ਪ੍ਰਭੂ ਸਿਮਰਨ (ਪਾਰਟ ੪)

Giani Sant Singh ji Maskeen · ਕਥਾ ਅਤੇ ਲੈਕਚਰ · ੧੬੫ / ੩੧੨

ਪ੍ਰਭੂ ਸਿਮਰਨ (ਪਾਰਟ ੪) ਆਦਿਕਾਲ ਤੋਂ ਸੰਗੀਤ ਤੇ ਸਾਜ਼ਾਂ ਦੇ ਜਨਮ ਦਾਤੇ ਮਹਾਪੁਰਸ਼ ਸਨ, ਸੰਤ ਜਨ ਸਨ, ਅਵਤਾਰੀ ਪੁਰਸ਼ ਸਨ। ਕਦੀ ਥੋੜਾ ਜਿਹਾ ਧਿਆਨ ਮਾਰੀਏ, ਡਮਰੂ ਸ਼ਿਵਜੀ ਨਾਲ ਜੁੜਿਆ ਹੋਇਆ ਹੈ। ਇਕ ਤਾਰਾ ਨਾਰਦ ਨਾਲ ਜੁੜਿਆ ਹੋਇਆ ਹੈ। ਮੁਰਲੀ ਸ੍ਰੀ ਕ੍ਰਿਸ਼ਨ ਨਾਲ ਜੁੜੀ ਹੋਈ ਹੈ। ਰਬਾਬ ਗੁਰੂ ਨਾਨਕ ਨਾਲ ਜੁੜੀ ਹੋਈ ਹੈ। ਸਰੰਦਾ ਗੁਰੂ ਅਰਜਨ ਦੇਵ ਜੀ ਨਾਲ ਜੁੜਿਆ ਹੋਇਆ ਹੈ। ਸਰੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਕੋਲ ਰੱਖਦੇ ਹਨ। ਢੋਲਕੀਆਂ ਇਹ ਭਗਤਾਂ ਨਾਲ ਜੁੜੀਆਂ ਹੋਈਆਂ ਹਨ ਤੇ ਭਗਤ ਇਸ ਦਾ ਜ਼ਿਕਰ ਵੀ ਕਰਦੇ ਹਨ- ਅਣਮੜਿਆ ਮੰਦਲੁ ਬਾਜੈ॥
ਬਿਨੁ ਸਾਵਣ ਘਨਹਰੁ ਗਾਜੈ॥
(ਅੰਗ ੬੫੭) ਚਮੜੇ ਨਾਲ ਮੜੀ ਹੋਈ ਢੋਲਕ ਨਹੀਂ ਹੈ, ਪਰ ਢੋਲਕ ਵੱਜ ਰਹੀ ਹੈ। ਉਹ ਜੋ ਬ੍ਰਹਮ ਦਾ ਨਾਦ ਹੈ, ਸੰਗੀਤ ਮਈ ਹੈ, ਰਾਗ ਮਈ ਹੈ ਅਤੇ ਕਾਵ ਮਈ ਹੈ। ਉਹਨਾਂ ਬੋਲਾਂ ਨੂੰ ਜਿੰਨਾਂ ਜਿੰਨਾਂ ਮਹਾਂਪੁਰਸ਼ਾਂ ਨੇ ਪ੍ਰਗਟ ਕੀਤਾ, ਉਹਨਾਂ ਦੀ ਛਾਪ ਅਮਰ ਰਹਿ ਗਈ। ਕਿਉਂਕਿ ਉਹਨਾਂ ਦੇ ਬੋਲਾਂ ਦੇ ਰਾਹੀਂ ਉਹਨਾਂ ਦੀ ਹਸਤੀ ਦਾ ਪਤਾ ਚਲੱਦਾ ਹੈ, ਪਰ ਉਹ ਬੋਲ ਕਾਵਮਈ ਹਨ। ਹੈਰਾਨਗੀ ਹੈ ਕਿ ਚੌਕ ਵਿਚ ਬੈਠ ਕੇ ਰਵਿਦਾਸ ਜੁੱਤੀਆਂ ਗੰਢਦਾ ਹੈ, ਪਰ ਜਦ ਪਰਮਾਤਮਾ ਦੇ ਕਾਵਮਈ, ਸੰਗੀਤਮਈ ਬੋਲ ਬੋਲਦਾ ਹੈ ਤਾਂ ਜਿਸ ਮੋਚੀ ਨੇ, ਇਸ ਚਮਿਆਰ ਨੇ ਸੰਗੀਤ ਕਿਥੋਂ ਸਿਖ ਲਿਆ? ਕਵੀਤਾ ਕਿਥੋਂ ਸਿਖ ਲਈ? ਨਹੀਂ, ਪਰਮਾਤਮਾ ਹੀ ਬੋਲਿਆ ਹੈ ਕਵਿਤਾ ਦੇ ਰੂਪ ਵਿਚ, ਪਰਮਾਤਮਾ ਹੀ ਬੋਲਿਆ ਹੈ ਸੰਗੀਤ ਦੇ ਰੂਪ ਵਿਚ। ਨੰਦ ਲਾਲ ਕਹਿੰਦੇ ਹਨ ਕਿ ਅਫਸੋਸ ਹੈ ਮੈਨੂੰ ਇਸ ਗੁਜ਼ਰੇ ਹੋਏ ਸਵਾਸ ਦਾ, ਜੋ ਉਸ ਦੀ ਅਵਾਜ ਤੋਂ ਬਿਨਾਂ ਨਿਕਲ ਗਿਆ। ਜਦ ਮੌਤ ਟਕਰਾਉਂਦੀ ਹੈ ਆ ਕੇ ਤਾਂ ਆਖਰੀ ਪ੍ਰਾਣ ਨਾਭੀ ਵਿਚੋਂ ਨਿਕਲਦਾ ਹੈ। ਜਦ ਆਖਰੀ ਪ੍ਰਾਣ ਨਾਭੀ ਵਿਚੋਂ ਬਾਹਰ ਨਿਕਲਦਾ ਹੈ ਤਾਂ ਸਰੀਰ ਦੀ ਹਾਲਤ ਜਿਹੜੀ ਬਣਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਹਨ- ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
(ਅੰਗ ੧੩੪) ਮੁੱਠੀਆਂ ਬੰਦ ਹੁੰਦੀਆਂ ਹਨ, ਦੰਦੀਆਂ ਵੱਜਦੀਆਂ ਹਨ, ਕੰਬਣੀ ਛਿੜਦੀ ਹੈ ਅਤੇ ਸਿਆਣੇ ਕਹਿੰਦੇ ਹਨ ਕਿ ਗੰਢ ਖੁੱਲ੍ਹ ਗਈ। ਇਸੇ ਨੂੰ ਸਾਹਿਬ ਕਹਿੰਦੇ ਹਨ ਕਿ ਅੱਜ ਕੱਲ ਵਿਚ ਹੀ ਤੇਰੀ ਗੰਢ ਖੁਲ੍ਹਣ ਵਾਲੀ ਹੈ। ਜਿਸ ਤਰ੍ਹਾਂ ਨਾਭੀ ਦੀ ਗੰਢ ਖੁੱਲ੍ਹੀ ਤੇ ਸਰੀਰ ਦੀ ਮੌਤ ਹੋ ਗਈ। ਆਖਰੀ ਪ੍ਰਾਣ ਰੁਖਸਤ ਹੋ ਜਾਂਦੇ ਹਨ। ਇਹ ਗੰਢ ਜਦ ਪਹਿਲੀ ਵਾਰ ਖੁੱਲ੍ਹਦੀ ਹੈ, ਜਦ ਧੁਨੀ ਨਾਲ ਟਕਰਾਉਂਦੀ ਹੈ ਤਾਂ ਅਵਸਥਾ ਉਹੀ ਬਣਦੀ ਹੈ, ਜੋ ਮਰਨ ਲੱਗਿਆਂ ਲੋਕਾਂ ਦੀ ਬਣਦੀ ਹੈ। ਤ੍ਰਿਪਤਾ ਜੀ ਵੈਦ ਨੂੰ ਬੁਲਾ ਲਿਆਏ ਸਨ ਕਿ ਮੇਰੇ ਲਾਲ ਨੂੰ ਕੀ ਹੋ ਗਿਆ ਹੈ, ਕਿਉਂਕਿ ਗੁਰੂ ਨਾਨਕ ਨੂੰ ਕੰਬਣੀ ਛਿੜ ਗਈ ਸੀ, ਮੁੱਠੀਆਂ ਬੰਦ ਹੋ ਗਈਆਂ ਸਨ ਅਤੇ ਦੰਦੀਆਂ ਵੱਜ ਰਹੀਆ ਸਨ। ਵੈਦ ਨੇ ਸਾਰਾ ਵੇਖਿਆ, ਜਾਂਚ ਪੜਤਾਲ ਕੀਤੀ ਅਤੇ ਵੈਦ ਕਹਿੰਦਾ ਹੈ ਕਿ ਮਾਂ ਜੀ, ਇਹ ਰੋਗੀ ਜਿਹੋ ਜਿਹਾ ਦਿਖਾਈ ਦੇ ਰਿਹਾ ਹੈ, ਰੋਗੀ ਨਹੀਂ ਹੈ। ਤਾਪਮਾਨ ਸਰੀਰ ਦਾ ਠੀਕ ਹੈ, ਸੁਆਸਾਂ ਦੀ ਗਤੀ ਠੀਕ ਹੈ, ਨਬਜ਼ ਚੱਲ ਰਹੀ ਹੈ। ਇਹ ਰੋਗੀ ਵਰਗੇ ਦਿਖਾਈ ਕਿਉਂ ਦੇ ਰਹੇ ਹਨ। ਇਹ ਮੇਰੀ ਪਹੁੰਚ ਤੋਂ ਪਰ੍ਹੇੇ ਹੈ, ਮੇਰੀ ਪਕੜ ਤੋਂ ਪਰ੍ਹੇ ਹੈ।ਤੇ ਜਦ ਦੁਬਾਰਾ ਮਿਹਨਤ ਕਰਦਾ ਹੈ ਵੈਦ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲ ਪਏ- ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥
(ਅੰਗ ੧੨੭੯) ਐ ਭੋਲੇ ਵੈਦ! ਤੈਨੂੰ ਨਹੀਂ ਪਤਾ, ਇਹ ਤਨ ਦੀ ਮੌਤ ਨਹੀਂ ਹੋਈ, ਇਹ ਮਨ ਦੀ ਮੌਤ ਹੋਈ ਹੈ। ਇਹ ਸੂਖਸ਼ਮ ਸਰੀਰ ਦੀ ਮੌਤ ਹੋ ਗਈ ਹੈ। ਇਹ ਪੂਰਬਲੇ ਸੰਸਕਾਰਾਂ ਦੀ ਮੌਤ ਹੋ ਗਈ ਹੈ। ਵਿਚਾਰਾਂ ਦੀ ਮੌਤ ਹੋ ਗਈ ਹੈ। ਪਰਮਾਤਮਾ ਜੀਅ ਰਿਹਾ ਹੈ। ਇਹ ਅਵਸਥਾ ਦੁਨੀਆਂ ਦੇ ਤਮਾਮ ਪੈਗ਼ੰਬਰੀ ਪੁਰਸ਼ ਸੰਤ ਜਨਾਂ ਦੀ ਬਣਦੀ ਹੈ, ਪਰ ਹਾਲਤ ਇਹੀ ਹੁੰਦੀ ਹੈ ਜਿਸ ਦਾ ਜ਼ਿਕਰ ਜਨਮ ਸਾਖੀ ਦੇ ਵਿਚ ਹੈ ਅਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜੀਵਨੀ ਵਿਚ ਹੈ। ਕਹਿੰਦੇ ਹਨ ਕਿ ਇਹ ਹਾਲਤ ਮਨਸੂਰ ਦੀ ਜਦ ਬਣੀ, ਤਾਂ ਉਸ ਦੀ ਜ਼ਬਾਨ ਵਿਚੋਂ ਇਕ ਬੋਲ ਨਿਕਲਿਆ ਅਨਹਲ ਹਕ, ਅਨਹਲ ਹਕ। ਉਸ ਦੇ ਮੁਰਸ਼ਦ ਨੇ ਕਿਹਾ, ਤੂੰ ਕਾਫਰ ਕਹਿਲਾਏਂਗਾ। ਤੂੰ ਇਹ ਨਹੀਂ ਕਹਿਣਾ। ਮਨਸੂਰ ਕਹਿਣ ਲੱਗੇ ਅੱਛਾ। ਮੁਰਸ਼ਦ ਕਹਿਣ ਲੱਗਾ ਨਹੀਂ ਤੂੰ ਖੁਦਾ ਦੀ ਕਸਮ ਚੁੱਕ, ਤੇ ਜਦ ਮੁਰਸ਼ਦ ਕਹਿ ਰਿਹਾ ਹੈ ਤਾਂ ਵਿਚਾਰੇ ਨੂੰ ਕਹਿਣਾ ਪਿਆ, ਕਸਮੇ ਖੁਦਾ, ਅਨਹਲ ਹਕ ਨਹੀਂ ਕਹਾਂਗਾ। ਉਸੇ ਰਾਤ ਮੀਰ ਨੇ ਦਾਵਤ 'ਤੇ ਬੁਲਾਇਆ ਸੀ ਮੁਰਸ਼ਦ ਨੂੰ ਤੇ ਉਹ ਨਾਲ ਮਨਸੂਰ ਨੂੰ ਵੀ ਲੈ ਗਿਆ। ਉਸ ਹੁਕਮਰਾਨ ਦੇ ਮਹਿਲ ਵਿਚ ਇਕੱਠੇ ਹੋਏ ਹਨ। ਮੀਰ ਦੇ ਮਹਿਲ ਵਿਚ, ਦਸਤਰਖਾਨ 'ਤੇ ਸਾਰੇ ਬੈਠੇ ਹੋਏ ਹਨ ਤੇ ਜਦ ਏਨੇ ਸਾਰੇ ਫਕੀਰ ਹੋਣ, ਇਕ ਮੀਰ ਬੈਠਾ ਹੋਵੇ ਅਤੇ ਬਹੁਤ ਗਿਣਤੀ ਫਕੀਰਾਂ ਦੀ ਹੋਵੇ, ਤਾਂ ਕੁਦਰਤੀ ਗੱਲ ਹੈ ਕਿ ਗੱਲ ਤਾਂ ਖੁਦਾ ਦੀ ਚੱਲਣੀ ਸੀ। ਗੱਲ ਤੇ ਪਰਮਾਤਮਾ ਦੀ ਚੱਲਣੀ ਸੀ। ਇਕ ਤੋਂ ਬਾਅਦ ਇਕ ਫਕੀਰ ਆਪਣੇ ਅਨੁਭਵ, ਆਪਣੇ ਖਿਆਲਾਂ ਨੂੰ ਪੇਸ਼ ਕਰ ਰਿਹਾ ਸੀ। ਸਰੋਤੇ ਕੇਵਲ ਦੋ ਹਨ-ਇਕ ਮੀਰ ਤੇ ਇਕ ਮਨਸੂਰ। ਇਕ ਮੀਰ ਨਹੀਂ ਬੋਲਿਆ, ਇਕ ਮਨਸੂਰ ਨਹੀਂ ਬੋਲਿਆ। ਸੁਣਦਿਆਂ ਸੁਣਦਿਆਂ ਮਨਸੂਰ ਉਪਰ ਏਨਾ ਵਜਦ ਤਾਰੀ ਹੋਇਆ ਕਿ ਆਪਣੇ ਉਪਰ ਉਹ ਜ਼ਬਤ ਨਹੀਂ ਰੱਖ ਸਕਿਆ। ਉਸ ਦੇ ਮੂੰਹ ਵਿਚੋਂ ਨਿਕਲ ਗਿਆ ਅਨਹਲ ਹੱਕ-ਅਨਹਲ ਹੱਕ। ਮੀਰ ਨੇ ਗ੍ਰਿਫਤਾਰ ਕਰਾਇਆ। ਇਹ ਤਾਂ ਵਿਅਰਥ ਬੋਲਦਾ ਹੈ। ੧੫ ਦਿਨ ਮੁਕੱਦਮਾ ਚੱਲਣ ਤੋਂ ਬਾਅਦ ਇਸਨੂੰ ਸਜ਼ਾਏ ਮੌਤ ਸੁਣਾਈ। ਅੱਜ ਸੂਲੀ 'ਤੇ ਚਾੜ੍ਹਨ ਲੱਗੇ ਹਨ। ਮੁਰਸ਼ਦ ਕੋਲ ਪਹੁੰਚਿਆ, ਕਹਿਣ ਲੱਗਾ ਕਿ ਮਨਸੂਰ! ਕਸੂਰਵਾਰਾਂ ਦੀ ਦੁਨੀਆਂ ਵਿਚ, ਬੇਕਸੂਰ ਹੋਣਾ ਵੀ ਇਕ ਕਸੂਰ ਹੈ। ਪਰ ਮੈਂ ਤੇਰੇ 'ਤੇ ਗਿਲਾ ਕਰਨ ਨਹੀਂ ਆਇਆ, ਤੂੰ ਜ਼ਬਤ ਨਹੀਂ ਰੱਖ ਸਕਿਆ, ਤੂੰ ਖੁਦਾ ਦੀ ਕਸਮ ਚੁੱਕੀ ਸੀ। ਅਨਹਲ ਹੱਕ ਨਹੀਂ ਕਹਾਂਗਾ, ਤੇ ਫਿਰ ਤੂੰ ਕਿਉਂ ਆਖਿਆ? ਆਖਣ ਲੱਗਾ, ਹੇ ਮੇਰੇ ਮੁਰਸ਼ਦ! ਮੈਂ ਆਪਣੀ ਕਸਮ ਨਿਭਾਈ ਹੈ, ਮਨਸੂਰ ਨਹੀਂ ਬੋਲਿਆ। ਜਦ ਖੁਦਾ ਹੀ ਬੋਲਣ ਲੱਗ ਪਵੇ ਤਾਂ ਮੈਂ ਕੀ ਕਰਾਂਗਾ। ਮੇਰੀ ਕਸਮ ਖੁਦਾ 'ਤੇ ਨਹੀਂ ਚੱਲਦੀ। ਖੁਦਾ ਬੋਲਿਆ ਹੈ। ਇਹ ਤਾਂ ਈਸ਼ਵਰ ਬੋਲਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਹਨ ਕਿ ਪਰਮਾਤਮਾ ਚੁੱਪ ਕਰ ਗਿਆ। ਨਾਨਕ ਤਾਂ ਚੁੱਪ ਕਰ ਗਿਆ, ਹੁਣ ਤਾਂ ਪਰਮਾਤਮਾ ਹੀ ਬੋਲਦਾ ਹੈ। ਜੋ ਕੁਝ ਮੈਂ ਕਹਿ ਰਿਹਾ ਹਾਂ, ਇਹ ਪ੍ਰਭੂ ਕਹਿ ਰਿਹਾ ਹੈ, ਪਰਮਾਤਮਾ ਕਹਿ ਰਿਹਾ ਹੈ। ਨਾਨਕ ਨੂੰ ਬੋਲਣਾ ਨਹੀਂ ਆਉਂਦਾ, ਨਾਨਕ ਚੁੱਪ ਕਰ ਗਿਆ। ਬਿਲਕੁਲ ਈਸ਼ਵਰ ਬੋਲਦਾ ਹੈ। ਸਿਮਰਨ ਦੀ ਇਹ ਸਿੱਖਰਤਾ, ਈਸ਼ਵਰ ਬੋਲਣ ਲੱਗ ਪਵੇ, ਈਸ਼ਵਰ ਸੋਚਣ ਲੱਗ ਪਵੇ, ਈਸ਼ਵਰ ਹੀ ਚੱਲਣ ਲੱਗ ਪਵੇ, ਈਸ਼ਵਰ ਹੀ ਦੇਖਣ ਲੱਗ ਪਵੇ, ਸਾਰਾ ਜੀਵਨ ਈਸ਼ਵਰ ਮਈ ਹੋ ਜਾਏ ਤਾਂ ਸਮਝ ਲਉ ਕਿ ਸਿਮਰਨ ਦੀ ਚਰਮ ਸੀਮਾ ਪ੍ਰਾਪਤ ਹੋ ਗਈ ਹੈ। ਜੀਵਨ ਧੰਨ ਧੰਨ ਹੋ ਗਿਆ ਹੈ। ਜ਼ਿੰਦਗੀ ਦੀ ਯਾਤਰਾ ਸਫਲ ਹੋ ਗਈ ਹੈ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ! ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ