ਪ੍ਰਭੂ ਸਿਮਰਨ (ਪਾਰਟ ੩) ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਹਨ ਕਿ ਪਰਮਾਤਮਾ! ਕਮਾਲ ਹੈ, ਕਿਧਰੇ ਤੂੰ ਫੁੱਲ ਹੋ ਕੇ ਮੇਰੇ ਅੱਗੇ ਖਿੜਿਆ ਹੈ। ਤੂੰ ਕਿੰਨਾ ਖਿੜ ਸਕਦਾ ਹੈ, ਇਹ ਮੈਂ ਫੁੱਲਾਂ ਵਿਚ ਦੇਖਿਆ ਹੈ। ਤੂੰ ਕਿੰਨਾ ਕੋਮਲ ਹੋ ਸਕਦਾ ਹੈ, ਇਹ ਮੈਂ ਫੁੱਲਾਂ ਦੀ ਪੱਤੀ ਪੱਤੀ ਵਿਚ ਦੇਖਿਆ ਹੈ। ਤੇਰੀ ਰੂਹਾਨੀਅਤ ਮੈਂ ਪਵਨ ਵਿਚ ਦੇਖਦਾ ਹਾਂ। ਤੇਰਾ ਠਹਿਰਾਉ ਮੈਂ ਪਹਾੜਾਂ ਵਿਚ ਦੇਖਿਆ ਹੈ। ਤੇਰਾ ਬਹਾਉ ਮੈਂ ਦਰਿਆਵਾਂ ਵਿਚ ਦੇਖਦਾ ਹਾਂ। ਤੇਰਾ ਪ੍ਰੇਮ ਮੈਂ ਦੇਖਦਾ ਹਾਂ ਕਿ ਤੂੰ ਆਪਣੇ ਵਿਚ ਆਪ ਹੀ ਮੋਹਿਤ ਹੈ। ਦੂਸਰੀ ਅਵਸਥਾ ਪਰਮਾਤਮਾ ਦੇ ਬੋਲਾਂ ਤੋਂ ਪਰਮਾਤਮਾ ਨੂੰ ਪਹਿਚਾਨਿਆ ਗਿਆ। ਕੀ ਹਨ ਪਰਮਾਤਮਾ ਦੇ ਬੋਲ, ਇਸ ਨੂੰ ਸਪੱਸ਼ਟ ਕਰਨਾ ਹੈ- ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥
(ਜਪੁ ਜੀ ਸਾਹਿਬ) ਪੂਰਬਲੇ ਜਨਮਾਂ ਦੇ ਅਨੰਤ ਪਵਿੱਤਰ ਸੰਸਕਾਰਾਂ ਕਰਕੇ ਜਿੰਨ੍ਹਾਂ ਨੂੰ ਪ੍ਰਕਿਰਤੀ ਤੋਂ ਪਰਮਾਤਮਾ ਦੀ ਝਲਕ ਮਿਲੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਕੜ ਵਿਚ ਇਹ ਧੁੰਨੀ ਆਈ ਵਾਹਿਗੁਰੂ ਵਾਹਿਗੁਰੂ। ਇਸ ਬ੍ਰਹਿਮੰਡ ਦੀ ਧੁੰਨੀ ਨੂੰ ਅਸੀਂ ਸੁਣ ਸਕੀਏ, ਤਾਂ ਕੀ ਕਰਨਾ ਪਵੇਗਾ? ਗੱਲ ਤਾਂ ਏਨੀ ਹੈ ਕਿ ਉਹਨੂੰ ਚੇਤੇ ਕਰਨਾ ਹੈ, ਪਰ ਉਹ ਚੇਤੇ ਕਿਸ ਤਰ੍ਹਾਂ ਆਵੇ? ਕਿਵੇਂ ਆਵੇ? ਇਸ ਦੇ ਲਈ ਸਾਰੇ ਧਰਮਾਂ ਨੇ, ਧਾਰਮਿਕ ਰਹਿਬਰਾਂ ਨੇ ਇਹੀ ਆਖਿਆ ਹੈ ਕਿ ਜੱਪ ਕਰੋ, ਸਿਮਰਨ ਕਰੋ, ਜੱਪ ਸਿਮਰਨ, ਸਿਮਰਨ ਜੱਪ ਤੇ ਉਸ ਦੇ ਨਾਮ ਦਾ ਰਟਨ ਉਸ ਦੀ ਯਾਦ ਨੂੰ ਉਜਾਗਰ ਕਰੇਗਾ। ਇਸ ਵਾਸਤੇ ਸਿਮਰਨ ਤੇ ਜੱਪ ਦੋਨੋਂ ਇਕੱਠੇ ਹੋ ਗਏ। ਜਦ ਕਿਸੇ ਅੱਖਰ ਨੂੰ ਬਾਰ ਬਾਰ ਦੁਹਰਾਉਗੇ ਤਾਂ ਉਸ ਦੀ ਯਾਦ ਉਜਾਗਰ ਹੋਵੇਗੀ। ਜਿਸ ਨੂੰ ਯਾਦ ਕਰੀਏ ਤਾਂ ਰਿਸ਼ਤਾ ਜੁੜਦਾ ਹੈ। ਜਿਸ ਨੂੰ ਭੁੱਲ ਜਾਈਏ, ਤਾਂ ਰਿਸ਼ਤਾ ਟੁੱਟਦਾ ਹੈ। ਜੱਪ ਜਿਸ ਬੋਲ ਦੇ ਕਰਨੇ ਹਨ, ਉਸੇ ਨੂੰ ਆਖਿਆ ਗਿਆ ਹੈ ਗੁਰਮੰਤਰ, ਗੁਰੂ ਦਾ ਬੋਲ, ਤੇ ਕਿਧਰੇ ਓਮ ਗੁਰੂ ਮੰਤਰ ਹੈ। ਕਿਧਰੇ ਵਾਹਿਗੁਰੂ ਗੁਰੂ ਮੰਤਰ ਹੈ। ਸਿਰਮੌਰ ਮੰਤਰ ਹੈ, ਜਿਸ ਨੂੰ ਉਤਨੇ ਚਿਰ ਤੱਕ ਜੱਪਣਾ ਹੈ, ਜਿੰਨੇ ਚਿਰ ਤੱਕ ਪਰਬੱਲ ਯਾਦ ਉਸ ਦੀ ਚੱਲ ਨਹੀਂ ਪੈਂਦੀ। ਹਰ ਵਕਤ ਉਸ ਦੀ ਯਾਦ ਚੱਲ ਪਵੇ ਤਾਂ ਜ਼ਬਾਨ ਖਾਮੋਸ਼ ਹੋ ਜਾਂਦੀ ਹੈ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ-ਅਜੱਪਾ ਜਾਪ। ਉਹ ਜੱਪ ਹੁਣ ਰਸਨਾ ਨਹੀਂ ਜੱਪ ਰਹੀ, ਰਸਨਾ ਨਹੀਂ ਬੋਲ ਰਹੀ, ਪਰ ਜੱਪ ਚੱਲ ਰਿਹਾ ਹੈ। ਜਦੋਂ ਬੋਲਣ ਦਾ ਅੰਦਰ ਖਿਆਲ ਪੈਦਾ ਹੁੰਦਾ ਹੈ ਤਾਂ ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਸ਼ ਦੇ ਵਿਚ ਨਾਭੀ ਨੂੰ ਕਹਿੰਦੇ ਹਨ, ਧੁਨੀ ਤੇ ਧੁਨੀ ਦੇ ਅੱਖਰੀ ਅਰਥ ਹਨ ਅਵਾਜ਼। ਨਾਭੀ ਨੂੰ ਕਿਉਂ ਅਵਾਜ਼ ਆਖਿਆ ਗਿਆ? ਇਸ ਦੇਸ਼ ਦੇ ਵਿਚ, ਕੇਵਲ ਇਸੇ ਦੇਸ਼ ਦੇ ਵਿਚ, ਭਾਰਤ ਦੇ ਤਮਾਮ ਰਿਸ਼ੀਆਂ ਮੁਨੀਆਂ ਨੇ ਤੇ ਇਸ ਦੇਸ਼ ਦੇ ਤਮਾਮ ਪ੍ਰਾਂਤਾਂ ਦੇ ਵਿਚ ਨਾਭੀ ਨੂੰ ਧੁੰਨੀ ਕਹਿੰਦੇ ਹਨ। ਪਵਨ ਜਿਵੇਂ ਨਾਭੀ ਨਾਲ ਟਕਰਾਉਂਦੀ ਹੈ ਤਾਂ ਧੁਨੀ ਉਜਾਗਰ ਹੁੰਦੀ ਹੈ। ਉਸ ਧੁਨੀ ਨੂੰ ਕਹਿੰਦੇ ਹਨ, ਪਰਾ। ਜੋ ਹਿਰਦੇ ਤੱਕ ਪਹੁੰਚਦੀ ਹੈ ਉਸ ਨੂੰ ਬਸੰਤੀ ਕਹਿੰਦੇ ਹਨ। ਜੋ ਕੰਠ ਤੱਕ ਪਹੁੰਚਦੀ ਹੈ, ਉਸਨੂੰ ਕਹਿੰਦੇ ਹਨ ਮਦਮਾ। ਜੋ ਜ਼ਬਾਨ ਬਿਆਨ ਕਰ ਦੇਂਦੀ ਹੈ, ਉਸ ਨੂੰ ਕਹਿੰਦੇ ਹਨ ਬੈਖਰੀ। ਸਾਡੇ ਦੇਸ਼ ਦੇ ਵਿਚ ਬਾਣੀਆਂ ਨੂੰ ਚਾਰ ਰੂਪ ਦਿੱਤੇ ਗਏ ਹਨ। ਕਹਿੰਦੇ ਹਨ ਚਾਰ ਬਾਣੀਆਂ, ਚਾਰ ਤਰ੍ਹਾਂ ਦੇ ਬੋਲ ਹਨ, ਇਕ ਤਰ੍ਹਾਂ ਦੇ ਬੋਲ ਨਹੀਂ- ਬੈਖਰੀ ਬੋਲ, ਮਦਮਾ ਬੋਲ, ਬਸੰਤੀ ਬੋਲ ਤੇ ਪਰਾ ਬੋਲ। ਜੋ ਜ਼ਬਾਨ ਬਿਆਨ ਕਰ ਰਹੀ ਹੈ, ਇਸ ਦੇ ਪਹਿਲੇ ਕੰਠ ਦੇ ਵਿਚ ਸੀ। ਕੰਠ ਤੋਂ ਪਹਿਲੇ ਇਹ ਹਿਰਦੇ ਵਿਚ ਬਸੰਤੀ ਰੂਪ ਕਹਿਲਾਉਂਦਾ ਸੀ ਅਤੇ ਹਿਰਦੇ ਤੋਂ ਪਹਿਲੇ, ਇਹ ਧੁੰਨ ਨਾਭੀ ਵਿਚ ਸੀ, ਇਸ ਵਾਸਤੇ ਪਾਤਿਸ਼ਾਹ ਦੀ ਬਾਣੀ ਕਹਿੰਦੀ ਹੈ- ਦੇਹੀ ਮਾਟੀ ਬੋਲੈ ਪਉਣੁ॥
(ਅੰਗ ੧੫੨) ਮਨੁੱਖ ਤੇ ਪਵਨ ਕਰਕੇ ਬੋਲਦਾ ਹੈ। ਪਵਨ ਨਾਭੀ ਨਾਲ ਨਾ ਟਕਰਾਏ ਤਾਂ ਬੋਲਣਾ ਨਹੀਂ ਹੋ ਸਕਦਾ, ਧੁਨੀ ਉਜਾਗਰ ਨਹੀਂ ਹੋ ਸਕਦੀ। ਜਿਵੇਂ ਕੋਈ ਵਾਹਿਗੁਰੂ ਵਾਹਿਗੁਰੂ ਬੋਲਣਾ ਚਾਹੁੰਦਾ ਹੈ। ਇਸ ਤਰ੍ਹਾਂ ਦੇ ਖਿਆਲ ਨਾਲ ਪਵਨ ਨਾਭੀ ਨਾਲ ਟਕਰਾਉਂਦੀ ਹੈ, ਤੇ ਧੁੰਨੀ ਪ੍ਰਾਪਤ ਹੋ ਜਾਂਦੀ ਹੈ। ਹੁਣ ਜੱਪ ਕਰਨਾ, ਵਾਹਿਗੁਰੂ ਵਾਹਿਗੁਰੂ ਕਹਿਣਾ, ਇਸੇ ਧੁਨੀ ਨੂੰ ਧੁਨੀ ਤੱਕ ਵਾਪਸ ਲੈ ਜਾਣਾ, ਨਾਭੀ ਤੱਕ ਲੈ ਜਾਣਾ, ਬੱਸ ਇਹੀ ਕਠਨ ਹੈ, ਇਹੀ ਔਖਾ ਹੈ। ਇਸੇ ਨੂੰ ਆਖਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ- ਆਖਣਿ ਅਉਖਾ ਸਾਚਾ ਨਾਉ॥
(ਰਹਰਾਸਿ ਸਾਹਿਬ) ਬਹੁਤ ਔਖਾ ਹੈ ਪਰਮਾਤਮਾ ਦਾ ਨਾਮ ਜੱਪਣਾ। ਰਾਮ ਰਾਮ ਆਖਣਾ, ਵਾਹਿਗੁਰੂ, ਵਾਹਿਗੁਰੂ ਜੱਪਣਾ, ਅੱਲ੍ਹਾ ਅੱਲ੍ਹਾ ਦਾ ਰਟਨ, ਕੁਝ ਵੀ ਨਹੀਂ। ਐਵੇਂ ਆਖਿਆ ਗਿਆ ਹੈ ਕਿ ਬਹੁਤ ਔਖਾ ਹੈ, ਬਹੁਤ ਔਖਾ ਹੈ। ਨਹੀਂ, ਇਸ ਧੁਨੀ ਨੂੰ ਵਾਪਸ ਧੁਨੀ ਤੱਕ ਲੈ ਜਾਣਾ, ਜਦ ਜੱਪ ਕਰਨ ਬੈਠੇਗਾ, ਇਹੀ ਔਖੀਆਈ ਹੋਏਗੀ। ਜੋ ਜ਼ਬਾਨ ਬਿਆਨ ਕਰ ਰਹੀ ਹੈ, ਇਸਨੂੰ ਸੁਣਨਾ ਔਖਾ ਹੈ। ਜੇਕਰ ਕੋਈ ਸੁਣ ਲਏ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਥੋਂ ਤੱਕ ਕਹਿੰਦੇ ਹਨ- ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥
(ਜਪੁ ਜੀ ਸਾਹਿਬ) ਸਾਰੇ ਦੁੱਖ ਨਾਸ਼ ਹੋ ਜਾਣਗੇ। ਪਾਪ ਨਾਸ਼ ਹੋ ਜਾਣਗੇ, ਉਹ ਮੰਤਰ, ਉਹ ਧੁਨੀ, ਜਿਵੇਂ ਜਿਵੇਂ ਅੰਦਰ ਪ੍ਰਵੇਸ਼ ਕਰਦੀ ਜਾਏਗੀ, ਵੈਸੇ ਵੈਸੇ ਦੁੱਖ ਬਾਹਰ ਨਿਕਲਦੇ ਜਾਣਗੇ, ਪਾਪ ਬਾਹਰ ਨਿਕਲਦੇ ਜਾਣਗੇ ਅਤੇ ਇਹ ਧੁਨੀ ਪੂਰਨ ਤੌਰ 'ਤੇ ਪ੍ਰਵੇਸ਼ ਕਰ ਗਈ ਹੈ ਤੇ ਰੋਮ ਰੋਮ ਦੇ ਰਾਹੀਂ ਪ੍ਰਗਟ ਹੋਣ ਲੱਗ ਪਈ ਹੈ। ਇਸ ਤਰ੍ਹਾਂ ਦਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਸਾਧ ਰੂਪ ਅਪਨਾ ਤਨੁ ਧਾਰਿਆ॥
(ਅੰਗ ੧੦੦੫) ਬੜੀ ਕੀਮਤੀ ਪੰਗਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ। ਪਰਮਾਤਮਾ ਨੇ ਹੀ ਆਪਣਾ ਰੂਪ ਸਾਧੂ ਦਾ ਬਣਾ ਲਿਆ ਹੈ। ਪਰਮਾਤਮਾ ਨੂੰ ਪ੍ਰਤੱਖਸ਼ ਰੂਪ ਵਿਚ ਦੇਖਣਾ ਹੋਵੇ ਤਾਂ ਸੰਤ ਨੂੰ ਦੇਖ ਲਉ, ਭਗਤ ਨੂੰ ਦੇਖ ਲਉ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਤੂੰ ਆਪਣੇ ਵਿਚੋਂ, ਆਪਣੇ ਸਰੂਪ ਵਿਚੋਂ ਮੇਰੇ ਸਰੂਪ ਨੂੰ ਨਹੀਂ ਵੇਖ ਸਕਿਆ, ਉਤਨਾ ਚਿਰ ਸਮਝ ਲੈ ਤੂੰ ਮੈਨੂੰ ਵੀ ਨਹੀਂ ਵੇਖਿਆ। ਤੇਰਾ ਆਪਣਾ ਸਰੂਪ ਇਸ ਤਰ੍ਹਾਂ ਦਾ ਹੋ ਜਾਏ ਕਿ ਜਦ ਤੂੰ ਦੇਖੇ ਤਾਂ ਤੈਨੂੰ ਮੈਂ ਹੀ ਦਿਖਾਈ ਦੇਵਾਂ। ਮੇਰੀ ਝਲਕ ਦਿਖਾਈ ਦੇਵੇ। ਇਸ ਵਾਸਤੇ ਇਸ ਅਵਸਥਾ ਵਿਚ ਪਹੁੰਚੇ ਹੋਏ ਮਨੁੱਖ ਨੂੰ ਮੇਰੇ ਪਾਤਿਸ਼ਾਹ ਨੇ ਕਹਿ ਦਿੱਤਾ- ਖ਼ਾਲਸਾ ਮੇਰੋ ਰੂਪ ਹੈ ਖਾਸ॥
ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ॥
(ਸਰਬ ਲੋਹ ਗ੍ਰੰਥ) ਵਾਹਿਗੁਰੂ ਵਾਹਿਗੁਰੂ ਆਖਣ ਦਾ ਰੱਸ ਆਉਣ ਲੱਗ ਪਏ, ਤਾਂ ਸਮਝ ਲਉ ਕਿ ਪ੍ਰਭੂ ਰਸਨਾ 'ਤੇ ਵੱਸ ਗਿਆ। ਇਸ ਨੂੰ ਪਾਤਿਸ਼ਾਹ ਦੀ ਬਾਣੀ ਕਹਿੰਦੀ ਹੈ- ਪ੍ਰਭ ਜੀ ਬਸਹਿ ਸਾਧ ਕੀ ਰਸਨਾ॥
ਨਾਨਕ ਜਨ ਕਾ ਦਾਸਨਿ ਦਸਨਾ॥
(ਸੁਖਮਨੀ ਸਾਹਿਬ) ਅੱਲ੍ਹਾ ਰਸਨਾ 'ਤੇ ਵੱਸ ਗਿਆ, ਰਾਮ ਰਸਨਾ 'ਤੇ ਵੱਸ ਗਿਆ, ਵਾਹਿਗੁਰੂ ਰਸਨਾ 'ਤੇ ਵੱਸ ਗਿਆ। ਇਸ ਤਰ੍ਹਾਂ ਦਾ ਮਨੁੱਖ ਓਪਰੇ ਮਨ ਨਾਲ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗਾ, ਕਿਸੇ ਰੱਸ ਦੇ ਵਿਚ, ਕਿਸੇ ਸਰੂਰ ਦੇ ਵਿਚ, ਕਿਸੇ ਮਸਤੀ ਦੇ ਵਿਚ, ਜਿਵੇਂ ਸਵਾਦਿਸ਼ਟ ਭੋਜਨ ਦੀ ਬੁਰਕੀ ਮੂੰਹ ਵਿਚ ਪਈ ਹੈ। ਕੁਝ ਰੱਸ ਆਇਆ, ਕੁਝ ਸਵਾਦ ਆਇਆ, ਵਾਹਿਗੁਰੂ ਆਖਣ ਦਾ ਸਵਾਦ ਆਉਣ ਲੱਗ ਪਵੇ, ਵਾਹਿਗੁਰੂ ਰਸਨਾ 'ਤੇ ਵੱਸ ਗਿਆ। ਭੋਜਨ ਦੀ ਬੁਰਕੀ ਵੀ ਮੂੰਹ ਵਿਚ ਪਹਿਲੇ ਪਾਵਾਂਗੇ। ਭਜਨ, ਨਾਮ, ਅਵਾਜ਼ ਮੰਤਰ, ਇਹ ਵੀ ਪਹਿਲੇ ਮੂੰਹ ਦੇ ਵਿਚ ਹੀ ਕਰਾਂਗੇ। ਭੋਜਨ ਵੀ ਮੂੰਹ ਰਾਹੀਂ ਕਰਨਾ, ਭਜਨ ਵੀ ਮੂੰਹ ਰਾਹੀਂ ਕਰਨਾ, ਭੋਜਨ ਦਾ ਰੱਸ ਵੀ ਪਹਿਲੇ ਰਸਨਾ ਮਾਣਦੀ ਹੈ। ਭਜਨ ਦਾ ਰੱਸ ਵੀ ਪਹਿਲੇ ਰਸਨਾ ਮਾਣਦੀ ਹੈ। ਵਾਹਿਗੁਰੂ ਵਾਹਿਗੁਰੂ ਇਹ ਮੰਤਰ ਗਹਿਰਾਈਆਂ ਵਿਚ ਜਾਏ, ਏਨਾ ਗਹਿਰਾਈਆਂ ਵਿਚ ਜਾਏ ਕਿ ਵਾਹਿਗੁਰੂ ਹੀ ਜੀਵਨ ਹੋ ਜਾਏ। ਉਸ ਮਨੁੱਖ ਦੇ ਅੰਦਰ ਮਨੁੱਖ ਨਾ ਜੀਵੇ, ਵਾਹਿਗੁਰੂ ਹੀ ਜੀਵੇ, ਪਰਮਾਤਮਾ ਜੀਵੇ, ਈਸ਼ਵਰ ਜੀਵੇ। ਉਹ ਈਸ਼ਵਰ ਮਈ ਹੋਵੇ। ਇਸ ਤਰ੍ਹਾਂ ਦਾ ਮਨੁੱਖ ਕਹਿ ਉਠੇਗਾ ਕਿ ਮੈਨੂੰ ਨਾਦ ਸੁਣਾਈ ਦੇਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ- ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
(ਜਪੁ ਜੀ ਸਾਹਿਬ) ਮੈਨੂੰ ਤਾਂ ਕਈ ਤਰ੍ਹਾਂ ਦੇ ਸਾਜ਼ ਸੁਣਾਈ ਦੇ ਰਹੇ ਹਨ। ਕਈ ਤਰ੍ਹਾਂ ਦੇ ਰਾਗ ਰਾਗਨੀਆਂ ਸੁਣਾਈ ਦੇ ਰਹੀਆਂ ਹਨ।
ਪ੍ਰਭੂ ਸਿਮਰਨ (ਪਾਰਟ ੩)
Giani Sant Singh ji Maskeen · ਕਥਾ ਅਤੇ ਲੈਕਚਰ · ੧੬੪ / ੩੧੨
ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗੁਰਬਾਣੀ ਦਾ ਪਾਠ ਸਦਾ BaniDB ਤੋਂ। ਗ਼ਲਤੀ ਦੱਸੋ