ਨਾਮ-ਖ਼ੁਮਾਰੀ ਮਖ਼ਮੂਰੀ, ਸਰੂਰ, ਖ਼ੁਮਾਰੀ ਸਿਰਫ਼ ਮਨੁੱਖ ਦੇ ਅਨਭਵ ਵਿਚ ਆਈ ਹੈ, ਬਾਕੀ ਜੂਨਾਂ ਇਸ ਤੋਂ ਅਨਜਾਣ ਹਨ। ਖ਼ੁਮਾਰੀ ਉਸ ਵਕਤ ਤਾਰੀ ਹੁੰਦੀ ਹੈ, ਸਰੂਰ ਓਦੋਂ ਮਿਲਦਾ ਹੈ ਜਦ ਚਿੰਤਾ ਫ਼ਿਕਰ ਦਾ ਬੋਝ ਲੱਥਦਾ ਹੈ। ਭਵਿੱਖ ਤੇ ਭੂਤਕਾਲ ਖੋਹ ਜਾਂਦਾ ਹੈ, ਸਿਰਫ਼ ਵਰਤਮਾਨ ਹੀ ਰਹਿ ਜਾਂਦਾ ਹੈ। ਇਸ ਵਾਸਤੇ ਕਵੀ (ਸ਼ਾਇਰ) ਲੋਕਾਂ ਤੇ ਮਹਾਂਪੁਰਸ਼ਾਂ ਨੇ ਸਰੂਰ, ਮਸਤੀ, ਖ਼ੁਮਾਰੀ ਦੀ ਚਰਚਾ ਬਹੁਤ ਕੀਤੀ ਹੈ। ਆਪਣੇ ਗੀਤਾਂ ਅੰਦਰ ਮਖ਼ਮੂਰੀ ਦੇ ਵਿਸ਼ੇ ਨੂੰ ਖ਼ਾਸ ਥਾਂ ਦਿੱਤੀ ਹੈ। ਫ਼ਿਕਰ ਚਿੰਤਾਵਾਂ ਜਦ ਇਕ ਪਾਸੇ ਹੋਣ, ਨੇਤਰਾਂ ਵਿਚ ਇਕ ਅਜੀਬ ਪਵਿੱਤਰਤਾ ਝਲਕਦੀ ਹੈ ਤੇ ਮਸਤਕ ਦਾ ਰੰਗ ਨਿਖਰਦਾ ਹੈ, ਇਸ ਵਾਸਤੇ ਖ਼ੁਮਾਰੀ ਸਰੂਰ ਛੁਪਾਇਆ ਨਹੀਂ ਜਾ ਸਕਦਾ। ਮਨੁੱਖੀ ਮਨ ਦਾ ਸੁਭਾਉ ਤ੍ਰਿਸ਼ਨਾਲੂ ਹੈ, ਵਾਸ਼ਨਾ ਵਿਚ ਰਹਿਣਾ ਹੈ ਤੇ ਤ੍ਰਿਸ਼ਨਾ ਵਾਸ਼ਨਾ ਚਿੰਤਾ ਨੂੰ ਜਨਮ ਦੇਂਦੀ ਹੈ ਤੇ ਚਿੰਤਾ ਚਿਹਰੇ ਨੂੰ ਕਰੂਪ ਕਰ ਦੇਂਦੀ ਹੈ। ਪਥਰੇਲਾ-ਪਨ ਅੱਖਾਂ ਵਿਚ ਪ੍ਰਗਟ ਹੋਣ ਲੱਗ ਪੈਂਦਾ ਹੈ। ਸਰੂਰ ਦੀ ਤੜਪ ਤਾਂ ਪ੍ਰਾਣਾਂ ਵਿਚ ਹੁੰਦੀ ਹੈ, ਪਰ ਵਿਗੜੀ ਹੋਈ ਮਾਨਸਿਕ ਦਸ਼ਾ ਕਰਕੇ ਸਰੂਰ ਮਿਲਦਾ ਨਹੀਂ, ਤਾਂ ਫਿਰ ਮਨੁੱਖ ਮਸਨੂਈ (ਬਨਾਵਟੀ) ਸਰੂਰ-ਖ਼ੁਮਾਰੀ ਨਸ਼ਿਆਂ ਵਿਚ ਲੱਭਦਾ ਹੈ। ਜੈਸੇ ਜੈਸੇ ਮਨੁੱਖ ਅੰਦਰ ਤ੍ਰਿਸ਼ਨਾ ਵਧੀ ਹੈ ਤੇ ਫ਼ਿਕਰ ਚਿੰਤਾਵਾਂ ਕਰਕੇ ਸਿਰ ਬੋਝਲ ਹੋਇਆ ਹੈ, ਨਸ਼ਿਆਂ ਦੀ ਵਰਤੋਂ ਵੀ ਵਧ ਗਈ ਹੈ ਤੇ ਐਸਾ ਦਿਖਾਈ ਦੇ ਰਿਹਾ ਹੈ ਕਿ ਨਸ਼ਿਆਂ ਤੋਂ ਬਿਨਾ ਜੀਵਨ ਔਖਾ ਹੁੰਦਾ ਜਾ ਰਿਹਾ ਹੈ। ਜੋ ਜਿਤਨਾ ਜ਼ਿਆਦਾ ਬੌਧਿਕ ਹੈ, ਦਿਮਾਗ਼ੀ ਤਲ 'ਤੇ ਜੀਵਨ ਵਾਲਾ ਹੈ, ਉਸ ਨੂੰ ਆਪਣੀਆਂ ਚਿੰਤਾਵਾਂ, ਉਲਝਣਾਂ ਖ਼ਾਸ ਕਰਕੇ ਦਿਖਾਈ ਦੇਂਦੀਆਂ ਹਨ, ਕਿਉੇਂਕਿ ਇਨ੍ਹਾਂ ਨੂੰ ਵੇਖਣ ਵਾਲੀ ਅੱਖ ਉਸ ਕੋਲ ਹੈ। ਇਸ ਵਾਸਤੇ ਅਕਸਰ ਦਾਰਸ਼ਨਿਕ, ਕਵੀ, ਸ਼ਾਇਰ ਸ਼ਰਾਬੀ ਹੋ ਜਾਂਦੇ ਹਨ ਤੇ ਐਸੇ ਬੰਦੇ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਇਤਨਾ ਸਿਆਣਾ ਬੰਦਾ ਤੇ ਸ਼ਰਾਬ ਪੀ ਕੇ ਬੇਹੋਸ਼ ਫਿਰਦਾ ਹੈ? ਸਾਧਾਰਨ-ਜਨ ਕੋਲ ਬਹੁਤ ਗਹਿਰੀ ਦ੍ਰਿਸ਼ਟੀ ਨਹੀਂ ਹੁੰਦੀ, ਇਸ ਵਾਸਤੇ ਜੀਵਨ ਦੀਆਂ ਮਹੀਨ ਉਲਝਣਾਂ ਉਸ ਨੂੰ ਦਿਖਾਈ ਨਹੀਂ ਦੇਂਦੀਆਂ, ਜਿਸ ਕਰਕੇ ਸਾਧਾਰਨ ਜਨ ਉਤਨਾ ਚਿੰਤਾਤੁਰ ਤੇ ਪਰੇਸ਼ਾਨ ਨਹੀਂ ਹੁੰਦਾ, ਜਿਤਨਾ ਕਿ ਸ਼ਾਇਰ, ਦਾਰਸ਼ਨਿਕ ਹੁੰਦਾ ਹੈ। ਕੁਛ ਹਿੰਦੀ ਦੇ ਕਵੀ ਤੇ ਉਰਦੂ ਭਾਸ਼ਾ ਦੇ ਸ਼ਾਇਰ ਜਿਨ੍ਹਾਂ ਕੋਲ ਬਹੁਤ ਗਹਿਰੀ ਦ੍ਰਿਸ਼ਟੀ ਸੀ, ਇਸ ਮਹਾਨ ਦ੍ਰਿਸ਼ਟੀ ਦੇ ਹੁੰਦਿਆਂ ਹੋਇਆਂ ਵੀ ਉਨ੍ਹਾਂ ਦਾ ਜੀਵਨ ਨਸ਼ਿਆਂ ਦੇ ਦਲਦਲ ਵਿੱਚੋਂ ਲੰਘਿਆ ਹੈ। ਉਰਦੂ ਸ਼ਾਇਰੀ ਦੇ ਰੂਹੇ-ਰਵਾਂ ਮਿਰਜ਼ਾ ਗ਼ਾਲਿਬ ਦੇ ਹੱਥੋਂ ਤਾਂ ਜਾਮ ਛੁੱਟਦਾ ਹੀ ਨਹੀਂ ਸੀ ਤੇ ਆਂਤ੍ਰਿਕ ਬੇਚੈਨੀ ਉਸ ਦੀ ਸਿਖਰ 'ਤੇ ਪੁੱਜੀ ਹੋਈ ਸੀ: ਬੇਚੈਨੀਆਂ ਸਾਰੇ ਜਹਾਂ ਕੀ ਸਮੇਟ ਕਰ, ਜਬ ਕੁਛ ਨ ਬਨਾ ਤੋ ਮੇਰਾ ਦਿਲ ਬਨਾ ਦੀਆ। ਇਤਨੀ ਬੇਚੈਨ ਤਬੀਅਤ ਵਾਲਾ ਅਗਰ ਨਸ਼ਾ ਨਾ ਲਵੇ ਤਾਂ ਪਾਗਲ ਹੋ ਜਾਵੇਗਾ। ਅੰਦਰ ਦਾ ਤਨਾਉ ਘੱਟ ਹੋਵੇ, ਉਸ ਨੂੰ ਭੁੱਲ ਜਾਈਏ, ਇਕੋ ਇਕ ਬਾਹਰੀ ਸਾਧਨ ਹੈ ਕਿ ਕੋਈ ਨਸ਼ਾ ਲੈ ਕੇ ਬੇਹੋਸ਼ ਹੋ ਜਾਈਏ। ਪੱਛਮ ਦੇ ਮਹਾਨ ਦਾਰਸ਼ਨਿਕ ਤੇ ਮਨੋਵਿਗਿਆਨੀ 'ਨੀਤਸ਼ੇ' ਤੇ 'ਫ਼ਰਾਈਡ' ਪਾਗਲ ਹੋ ਕੇ ਮਰੇ। ਜੋ ਜਿਤਨਾ ਸਿਆਣਾ ਹੋਵੇਗਾ ਉਤਨਾ ਹੀ ਜਗਤ ਅਸਾਰ ਦਿਖਾਈ ਦੇਵੇਗਾ ਤੇ ਉਹ ਸੁਭਾਵਕ ਹੀ ਬੇਚੈਨ ਹੋ ਜਾਵੇਗਾ। ਪਸ਼ੂ ਪਾਗਲ ਨਹੀਂ ਹੁੰਦੇ, ਕਿਉਂਕਿ ਬੇਚੈਨੀ ਉਨ੍ਹਾਂ ਵਿਚ ਬਿਲਕੁਲ ਨਹੀਂ ਹੈ। ਖਾਣ ਪੀਣ ਨੂੰ ਮਿਲ ਜਾਵੇ, ਸਰੀਰ ਦੀਆਂ ਲੋੜਾਂ ਦੇ ਪੂਰਨ ਹੁੰਦਿਆਂ ਹੀ ਪਸ਼ੂ ਸੰਤੁਸ਼ਟ ਹੋ ਜਾਂਦਾ ਹੈ, ਇਸ ਵਾਸਤੇ ਪਸ਼ੂਆਂ ਵਿਚ ਤਨਾਉ ਨਹੀਂ ਦਿਖਾਈ ਦੇਂਦਾ। ਹਾਂ, ਜੋ ਪਸ਼ੂ ਮਨੁੱਖੀ ਬੰਦਿਸ਼ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੀ ਪਕ੍ਰਿਤੀ ਵਿਚ ਕੋਈ ਮਨੁੱਖ ਨੇ ਬਾਧਾ ਖੜੀ ਕੀਤੀ ਹੋਵੇ ਤਾਂ ਉਹ ਪਾਗਲ ਹੋ ਜਾਂਦੇ ਹਨ। ਪਰ ਫਿਰ ਵੀ ਪਸ਼ੂਆਂ ਵਿਚ ਪਾਗਲਪਨ ਨਾਮ-ਮਾਤਰ ਹੈ। ਮਨੁੱਖ ਤਾਂ ਆਪਣਾ ਮਾਨਸਿਕ ਸੰਤੁਲਨ ਇਤਨਾ ਡਾਵਾਂ-ਡੋਲ ਕਰ ਬੈਠਾ ਹੈ ਕਿ ਸੰਸਾਰ ਭਰ ਦੇ ਪਾਗਲਖ਼ਾਨੇ ਮਨੁੱਖਾਂ ਨਾਲ ਭਰੇ ਹੋਏ ਹਨ। ਸੰਸਾਰਕ ਲੋੜਾਂ ਦੇ ਪੂਰਨ ਹੁੰਦਿਆਂ ਜਿਥੇ ਪਸ਼ੂ ਸੰਤੁਸ਼ਟ ਹੋ ਜਾਂਦਾ ਹੈ, ਉਥੇ ਮਨੁੱਖ ਅਤਿਅੰਤ ਬੇਚੈਨ ਹੋ ਉਠਦਾ ਹੈ ਤੇ ਜੀਵਨ ਯਾਤ੍ਰਿਕ ਦਿਖਾਈ ਦੇਣ ਲੱਗ ਪੈਂਦਾ ਹੈ। ਸਭ ਕੁਛ ਦੇ ਮਿਲਦਿਆਂ ਹੀ ਪਤਾ ਚੱਲਦਾ ਹੈ ਕਿ ਮਿਲਿਆ ਤਾਂ ਕੁਛ ਵੀ ਨਹੀਂ, ਇਸ ਵਾਸਤੇ ਸੰਪੰਨ ਦੇਸ਼ਾਂ ਵਿਚ ਮਾਨਸਿਕ ਰੋਗੀ ਵਧਦੇ ਜਾ ਰਹੇ ਹਨ। ਮਿਰਜ਼ਾ ਗ਼ਾਲਿਬ ਜਿਸ ਦੀ ਸੋਚਣੀ ਗਗਨ ਚੁੱਭੀ ਹੈ-ਕਹਿੰਦਾ ਹੈ ਕਿ ਦੁਨੀਆ ਤਾਂ ਮੇਰੇ ਲਈ ਇਕ ਬੱਚੇ ਦਾ ਖੇਲ ਹੈ। ਇਥੇ ਤਖ਼ਤ ਸੁਲੇਮਾਨੀ ਤੇ ਹਜ਼ਰਤ ਈਸਾ ਦੇ ਮੁਅਜਿਜ਼ੇ (ਕਰਾਮਾਤਾਂ) ਇਕ ਬੱਚਿਆਂ ਦਾ ਖੇਲ ਹਨ: ਬਾਜ਼ੀਚਾ ਏ ਇਤਫ਼ਾਲ ਹੈ ਦੁਨੀਆ ਮੇਰੇ ਆਗੇ। ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ। ਇਕ ਖੇਲ ਹੈ ਔਰੰਗੇ ਸੁਲੇਮਾਂ ਮੇਰੇ ਨਜ਼ਦੀਕ, ਇਕ ਬਾਤ ਹੈ ਇਜਾਜ਼ੇ ਮਸੀਹਾ ਮੇਰੇ ਆਗੇ। ਜਦ ਸਭ ਕੁਛ ਖੇਲ ਹੈ, ਕੁਛ ਤੁਛ ਹੈ ਤਾਂ ਮਾਨਸਿਕ ਬੇਚੈਨੀ ਪ੍ਰਗਾੜ ਰੂਪ ਧਾਰਨ ਕਰ ਲੈਂਦੀ ਹੈ ਤੇ ਉਸ ਬੇਚੈਨੀ ਨੂੰ ਕਾਬੂ ਕਰਨ ਲਈ ਬਾਹਰੋਂ ਸਿਰਫ਼ ਨਸ਼ਿਆਂ ਦਾ ਹੀ ਆਸਰਾ ਰਹਿ ਜਾਂਦਾ ਹੈ। ਪੁਰਾਣਾ ਮਨੁੱਖ, ਆਦਿ ਮਨੁੱਖ ਜੰਗਲਾਂ ਵਿਚ ਰਹਿਣ ਵਾਲਾ ਆਪਣੇ ਆਪ ਵੀ ਸੰਤੁਸ਼ਟ ਸੀ, ਭਾਵੇਂ ਉਸ ਪੁਰਾਣੇ ਸਮੇਂ ਵਿਚ ਵੀ ਨਸ਼ੇ ਸਨ, ਪਰ ਬਹੁਤ ਥੋੜੇ। ਬੌਧਿਕ ਵਿਕਾਸ, ਰਹਿਣ-ਸਹਿਣ ਮਨੁੱਖ ਦਾ ਉੱਚਾ ਹੋਇਆ ਪਰ ਆਂਤ੍ਰਿਕ ਪੀੜਾ ਵੀ ਵਧ ਗਈ। ਜੈਸੇ ਜੈਸੇ ਅੱਧੀ ਦੁਨੀਆ ਵਿਚ ਵਿੱਦਿਆ ਵਧ ਰਹੀ ਹੈ ਤੇ ਮਨੁੱਖ ਬੌਧਿਕ ਹੁੰਦਾ ਜਾਂਦਾ ਹੈ, ਵੈਸੇ ਵੈਸੇ ਇਸ ਦੀ ਮਾਨਸਿਕ ਪੀੜਾ ਵੀ ਵਧਦੀ ਜਾਂਦੀ ਹੈ, ਤੇ ਹਾਲਾਤ ਇਥੋਂ ਤਕ ਹੋ ਗਏ ਹਨ ਕਿ ਛੋਟੇ ਛੋਟੇ ਸਕੂਲ ਦੇ ਬੱਚੇ ਤੇ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀ ਤੇ ਪੜ੍ਹਾਵਨ ਵਾਲੇ ਸਿਖਸ਼ਕ ਵੀ ਨਸ਼ਿਆਂ ਦੀ ਦੁਰ-ਵਰਤੋਂ ਕਰਨ ਲੱਗ ਪਏ ਹਨ। ਨਸ਼ਿਆਂ ਤੋਂ ਬਿਨਾਂ ਫ਼ਿਕਰਾਂ ਦੇ ਜਾਲ ਵਿੱਚੋਂ ਆਜ਼ਾਦੀ ਨਹੀਂ ਮਿਲਦੀ ਤੇ ਪੂਰਨ ਆਜ਼ਾਦੀ ਬਿਨਾਂ ਸਰੂਰ ਕਿਥੇ? ਸੋ ਖ਼ੁਮਾਰੀ-ਸਰੂਰ ਪ੍ਰਾਣਾਂ ਦੀ ਮੰਗ ਹੈ। ਕੋਈ ਉਤਸਵ ਹੋਵੇ ਘਰ ਵਿਚ ਵਿਵਾਹ ਸ਼ਾਦੀ ਹੋਵੇ ਤਾਂ ਸ਼ਰਾਬ ਦੀ ਵਰਤੋਂ ਲਾਜ਼ਮੀ ਹੈ। ਨਸ਼ਾ ਹੀ ਉਤਸਵ ਬਣਦਾ ਜਾ ਰਿਹਾ ਹੈ। ਬੋਹੇਸ਼ੀ ਹੀ ਰਸ ਬਣਦੀ ਜਾ ਰਹੀ ਹੈ ਤੇ ਜਦ ਵੀ ਕੋਈ ਵੱਡੀ ਖੁਸ਼ੀ ਮਨਾਉਣੀ ਹੈ ਤਾਂ ਬੇਹੋਸ਼ੀ ਚਾਹੀਦੀ ਹੈ, ਤੇ ਬੇਹੋਸ਼ ਹੋ ਸਕੀਏ, ਕੋਈ ਨਸ਼ਾ ਚਾਹੀਦਾ ਹੈ ਤੇ ਬੇਹੋਸ਼ੀ ਤਾਂ ਜੀਵਨ ਦੀ ਬਰਬਾਦੀ ਹੈ। ਇਸ ਨਾਲ ਪਰੇਸ਼ਾਨੀਆਂ ਦਾ ਅੰਤ ਨਹੀਂ ਹੁੰਦਾ, ਸਿਰਫ਼ ਵਕਤੀ ਤੌਰ 'ਤੇ ਪਰੇਸ਼ਾਨੀਆਂ ਭੁੱਲਦੀਆਂ ਹਨ। ਆਦਿ ਕਾਲ ਤੋਂ ਸੰਤ-ਜਨ ਨਸ਼ਿਆਂ ਦੀ ਨਿਖੇਪੀ ਕਰਦੇ ਆਏ ਹਨ, ਕਿਉਂਕਿ ਨਸ਼ਿਆਂ ਨਾਲ ਬੇਹੋਸ਼ੀ ਵਧਦੀ ਹੈ ਤੇ ਬੇਹੋਸ਼ੀ ਤੋਂ ਜ਼ਿਆਦਾ ਕੋਈ ਅਵਗੁਣ ਨਹੀਂ ਹੈ। ਮਤਿ ਹੀ ਤਾਂ ਮਨੁੱਖ ਕੋਲ ਪ੍ਰਭੂ ਵੱਲੋਂ ਮਿਲੀ ਸੌਗ਼ਾਤ ਹੈ ਤੇ ਸ਼ਰਾਬ ਪੀ ਕੇ ਹੀ ਮਤਿ ਤੋਂ ਥੱਲੇ ਮਨੁੱਖ ਆ ਜਾਂਦਾ ਹੈ: ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥... ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
{ਬਿਹਾਗੜੇ ਦੀ ਵਾਰ, ਸਲੋਕ ਮ:੩, ਪੰਨਾ ੫੫੪} ਪਰ ਮਨੁੱਖ ਨੂੰ ਜੋ ਸਰੂਰ ਚਾਹੀਦਾ ਹੈ, ਉਸ ਦਾ ਕੀ ਬਣੇਗਾ? ਕਿਉਂਕਿ ਖ਼ੁਮਾਰੀ-ਮਖ਼ਮੂਰੀ ਤਾਂ ਮਨੁੱਖ ਨੂੰ ਚਾਹੀਦੀ ਹੈ। ਸੋ ਇਕ ਐਸੀ ਵੀ ਖ਼ੁਮਾਰੀ ਹੈ ਜੋ ਬੇਹੋਸ਼ੀ ਤੋਂ ਨਹੀਂ ਮਿਲਦੀ ਬਲਕਿ ਪਰਮ-ਹੋਸ਼ ਤੋਂ ਮਿਲਦੀ ਹੈ। ਪਰਮ ਹੋਸ਼ ਦੇ ਮਿਲਦਿਆਂ ਸੱਚਾਈ ਦਿੱਸ ਪੈਂਦੀ ਹੈ। ਹੋਸ਼ ਸਾਧਨ ਦੀ ਸਾਧਨਾ ਨੂੰ ਹੀ ਧਰਮ ਦੀ ਸਾਧਨਾ ਆਖਦੇ ਹਨ। ਸੰਤ ਮਹਾਂਪੁਰਸ਼ਾਂ ਤੋਂ ਜ਼ਿਆਦਾ ਕੋਈ ਹੋਰ ਹੋਸ਼ ਵਿਚ ਨਹੀਂ ਹੁੰਦਾ, ਇਸ ਵਾਸਤੇ ਸੰਤ ਕੋਲ ਵੀ ਇਕ ਖ਼ੁਮਾਰੀ ਹੁੰਦੀ ਹੈ। ਅਗਰ ਇਕ ਸ਼ਰਾਬੀ ਤੇ ਇਕ ਸੰਤ ਨੂੰ ਇਕੱਠੇ ਇਕ ਹੀ ਥਾਂ 'ਤੇ ਬਿਠਾਈਏ ਤਾਂ ਦੋਹਾਂ ਦੀ ਅੱਖਾਂ ਦੀ ਖ਼ੁਮਾਰੀ ਵੇਖਦਿਆਂ ਪਹਿਚਾਨ ਕਰਨੀ ਔਖੀ ਹੋ ਜਾਵੇਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ। ਸ਼ਰਾਬ ਦੀ ਖ਼ੁਮਾਰੀ ਵਿਚ ਤਾਂ ਸ਼ਰਾਬੀ ਆਪਣਾ ਧਾਮ ਵੀ ਭੁੱਲ ਜਾਂਦਾ ਹੈ ਪਰ ਨਾਮ ਦੀ ਖ਼ੁਮਾਰੀ ਪਰਮ ਹੋਸ਼ ਦੀ ਖ਼ੁਮਾਰੀ ਵਿਚ ਜਗਤ ਤਿੰਨ ਲੋਕਾਂ ਦੀਆਂ ਗੱਲਾਂ ਕਰਦਾ ਹੈ। ਸ਼ਰਾਬੀ ਨੂੰ ਇਕ ਜ਼ੋਰ ਨਾਲ ਥੱਪੜ ਲੱਗ ਜਾਵੇ ਤਾਂ ਸਾਰਾ ਨਸ਼ਾ ਕਾਫ਼ੂਰ ਹੋ ਜਾਂਦਾ ਹੈ, ਪਰ ਸੰਤ ਨੂੰ ਤੱਤੀ ਤਵੀ 'ਤੇ ਬਿਠਾ ਦੇਈਏ ਤਾਂ ਨਸ਼ਾ-ਖ਼ੁਮਾਰੀ ਦੂਰ ਨਹੀਂ ਹੁੰਦੀ। ਉਹ ਤਾਂ ਉਸ ਮਸਤੀ ਵਿਚ ਬੰਦ ਬੰਦ ਕਟਵਾ ਲੈਂਦਾ ਹੈ। ਔਰ ਉਸ ਹੋਸ਼ ਦੀ ਖ਼ੁਮਾਰੀ ਵਿਚ ਉਬਲਦੀ ਦੇਗ ਵਿਚ ਬੈਠ ਜਾਂਦਾ ਹੈ। ਕਹਿੰਦੇ ਹਨ ਅਫ਼ੀਰਮਚੀ ਇਸ਼ਨਾਨ ਤੋਂ ਮੰਗਦਾ ਹੈ। ਠੰਡੇ ਪਾਣੀ ਦੀ ਬੂੰਦ ਪੈਂਦਿਆਂ ਅਫ਼ੀਮ ਦਾ ਸਾਰਾ ਨਸ਼ਾ ਲਹਿ ਜਾਂਦਾ ਹੈ ਪਰ ਉਬਲਦਾ ਪਾਣੀ ਵੀ ਸੰਤ ਦੀ ਖ਼ੁਮਾਰੀ ਨੂੰ ਖੋਹ ਨਹੀਂ ਸਕਦਾ। ਸਾਰੇ ਨਸ਼ੇ ਬੇਹੋਸ਼ੀ ਦੀ ਖ਼ੁਮਾਰੀ ਹਨ। ਨਾਮ ਹੋਸ਼ ਦੀ ਖ਼ੁਮਾਰੀ ਹੈ। ਬੇਹੋਸ਼ੀ ਦੀ ਖ਼ੁਮਾਰੀ ਤਾਂ ਚੰਦ ਪੈਸਿਆਂ ਬਦਲੇ ਮਿਲ ਜਾਂਦੀ ਹੈ। ਸ਼ਰਾਬ ਅਫ਼ੀਮ ਤਾਂ ਰੁਪਇਆਂ ਬਦਲੇ ਮਿਲ ਜਾਵੇਗੀ, ਪਰ ਨਾਮ ਦੀ ਖ਼ੁਮਾਰੀ ਧਨ ਨਾਲ ਨਹੀਂ ਮਿਲਦੀ, ਇਹ ਸ਼ਰਾਬ, ਇਹ ਹੋਸ਼ ਦੀ ਖ਼ੁਮਾਰੀ ਧਨ ਨਾਲ ਨਹੀਂ ਮਿਲਦੀ। ਇਹ ਸ਼ਰਾਬ, ਇਹ ਹੋਸ਼ ਦੀ ਖ਼ੁਮਾਰੀ ਤਾਂ ਖ਼ੁਦ ਬਣਾਉਣੀ ਪਵੇਗੀ, ਬਣੀ ਬਣਾਈ ਨਹੀਂ ਮਿਲੇਗੀ। ਇਸ ਹੋਸ਼ ਦੀ ਸ਼ਰਾਬ ਲਈ ਸਾਰਾ ਸਾਮਾਨ ਵੀ ਆਪਣੇ ਵਿੱਚੋਂ ਹੀ ਇਕੱਠਾ ਕਰਨਾ ਪਵੇਗਾ। ਸ਼ਰਾਬ ਕੀ ਹੈ? ਮਿੱਠੇ ਨੂੰ ਕੌੜਾ ਕਰਨਾ। ਨਾਮ-ਰਸ ਕੀ ਹੈ? ਜਗਤ ਦੀ ਤਮਾਮ ਕੁੜੱਤਣ ਨੂੰ ਮਿਠਾਸ ਵਿਚ ਬਦਲ ਦੇਣਾ। ਨਾਮ ਦੀ ਮਦਰਾ ਕਿਵੇਂ ਬਣਾਈਦੀ ਹੈ, ਉਸ ਦਾ ਢੰਗ ਗੁਰਬਾਣੀ ਨੇ ਇਹ ਦੱਸਿਆ ਹੈ: ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ॥
ਸੁਖਮਨ ਨਾਰੀ ਸਹਜ ਸਮਾਨੀ ਪੀਵੈ ਪੀਵਨਹਾਰਾ॥੧॥
ਅਉਧੂ ਮੇਰਾ ਮਨੁ ਮਤਵਾਰਾ॥
ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ॥੧॥
ਰਹਾਉ॥
ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ॥੧॥
ਰਹਾਉ॥
ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ॥
ਕਾਮੁ ਕ੍ਰੋਧੁ ਦੁਇ ਕੀਏ ਜਲੇਤਾ ਛੂਟਿ ਗਈ ਸੰਸਾਰੀ॥੨॥
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ॥
ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ॥੩॥
{ਰਾਮਕਲੀ ਕਬੀਰ ਜੀਉ, ਪੰਨਾ ੯੬੯} ਧਿਆਨ ਸਾਧਨਾ ਨੂੰ ਮਹੁਆ ਬਣਾਇਆ ਤੇ ਪ੍ਰਭੂ-ਗਿਆਨ ਨੂੰ ਗੁੜ ਬਣਾਇਆ, ਪਰਮਾਤਮਾ ਨੇ ਇਸ ਨੂੰ ਭੱਠੀ ਬਣਾਇਆ, ਮਨ ਨੂੰ ਸ਼ਾਂਤ ਦੇਣ ਵਾਲੀ ਪ੍ਰੇਮ-ਭਗਤੀ ਨੂੰ ਨਲੀ ਬਣਾਇਆ, ਜਿਸ ਵਿੱਚੋਂ ਭੱਠੀ 'ਚੋਂ ਨਿਕਲ ਕੇ ਸ਼ਰਾਬ ਬਾਹਰ ਆਂਵਦੀ ਹੈ, ਉਹ ਨਲੀ ਭਗਤੀ ਹੈ। ਨਿਰਗੁਣ ਸਰਗੁਣ ਦਾ ਜੋੜ ਚੁੱਲ੍ਹਾ ਹੈ ਤੇ ਇਸ ਚੁਲ੍ਹੇੱ ਵਿਚ ਕਾਮ ਕ੍ਰੋਧ ਦਾ ਬਾਲਣ ਡਾਹਿਆ ਹੈ, ਭਾਵ ਕਾਮ ਕਰੋਧ ਸਾੜਿਆ ਹੈ। ਇਸ ਤਰ੍ਹਾਂ ਦੀ ਸ਼ਰਾਬ ਬਣਾਉਦ ਦੀ ਜਾਚ ਗੁਰੂ ਦੱਸਦਾ ਹੈ: ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ॥
ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ॥੩॥
{ਰਾਮਕਲੀ ਕਬੀਰ ਜੀਉ, ਪੰਨਾ ੯੬੯} ਸ਼ਰਾਬ ਦਾ ਨਸ਼ਾ ਬਾਰ ਬਾਰ ਲੈਣਾ ਪੈਂਦਾ ਹੈ, ਪਰ ਨਾਮ-ਖ਼ੁਮਾਰੀ ਇਕ ਦਫ਼ਾ ਤਾਰੀ ਹੋ ਜਾਵੇ, ਫਿਰ ਇਹ ਨਸ਼ਾ ਤਾ-ਜ਼ਿੰਦਗੀ ਰਹਿੰਦਾ ਹੈ। ਇਸ ਤਰ੍ਹਾਂ ਦੀ ਖ਼ੁਮਾਰੀ ਦਾ ਬੋਧ ਗੁਰ-ਸ਼ਬਦ ਤੋਂ ਮਿਲਦਾ ਹੈ। ਇਸ ਲਈ ਗੁਰੂ ਨੂੰ ਭਾਈ ਨੰਦ ਲਾਲ ਜੀ ਸਾਕੀ ਆਦੇ ਹਨ। ਇਕਬਾਲ ਨੇ ਵੀ ਧਰਮ ਦੇ ਰੂਪ ਨੂੰ ਖ਼ੁਮਾਰੀ ਨਾਲ, ਨਸ਼ੇ ਨਾਲ ਤੁਲਨਾ ਦਿੱਤੀ ਹੈ। ਇਕਬਾਲ ਜਦ ਯੋਰਪ ਦੀ ਫੇਰੀ ਤੋਂ ਬਾਅਦ ਭਾਰਤ ਪਰਤ ਆਏ ਤਾਂ ਆਪ ਕੋਲੋਂ ਪੁੱਛਿਆ ਗਿਆ ਕਿ ਪੂਰਬ ਤੇ ਪੱਛਮ (ਯੋਰਪ ਤੇ ਭਾਰਤ) ਵਿਚ ਧਰਮ ਦੀ ਰੂਪ-ਰੇਖਾ ਦੀ ਤੁਲਨਾਤਮਿਕ ਗੱਲ ਸੁਣਾਓ ਤਾਂ ਆਪ ਦੇ ਮੂੰਹੋਂ ਇਹ ਸ਼ੇਅਰ ਨਿਕਲਿਆ: ਬਹੁਤ ਦੇਖੇ ਹੈਂ ਮੈਨੇ ਮਗ਼ਰਬ ਮਸ਼ਰਕ ਕੇ ਮੈਖ਼ਾਨੇ, ਜਹਾਂ ਸਾਕੀ ਨਹੀਂ ਮਿਲਤਾ ਵਹਾਂ ਬੇਜ਼ੌਕ ਹੇ ਕਾਅਬਾ। ਆਪ ਦਾ ਕਹਿਣਾ ਹੈ ਯੌਰਪ ਦੀ ਸਰਾਬ ਤਾਂ ਕਿਸੇ ਕੰੰਮ ਦੀ ਨਹੀਂ, ਉਸ ਵਿਚ ਤਾਂ ਸਰੂਰ ਹੀ ਨਹੀਂ, ਕੋਈ ਗਹਿਰਾ ਨਸ਼ਾ ਹੀ ਨਹੀਂ, ਪਰ ਸਾਕੀ (ਪਿਲਾਉਣ ਵਾਲਾ) ਦਾ ਢੰਗ ਬੜਾ ਪ੍ਰਭਾਵਸ਼ਾਲੀ ਹੈ। ਉਸ ਦਾ ਸ਼ਰਾਬ ਪੇਸ਼ ਕਰਨ ਦਾ ਅੰਦਾਜ਼ ਬੜਾ ਨਿਰਾਲਾ ਹੈ, ਜਿਸ ਕਰਕੇ ਆਮ ਲੋਕ ਪ੍ਰਭਾਵਿਤ ਹੁੰਦੇ ਹਨ ਤੇ ਪੀਣ ਨੂੰ ਜੀ ਕਰਦਾ ਹੈ। ਹਿੰਦੁਸਤਾਨ ਦੀ ਮਦਰਾ ਬੜੀ ਪਵਿੱਤਰ ਹੈ, ਨਸ਼ਾ ਹੈ, ਗਹਿਰਾਈ ਹੈ, ਪਰ ਸਾਕੀ ਕਿਸੇ ਕੰਮ ਦਾ ਨਹੀਂ ਹੈ। ਇਸ ਦੇ ਪੇਸ਼ ਕਰਨ ਦਾ ਢੰਗ ਕਠੋਰ ਹੈ, ਬਹੁਤ ਗੰਦਾ ਹੈ, ਇਸ ਵਾਸਤੇ ਨੂੰ ਜੀ ਨਹੀਂ ਕਰਦਾ। ਯੌਰਪ ਦਾ ਪਾਦਰੀ ਹਲੇਮ ਨਿਰਮਾਣ ਹੈ, ਮਿੱਠ-ਬੋਲੜਾ ਹੈ, ਪੜ੍ਹਿਆ, ਲਿਖਿਆ ਹੈ, ਇਸ ਵਾਸਤੇ ਉਸ ਦੀਆਂ ਧਰਮ ਸੰਬੰਧੀ ਵਿਚਾਰਾਂ ਪ੍ਰਭਾਵਿਤ ਕਰਦੀਆਂ ਹਨ, ਭਾਵੇਂ ਉਨ੍ਹਾਂ ਵਿਚ ਗਹਿਰਾਈ ਨਹੀਂ ਹੈ। ਹਿੰਦੁਸਤਾਨ ਦੀ ਧਾਰਮਿਕ ਵਿਚਾਰ ਬਹੁਤ ਗਹਿਰੀ ਹੈ ਤੇ ਆਪਣੇ ਵਿਚ ਮਸਤੀ-ਸਰੂਰ ਵੀ ਰੱਖਦੀ ਹੈ ਪਰ ਸਾਕੀ ਅਸਭਿਅ ਹੈ। ਮੁੱਦਤਾਂ ਬਾਅਦ ਇਕ ਪਵਿੱਤਰ ਸਾਕੀ ਪਵਿੱਤਰ ਮਦਰਾ ਲੈ ਕੇ ਆਇਆ। ਵਡਭਾਗੀ ਨੇ ਉਸ ਦਾ ਸਰੂਰ ਮਾਣਿਆ। ਉਹ ਸਾਕੀ ਸੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤਦੇ ਤਾਂ ਐਸੇ ਮਹਾਨ ਸਾਕੀ ਕੋਲੋਂ ਨਾਮ ਦੀ ਖ਼ੁਮਾਰੀ ਭਾਈ ਨੰਦ ਲਾਲ ਜੀ ਮੰਗ ਰਹੇ: ਬਦਹਿ ਸਾਕੀ ਮਰਾ ਯਕ ਜਾਮਿ ਜਾਂ ਰੰਗੀਨੀਏ ਦਿਲਹਾ। ਬ-ਚਸ਼ਮਿ ਪਾਕ ਬੀ ਸਾਂਅ ਕੁਨਮ ਈਂ ਜੁਮਲਾ ਮੁਸ਼ਕਿਲ-ਹਾਂ। {ਭਾਈ ਨੰਦ ਲਲ ਜੀ) ਐ ਮੇਰੇ ਸਾਕੀ! ਮੈਨੂੰ ਐਸੀ ਪਾਵਨ ਮਦਰਾ ਪਿਲਾ, ਐਸਾ ਜਾਮ ਦੇਹ, ਜਿਸ ਦੇ ਪੀਂਦਿਆਂ ਦੋ ਜਹਾਨਾਂ ਦੀਆਂ ਮੁਸ਼ਕਲਾਂ ਆਸਾਨ ਹੋ ਜਾਵਣ ਤੇ ਉਸ ਪਾਵਨ-ਪਿਆਰੇ ਪ੍ਰਭੂ ਨੂੰ ਇਨ੍ਹਾਂ ਖ਼ੁਮਾਰ ਭਰਿਆ ਅੱਖਾਂ ਨਾਲ ਤੱਕ ਭਰੀਆਂ ਅੱਖਾਂ ਨਾਲ ਤੱਕ ਸਕਾਂ। ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿਚ ਇਕ ਪੰਗਤੀ ਬਹੁਤ ਸੁੰਦਰ ਆਈ ਹੈ: ਅਫ਼ੀਮ ਮਦਿ ਭਾਂਗ ਚਰਣ ਉਤਰ ਜਾਏ ਪ੍ਰਭੁਾਤ। ਨਾਮ ਖ਼ੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ।