ ਤੋਂ ਪੁੱਛਦੇ ਨੇ, ਬਈ ਤੂੰ ਦੱਸ, ਇਹ ਤੁੰਮਾ ਕੀ ਮਿੱਠਾ ਹੋ ਜਾਏਗਾ? ਕੀ ਇਹ ਆਪਣਾ ਸੁਭਾ ਬਦਲ ਦੇਵੇਗਾ? ਕਤਈ ਨਹੀਂ। ਚਾਹੇ ਅੰਮ੍ਰਿਤ, ਚਾਹੇ ਦੁੱਧ ਇਸ ਤੁੰਮੇ ਦੀਆਂ ਜੜ੍ਹਾਂ 'ਚ ਪਾਈਏ, ਇਸ ਨੇ ਮਿੱਠਾ ਕਤਈ ਨਹੀਂ ਹੋਣਾ। ਬਾਬਾ ਜੀ ਕਹਿੰਦੇ, ਇਸੇ ਪ੍ਰਕਾਰ ਚਾਹੇ ਮੈਂ ਕਿੰਨੀ ਵੀ ਮਿੱਠੀ ਬਾਣੀ, ਮਿੱਠਾ ਕਲਾਮ ਸੁਣਾਈ ਜਾਵਾਂ, ਜਿਹਦੀਆਂ ਜੜ੍ਹਾਂ ਵਿਚ ਕੁੜੱਕਣ ਪਹੁੰਚ ਗਈ ਹੈ, ਉਹਨੂੰ ਬਦਲਣਾ ਬਹੁਤ ਔਖੀ ਗੱਲ ਹੈ। ਬਹੁਤ ਹੀ ਔਖੀ। ਔਰ ਇਤਨੀ ਅਰਜ਼ ਮੈਂ ਹੋਰ ਕਰ ਦਿਆਂ, ਇਕ ਥਾਂ 'ਤੇ ਸਾਹਿਬ ਕਹਿੰਦੇ ਨੇ, ਮਨਮੁਖ ਦਾ ਹਿਰਦਾ ਜਿਤਨਾ ਕੌੜਾ ਹੁੰਦਾ ਹੈ ਨਾ, ਸੰਸਾਰ ਵਿਚ ਇਤਨੀ ਕੌੜੀ ਚੀਜ਼ ਹੋਰ ਕੋਈ ਵੀ ਨਹੀਂ। ਗਿਣ ਕੇ ਰੱਖੀਆਂ ਨੇ ਬਾਬੇ ਨਾਨਕ ਨੇ: ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ॥
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ॥
{ਅੰਗ : ੧੪੭} ਹੇ ਕਰਤਾ ਪੁਰਖ! ਜਿਸ ਚਿਤ ਤੇਰਾ ਵਾਸਾ ਨਹੀਂ ਹੈ ਨਾ, ਉਹ ਇਤਨਾ ਕੌੜਾ ਹੈ ਕਿ ਜੈਸੇ ਜ਼ਹਿਰ, ਅੱਕ, ਨਿੰਮ, ਤੁੰਮਾ ਅਤੇ ਧਤੂਰਾ। ਇਤਨੀ ਕੁੜੱਕਣ ਉਸ ਦੇ ਅੰਦਰ ਹੈ, ਇਤਨੀ ਜ਼ਹਿਰ ਉਸ ਦੇ ਅੰਦਰ ਹੈ। ਤੇ ਕਦੀ ਕਦੀ ਬਚਨਾਂ ਦੇ ਰਾਹੀਂ ਇਹ ਜ਼ਹਿਰ ਬਾਹਰ ਵੀ ਨਿਕਲਦੀ ਹੈ। ਹੱਥਾਂ ਪੈਰਾਂ 'ਚੋਂ ਵੀ ਨਿਕਲਦੀ ਹੈ, ਜਦ ਕੋਈ ਆਪੇ ਤੋਂ ਬਾਹਰ ਹੁੰਦਾ ਹੈ, ਉਸ ਦੇ ਅੰਦਰ ਜ਼ਹਿਰ ਬਹੁਤ ਹੁੰਦੀ ਹੈ, ਭਰ ਜਾਂਦੀ ਹੈ ਤੇ ਫਿਰ ਨਿਕਲਦੀ ਹੈ। ਕਹਿੰਦੇ ਨੇ, ਸੱਪ ਉਦੋਂ ਡੰਗ ਮਾਰਦਾ ਹੈ ਜਦ ਉਸ ਦੇ ਅੰਦਰ ਜ਼ਹਿਰ ਬਹੁਤੀ ਭਰ ਜਾਂਦੀ ਹੈ। ਨਾ ਕੋਈ ਮਿਲੇ, ਫਿਰ ਉਸ ਨੇ ਪੱਥਰ ਨੂੰ ਹੀ ਡੰਗ ਮਾਰਨਾ ਹੈ। ਵੈਦਿਕ ਗ੍ਰੰਥਾਂ ਵਿਚ ਲਿਖਿਆ ਹੈ ਕਿ ਉਹ ਹੀ ਸੰਖੀਆ ਹੁੰਦਾ ਹੈ ਜਿਹੜਾ ਸੱਪ ਦੇ ਪੱਥਰ 'ਤੇ ਡੰਗ ਮਾਰਨ ਨਾਲ ਬਣਦਾ ਹੈ। ਜਦ ਸੱਪ ਦੇ ਸਿਰ ਵਿਚ ਬਹੁਤੀ ਜ਼ਹਿਰ ਭਰ ਜਾਏ, ਫਿਰ ਇਸ ਦਾ ਸਿਰ ਖੌਲਣ ਲਗ ਜਾਂਦਾ ਹੈ, ਦਰਦ ਕਰਦਾ ਹੈ ਤੇ ਫਿਰ ਡੰਗ ਮਾਰ ਕੇ ਆਪਣੀ ਜ਼ਹਿਰ ਨੂੰ ਕੱਢਦਾ ਹੈ। ਕਈ ਦਫਾ ਇਹ ਜ਼ਹਿਰ ਮਨਮੁਖ ਦੇ ਅੰਦਰ ਇਤਨੀ ਜਮਾ ਹੋ ਜਾਂਦੀ ਹੈ, ਇਤਨੀ ਭਰ ਜਾਂਦੀ ਹੈ ਕਿ ਮਨਮੁਖ ਦਾ ਸਿਰ, ਹਿਰਦਾ ਖੌਲਣ ਲਗ ਜਾਂਦਾ ਹੈ, ਤੇ ਹੁਣ ਇਸ ਜ਼ਹਿਰ ਨੂੰ ਕੱਢਣਾ ਹੈ, ਤੇ ਕੁਦਰਤੀ ਗੱਲ ਹੈ ਸੱਪ ਤਾਂ ਪੱਥਰ ਨੂੰ ਡੰਗ ਮਾਰ ਸਕਦਾ ਹੈ, ਬੰਦੇ ਨੇ ਤਾਂ ਬੰਦੇ ਨੂੰ ਹੀ ਡੰਗ ਮਾਰਨਾ ਹੈ। ਖ਼ੈਰ! ਸ਼ੇਖ ਸਾਅਦੀ ਇਕ ਥਾਂ 'ਤੇ ਲਿਖਦਾ ਹੈ: ਸਗੇ ਪਾਏ ਸਹਿਰਾਏ ਨਸ਼ੀਨੇ ਗਜ਼ੰਦ। ਬਖਸ਼ ਮੇ ਕਿ ਖ਼ੂਨਮ ਦੰਦਾਂ ਚਿ ਕੰਦ। ਇਕ ਲੱਕੜਹਾਰਾ ਲੱਕੜਾਂ ਦਾ ਗੱਠਾ ਚੁੱਕੀ ਆਪਣੇ ਘਰ ਨੂੰ ਆ ਰਿਹਾ ਸੀ, ਇਕ ਕੁੱਤੇ ਨੇ ਜ਼ੋਰ ਦੀ ਕੱਟ ਖਾਧਾ। ਬੜੇ ਗਹਿਰੇ ਦੰਦ ਪੈਰ ਵਿਚ ਗੱਡ ਦਿਤੇ। ਜ਼ਖਮੀ ਪੈਰ ਲੈ ਕੇ ਜਦ ਘਰ ਪਹੁੰਚਿਆ ਹੈ, ਇਕੋ ਇਕ ਇਸ ਦੀ ਬੱਚੀ ਸੀ, ਹਮਦਰਦੀ ਦੇ ਲਹਿਜੇ ਵਿਚ ਉਸ ਬੱਚੀ ਨੇ ਪੁਛਿਆ ਕਿ ਬਾਪੂ ਇਹ ਕੀ ਹੋਇਆ? ਤੇ ਉਹ ਆਖਣ ਲੱਗਾ, ਬੱਚੀ, ਕੁੱਤੇ ਨੇ ਕੱਟ ਖਾਧਾ ਹੈ। ਤੇ ਗੁੱਸੇ 'ਚ ਬੱਚੀ ਬੋਲੀ: ਕਿ ਆਖ਼ਰ ਤੁਰਾ ਤੇਜ਼ ਦੰਦਾਂ ਨਾਬੂਦ। ਕਹਿਣ ਲੱਗੀ, ਰੱਬ ਨੇ ਤੈਨੂੰ ਵੀ ਦੰਦ ਦਿਤੇ ਸਨ, ਤੂੰ ਵੀ ਕੱਟ ਖਾਣਾ ਸੀ, ਤੂੰ ਕਿਉਂ ਨਹੀਂ ਕਟਿਆ? ਤੇ ਸ਼ੇਖ ਸਾਅਦੀ ਕਹਿੰਦੇ ਨੇ, ਉਸ ਬੁਢੇ ਪਿਉ ਨੇ ਆਪਣੀ ਬੱਚੀ ਦੇ ਸਿਰ 'ਤੇ ਹੱਥ ਰਖਿਆ ਤੇ ਆਖਣ ਲੱਗਾ, ਬੇਟੀ: ਵਲਏ ਕਮ ਨਾ ਆਇਦ ਜ਼ ਮਰਦਮ ਸਗੀਂ। ਮੈਂ ਮਨੁਖ ਹਾਂ ਤੇ ਮਨੁੱਖ ਕੋਲੋਂ ਕੁੱਤੇ ਦਾ ਕੰਮ ਨਹੀਂ ਹੋ ਸਕਦਾ। ਕੁੱਤਾ ਮੈਨੂੰ ਕੱਟ ਖਾਏ ਤੇ ਮੈਂ ਕੁੱਤੇ ਨੂੰ ਕੱਟ ਖਾਵਾਂ, ਤੇ ਕੁੱਤੇ ਅਤੇ ਮੇਰੇ ਵਿਚ ਫ਼ਰਕ ਕੀ ਹੋਇਆ? ਤੇ ਐ ਬੱਚੀ! ਕੁੱਤਾ ਤੇ ਕੱਟ ਸਕਦਾ ਹੈ, ਕਿਉਂਕਿ ਉਹ ਜਾਨਵਰ ਹੈ ਤੇ ਜੇ ਮੈਂ ਉਸ ਨੂੰ ਕੱਟ ਖਾਧਾ ਤੇ ਫਿਰ ਮੇਰੇ ਤੇ ਜਾਨਵਰ ਵਿਚ ਫ਼ਰਕ ਕੀ ਹੋਇਆ? ਤੇ ਫਿਰ ਮੈਂ ਆਪਣੀ ਮਨੁੱਖਤਾ, ਇਨਸਾਨੀਅਤ ਗਵਾ ਬੈਠਾਂਗਾ। ਇਸ ਵਾਸਤੇ ਜਿਸ ਦੇ ਅੰਦਰ ਵੀ ਇਨਸਾਨਿਅਤ ਦਾ ਮਾਦਾ ਹੈ, ਸੋਚ ਲੈਂਦਾ ਹੈ ਔਰ ਉਸ ਦੇ ਕਰਮ ਤੋਂ ਗੱਲ ਪ੍ਰਗਟ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਦੀਆਂ ਜੜ੍ਹਾਂ ਤਕ ਮਨਮੁਖਤਾਈ ਪਹੁੰਚ ਗਈ ਏ। ਲਾ-ਇਲਾਜ ਬਿਮਾਰੀਆਂ ਦੀ ਗੱਲ ਕਰ ਰਿਹਾ ਹਾਂ, ਕਿਉਂਕਿ ਕਈ ਦਫਾ ਬੰਦਾ ਕਹਿੰਦਾ ਹੈ ਕਿ ਉਹ ਫ਼ਲਾਣਾ ਆਦਮੀ ਪੰਜਾਹ ਸਾਲ ਹੋ ਗਏ ਗੁਰਦਵਾਰੇ ਜਾਂਦਿਆਂ, ਗੱਲ ਬਣੀ ਨਹੀਂ, ਉਸੇ ਤਰੀਕੇ ਨਾਲ ਝੂਠ ਬੋਲਦਾ ਹੈ, ਉਸੇ ਤਰੀਕੇ ਨਾਲ ਠੱਗੀ ਮਾਰਦਾ ਹੈ। ਕਈ ਦਫ਼ਾ ਉਹਨਾਂ ਨੂੰ ਮੈਂ ਜਵਾਬ ਦਿੰਦਾ ਹੁਨਾਂ ਹਾਂ ਕਿ ਇਹ ਜਾਂਦੀ ਹੀ ਗੁਰਦਵਾਰੇ ਇਸ ਕਰਕੇ ਸੀ ਕਿ ਗੁਰੂ ਦੀ ਮਦਦ ਨਾਲ ਕੋਈ ਠੱਗੀ ਕਰ ਸਕੀਏ। ਇੰਨੀ ਗੱਲ ਹੈ, ਹੋਰ ਕੋਈ ਗੱਲ ਨਹੀਂ। ਚਲੋ, ਗੁਰੂ ਵੀ ਕੋਈ ਮਦਦ ਕਰੇ। ਗੁਰੂ ਵੀ ਕੋਈ ਸਹਾਇਤਾ ਕਰੇ। ਇਸ ਤਰ੍ਹਾਂ ਦੇ ਬਹੁਤ ਬੰਦੇ ਮੈਂ ਦੇਖੇ ਹਨ। ਗੁਰੂ ਨੂੰ ਕਹਿੰਦੇ ਹਨ, ਦਾਤਾ! ਅੱਜ ਚੱਲੇ ਹਾਂ ਕਿਸੇ ਦੀ ਪੱਗ ਲਾਹੁਣ ਤੇ ਮਦਦ ਕਰੀਂ। ਹੁਣ ਭਲਾ ਗੁਰੂ ਨੇ ਸਿਰ ਤੇ ਪੱਗ ਬੰਨ੍ਹਣੀ ਹੈ ਕਿ ਲਾਹੁਣੀ ਹੈ। ਪਰ ਗੁਰੂ ਦੀ ਮਦਦ ਲੈਣੀ ਹੈ। ਇਸ ਢੰਗ ਵਾਸਤੇ ਲੋਕੀਂ ਲੈਂਦੇ ਨੇ। ਅਕਸਰ ਚਿਚੜ ਗਊ ਦੇ ਥਣਾਂ ਨਾਲ ਹੁੰਦੇ ਹਨ। ਸਾਹਿਬਾਂ ਨੇ ਤਸ਼ਬੀਹ ਬੜੀ ਸੁਹਣੀ ਤੇ ਨੇੜੇ ਦੀ ਦਿਤੀ ਹੈ। ਸਾਹਿਬ ਕਹਿੰਦੇ ਨੇ, ਇਹ ਜਿਹੜਾ ਚਿਚੜ ਹੈ ਨਾ, ਦੁੱਧ ਨਹੀਂ ਪੀਂਦਾ, ਦੁੱਧ ਤੇ ਬਛੜਾ ਪੀਏਗਾ, ਇਹ ਖ਼ੂਨ ਪੀਂਦਾ ਹੈ, ਹੁਣ ਇਹ ਚਿਚੜ ਦੁੱਧ ਦੇ ਸੋਮੇ ਵਿਚੋਂ ਵੀ ਖ਼ੂਨ ਪਿਆ ਕਢਦਾ ਹੈ, ਬਿਲਕੁਲ ਉਲਟੀ ਰੀਤ ਹੈ ਇਸ ਦੀ। ਜਿਥੋਂ ਬਛੜਾ ਦੁੱਧ ਕੱਢ ਲੈਂਦਾ ਹੈ ਇਹ ਚਿਚੜ ਓਥੋਂ ਖ਼ੂਨ ਪਿਆ ਕੱਢਦਾ ਹੈ। ਤੇ ਮਹਾਰਾਜ ਐਸਾ ਕਹਿੰਦੇ ਨੇ, ਕਈ ਬੰਦੇ ਗੁਰਦਵਾਰਿਆਂ ਨੂੰ ਇੰਜ ਚੰਬੜੇ ਹੁੰਦੇ ਹਨ ਜਿਵੇਂ ਗਊਆਂ ਦੇ ਥਣਾਂ ਨੂੰ ਚਿਚੜ ਚੰਬੜੇ ਹੁੰਦੇ ਹਨ। ਇਹਨਾਂ ਦਾ ਕੰਮ ਖ਼ੂਨ ਪੀਣਾ ਹੁੰਦਾ ਹੈ, ਦੁੱਧ ਪੀਣਾ ਨਹੀਂ। ਇਤਨੀ ਅਰਜ਼ ਮੈਂ ਹੋਰ ਕਰ ਦਿਆਂ, ਘੁੰਮ ਫਿਰ ਕੇ ਜੋ ਮੈਂ ਦੇਖਿਆ ਹੈ, ਸ਼ਾਇਕ ਹੀ ਕੋਈ ਦੁੱਧ ਪੀਂਦਾ ਹੋਵੇ, ਔਰ ਜਿਹੜੇ ਪੀਂਦੇ ਹਨ, ਦਾਤਾ ਬਖ਼ਸ਼ਿਸ਼ ਕਰੇ ਪੀਂਦੇ ਰਹਿਣ, ਰਸ ਮਾਣਦੇ ਰਹਿਣ। ਨਹੀਂ ਤੇ ਬਹੁਤਿਆਂ ਦਾ ਇਹੀ ਕੰਮ ਹੈ। ਇਕ ਗਰੰਥੀ ਸਿੰਘ ਦੀ ਗੱਲ ਹੈ। ਹੁਣ ਮੁਆਫ਼ੀ ਤੇ ਮੈਂ ਪਹਿਲੇ ਹੀ ਮੰਗ ਲਵਾਂ, ਕਿਸੇ ਥਾਂ ਗਰੰਥੀ ਤੇ ਕਿਸੇ ਥਾਂ ਪ੍ਰਬੰਧਕ, ਤੇ ਕਿਸੇ ਥਾਂ ਤਾਂ ਗੁਣੀ ਗਿਆਨੀ ਸੰਤ ਗੁੱਸੇ ਹੋ ਜਾਂਦੇ ਹਨ। ਹਰ ਇਕ ਬਾਰੇ ਸਾਹਿਬਾਂ ਦੀ ਬਾਣੀ ਹੈ। ਤੇ ਮੈਂ ਪ੍ਰਚਾਰਕ ਦੇ ਨਾਤੇ ਸੁਣਾਂਦਾ ਹਾਂ ਤੇ ਉਸ ਗ੍ਰਿਫ਼ਤ ਵਿਚ ਮੈਂ ਆਪ ਵੀ ਆ ਜਾਂਦਾ ਹਾਂ। ਤੇ ਮੈਂ ਕਦੀ ਐਸਾ ਨਹੀਂ ਕਹਿੰਦਾ ਕਿ ਜਿਹੜੀ ਗੱਲ ਮੈਂ ਕਹਿੰਦਾ ਹਾਂ, ਉਸ ਦੀ ਸਚਾਈ 'ਤੇ ਮੇਰੀ ਜ਼ਿੰਦਗੀ ਪੂਰੀ ਉਤਰਦੀ ਹੈ, ਐਸਾ ਮੇਰਾ ਕੋਈ ਦਾਅਵਾ ਨਹੀਂ। ਹੁਣ ਇਕ ਮ੍ਰਿਤਕ ਦਾ ਭੋਗ ਸੀ ਤੇ ਇਕ ਗਿਆਨੀ ਸਿੰਘ ਕਹਿੰਦਾ, ਟਾਈਮ ਮੈਨੂੰ ਵੀ ਦਿਉ। ਅਗਲੇ ਕਹਿੰਦੇ, ਟਾਈਮ ਦੀ ਸੈਟਿੰਗ ਹੋਈ ਹੂ, ਤੁੰ ਰਹਿਣ ਦੇ। ਉਹ ਕਹਿੰਦਾ, ਰੋਜ਼ ਰੋਜ਼ ਐਸਾ ਕੋਈ ਟਾਈਮ ਆਉਂਦਾ ਹੈ, ਮੈਨੂੰ ਦਿਉ ਟਾਈਮ। ਇਹਦਾ ਮਤਲਬ ਹੈ ਰੋਜ਼ ਕੋਈ ਮਰੇ ਤਾਂ ਜਾ ਕੇ ਗੱਲ ਬਣੇ। ਇਹ ਹੁਣ ਖ਼ੂਨ ਪੀਣ ਦੀ ਗੱਲ ਹੈ। ਇਹ ਦੁੱਧ ਪੀਣ ਦੀ ਗੱਲ ਨਹੀਂ, ਇਹ ਬਾਣੀ ਦਾ ਰਸ ਮਾਣਨ ਦੀ ਗੱਲ ਨਹੀਂ, ਇਹ ਸ਼ਬਦ ਦਾ ਰਸ ਮਾਣਨ ਦੀ ਗੱਲ ਨਹੀਂ। ਹੁਣ ਕੌਣ ਦੱਸੇ ਕਿ ਭਾਈ ਸਾਹਿਬ, ਜਿਸ ਗੱਦੀ 'ਤੇ ਤੂੰ ਬੈਠਾ ਹੈਂ, ਇਹ ਬਾਬੇ ਬੁੱਢੇ ਦੀ ਗੱਦੀ ਹੈ। ਔਰ ਗੁਰੂ ਅਰਜਨ ਦੇਵ ਜੀ ਵੀ ਸਤਿਕਾਰ ਦੇਣ ਵਾਸਤੇ ਆਪਣੀ ਪਤਨੀ ਨੂੰ ਕਹਿੰਦੇ ਹਨ, ਜਾਹ ਜਾ ਕੇ ਬਾਬੇ ਬੁੱਢੇ ਕੋਲੋਂ ਵਰ ਲੈ ਕੇ ਆ। ਪੁਰਖਾ, ਤੂੰ ਗਰੰਥੀ ਹੈ, ਤੇ ਗਰੰਥੀ ਵਾਲੀ ਸ਼ਖ਼ਸੀਅਤ ਬਣਾ ਕੇ ਰੱਖ। ਆਪਣੀ ਕਾਬਲੀਅਤ ਬਣਾ ਕੇ ਰੱਖ। ਆਪਣੀ ਆਤਮਾ ਨੂੰ ਵੇਖ, ਜਿਸ ਸਿੰਘਾਸਨ 'ਤੇ ਤੂੰ ਬੈਠਾ ਹੈਂ, ਤੈਨੂੰ ਵੇਖ ਕੇ ਲੋਕੀਂ ਇਹ ਆਖ ਸਕਣ ਕਿ 'ਇਕ ਗੁਰੂ ਹੈ ਤੇ ਇਹ ਗੁਰੂ ਦਾ ਵਜ਼ੀਰ ਹੈ।' ਔਰ ਫਿਰ ਉਸ ਦੀ ਅਰਦਾਸ ਵਿਚ ਬਰਕਤ ਹੋਵੇਗੀ। ਉਸ ਦੇ ਕੋਲੋਂ ਅਸੀਂ ਅਰਦਾਸ ਕਰਵਾਵਾਂਗੇ ਤਾਂ ਕੋਈ ਗੱਲ ਬਣੇਗੀ, ਉਹ ਨਿਕਟਵਰਤੀ ਹੈ। ਤੇ ਜੇ ਇੰਜ ਚੰਬੜਿਆ ਹੋਵੇ ਜਿਵੇਂ ਗਊ ਦੇ ਥਣਾਂ ਨੂੰ ਚਿਚੜ, ਫਿਰ ਗੱਲ ਨਹੀਂ ਬਣੇਗੀ: ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ॥
{ਅੰਗ : ੯੯੦} ਸਾਹਿਬ ਕਹਿੰਦੇ ਨੇ, ਜੈਸੇ ਚਿਚੜ ਦੀ ਪ੍ਰੀਤਿ ਖ਼ੂਨ ਦੇ ਵਿਚ ਹੈ, ਕਈਆਂ ਦੀ ਪ੍ਰੀਤਿ ਇਸ ਢੰਗ ਨਾਲ ਸੰਸਾਰਕ ਰਸਾਂ ਦੇ ਵਿਚ ਹੁੰਦੀ ਹੈ, ਭਾਵੇਂ ਚੰਬੜੇ ਗੁਰਦਵਾਰੇ ਨਾਲ ਹੀ ਹੁੰਦੇ ਨੇ। ਬਾਕੀ ਕੋਈ ਗੱਲ ਨਹੀਂ ਹੁੰਦੀ। ਔਰ ਤੁਸੀਂ ਔਖੇ ਹੋਵੋ ਤੇ ਹੋਵੋ, ਆਪਾਂ ਚਲਦੇ ਭਲੇ ਤੇ ਤੁਸੀਂ ਵੱਸਦੇ ਭਲੇ। ਹੁਣ ਹੈ ਤੇ ਗੁਰਦਵਾਰਾ ਇਸ ਵਾਸਤੇ ਕਿ ਪੱਗਾਂ ਸਾਡੀਆਂ ਮਜ਼ਬੂਤ ਤੇ ਪੁਖ਼ਤਾ ਰਹਿਣ ਤੇ ਜੇ ਕੋਈ ਗੁਰਦਵਾਰੇ ਦਾ ਆਸਰਾ ਲੈ ਕੇ ਹੀ ਕਿਸੇ ਦੀ ਪੱਗ ਲਾਹੀ ਜਾਵੇ, ਕਿਸੇ ਦਾ ਕੜਾ ਲਾਹੀ ਜਾਵੇ, ਕ੍ਰਿਪਾਨ ਲਾਹੀ ਜਾਵੇ, ਫਿਰ ਵੀ ਤੁਸੀਂ ਬਰਦਾਸ਼ਤ ਕਰੋ ਤੇ ਫਿਰ ਸੋਚਣ ਦੀ ਗੱਲ ਹੈ। ਇਹ ਵਿਚਾਰਨ ਦੀ ਗੱਲ ਹੈ। ਤੇ ਮੈਂ ਸਿਰਫ਼ ਇਹ ਗੱਲਾਂ ਇਸ ਕਰਕੇ ਕਹਿੰਦਾ ਹਾਂ ਕਿ ਤੁਸੀਂ ਇਤਨੇ ਸੁਚੇਤ ਹੋ ਜਾਵੋ, ਸੰਸਾਰ ਵਿਚ ਬੜੀਆਂ ਲਹਿਰਾਂ ਚਲ ਰਹੀਆਂ ਨੇ ਇਸ ਢੰਗ ਦੀਆਂ, ਪਤਾ ਨਹੀ ਕੀ ਦਾ ਕੀ ਕੁਛ ਬਣਾ ਕੇ ਰੱਖ ਦੇਣ। ਤੇ ਸੁਚੇਤ ਰਹਿਣਾ। ਰੱਬ ਦੀ ਉਸਤਤ ਕਰਨ ਲਗਿਆਂ, ਧਰਮ ਦੇ ਰਸਤੇ 'ਤੇ ਚਲਦਿਆਂ ਬੜਾ ਸੁਚੇਤ ਰਹਿਣਾ ਪੈਂਦਾ ਹੈ। ਇਕ ਪਾਸੇ ਖਾਈ ਹੋਵੇ ਤੇ ਇਕ ਪਾਸੇ ਦਲਦਲ ਹੋਵੇ ਤੇ ਥੋੜੀ ਜਿਹੀ ਪਗਡੰਡੀ ਹੋਵੇ ਤੇ ਉਸ 'ਤੇ ਚਲਣਾ ਪਵੇ, ਕਿਤਨਾ ਸਾਵਧਾਨ ਸੁਚੇਤਪੁਣਾ ਚਾਹੀਦਾ ਹੈ। ਹੂਬਹੂ ਧਰਮ ਦੇ ਮਾਰਗ 'ਤੇ ਚਲਦਿਆਂ ਇਤਨਾ ਸੁਚੇਤਪੁਣਾ ਸਿੱਖ ਨੂੰ ਚਾਹੀਦਾ ਹੈ: ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥
ਸਾਵਧਾਨ ਏਕਾਗਰ ਚੀਤ॥
{ਅੰਗ : ੨੯੫} ਮਰਦਾਨੇ ਹੋਰ ਪ੍ਰਸ਼ਨ ਕਰ ਦਿੱਤਾ ਹੈ, ਪਾਤਸ਼ਾਹ! ਇਹ ਤੇ ਠੀਕ ਹੈ ਕਿ ਚਿਚੜ ਨੇ ਆਪਣਾ ਸੁਭਾਅ ਨਹੀਂ ਬਦਲਣਾ, ਤੁੰਮੇ ਨੇ ਆਪਣਾ ਸੁਭਾਅ ਨਹੀਂ ਬਦਲਣਾ, ਮੇਂਡਕ ਨੇ ਆਪਣਾ ਸੁਭਾਅ ਨਹੀਂ ਬਦਲਣਾ, ਤੇ ਜੇ ਐਸਾ ਮਨਮੁਖ, ਗੁਰਮੁਖ ਦੀ ਸੰਗਤ ਲਗਾਤਾਰ ਮੁੱਦਤ ਤਕ ਕਰੇ ਤੇ ਉਹਦੇ ਕੋਲੋਂ ਧਰਮ ਗ੍ਰੰਥ ਵੀ ਪੜ੍ਹੇ, ਵੇਦ ਸ਼ਾਸਤਰ ਪੜ੍ਹੇ ਤੇ ਅਰਥ ਸਿੱਖੇ ਤੇ ਇਹਨਾਂ ਧਰਮ ਗ੍ਰੰਥਾਂ ਦੇ ਪਾਠ ਪੜ੍ਹਨ ਦੇ ਨਾਲ ਤੇ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਤੇ ਲੰਬੀ ਸੰਗਤ ਕਰਨ ਦੇ ਨਾਲ ਉਸ ਦੇ ਸੁਭਾਅ ਵਿਚ ਲਾਜ਼ਮੀ ਪਲਟਾ ਆਵੇਗਾ ਤੇ ਆਉਣਾ ਚਾਹੀਦਾ ਹੈ। ਬਾਬਾ ਨਾਨਕ ਕਹਿੰਦੇ ਨੇ, ਨਹੀਂ ਆਵੇਗਾ। ਕਈ ਬੰਦੇ ਸਾਰੀ ਜ਼ਿੰਦਗੀ ਗੁਰਦਵਾਰਿਆਂ ਵਿਚ ਬਤੀਤ ਕਰ ਛੱਡਦੇ ਨੇ, ਲੇਕਿਨ ਕੋਈ ਧਰਮ ਦੀ ਸੁਗੰਧੀ ਉਨ੍ਹਾਂ ਦੇ ਜੀਵਨ ਵਿਚੋਂ ਆਉਂਦੀ ਹੋਵੇ, ਐਸਾ ਮੈਨੂੰ ਕੋਈ ਪ੍ਰਤੀਤ ਨਹੀਂ ਹੁੰਦਾ। ਉਹ ਧਰਮ-ਮੰਦਰਾਂ ਨਾਲ ਆਪਣਾ ਸਬੰਧ ਇੰਜ ਹੀ ਰਖਦੇ ਨੇ, ਜਿਵੇਂ ਸਾਹਿਬਾਂ ਨੇ ਜ਼ਿਕਰ ਕੀਤਾ ਹੈ। ਆਪ ਕਹਿੰਦੇ ਨੇ: ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ॥
(ਅੰਗ : ੯੯੦} ਕੋਈ ਮਨੁੱਖ ਸਾਰੀ ਜ਼ਿੰਦਗੀ ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਔਰ ਬਾਕਾਇਦਾ ਉਸ ਦੇ ਅਰਥ-ਬੋਧ ਸਿੱਖੇ, ਔਰ ਕਿਸੇ ਆਲਮ ਪੰਡਿਤ ਪਾਸ ਉਸ ਦੀ ਸੰਗਤ ਹੋਵੇ, ਮਹਾਰਾਜ ਕਹਿੰਦੇ ਨੇ, ਤਾਂ ਕੀ ਉਹ ਨਹੀਂ ਬਦਲੇਗਾ। ਤਾਂ ਵੀ ਉਹ ਆਪਣਾ ਸੁਭਾਅ ਨਹੀਂ ਛੱਡੇਗਾ। ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ॥
ਅਪਨਾ ਆਪੁ ਤੂ ਕਬਹੂ ਨ ਛੋਡਸਿ ਸੁਆਨ ਪੂਛਿ ਜਿਉ ਰੇ॥
{ਅੰਗ : ੯੯੦} ਬਈ, ਹੁਣ ਕੁੱਤੇ ਦੀ ਪੂਛ ਨੂੰ ਬੰਨ੍ਹ ਛੱਡੀਏ ਤੇ ਮਹੀਨਾ ਭਰ ਬੰਨ੍ਹ ਛਡੀਏ, ਤੇ ਕਹੀਏ, ਹੁਣ ਸਿੱਧੀ ਹੋ ਜਾ। ਉਹ ਹੋ ਜਾਣੀ ਹੈ ਸਿੱਧੀ? ਸਾਹਿਬ ਕਹਿੰਦੇ ਨੇ, ਜੈਸੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਮਨਮੁਖ ਦਾ ਮਨ ਵੀ ਨਹੀਂ ਸਿੱਧਾ ਹੁੰਦਾ। ਬਿਲਕੁਲ ਮਨਮੁਖ ਦਾ ਸੁਭਾਅ ਨਹੀਂ ਬਦਲਿਆ ਜਾ ਸਕਦਾ। ਹੁਣ ਮਨਮੁਖ ਤੇ ਗੁਰਮੁਖ ਤੇ ਮਹਾਂਪੁਰਖਾਂ ਦੇ ਬਚਨ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਇਕ ਸਿੱਖ ਨੇ ਤਰਕ ਕੀਤੀ, ਪਾਤਸ਼ਾਹ! ਤੁਸੀਂ ਗੁਰੂ ਘਰ ਦੇ ਵੇਦ-ਵਿਆਸ ਹੋ ਔਰ ਤੁਹਾਡੀ ਕਲਾਮ ਨੂੰ ਕੁੰਜੀ ਕਿਹਾ ਜਾਂਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡਾ ਬਹੁਤ ਸਤਿਕਾਰ ਕਰਦੇ ਨੇ, ਇਹ ਦੱਸੋ, ਕਈ ਦਫ਼ਾ ਕ੍ਰੋਧ ਮਨਮੁਖਾਂ ਵਿਚ ਤੇ ਦੇਖੀਦਾ ਹੈ, ਪਰ ਗੁਰਮੁਖਾਂ 'ਚ ਵੀ ਦੇਖਣ 'ਚ ਆਉਂਦਾ ਹੈ। ਮਨਮੁਖਾਂ 'ਚ ਤੇ ਹੈ ਹੀ। ਕਿਸੇ ਕੁ ਥਾਂ ਐਸਾ ਵੇਖੀਦਾ ਹੈ ਕਿ ਗੁਰਮੁਖ ਦੀਆਂ ਅੱਖਾਂ ਵਿਚ ਵੀ ਨਫ਼ਰਤ ਹੈ, ਮਨਮੁਖ ਦੇ ਅੰਦਰ ਤੇ ਹੈ ਹੀ। ਇਹ ਦੋਵੇਂ ਬਰਾਬਰ ਹੀ ਹੋਏ। ਇਥੇ ਹੁਣ ਭਾਈ ਸਾਹਿਬ ਨੂੰ ਸੋਚਣਾ ਪਿਆ ਹੈ। ਵਾਕਿਆ ਹੀ ਕਈ ਦਫ਼ਾ ਵੇਖਣ ਵਿਚ ਆਇਆ ਹੈ ਕਿ ਨਿਤਨੇਮੀ ਪ੍ਰੇਮੀ ਤੇ ਰਸ ਮਾਣਨ ਵਾਲਾ ਬੰਦਾ ਵੀ ਕਈ ਵਾਰ ਵਕਤੀ ਤੌਰ 'ਤੇ ਕਿਸੇ ਗ਼ਲਤ ਮਾਰਗ 'ਤੇ ਚਲ ਪੈਂਦਾ ਹੈ। ਪਰ ਭਾਈ ਸਾਹਿਬ ਦੀ ਦਲੀਲ ਬੜੀ ਕਮਾਲ ਦੀ ਹੈ। ਭਾਈ ਸਾਹਿਬ ਕਹਿੰਦੇ ਨੇ: ਕੰਚਨ ਕਲਸ ਜੈਸੇ ਬਾਕੋ ਭਏ ਸੂਧੋ ਹੋਇ, ਮਾਟੀ ਕੋ ਕਲਸੁ ਫੂਟੇ ਜੁਰੈ ਨ ਜਤਨ ਸੈ॥
ਸੋਨੇ ਦਾ ਕਲਸ ਟੇਢਾ ਹੋ ਜਾਏ, ਟੁੱਟ ਜਾਏ ਤਾਂ ਬਣ ਜਾਏਗਾ। ਤੇ ਜੇ ਮਿੱਟੀ ਦਾ ਟੁੱਟ ਜਾਏ ਤਾਂ ਨਹੀਂ ਬਣ ਸਕਦਾ, ਟੁੱਟ ਗਿਆ ਸੋ ਟੁੱਟ ਗਿਆ। ਦੂਸਰਾ ਉਦਾਹਰਣ ਦਿਤਾ ਹੈ ਭਾਈ ਸਾਹਿਬ ਨੇ: ਬਸਨ ਮਲੀਨ ਧੋਇ ਨਿਰਮਲ ਹੋਤ ਜੈਸੇ, ਊਜਰੀ ਨ ਹੋਤ ਕਾਰੀ ਕਾਂਬਰੀ ਪਤਨ ਸੈ॥
ਭਾਈ ਸਾਹਿਬ ਕਹਿੰਦੇ ਨੇ, ਮੈਲਾ ਕਪੜਾ ਸਾਬਣ ਲਾਇਆਂ ਉਜਲਾ ਹੋ ਜਾਂਦਾ ਹੈ। ਕਾਲੇ ਕੰਬਲ ਨੂੰ ਆਖੀਏ ਚਿੱਟਾ ਹੋ ਜਾ। ਹੋ ਜਾਣਾ ਹੈ? ਕਤਈ ਨਹੀਂ। ਜੈਸੇ ਲਕੁਟੀ ਅਗਨਿ ਸੇਕਤ ਹੀ ਸੂਧੀ ਹੋਇ, ਸ੍ਵਾਨ ਪੂਛਿ ਪਟੰਤਰੋ ਪ੍ਰਗਟ ਮਨਤਨ ਸੈ॥
ਭਾਈ ਸਾਹਿਬ ਕਹਿੰਦੇ ਨੇ, ਟੇਢੀਆਂ ਲੱਕੜਾਂ ਨੂੰ ਅੱਗ ਦੇ ਸੇਕ ਨਾਲ ਸਿੱਧਾ ਕਰ ਲਈਦਾ ਹੈ। ਅੱਗ ਦੇ ਸੇਕ ਨਾਲ ਬਾਂਸ ਦੀ ਲਕੜੀ ਸਿੱਧੀ ਹੋ ਜਾਂਦੀ ਹੈ। ਕਿਆ ਅੱਗ ਦੇ ਸੇਕ ਨਾਲ ਕੁੱਤੇ ਦੀ ਪੂਛ ਸਿੱਧੀ ਕੀਤੀ ਜਾ ਸਕਦੀ ਹੈ? ਸੜ ਤਾਂ ਜਾਏਗੀ, ਪਰ ਸਿੱਧੀ ਨਹੀਂ ਹੋਵੇਗੀ। ਚੌਥੀ ਪੰਕਤੀ ਵਿਚ ਭਾਈ ਸਾਹਿਬ ਨੇ ਗ਼ਜ਼ਬ ਕੀਤਾ ਹੈ, ਕਿ ਠੀਕ ਹੈ ਗੁਰਮੁਖ ਵੀ ਭੁੱਲ ਕਰ ਸਕਦਾ ਹੈ, ਲੇਕਿਨ ਉਸ ਦੀ ਭੁੱਲ ਦਾ ਜਿਸ ਢੰਗ ਨਾਲ ਜ਼ਿਕਰ ਕੀਤਾ ਹੈ, ਭਾਈ ਸਾਹਿਬ ਨੇ ਕਮਾਲ ਕਰ ਦਿੱਤਾ ਹੈ। ਆਪ ਕਹਿੰਦੇ ਨੇ: ਤੈਸੇ ਗੁਰਸਿਖਨ ਸੁਭਾਉ, ਜਲ ਮੈ ਨ ਗਤਿ ਸਾਕਤ ਸੁਭਾਵ ਲਾਖ ਪਾਹੁਨ ਗਤਿਨ ਸੈ।੩੯੦।੨੫। ਸਿੱਖ ਦਾ ਸੁਭਾ ਇੰਜ ਹੈ, ਜੇ ਉਸ ਦੇ ਮਨ ਵਿਚ ਕੋਈ ਮੈਲੀ ਵਿਚਾਰ ਵੀ ਆਈ ਹੈ, ਤਾਂ ਉਹ ਇੰਜ ਹੈ ਜੈਸੇ ਪਾਣੀ ਦੀ ਲਕੀਰ। ਲਕੀਰ ਤੇ ਮਿਟ ਜਾਂਦੀ ਹੈ, ਲੇਕਿਨ ਪੱਥਰ ਦੇ ਵਿਚ ਜੇਕਰ ਲਕੀਰ ਪਾ ਦੇਈਦੇ ਤਾਂ ਜਦ ਤਕ ਪੱਥਰ ਰਹੇਗਾ, ਲਕੀਰ ਰਹੇਗੀ। ਭਾਈ ਸਾਹਿਬ ਕਹਿੰਦੇ ਨੇ, ਪੂਰਨ ਗੁਰਸਿੱਖ ਦੇ ਅੰਦਰ ਵੀ ਕੋਈ ਮਾੜਾ ਖ਼ਿਆਲ ਆ ਸਕਦਾ ਹੈ, ਉਸ ਦੀਆਂ ਅੱਖਾਂ ਵਿਚ ਨਫ਼ਰਤ ਆ ਸਕਦੀ ਹੈ, ਉਹਦੇ ਹਿਰਦੇ 'ਚ ਕ੍ਰੋਧ ਆ ਸਕਦਾ ਹੈ, ਪਰ ਇਹ ਆਵਣਾ ਇੰਜ ਹੈ ਜੈਸੇ ਪਾਣੀ ਦੀ ਲਕੀਰ। ਜੈਸੇ ਪਾਣੀ ਵਿਚ ਲਕੀਰ ਨਹੀਂ ਟਿਕਦੀ ਏਸੇ ਪ੍ਰਕਾਰ ਗੁਰਮੁਖ ਦੇ ਅੰਦਰ ਕ੍ਰੋਧ ਨਹੀਂ ਟਿਕਦਾ, ਆਇਆ ਤੇ ਚਲਿਆ ਜਾਂਦਾ ਹੈ। ਕਿਉਂਕਿ ਹਿਰਦੇ ਵਿਚ ਟਿਕਣ ਵਾਸਤੇ ਕੋਈ ਥਾਂ ਨਹੀਂ, ਕਿਥੇ ਬੈਠੇਗਾ ਕ੍ਰੋਧ? ਉਹਦੇ ਬੈਠਣ ਵਾਸਤੇ ਗੁਰਮੁਖ ਨੇ ਕੋਈ ਆਸਣ ਨਹੀਂ ਵਿਛਾ ਕੇ ਰਖਿਆ ਹੋਇਆ। ਭਾਈ ਸਾਹਿਬ ਕਹਿੰਦੇ ਨੇ, ਜਿਹੜਾ ਮਨਮੁਖ ਹੈ ਉਹ ਤੇ ਇੰਜ ਹੈ ਜਿਵੇਂ ਪੱਥਰ ਦੀ ਲਕੀਰ, ਮਰਦੇ ਦਮ ਤਕ ਹੀ ਰਹੇਗੀ। ਇਕ ਮਾੜਾ ਖ਼ਿਆਲ ਆ ਗਿਆ ਤੇ ਮਰਨ ਤੋਂ ਪਹਿਲੇ ਇਸ ਨੇ ਹੁਣ ਸੁਲਹ ਨਹੀਂ ਕਰਨੀ। ਕਈ ਬੱਚੇ ਲੜਦੇ ਨੇ, ਪੰਜ ਮਿੰਟਾਂ ਬਾਅਦ ਸੁਲਹ ਕਰ ਲੈਂਦੇ ਨੇ ਤੇ ਵੱਡੇ ਲੜ ਪੈਣ ਤਾਂ ਮੁਕੱਦਮੇ ਚਲਦੇ ਰਹਿਣਗੇ, ਚਲਦੇ ਰਹਿਣਗੇ, ਜਦ ਤੀਕ ਕਬਰ ਵਿਚ ਨਹੀਂ ਜਾਂਦੇ ਕੋਈ ਸੁਲਹ ਨਹੀਂ। ਇਹਦੇ ਨਾਲੋਂ ਤਾਂ ਛੋਟੇ ਬੱਚੇ ਹੀ ਚੰਗੇ ਨੇ, ਕਿਸੇ ਹੱਦ ਤਕ ਛੋਟੇ। ਔਰ ਇਤਨੀ ਅਰਜ਼ ਮੈਂ ਹੋਰ ਕਰ ਦਿੰਦਾ ਹਾਂ, ਫ਼ਰਕ ਸਿਰਫ਼ ਇਤਨਾ ਹੈ ਇਹ ਜਿਹੜੇ ਛੋਟੇ, ਇਹ ਛੋਟੇ ਬੱਚੇ, ਵੱਡੇ ਜ਼ਰਾ, ਵੱਡੇ ਬੱਚੇ ਨੇ। ਬੱਸ ਇੰਨੀ ਗੱਲ ਹੈ, ਹੋਰ ਕੋਈ ਲੰਬੀ ਚੌੜੀ ਗੱਲ ਨਹੀਂ। ਉਹ ਵੀ ਖਿਡੌਣਿਆਂ ਨਾਲ ਖੇਡਦੇ ਨੇ ਤੇ ਇਹ ਵੀ। ਛੋਟਾ ਬੱਚਾ, ਛੋਟੀ ਸਾਈਕਲ ਨਾਲ ਖੇਡ ਰਿਹਾ ਹੈ। ਛੋਟੀ ਕਾਰ ਚਾਹੀਦੀ ਹੈ, ਛੋਟੀ ਗੁੱਡੀ ਚਾਹੀਦੀ ਹੈ, ਖਿਡੌਣੇ ਦਾ ਟੀ. ਵੀ. ਚਾਹੀਦਾ ਹੈ। ਖਿਡੌਣੇ ਵੱਡੇ ਹੋ ਗਏ ਨੇ, ਹੋਰ ਕੀ ਹੈ? ਜ਼ਰਾ ਸਾਈਕਲ ਵੱਡੀ ਚਾਹੀਦੀ ਹੈ। ਮੋਟਰ ਕਾਰ ਵੱਡੀ ਚਾਹੀਦੀ ਹੈ। ਗੁੱਡੀਆਂ ਜ਼ਰਾ ਵੱਡੀਆਂ ਚਾਹੀਦੀਆਂ ਹਨ। ਮਕਾਨ ਜ਼ਰਾ ਵੱਡਾ ਵਾਹੀਦਾ ਹੈ। ਬੱਚਾ ਛੋਟਾ ਸੀ, ਮਕਾਨ ਵੀ ਛੋਟਾ ਸੀ। ਹੋਣ ਇਹ ਵੀ ਖਿਡੌਣੇ। ਔਰ ਇਤਨੀ ਅਰਜ਼ ਮੈਂ ਹੋਰ ਕਰ ਦਿਆ, ਕਈ ਦਫ਼ਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤੇ ਬੱਚਾ ਖਹਿੜਾ ਨਾ ਛੱਡੇ, ਤੇ ਪਤਾ ਫਿਰ ਉਹ ਕੀ ਕਰਦੀ ਹੈ? ਮਾਂ ਬਹੁਤੇ ਖਿਡੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ। ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ ਆਪਣਾ ਖਹਿੜਾ ਛੁਡਾਣਾ ਹੁੰਦਾ ਹੈ, ਉਸ ਨੂੰ ਖਿਡੌਣੇ ਬਥੇਰੇ ਦੇ ਦਿੰਦਾ ਹੈ। ਲੈ ਖੇਡਦਾ ਰਹੁ ਕੋਠੀਆਂ ਵਿਚ। ਖੇਡਦਾ ਰਹਿ ਕਾਰਾਂ ਵਿਚ, ਨਾ ਆ ਮੇਰੇ ਨੇੜੇ। ਮੈਂ ਇੰਜ ਵੀ ਦੇਖਦਾ ਹਾਂ। ਔਖੇ ਨਾ ਹੋਣਾ ਬਿਲਕੁਲ ਖਿਡੌਣਿਆਂ ਦੀ ਖੇਡ ਹੈ। ਕਈ ਦਫ਼ਾ ਮਾਸੂਮ ਬੱਚਾ ਖਿਡੌਣਿਆਂ ਦੀ ਖੇਡ ਵਿਚ, ਐਸਾ ਲੀਨ ਹੁੰਦਾ ਹੈ ਕਿ ਉਹ ਆਪਣੀ ਮਾਂ ਨੂੰ ਹੀ ਭੁੱਲ ਜਾਂਦਾ ਹੈ। ਕਈ ਦਫ਼ਾ ਗੁਰੂ ਦਾ ਸਿੱਖ ਧਨ ਸੰਪਦਾ ਵਿਚ ਐਸਾ ਲੀਨ ਹੁੰਦਾ ਹੈ ਕਿ ਗੁਰੂ ਨੂੰ ਹੀ ਭੁੱਲ ਜਾਂਦਾ ਹੈ, ਧਰਮ ਨੂੰ ਭੁੱਲ ਜਾਂਦਾ ਹੈ, ਬਾਣੀ ਦੇ ਰਸ ਨੂੰ ਭੁੱਲ ਜਾਂਦਾ ਹੈ। ਪੁਰਖਾਂ! ਹੈ ਇਹ ਖਿਡੌਣਿਆਂ ਦੀ ਖੇਡ, ਇਸ ਤੋਂ ਜ਼ਿਆਦਾ ਗੱਲ ਨਹੀਂ। ਖਿਡੌਣੇ ਮਨ ਦੇ ਪ੍ਰਚਾਵੇ ਵਾਸਤੇ ਤੇ ਠੀਕ ਹਨ, ਪਰ ਆਖਿਆ ਜਾਏ, ਹੁਣ ਮਾਂ ਨੂੰ ਭੁਲਾ ਦੇਈਏ। ਤਾਂ ਐਸਾ ਖਿਡੌਣਾ ਗੁਨਾਹ ਹੈ। ਐਸਾ ਖਿਡੌਣਾ ਪਾਪ ਹੈ। ਵਕਤ ਜ਼ਰੂਰਤ ਦੀ ਪੂਰਤੀ ਕਰ ਲਈ ਕਿਸੇ ਖਿਡੌਣੇ ਤੋਂ, ਉਹ ਗੱਲ ਤੇ ਵੱਖਰੀ ਹੈ, ਪਰ ਖਿਡੌਣਾ ਤੇਰੇ ਮਨ ਨੂੰ ਇਤਨਾ ਖਿੱਚ ਲਵੇ ਕਿ ਗੁਰਦਾਰਾ ਬਿਲਕੁਲ ਹੀ ਭੁੱਲ ਜਾਵੇ। ਗੁਰੂ ਨੂੰ ਬਿਲਕੁਲ ਹੀ ਭੁੱਲ ਜਾਵੇ ਤੋ ਇਹ ਗੁਨਾਹ ਹੈ। ਹੈ ਸਿਰਫ਼ ਖਿਡੌਣਿਆਂ ਦੀ ਗੱਲ, ਇਹ ਤੋਂ ਜ਼ਿਆਦਾ ਕੁਛ ਨਹੀਂ। ਇਸ ਭੁਲੇਖੇ ਵਿਚ ਨਾ ਪੈਣਾ। ਖ਼ੈਰ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਿ ਮਨਮੁਖ ਦਾ ਸੁਭਾ ਇੰਜ ਹੈ ਜੈਸੇ ਪੱਥਰ ਦੀ ਲਕੀਰ। ਪੈ ਗਈ ਤੇ ਪੈ ਗਈ। ਕੋਈ ਸੁਲਹ ਨਹੀਂ ਹੋਵੇਗੀ। ਬੋਲ ਚਾਲ ਬੰਦ। ਧੰਨ ਨੇ ਇਹ ਬੱਚੇ, ਹੁਣੇ ਹੀ ਲੜਦੇ ਨੇ ਤੇ ਹੁਣੇ ਹੀ ਗੱਲ ਸ਼ੁਰੂ ਹੋ ਗਈ, ਹੋਣੇ ਹੀ ਸਿਲਸਿਲਾ ਸ਼ੁਰੁ ਹੋ ਗਿਆ। ਤੋ ਬਹੁਤ ਵੱਡਾ ਜਿਗਰਾ ਚਾਹੀਦਾ ਹੈ। ਤੋ ਖ਼ੈਰ। ਜੀਵਨ ਮ੍ਰਿਗਿੰਦ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਕ ਸਮਕਾਲੀ ਕਵੀ ਹੋਏ ਨੇ। ਵੈਸੇ ਇਹਨਾਂ ਦਾ ਨਾਮ ਸੀ ਜੀਵਨ ਸਿੰਘ। ਅਕਸਰ ਇਹ ਆਪਣੇ ਨਾਮ ਨਾਲ ਜੀਵਨ ਮ੍ਰਿਗਿੰਦ ਸ਼ਬਦ ਵਰਤਦੇ ਨੇ। ਤੇ ਮ੍ਰਿਗਿੰਦ ਕਹਿੰਦੇ ਨੇ ਸ਼ੇਰ ਨੂੰ। ਕਵਿਤਾ ਦੀ ਚਾਲ ਨੂੰ ਪੂਰੀ ਰੱਖਣ ਵਾਸਤੇ ਇਕ ਮਾਤਰਾ ਵਧ ਜਾਏ, ਇਸ ਲਈ ਇਹ ਮ੍ਰਿਗਿੰਦ ਸ਼ਬਦ ਵਰਤਦੇ ਨੇ। ਜੀਵਨ ਮ੍ਰਿਗਿੰਦ ਕੋਲੋਂ ਪੁਛਿਆ ਗਿਆ ਕਿ ਇਹ ਜਿਹੜੇ ਮਨਮੁਖ ਨੇ, ਬਿਲਕੁਲ ਪੱਕੇ ਮਨਮੁਖ, ਜੇ ਇਹਨਾਂ ਦੀ ਸੰਗਤ ਕਿਧਰੇ ਗੁਰਮੁਖ ਨੂੰ ਹੋ ਜਾਏ, ਤੇ ਭੈੜਾ ਅਸਰ ਤੇ ਫਿਰ ਗੁਰਮੁਖ 'ਤੇ ਵੀ ਪਾਏਗਾ ਫੇਰ। ਤੇ ਹੁਣ ਇਥੇ ਸੋਚਣ ਵਾਲੀ ਵੱਲ ਹੈ ਜੇ ਮਨਮੁਖ ਦੀ ਸੰਗਤ ਨਾਲ ਗੁਰਮੁਖ ਬਦਲ ਸਕਦਾ ਹੈ ਤੇ ਗੁਰਮੁਖ ਫਿਰ ਬੜਾ ਕੱਚਾ ਹੈ, ਬਹੁਤ ਕੱਚਾ ਹੈ। ਆਹ ਜਿੰਨੇ ਬਦਲ ਜਾਂਦੇ ਨੇ, ਇਹਨਾਂ ਨੂੰ ਗੁਰਮੁਖ ਨਾ ਸਮਝਿਓ। ਕੋਈ ਗੁਰਮੁਖਤਾਈ ਵਾਲੀ ਗੱਲ ਨਹੀਂ। ਇਹ ਤੇ ਬਿਲਕੁਲ ਕੱਚਾ ਰੰਗ ਹੈ। ਐਵੇਂ ਠੰਡੇ ਪਾਣੀ ਨਾਲ ਉਤਰ ਜਾਂਦਾ ਹੈ। ਇਹ ਕੋਈ ਭਾਈ ਦਿਆਲਾ ਥੋੜਾ ਹੈ, ਉਬਲਦੀ ਦੇਗ ਵਿਚ ਤੇ ਉਥਲ ਗਿਆ, ਪਰ ਸਿੱਖੀ ਦਾ ਰੰਗ ਨਹੀਂ ਉਤਰਿਆ। ਉਹ ਪੱਕਾ ਰੰਗ ਸੀ। ਉਬਲਦੀ ਦੇਗ ਵਿਚ ਵੀ ਨਹੀਂ ਉਤਰਿਆ। ਇਥੇ ਬਰਫ਼ ਦੇ ਪਾਣੀ ਦੇ ਛਿੱਟੇ ਪੈਣ 'ਤੇ ਰੰਗ ਲਹਿ ਜਾਂਦਾ ਹੈ। ਬਿਲਕੁਲ ਹੀ ਕੱਚਾ ਰੰਗ ਚੜ੍ਹਿਆ ਹੋਇਆ ਹੈ, ਬਥੇਰਿਆਂ ਨੂੰ। ਉਥੇ ਜੀਵਨ ਮ੍ਰਿਗਿੰਦ 'ਤੇ ਇਹ ਸਵਾਲ ਹੈ ਕਿ ਦੱਸੋ ਜਿਹੜੇ ਮਨਮੁਖ ਨੇ, ਇਹਨਾਂ ਦਾ ਅਸਰ ਗੁਰਮੁਖਾਂ 'ਤੇ ਵੀ ਪੈਂਦਾ ਹੋਵੇਗਾ। ਤੇ ਤੁਹਾਨੂੰ ਕਿਧਰੋਂ ਪੰਜ ਸੱਤ ਮਨਮੁਖਾਂ ਦੀ ਸੰਗਤ ਨਸੀਬ ਹੋ ਜਾਏ, ਤੇ ਗੁਰੂ ਤੋਂ ਹੀ ਤੁਹਾਡਾ ਹਿਰਦਾ ਵੀ ਅਸ਼ਰਧਕ ਹੋ ਸਕਦਾ ਹੈ? ਗੱਜ ਪਿਆ ਇਹ ਸ਼ੇਰ ਦੀ ਤਰ੍ਹਾਂ। ਵਾਕਿਆ ਹੀ ਇਸ ਨੇ ਜਿਹੜਾ ਤਖ਼ੱਲਸ ਰਖਿਆ ਹੈ 'ਮ੍ਰਿਗਿੰਦ', ਗ਼ਲਤ ਨਹੀਂ ਰਖਿਆ। ਇਹ ਗੱਲ ਇਥੋਂ ਆਰੰਭ ਕਰਦਾ ਹੈ: ਕੂਏ ਮਾਂਝ ਮੇਂਡਕ ਨਾ ਜਾਨੈ ਗੁਣ ਸਾਗਰ ਕੇ ਕਿਧੋ ਰਤਨਾਗਰ ਕੇ ਮਨ ਗਨ ਫੂਟੈਂਗੇ। ਸੂਰੀਐ ਪ੍ਰਤਾਪ ਜੋ ਨਾ ਜਾਨੈ ਮਿਲ ਉੱਲੂ, ਪੁੰਜ ਕੰਜ ਮੰਜ ਚਕਵਾ ਸਨ੍ਹੇ ਨਿਜ ਟੂਟੈਂਗੇ। ਜੀਵਨ ਮ੍ਰਿਗਿੰਦ ਜੱਗ ਅਗ ਭ੍ਰਮ ਭਨੈ ਤਨ, ਤਗ ਨਿਜ ਧਿਆਨ, ਜੂਟੈ ਵਾਂਕੇ ਕੈ ਛੂਟੈਂਗੇ। ਗੁਣੀ ਗੁਣ ਨ ਜਾਣੈ, ਬਿਖ ਦੋਖ ਜੋ ਬਖਾਨੈ, ਕਿਉਂ ਸਿਆਰਨ ਕੇ ਬੋਲ ਸੁਣ ਸਿੰਘ ਦੁਖ ਘੂਟੈਂਗੇ। ਕਹਿੰਦਾ ਹੈ ਜੇ ਸਾਗਰ ਦੀ ਮਹਿਮਾ ਮੇਂਡਕ ਨਹੀਂ ਜਾਣਦਾ, ਤੋਂ ਹੰਸਾ ਨੇ ਕਿਆ ਸਮੁੰਦਰ ਨਾਲ ਯਾਰੀ ਪਾਣੀ ਛੱਡ ਦੇਣੀ ਹੈ? ਇਹਨਾਂ ਹੰਸਾਂ ਨੇ ਸਮੁੰਦਰ ਦੀ ਦੋਸਤੀ ਛੱਡ ਦੇਣੀ ਹੈ? ਕੀ ਇਹ ਹੰਸ ਵੀ ਮੇਂਡਕ ਹੀ ਬਣ ਜਾਣਗੇ? ਆਖਣਗੇ, ਹੁਣ ਕੂਏਂ ਤੋਂ ਇਲਾਵਾ ਹੋਰ ਪਾਸੇ ਜਾਣਾ ਹੀ ਨਹੀਂ। ਬੱਸ ਇਹਦੇ ਵਿਚ ਹੀ ਸਭ ਕੁਛ ਹੈ। ਨਹੀਂ, ਮੇਂਡਕ ਉਹਨਾਂ ਰਤਨਾਂ ਦੀ ਸਾਰ ਜਾਣਦਾ ਹੈ ਜੋ ਸਮੁੰਦਰ ਵਿਚ ਹਨ, ਤੋ ਕਿਆ ਹੰਸ ਨੇ ਪ੍ਰੀਤੀ ਛੱਡ ਦੇਣੀ ਹੈ: ਸੂਰੀਐ ਪ੍ਰਤਾਪ ਜੋ ਨਾ ਜਾਨੈ ਮਿਲ ਉੱਲੂ, ਪੁੰਜ ਕੰਜ ਮੰਜ ਚਕਵਾ ਸਨੇਹ ਨਿਜ ਟੂਟੈਂਗੇ। ਜੇ ਸੂਰਜ ਦੀ ਮਹਿਮਾ ਉੱਲੂ ਨਹੀਂ ਜਾਣਦਾ, ਜੇ ਸੂਰਜ ਨੂੰ ਵੇਖ ਕੇ ਹੀ ਇਸ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ, ਤੋ ਕਿਆ ਕੰਵਲ ਤੇ ਚਕਵੀ ਨੇ ਸੂਰਜ ਦੇ ਨਾਲ ਦੋਸਤੀ ਛੱਡ ਦੇਣੀ ਹੈ? ਸੂਰਜ ਚੜ੍ਹਦਾ ਹੈ, ਕੰਵਲ ਦਾ ਫੁੱਲ ਖਿੜ ਪੈਂਦਾ ਹੈ, ਚਕਵੀ ਖੇੜੇ ਵਿਚ ਆ ਜਾਂਦੀ ਹੈ। ਸਾਰੀ ਰਾਤ ਚਕਵੀ ਤੜਫਦੀ ਰਹਿੰਦੀ ਹੈ, ਬਈ ਕਦੋਂ ਸੂਰਜ ਚੜ੍ਹੇ ਤੇ ਮੈਂ ਵੇਖਾਂ। ਪਰ ਸਾਰਾ ਦਿਨ ਉੱਲੂ ਤੜਫਦਾ ਰਹਿੰਦਾ ਹੈ ਕਿ ਜਦੋਂ ਸੂਰਜ ਗ਼ਰੂਬ ਹੋਵੇ ਤੇ ਮੈਂ ਉਡਾਰੀਆਂ ਲਾਵਾਂ। ਕੰਬਖਤ ਚੜ੍ਹਿਆ ਹੀ ਕਿਉਂ ਹੈ? ਰੌਸ਼ਨੀ ਹੈ ਹੀ ਕਿਉਂ? ਕਿਉਂਕਿ ਉਸ ਨੂੰ ਰੌਸ਼ਨੀ ਚੰਗੀ ਹੀ ਨਹੀਂ ਲਗਦੀ। ਰੌਸ਼ਨੀ ਬਾਰੇ ਉਸ ਦੇ ਅੰਦਰ ਕੋਈ ਜ਼ਜ਼ਬਾਤ ਹੈ ਹੀ ਨਹੀਂ। ਤੋ ਇਥੇ ਹੁਣ ਜੀਵਨ ਮ੍ਰਿਗਿੰਦ ਇਸ਼ਾਰਤਨ ਸਮਝਾ ਰਹੇ ਨੇ: ਸੂਰੀਐ ਪ੍ਰਤਾਪ ਜੋ ਨਾ ਜਾਨੈ ਮਿਲ ਉੱਲੂ, ਪੁੰਜ ਕੰਜ ਮੰਜ ਚਕਵਾ ਸਨੇਹ ਨਿਜ ਟੂਟੈਂਗੇ। ਜੀਵਨ ਮ੍ਰਿਗਿੰਦ ਜੱਗ ਅਗ ਭ੍ਰਮ ਭਨੈ ਤਨ, ਤਗ ਨਿਜ ਧਿਆਨ, ਜੂਟੈ ਵਾਂਕੈ ਕੈ ਛੂਟੈਂਗੇ। ਗੁਣੀ ਗੁਣ ਨ ਜਾਣੈ, ਬਿਨ ਦੋਖ ਚੁ ਬਖਾਨੈ, ਕਿਉਂ ਸਿਆਰਨ ਕੇ ਬੋਲ ਸੁਣ ਸਿੰਘ ਦੁਖ ਘੂਟੈਂਗੇ। ਕਹਿੰਦਾ, ਗਿੱਦੜ ਪੰਦਰ੍ਹਾਂ ਵੀਹ ਬੋਲਣ ਲੱਗ ਪੈਣ, ਪੰਜਾਹ ਸਠ ਬੋਲਣ ਲੱਗ ਪੈਣ, ਤੋ ਕਿਆ ਸ਼ੇਰ ਨੇ ਡਰਦੇ ਮਾਰੇ ਚੁਪ ਹੋ ਜਾਣਾ ਹੈ? ਬਈ ਠੀਕ ਹੈ, ਬਥੇਰੇ ਗਿੱਦੜ ਬੋਲਦੇ ਪਏ ਨੇ, ਹੁਣ ਇਕ ਪਾਸੇ ਹੋ ਜਾਣਾ ਚਾਹੀਦਾ ਹੈ। ਜੀਵਨ ਮ੍ਰਿਗਿੰਦ ਕਹਿੰਦੇ ਨੇ, ਮਨਮੁਖ ਇਕ ਨਹੀਂ ਭਾਵੇਂ ਪੰਜਾਹ ਵੀ ਇਕੱਠੇ ਕਿਉਂ ਨਾ ਹੋ ਜਾਣ, ਮੈਂ ਸ਼ੇਰਾਂ ਦੀ ਤਰ੍ਹਾਂ ਗਰਜਦੇ ਹੀ ਰਹਿਣਾ ਹੈ। ਮੈਂ ਕਲਗੀਧਰ ਦਾ ਸਿਖ ਹਾਂ। ਮਹਾਰਾਜ ਨੇ ਸਾਨੂੰ ਸ਼ੇਰ ਬਣਾਇਆ ਸੀ। ਪਤਾ ਨਹੀਂ ਕਿਉਂ ਆਬੋ-ਹਵਾ ਕਰਕੇ ਅਸੀਂ ਗਿੱਦੜ ਬਣ ਗਏ ਹਾਂ। ਹਰ ਥਾਂ ਟਕਰਾਣਾ ਔਰ ਪੂਰਨ ਰੂਪ ਵਿਚ ਟਕਰਾਣਾ। ਆਪਣੇ ਸਿੰਘਪੁਣੇ ਨੂੰ ਕਾਇਮ ਰਖਣਾ, ਆਪਣੀ ਸੂਰਬੀਰਤਾ ਨੂੰ ਕਾਇਮ ਰੱਖਣਾ। ਜੀਵਨ ਮ੍ਰਿਗਿੰਦ ਕਹਿੰਦੇ ਨੇ, ਜੇ ਬਹੁਤ ਸਾਰੇ ਗਿੱਦੜ ਬੋਲਣ ਲਗ ਪੈਣ, ਤੋ ਕਿਆ ਸ਼ੇਰ ਗਰਜਨਾ ਛੱਡ ਦਿੰਦਾ ਹੈ। ਭਾਵ ਇਹ ਹੈ, ਭਾਵੇਂ ਬਥੇਰੇ ਹੀ ਮਨਮੁਖਾਂ ਦਾ ਇਕੱਠ ਹੋ ਜਾਵੇ, ਗੁਰਮੁਖ ਆਪਣੀ ਗੁਰਮੁਖਤਾਈ ਨਹੀਂ ਛੱਡਦਾ, ਗੁਰਸਿਖ ਆਪਣੀ ਗੁਰਸਿੱਖੀ ਨਹੀਂ ਛੱਡਦਾ। ਤੇ ਜੇ ਖਿਮਾ ਕਰਨੀ ਛੱਡ ਦਿੱਤੀ ਹੈ, ਤੇ ਉਹ ਗੁਰਸਿਖ ਹੈਗਾ ਹੀ ਨਹੀਂ ਸੀ। ਆਹ, ਜਿਵੇਂ ਇਕ ਕਾਗ਼ਜ਼ 'ਤੇ ਉਂਜ ਕਾਗਜ਼ ਰੱਖ ਦੇਈਏ ਨਾ, ਤੇ ਹਵਾ ਦਾ ਛੋਟਾ ਜਿਹਾ ਹੀ ਝੋਕਾ ਆਏ, ਤੇ ਦੋਵੇਂ ਵਖ ਹੋ ਜਾਂਦੇ ਨੇ। ਥੱਲੇ ਦਾ ਇਕ ਪਾਸੇ ਤੇ ਉਪਰ ਦਾ ਇਕ ਪਾਸੇ। ਤੇ ਜੇ ਦੋਵੇਂ ਚੰਬੜੇ ਹੋਏ ਹੋਵਣਮ ਜਾਂ ਫਿਰ ਸੀਤੇ ਹੋਏ ਹੋਵਣ, ਤੇ ਫਿਰ ਦੋਵੇਂ ਇਕ ਪਾਸੇ ਹੀ ਹੋਵਣਗੇ। ਇਹ ਜਿਹੜੇ ਕੱਚੇ ਗੁਰੂ ਨਾਲ ਜੁੜੇ ਹੋਏ ਹੁੰਦੇ ਹਨ, ਐਵੇਂ ਹੀ ਥੋੜ੍ਹਾ ਜਿਹਾ ਵੀ ਝੋਕਾ ਚੱਲੇ ਤਾਂ ਬਸ ਇਹ ਦੁਕਾਨ 'ਤੇ, ਤੋ ਉਹ ਗੁਰੂ ਆਪਣੇ ਗੁਰਦਵਾਰੇ। ਬਈ ਠੀਕ ਹੈ, ਤੁਸੀ ਉਥੇ ਚੰਗੇ, ਅਸੀ ਇਥੇ ਚੰਗੇ। ਗੱਲ ਇਕ ਪਾਸੇ, ਸਿਲਸਿਲਾ ਇਕ ਪਾਸੇ, ਨਿਕੇ ਜਿਹੇ ਹਾ ਦੇ ਝੋਕੇ ਨਾਲ ਹੀ ਟੁਟ ਜਾਂਦੇ ਨੇ। ਬਈ ਸਾਡੀ ਦੁਕਾਲ ਚਲਦੀ ਰਵੇ, ਠੀਕ ਹੈ, ਗੁਰਦਵਾਰਾ ਬੰਦ ਹੁੰਦਾ ਹੈ ਤਾਂ ਹੁੰਦਾ ਰਵੇ। ਨਹੀਂ ਗੱਲ ਚਲਦੀ ਤੇ ਨਾ ਸਈ, ਸਾਡਾ ਸਿਲਸਿਲਾ ਠੀਕ ਰਵੇ। ਸਾਡਾ ਸਿਲਸਿਲਾ ਜੋ ਹੈ, ਇਹ ਚਲਦਾ ਰਹਿਣਾ ਚਾਹੀਦਾ ਹੈ, ਇਹ ਬਿਲਕੁਲ ਕੱਚੇ ਮਨੁੱਖਾਂ ਦੀ ਤਰ੍ਹਾਂ ਜੁ ਹੈ। ਜੀਵਨ ਮ੍ਰਿਗਿੰਦ ਕਹਿੰਦੇ ਨੇ, ਮੈਂ ਐਸਾ ਕੱਚਾ ਕੋਈ ਨਹੀਂ। ਗੱਲ ਮੈਂ ਇਥੋ ਸ਼ੁਰੂ ਕੀਤੀ ਸੀ, ਜਿਹੜਾ ਪੱਕਾ ਮਨਮੁਖ ਹੈ ਨਾ, ਪੱਕਾ, ਉਸ ਸਾਹਮਣੇ ਗੁਰਮੁਖਤਾਈ ਦੀਆਂ ਕਿੰਨੀਆਂ ਹੀ ਗੱਲਾਂ ਰਖ ਛਡੋ, ਉਹ ਆਪਣਾ ਸੁਭਾ ਨਹੀਂ ਛਡਦਾ। ਪਰ ਜਿਹੜਾ ਪੱਕਾ ਗੁਰਮੁਖ ਹੈ, ਮਨਮੁਖਾਂ ਦੀ ਭਾਵੇਂ ਭੀੜ ਦੀ ਭੀੜ ਵੀ ਆ ਜਾਏ, ਉਹ ਆਪਣੀ ਗੁਰਮੁਖਤਾਈ ਨਹੀਂ ਛੱਡਦਾ। ਇਥੇ ਬੈਠ ਕੇ ਆਪਾਂ ਨਿਰਣਾ ਕਰਨਾ ਹੈ ਕਿ ਗੁਰਬਾਣੀ ਸੁਣਦਿਆਂ ਸੁਣਦਿਆਂ ਜੇ ਸਾਡਾ ਹਿਰਦਾ ਨਹੀਂ ਬਦਲਦਾ ਤਾਂ ਗੱਲ ਕੁਝ ਹੋਰ ਹੈ। ਜੇ ਇਸ ਤਰੀਕੇ ਦੇ ਨਾਲ, ਜੇ ਸਾਡੀ ਸੰਗਤ ਦੇ ਨਾਲ ਕਿਸੇ ਦੂਸਰੇ 'ਤੇ ਜੇ ਪ੍ਰਭਾਵ ਪੈਂਦਾ ਹੈ ਤੇ ਅਗਲਾ ਵੀ ਗੁਰਦਵਾਰੇ ਆਣ ਲੱਗ ਪੈਂਦਾ ਹੈ ਤੇ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਗੁਰੂ ਦੀ ਗਲ ਸਾਡੇ ਪਾਸ ਹੈ, ਕੋਈ ਗੁਰੂ ਦੇ ਬਚਨ ਸਾਡੇ ਕੋਲ ਹਨ, ਕਿ ਗੁਰੂ ਦੀ ਮਿਹਰ ਸਾਡੇ ਕੋਲ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖ਼ਸ਼ਿਸ਼ ਕਰਨ। ਅਸੀਂ ਭੋਰਿਆਂ ਦੀ ਤਰ੍ਹਾਂ ਗੁਰਦਵਾਰੇ ਆਈਏ, ਡੱਡੂ ਦੀ ਤਰ੍ਹਾਂ ਨਾਂ ਆਈਏ। ਬਸ ਇੰਨੀ ਕੁ ਗੱਲ ਹੈ। ਜੇ ਸਤਸੰਗ ਇਕ ਕਾਮਧੇ ਗਊ ਹੈ ਤਾਂ ਅਸੀਂ ਬਛੜੇ ਦੀ ਤਰ੍ਹਾਂ ਆਈਏ, ਇਥੇ ਚਿੱਚੜ ਦੀ ਤਰ੍ਹਾਂ ਨਾ ਆਈਏ। ਕਿਸੇ ਗੁਰਦਵਾਰੇ ਦਾ ਖ਼ੂਨ ਪੀਣ ਵਾਲੇ ਨਾ ਬਣੀਏ। ਫੁੱਲਾਂ ਦਾ ਰਸ ਕੱਢਣ ਵਾਲੇ ਬਣੀਏ। ਕਾਈ ਤੇ ਗੰਦਗੀ ਖਾਣ ਵਾਲੇ ਨਾ ਬਣੀਏ। ਤੇ ਜੇ ਅਸੀਂ ਸਿੱਧਾ ਹੀ ਹੋਣਾ ਹੋਵੇ ਤਾਂ ਬਾਂਸ ਦੀ ਸੋਟੀ ਦੀ ਤਰ੍ਹਾਂ ਸਿੱਧੇ ਹੋ ਜਾਈਏ, ਇੰਜ ਨਹੀਂ ਕਿ ਕੁੱਤੇ ਦੀ ਪੂਛ ਦੀ ਤਰ੍ਹਾਂ ਟੇਢੇ ਦੇ ਟੇਢੇ ਹੀ ਰਹੀਏ, ਭਾਵੇਂ ਕਿਤਨਾ ਹੀ ਤਪ, ਕਿਤਨੀਆਂ ਹੀ ਵਿਚਾਰ ਦੀਆਂ ਗੱਲਾਂ ਕਿਤੀਆਂ ਜਾਣ। ਕਿਤਨੀ ਸ਼ਬਦ ਦੀ ਅੱਗ ਹੈ ਜੋ ਬਾਲੀ ਜਾਏ। ਤਪ ਬਾਰੇ ਆਖਿਆ ਹੈ: ਭਉ ਖਲਾ ਅਗਨਿ ਤਪ ਤਾਉ॥
ਤਪ ਕਰਨਾ-ਬਾਣੀ ਪੜ੍ਹਨੀ, ਸੇਵਾ ਕਰਨੀ-ਇਹ ਹੈ ਤਪ। ਔਰ ਇਹਦੇ ਨਾਲ ਇਸ ਵਿੰਗੇ ਮਨ ਨੂੰ ਸਿੱਧਾ ਕਰਨਾ ਹੈ। ਸਾਹਿਬ ਬਖ਼ਸ਼ਿਸ਼ ਕਰਨ ਤਾਕਿ ਇਹਨਾਂ ਵਿਚਾਰਾਂ ਦਾ ਸਾਡੇ ਮਨ 'ਤੇ ਅਸਰ ਹੋਵੇ। ਤਾਕਿ ਅਸੀਂ ਉਹ ਸਿਖ ਬਣੀਏ ਕਿ ਕਰੋੜਾਂ ਹੀ ਗਿੱਦੜ ਕਿਉਂ ਨਾ ਬੋਲਦੇ ਰਹਿਣ ਤਾਂ ਵੀ ਇਕ ਸ਼ੇਰ ਕਾਫ਼ੀ ਹੈ। ਬਹੁਤੇ ਗਿੱਦੜ ਇਕੱਠੇ ਕਰ ਕੇ ਕੀ ਕਰਨਾ ਹੈ? ਇਕੋ ਹੀ ਸ਼ੇਰ ਕਾਫ਼ੀ ਹੈ। ਸੋ ਤੁਸੀਂ ਸਿੰਘ ਬਣਨ ਦੀ ਕੋਸ਼ਿਸ਼ ਕਰੋ। ਪੂਰਨ ਸਿੰਘ! ਚਾਹੇ ਕਿਤਨੇ ਵੀ ਗਿੱਦੜ ਕਿਉਂ ਨਾ ਆਵਣ, ਕਹੋ, ਤੁਹਾਡੀ ਕੂੰ ਕੂੰ ਕਰਨੀ ਅੱਡ ਹੈ, ਸਾਡੀ ਗਰਜਨਾ ਅੱਡ ਹੈ। ਭੁੱਲਾਂ ਚੁੱਕਾਂ ਮਾਫ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ॥