Chori te yaari di samsiyan

Giani Sant Singh ji Maskeen · ਕਥਾ ਅਤੇ ਲੈਕਚਰ · ੧੮੫ / ੩੧੨

ਚੋਰੀ ਤੇ ਯਾਰੀ ਦੀ ਸਮੱਸਿਆਂ ਸਾਰੀ ਦੁਨੀਆਂ ਦੀ ਸਮੱਸਿਆ ਹੈ- ਚੋਰੀ ਤੇ ਯਾਰੀ। ਠੀਕ ਹੈ ਧਨ ਨੂੰ ਬੜੇ ਬੜੇ ਮੋਟੇ ਤਾਲਿਆਂ ਵਿਚ ਰੱਖਣਾ ਹੈ। ਇਸਲਾਮੀ ਦੁਨੀਆਂ 'ਚ ਖ਼ਾਸ ਕਰਕੇ ਅਰਬ ਦੇਸ਼ਾਂ ਵਿਚ ਇਸਤਰੀ ਨੂੰ ਬੁਰਕਾ ਪਹਿਨਾਇਆ ਗਿਆ ਕਿ ਇਹਦਾ ਰੂਪ ਸਾਹਮਣੇ ਨਾ ਆਵੇ। ਹੈਰਾਨਗੀ ਹੈ। ਇਸਤਰੀ ਨੂੰ ਇਨ੍ਹਾਂ ਨੇ ਵਸਤੂ ਸਮਝਿਆ ਹੈ, ਕਿਉਂਕਿ ਇਹ ਵੀ ਖ਼ਤਰੇ ਵਿਚ ਹੈ। ਪੁਰਸ਼ ਦੀ ਵਾਸ਼ਨਾ ਜਦ ਵੇਖਦੀ ਹੈ ਤਾਂ ਉਸ ਨੂੰ ਅਗਲੀ ਭੈਣ ਨਹੀਂ ਦਿਖਾਈ ਦਿੰਦੀ, ਮਾਂ ਨਹੀਂ ਦਿਖਾਈ ਦਿੰਦੀ। ਧੀ ਨਹੀਂ ਦਿਖਾਈ ਦਿੰਦੀ, ਕਿਉਂਕਿ ਵਾਸ਼ਨਾ ਦਿਖਾਈ ਦਿੰਦੀ ਹੈ। ਪਰਾਇਆ ਧਨ ਮਿੱਟੀ ਨਹੀਂ ਦਿਖਾਈ ਦਿੰਦਾ। ਲੋਭ ਕਰਕੇ ਦੇਖਦਾ ਹੈ।

ਮੈਨੂੰ ਗੱਲ ਭੁੱਲਦੀ ਨਹੀਂ, ਭਾਵੇਂ ਵੀਹ ਬਾਈ ਸਾਲ ਪੁਰਾਣੀ ਹੈ। ਕੁਵੈਤ ਵਿਚ ਇਕ ਅਖ਼ਬਾਰ ਨਿਕਲਦਾ ਹੈ-ਅਰਬ ਟਾਇਮਜ਼। ਉਸ ਦੇ ਵਿਚ ਚਾਰ ਸਫ਼ੇ ਉਰਦੂ ਦੇ ਵੀ ਹਨ। ਉਥੇ ਇਕ ਸੱਜਣ ਨੇ ਸੇਠੀ ਜੀ, ਉਸ ਨੇ ਅਖ਼ਬਾਰ ਦੇ ਐਡੀਟਰ ਨਾਲ ਮੇਰਾ ਤੁਆਰਫ਼ ਕਰਵਾ ਦਿੱਤਾ ਸੀ। ਐਡੀਟਰ ਨੂੰ ਕਹਿਣ ਲੱਗੇ ਕਿ ਮਸਕੀਨ ਜੀ ਵੀ ਉਰਦੂ ਦੀ ਸ਼ਾਇਰੀ ਲਿਖਦੇ ਹੁੰਦੇ ਨੇ, ਕਦੇ-ਕਦੇ ਸੁਣਾਉਂਦੇ ਨੇ। ਉਸ ਐਡੀਟਰ ਨੇ ਮੇਰੇ ਕੋਲੋਂ ਕੁਝ ਰੁਬਾਈਆਂ ਮੰਗ ਲਈਆਂ ਸਨ। ਦੋ ਚਾਰ ਦਿਨ ਇਕ ਇਕ ਰੁਬਾਈ, ਇਕ ਇਕ ਨਜ਼ਮ ਰੋਜ਼ ਛਾਪਦੇ ਰਹੇ। ਤਿੰਨ ਚਾਰ ਦਿਨ ਮੇਰੀਆਂ ਤਿੰਨ ਚਾਰ ਰੁਬਾਈਆਂ ਛਪਦੀਆਂ ਰਹੀਆਂ। ਸੁਤੇ-ਸਿੱਧ ਇਕ ਦਿਨ ਸਮੁੰਦਰ ਦੇ ਤੱਟ 'ਤੇ ਉਸ ਐਡੀਟਰ ਨਾਲ ਮੁਲਾਕਤਾ ਹੋ ਗਈ।

ਗੁਰਦੁਆਰਾ ਬਿਲਕੁਲ ਸਮੁੰਦਰ ਦੇ ਕੋਲ ਹੈ। ਮੈਂ ਸ਼ਾਮ ਦੇ ਵਕਤ ਟਹਿਲਣ ਨੂੰ ਨਿਕਲ ਜਾਂਦਾ ਸਾਂ। ਉਥੇ ਐਡੀਟਰ ਨਾਲ ਮੁਲਾਕਾਤ ਹੋ ਗਈ। ਗੱਲਬਾਤ ਕਰਦਿਆਂ-ਕਰਦਿਆਂ ਇਕ ਦਿਨ ਉਸ ਨੇ ਇਕ ਆਪਣੇ ਨਾਲ ਵਾਪਰੀ ਘਟਨਾ ਸੁਣਾਈ। ਹਿੰਦੋਸਤਾਨ ਵਿਚ ਘੁਮੰਣ ਫਿਰਨ ਲਈ ਉਹ ਕਦੇ ਗਿਆ ਸੀ। ਵੈਸੇ ਉਹ ਮੂਲ ਰੂਪ 'ਚ ਪਿਛੋਂ ਕਰਾਚੀ ਪਾਕਿਸਤਾਨ ਦਾ ਸੀ। ਉਰਦੂ ਦੇ ਜਿਹੜੇ ਚਾਰ ਸਫ਼ੇ ਸਨ, ਉਸ ਦਾ ਐਡੀਟਰ ਉਹ ਸੀ। ਅੱਧੇ ਚਾਰ ਸਫ਼ੇ ਅਰਬੀ ਦੇ ਹੁੰਦੇ ਸਨ। ਮੈਨੂੰ ਕਹਿਣ ਲੱਗਾ ਕਿ ਹਿੰਦੋਸਤਾਨ ਚੋਰਾਂ ਦਾ ਦੇਸ਼ ਹੈ। ਗੱਡੀ 'ਚ ਸੁੱਤਿਆਂ ਹੋਇਆਂ ਮੇਰੀ ਅਟੈਚੀ ਚੋਰਾਂ ਨੇ ਚੁੱਕ ਲਈ। ਰੇਲਵੇ ਸਟੇਸ਼ਨ 'ਤੇ ਮੇਰੀ ਜੇਬ ਕੱਟੀ ਗਈ।

ਟਿਕਟ ਵੀ ਜਾਂਦੀ ਰਹੀ। ਸ਼ਾਇਦ ਦੋ ਤਿੰਨ ਦਫ਼ਾ ਹਿੰਦੋਸਤਾਨ ਗਿਆ ਹੋਣੈ ਤੇ ਦੋ ਤਿੰਨ ਦਫ਼ਾ ਆਪਣਾ ਨੁਕਸਾਨ ਕਰਵਾ ਬੈਠਾ ਹੋਣੈ। ਕਹਿਣ ਲੱਗਾ ਕਿ ਉਹ ਚੋਰਾਂ ਦਾ ਦੇਸ਼ ਹੈ। ਦੁਰਾਚਾਰੀਆਂ ਦਾ ਦੇਸ਼ ਹੈ। ਉਥੇ ਹਿੰਦੋਸਤਾਨ 'ਚ ਜ਼ਰਾ ਧਨ ਨੂੰ ਸੰਭਾਲ ਕੇ ਰੱਖਣਾ ਪਏਗਾ। ਇਥੇ ਮਾਵਾਂ, ਧੀਆਂ, ਭੈਣਾਂ ਆਪਣਾ ਰੂਪ ਸੰਭਾਲ ਕੇ ਰੱਖਦੀਆਂ ਹਨ। ਇਤਨੀ ਜ਼ਿਆਦਾ ਮਰਦ ਦੀ ਪ੍ਰਬਲ ਵਾਸ਼ਨਾ ਹੈ, ਬੁਰਕੇ ਛੁਪਣ ਲਈ ਨੇ, ਹੋਰ ਕੀ ਹੈ। ਉਹਨੇ ਅੱਗੋਂ ਮੈਨੂੰ ਕਿਹਾ ਕਿ ਗਿਆਨੀ ਜੀ! ਮੈਂ ਤੁਹਾਡੇ ਨਾਲ ਹਮਦਰਦੀ ਕਰਦਾਂ। ਮੇਰੇ ਨਾਲ ਤੁਸੀਂ ਇਹ ਲਫ਼ਜ਼ ਕਹੇ ਨੇ, ਇਥੇ ਫਿਰ ਨਾ ਐਸਾ ਕਹਿਣਾ। ਇਸਲਾਮੀ ਦੇਸ਼ ਹੈ, ਸ਼ਰ੍ਹਾ ਦਾ ਕਾਨੂੰਨ ਹੈ।

ਤੁਸੀਂ ਪਕੜ ਵਿਚ ਆ ਸਕਦੇ ਹੋ। ਮੈਂ ਆਖਿਆ-ਮਿੱਤਰਾ! ਤੈਨੂੰ ਆਖੇ ਨੇ। ਕਿਉਂਕਿ ਤੂੰ ਲਿਖਾਰੀ ਏਂ। ਦਾਰਸ਼ਨਿਕ ਦੇਂ, ਫ਼ਿਲਾਸਫ਼ਰ ਏਂ, ਕਵੀ ਏਂ। ਮੈਂ ਤੈਨੂੰ ਕਿਹਾ ਹੈ, ਮੈਂ ਜਣੇ ਖਣੇ ਨੂੰ ਨਹੀਂ ਕਹਿੰਦਾ ਔਰ ਤੇਰੇ ਸੁਆਲ ਦਾ ਜੁਆਬ ਦਿੱਤਾ ਹੈ। ਇਥੇ ਰੂਪ ਖ਼ਤਰੇ ਵਿਚ ਹੈ। ਉਥੇ ਧਨ ਖ਼ਤਰੇ 'ਚ ਹੈ। ਉਥੇ ਚੋਰ ਬਥੇਰੇ ਨੇ, ਇਥੇ ਦੁਰਾਚਾਰੀ ਬਥੇਰੇ ਨੇ। ਮੈਂ ਆਖਿਆ-ਇਹ ਜੋ ਮੈਂ ਕਹਿ ਬੈਠਾਂ ਕਿਸੇ ਨੂੰ ਹੋਰ ਨਹੀਂ, ਤੈਨੂੰ ਆਖਿਆ ਹੈ। ਪਹਿਲੇ ਇਹ ਦੱਸ ਮੈਂ ਠੀਕ ਕਿਹਾ ਕਿ ਗ਼ਲਤ ਕਿਹਾ। ਪਤਾ ਕੀ ਕਹਿਣ ਲੱਗਾ? ਬੱਸ ਮੇਰੀ ਖ਼ਾਮੋਸ਼ੀ ਤੋਂ ਅੰਦਾਜ਼ਾ ਲਗਾ ਲਵੋ, ਮੈਂ ਚੁੱਪ ਹਾਂ। ਨਹੀਂ ਕੁਛ ਕਹਿਣਾ।

ਕਿਉਂ? ਅਗਰ ਉਹ ਕਹਿ ਦੇਂਦਾ ਕਿ ਮਸਕੀਨ ਜੀ ਨੇ ਠੀਕ ਆਖਿਆ ਹੈ, ਤੇ ਇਹ ਗੱਲ ਸ਼ਰ੍ਹਾ ਦੇ ਖ਼ਿਲਾਫ ਜਾਂਦੀ ਹੈ, ਨਹੀਂ ਕਹਿ ਸਕਦਾ ਸੀ ਕਿਉਂਕਿ ਸ਼ਰ੍ਹਾ ਵਿਚ ਬੁਰਕਾ ਹੈ। ਸਾਰੇ ਸੰਸਾਰ ਅੰਦਰ ਧਨ ਨੂੰ ਖ਼ਤਰਾ ਹੈ, ਇੱਜ਼ਤ-ਆਬਰੂ ਨੂੰ ਖ਼ਤਰਾ ਹੈ। ਮਨੁੱਖ ਵਾਸ਼ਨਾ ਤੇ ਲੋਭ ਤੋਂ ਅੱਗੇ ਨਹੀਂ ਜਾ ਸਕਿਆ। ਇਹ ਤਾਂ ਕੋਈ ਰੱਬੀ ਭੈ ਵਿਚ ਵਿਚਰਨ ਵਾਲਾ ਹੀ ਆਪਣੇ ਮਨ ਨੂੰ ਜਿੱਤਦਾ ਹੈ, ਵਰਨਾ ਮਨੁੱਖ ਤੋਂ ਹਮੇਸ਼ਾ ਖ਼ਤਰੇ ਹੀ ਖ਼ਤਰੇ ਨੇ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ