ਸੰ: ੧੭੪੧ ਬਿਕ੍ਰਮੀ ਨੂੰ ਵੈਸਾਖੀ ਦੇ ਮੇਲੇ ਪੁਰ ਗੁਰੂ ਜੀ ਦੇ ਦਰਸ਼ਨ ਵਾਸਤੇ ਬਹੁਤ ਸੰਗਤ ਆਈ। ਯਥਾ ਯੋਗ ਸਭ ਨੇ ਭੇਟਾ ਚੜ੍ਹਾਈ। ਭੀਮਚੰਦ ਆਦਿਕ ਰਾਜਿਆਂ ਦੇ ਦੱਬ ਰਹਿਣ ਦਾ ਬ੍ਰਿਤਾਂਤ ਸੁਣ ਕੇ ਸਿੱਖਾਂ ਨੇ ਬਹੁਤ ਖ਼ੁਸ਼ੀ ਮਨਾਈ। ਵੈਸਾਖੀ ਵਾਲੇ ਦਿਨ ਬੜਾ ਭਾਰੀ ਉਤਸ਼ਾਹ ਹੋਇਆ। ਬੇਅੰਤ ਸਿੱਖ ਸਿੱਖਣੀਆਂ ਨੇ ਗੁਰਮੰਤ੍ਰ ਲੀਤਾ। ਉਪਦੇਸ਼ ਤੇ ਕਥਾ ਬਾਰਤਾ ਸੁਣ ਸੁਣਾ ਕੇ ਨਿਹਾਲ ਹੋਏ। ਓਸੇ ਸਮੇਂ ਦੂਸਰੀ ਸ਼ਾਦੀ ਰਾਮਸਰਨ ਨਾਮ ਉਮਰਾਵ ਖੱਤ੍ਰੀ ਬਿਜਵਾੜੇ ਵਾਲੇ ਆਪਣੀ ਬੇਟੀ ਸੰੁਦ੍ਰੀ ਜੀ ਦਾ ਡੋਲਾ; ਜੋ ਸਾਥ ਸੀ, ਗੁਰੂ ਜੀ ਦੇ ਅਰਪਣ ਕੀਤਾ। ਭਾਵੇਂ ਗੁਰੂ ਜੀ ਤਾਂ ਦੂਜੀ ਸ਼ਾਦੀ ਕਰਨੀ ਨਹੀਂ ਚਾਹੁੰਦੇ ਸਨ, ਪਰ ਜਿਸ ਵੇਲੇ ਰਾਮਸਰਨ ਨੇ ਇਹ ਬਿਨੈ ਕੀਤੀ ਕਿ ਇਹ ਲੜਕੀ ਮੈਂ ਸ੍ਰੀ ਗੁਰੂ ਜੀ ਜੋਗ ਅਰਪਨ ਕਰ ਚੁੱਕਾ ਹਾਂ। ਇਹ ਹੁਣ ਆਪ ਦੀ ਹੀ ਦਾਸੀ ਹੋ ਕੇ ਰੈਹ ਸਕਦੀ ਹੈ. ਜਿਸ ਤੇ ਰਾਮਸਰਨ ਦਾ ਸੰਕਲਪ ਗੁਰੂ ਜੀ ਨੂੰ ਪੂਰਾ ਕਰਨਾ ਪਿਆ। ਦੂਜੀ ਸ਼ਾਦੀ ਕਰ ਲੀਤੀ, ਜਿਸ ਵਿੱਚੋਂ ਦੂਸਰੇ ਹੀ ਸਾਲ ਫ਼ਰਜ਼ੰਦ ਅਜੀਤ ਸਿੰਘ ਜੀ ਪ੍ਰਗਟ ਹੋਏ। ਓਸ ਸਮੇਂ ਦੂਣ ਸਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਨਾਹਣੀਏਂ ਦੀ ਤੇ ਦੂਣ ਗੜਵਾਂਲ ਦੇ ਰਾਜੇ ਫਤੇਸ਼ਾਹ ਸ੍ਰੀਨਗਰੀਏ ਦੀ ਆਪੋ ਵਿੱਚ ਹੱਦ ਬੰਨੇ ਬਦਲੇ ਢੇਰ ਚਿਰ ਤੋਂ ਲੜਾਈ ਲੱਗ ਰਹੀ ਸੀ। ਸੋਢੀ ਰਾਮਰਾਇ ਜੀ ਓਸ ਸਮੇਂ ਦੂਣ ਗੜਵਾਲ ਨੂੰ ਚੰਗਾ ਦੇਸ ਸਮਝ ਕੇ ਓਥੇ ਵਸਦੇ ਹੋਏ ਪਰਬਤੀ ਲੋਗਾਂ ਤੋਂ ਆਪ ਨੂੰ ਪੁਜਵਾ ਰਹੇ ਸਨ। ਓਨ੍ਹਾਂ ਨੂੰ ਔਰੰਗੇ ਦੇ ਦਰਬਾਰ ਵਿੱਚ ਅਨੇਕ ਅਜ਼ਮਤ ਦੇਖਾਵਣ ਦੇ ਸਬੱਬ ਬੜਾ ਮਾਨ ਮਿਲਦਾ ਸੀ। ਤਾਂ ਹੀ ਉਸ ਨੂੰ ਕਰਾਮਾਤੀ ਵੱਡੇ ਭਾਂਡੇ ਖਾਂਡੇ ਵਾਲੇ ਦੇਖ ਕੇ ਰਾਜੇ ਫਤੇਸ਼ਾਹ ਨੇ ਪੰਜ ਪਿੰਡ ਮਾਫ਼ੀ ਦੇ ਕੇ ਅਪਣੇ ਸਹਾਇਕ ਖੜੇ ਕਰ ਲੀਤਾ। ਓਸ ਦੀ ਮੱਦਦ ਨਾਲ ਰਾਜੇ ਫਤੇਸ਼ਾਹ ਨੇ ਮੇਦਨੀ ਪ੍ਰਕਾਸ਼ ਨੂੰ ਜੰਗ ਵਿੱਚ ਹਾਰ ਦੇ ਕੇ ਇਸ ਦੇ ਬਹੁਤ ਸਾਰੇ ਪਿੰਡ ਤੇ ਜੰਗਲ ਦਬਾ ਲਏ ਸਨ। ਹੁਣ ਰਾਜੇ ਮੇਦਨੀ ਪ੍ਰਕਾਸ਼ ਨੂੰ ਬੜੀ ਚਟਪਟੀ ਲੱਗੀ। ਹਰ ਵੇਲੇ ਏਹੋ ਚਾਹੇ ਜੁ ਕਿਵੇਂ ਮੇਰੀ ਫਤੇ ਹੋਵੇ ਅਰ ਵੈਰੀ ਤੋਂ ਬਦਲਾ ਲੈ ਕੇ ਛਾਤੀ ਠੰਢੀ ਕਰਾਂ। ਏਹ ਇੱਛਾ ਪੂਰਨ ਕਰਨ ਲਈ ਅਨੇਕ ਉੱਦਮ ਕੀਤੇ। ਦੇਵੀ ਦੇਵਤੇ ਮਨਾਏ, ਪਰ ਕਿਸੇ ਤੋਂ ਮਨੋਰਥ ਪੂਰਾ ਨਾ ਹੋਯਾ। ਸਗੋਂ ਓਨ੍ਹਾਂ ਹੀ ਦਿਨਾਂ ਵਿੱਚ ਫਤੇਸ਼ਾਹ ਦੀ ਬੇਟੀ ਦਾ ਨਾਤਾ ਰਾਜੇ ਭੀਮਚੰਦ ਦੇ ਬੇਟੇ ਅਜਮੇਰ ਚੰਦ ਨੂੰ ਹੋਣ ਦੇ ਕਾਰਨ ਫਤੇਸ਼ਾਹ ਨੂੰ ਤਾਕਤ ਅਰ ਇਸ ਨੂੰ ਕਮਜ਼ੋਰੀ ਹੋਰ ਭੀ ਵਧੇਰੇ ਹੋਈ, ਜਿਸ ਤੋਂ ਮੇਦਨੀ ਪ੍ਰਕਾਸ਼ ਨੂੰ ਤਾਂ ਨਾਹਣ ਛੀਨੇਂ ਜਾਣ ਦਾ ਹੀ ਸੰਸਾ ਖਾਣ ਲੱਗਾ। ਏਧਰ ਓਧਰ ਬਥੇਰੇ ਹੱਥ ਪੈਰ ਮਾਰੇ। ਓੜਕ ਜਦ ਕੋਈ ਸਹਾਇਕ ਨਾ ਹੋਯਾ ਤਾਂ ਮੇਦਨੀ ਪ੍ਰਕਾਸ਼ ਦੇ ਮੰਤ੍ਰੀ ਸੋਭੂ, ਹਰ ਜੀ ਨਾਮੇ ਵਜ਼ੀਰ ਨੇ ਰਾਜੇ ਨੂੰ ਏਹ ਸਲਾਹ ਦਿੱਤੀ ਕਿ ਐਸ ਵੇਲੇ ਗੁਰੂ ਗੋਬਿੰਦ ਸਿੰਘ ਜੋ ਰਾਮਰਾਇ ਜੀ ਦਾ ਭੀ ਪੂਜਯ ਗੱਦੀ ਨਸ਼ੀਨ ਏਸ ਤੋਂ ਹਜ਼ਾਰ ਹਿੱਸੇ ਵੱਧ ਸ਼ਕਤੀ ਦੋਨੋਂ ਪ੍ਰਕਾਰ ਰੱਖਦਾ ਹੈ। ਜੇ ਓਹ ਕਿਸੇ ਪ੍ਰਕਾਰ ਤੇਰਾ ਸਹਾਇਕ ਖੜਾ ਹੋ ਜਾਵੇ, ਤਾਂ ਤੇਰੇ ਸਾਰੇ ਕਾਰਜ ਆਪਣੇ ਆਪ ਸਿੱਧ ਹੋ ਜਾਣ। ਕਿਉਂਕਿ ਇੱਕ ਤਾਂ ਓਨ੍ਹਾਂ ਪਾਸ ਦੋ ਢਾਈ ਹਜ਼ਾਰ ਅਜੇਹੇ ਸੂਰਬੀਰ ਯੋਧੇ ਕੱਠੇ ਹੋ ਰਹੇ ਹਨ ਕਿ ਜਿਨ੍ਹਾਂ ਦੇ ਸਾਮ੍ਹਣੇ ਜਾਣੋਂ ਬਾਦਸ਼ਾਹੀ ਫੌਜ ਭੀ ਡਰਦੀ ਹੈ, ਕਿਉਂਕਿ ਓਹ ਬੜੇ ਬੜੇ ਬਹਾਦਰ ਰਾਠ ਲੋਕ ਹਨ ਜਿਨ੍ਹਾਂ ਨੇ ਕਈ ਵਾਰੀ ਦਿੱਲੀ ਦੇ ਬਾਜ਼ਾਰ ਨੂੰ ਭੀ ਲੁੱਟਿਆ ਹੋਵੇਗਾ ਤੇ ਹੁਣ ਬਾਦਸ਼ਾਹ ਨੂੰ ਠੁੱਠ ਵਿਖਾ ਕੇ ਗੁਰੂ ਸਾਹਿਬ ਪਾਸ ਆ ਰਹੇ ਹਨ। ਗੁਰੂ ਜੀ ਓਨ੍ਹਾਂ ਦੀ ਬੜੀ ਪਾਲਣਾਂ ਤੇ ਇੱਜ਼ਤ ਕਰਦੇ ਹਨ। ਸੋ ਇੱਕ ਇੱਕ ਜੋਧਾ ਸੌ ਸੌ ਪਰਬਤੀ ਉੱਤੇ ਭਾਰੀ ਹੈ। ਤਾਂ ਹੀ ਭੀਮਚੰਦ ਕਹਲੂਰੀਆ ਓਨ੍ਹਾਂ ਤੋਂ ਡਰਦਾ ਹੈ। ਰਾਜੇ ਨੇ ਗੁਰੂ ਜੀ ਤੋਂ ਪ੍ਰਸ਼ਾਦੀ ਨਾਮ ਹਾਥੀ ਚਾਰ ਦਿਨ ਵਾਸਤੇ ਮੰਗਯਾ ਸੀ, ਓਨ੍ਹਾਂ ਜਵਾਬ ਦਿੱਤਾ। ਜ਼ੋਰ ਜਿਤਾਵਣ ਲਗਾ, ਤਾਂ ਗੁਰੂ ਜੀ ਜੰਗ ਨੂੰ ਤਯਾਰ ਹੋ ਬੈਠੇ। ਰਾਜਾ ਡਰਦਾ ਚੁੱਪ ਕਰ ਰਿਹਾ। ਦੂਜੇ ਮਾਝਾ ਮਾਲਵਾ ਸਾਰਾ ਪੰਜਾਬ ਦੇਸ ਗੁਰੂ ਜੀ ਦਾ ਸੇਵਕ ਹੈ। ਓਨ੍ਹਾਂ ਦੇ ਹੀ ਜ਼ੋਰ ਏਸ ਗੁਰੂ ਜੀ ਦੇ ਦਾਦੇ ਨੇ ਪੰਜ ਵਾਰੀ ਸ਼ਾਹਜਹਾਂ ਦੇ ਲਸ਼ਕਰ ਨੂੰ ਹਾਰ ਦਿੱਤੀ ਸੀ। ਜਿੱਥੇ ਏਹ ਗੁਰੂ ਚਾਹੇ, ਓਥੇ ਹੀ ਓਹ ਪੰਜਾਹ ਲੱਖ ਦੇਸੀ ਸਿੱਖ
( ਮਰਨ ਮਾਰਨ ਨੂੰ ਤਯਾਰ ਹੈ। ਤੀਜੇ ਆਪ ਓਹ ਗੁਰੂ ਹਰ ਪ੍ਰਕਾਰ ਸਮਰੱਥ ਤੇ ਨਿਰਭੈ ਪੁਰਖ ਅਜ਼ਮਤ ਦਾ ਓਹ ਸਮੰੁਦਰ ਹੈ, ਜਿਸ ਵਿੱਚੋਂ ਰਾਮਰਾਇ ਜੀ ਨੂੰ ਇੱਕ ਚੁਲੀ ਲੱਭੀ ਹੋਈ ਹੈ। ਜੇ ਕਦੇ ਓਹ ਗੁਰੂ ਸਾਡੇ ਧੜੇ ਚੜ੍ਹ ਜਾਏ, ਤਾਂ ਬਾਜ਼ੀ ਜਿੱਤੀ ਪਈ ਹੈ, ਕਿਉਂਕਿ ਜੀਕੂੰ ਲੋਹੇ ਨੂੰ ਲੋਹਾ ਵੱਢਦਾ ਹੈ, ਤੈਸੇ ਰਾਮਰਾਇ ਜੀ ਨੂੰ ਓਹੋ ਸਿੱਧਾ ਕਰਨਗੇ। ਰਾਮਰਾਇ ਆਪ ਤੋਂ ਆਪ ਨਿਉਂ ਜਾਏਗਾ। ਏਹ ਗੱਲਾਂ ਸੁਣ ਰਾਜੇ ਮੇਦਨੀ ਪ੍ਰਕਾਸ਼ ਨੇ ਅਤਯੰਤ ਖ਼ੁਸ਼ੀ ਤੇ ਸਰਧਾ ਨਾਲ ਅਪਣੇ ਮੰਤ੍ਰੀ ਵਜ਼ੀਰ ਨੂੰ ਬਹੁਤ ਸਾਰੀ ਨਜ਼ਰ ਭੇਟਾ ਗੁਰੂ ਜੀ ਲਈ ਦੇ ਕੇ ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ਆਨੰਦਪੁਰ ਭੇਜ ਦਿਤਾ। ਨਾਹਣ ਦੇ ਵਜ਼ੀਰ ਦੀ ਗੁਰੂ ਸਾਹਿਬ ਨੇ ਬਹੁਤ ਆਗਤ ਭਾਗਤ ਕਰਾਈ। ਦੂਜੇ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਜਾ ਕੇ ਵਜ਼ੀਰ ਤੇ ਮੰਤ੍ਰੀਆਂ ਨੇ ਗੁਰੂ ਜੀ ਦੇ ਦਰਸ਼ਨ ਪਾਏ, ਭੇਟਾ ਚੜ੍ਹਾਈ। ਦਰਬਾਰ ਦੀ ਸ਼ਹਿਨਸ਼ਾਹੀ ਰੌਣਕ ਦੇਖ ਦੰਗ ਰਹਿ ਗਏ। ਰਾਜੇ ਵਲੋਂ ਬਿਨੈ ਪੱਤ੍ਰਿਕਾ ਦਿੱਤੀ, ਜਿਸ ਵਿੱਚ ਰਾਜੇ ਨੇ ਬੜੀ ਦੀਨਤਾ ਨਾਲ ਲਿਖਿਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ! ਗੁਰੂਆਂ ਦੇ ਗੁਰੂ! ਪੀਰੀ ਦੇ ਪੀਰ! ਬੀਰਾਂ ਦੇ ਸਿਰੋਮਣੀ ਬੀਰ! ਆਪ ਕ੍ਰਿਪਾ ਕਰ ਕੇ ਨਾਹਣ ਨੂੰ ਪਵਿੱਤ੍ਰ ਤੇ ਮੈਂ ਦੀਨ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਕੁਛ ਤਾਂ ਏਸ ਪੱਤ੍ਰਕਾ ਦੁਆਰੇ ਰਾਜੇ ਦੇ ਪ੍ਰੇਮ ਨੇ ਗੁਰੂ ਜੀ ਨੂੰ ਖਿੱਚਯਾ ਤੇ ਕੁਛ ਵਜ਼ੀਰ ਨੇ ਦੀਨ ਹੋ ਆਪਣੇ ਨਾਲ ਲੈ ਜਾਣ ਲਈ ਗੁਰੂ ਜੀ ਦੇ ਪਵਿੱਤ੍ਰ ਚਰਨ ਅਜੇਹੇ ਘੁੱਟ ਕੇ ਫੜੇ ਜੋ ਹਾਂਕਰਾ ਕੇ ਛੱਡੇ। ਫੇਰ ਤਾਂ ਗੁਰੂ ਜੀ ਦੇ ਦਰਬਾਰੀਆਂ ਨੇ ਭੀ ਸਰਮੌਰ ਦੂਣ ਦਾ ਸੈਲ ਸ਼ਿਕਾਰ ਕਰਨ ਵਾਸਤੇ ਗੁਰੂ ਜੀ ਨੂੰ ਬਹੁਤ ਪ੍ਰੇਰਿਆ। ਮਾਮੇ ਕ੍ਰਿਪਾਲ ਚੰਦ, ਮੁਨਸ਼ੀ ਸਾਹਿਬ ਚੰਦ, ਦੀਵਾਨ ਮਤੀ ਰਾਮ ਆਦਿਕ ਗੁਰੂ ਘਰ ਦੇ ਮੁਹਤਬਿਰਾਂ ਨੇ ਭੀ ਪਹਿਲੇ ਮਾਤਾ ਗੁਜਰੀ ਜੀ ਤੋਂ ਕਹਾਇਆ। ਫੇਰ ਗੁਰੂ ਜੀ ਪਾਸ ਅਰਜ਼ ਕੀਤੀ ਕਿ ਨਾਹਣ ਵਿੱਚ ਜਾਣ ਨਾਲ ਇੱਕ ਤਾਂ ਰਾਜਾ ਭੀਮਚੰਦ ਜੋ ਅਨੇਕ ਰਾਜਿਆਂ ਨੂੰ ਚੁੱਕ ਚੁਕਾ ਕੇ ਹੁਣ ਫੇਰ ਲੜਾਈ ਕਰਨਾ ਚਾਹੁੰਦਾ ਹੈ, ਉਸ ਦੀ ਟੈਂਸ ਮਿਟ ਜਾਊ। ਦੂਜੇ ਨਾਹਣ ਪਤੀ ਦੀ ਕਾਮਨਾ ਪੂਰੀ ਹੋਣ ਕਰ, ਅੱਗੇ ਨੂੰ ਓਹ ਗੁਰੂ ਜੀ ਦਾ ਸੇਵਕ ਸਹਾਇਕ, ਅਹਿਸਾਨੰਦ ਬਣਿਆ ਰਹੇਗਾ। ਤੀਜੇ ਰਾਮਰਾਇ ਨਾਲ ਭੀ ਸੁਲ੍ਹਾ ਸਫ਼ਾਈ ਹੋ ਜਾਊ। ਨਾਲੇ ਓਸ ਦੇਸ ਦਾ ਸੈਲ ਕਰ ਆਵਾਂਗੇ। ਏਹੋ ਜੇਹੇ ਅਨੇਕ ਲਾਭ ਸੁਣਾ ਕਰ ਗੁਰੂ ਸਾਹਿਬ ਜੀ ਨੂੰ ਮਾਤਾ ਸਾਹਿਬ ਸਮੇਤ ਨਾਹਣ ਜਾਣ ਲਈ ਤਿਆਰ ਕਰ ਲੀਤਾ। ਅੱਸੂ ਸੰਮਤ ੧੭੪੧ ਨੂੰ ਨਾਹਨ ਵੱਲ ਕੂਚ ਗੁਰੂ ਜੀ ਚੁਣੇ ਹੋਏ ਪੰਜ ਸੌ ਸੂਰਬੀਰ ਸਵਾਰ ਨਾਲ ਲੈ ਕੇ ਬਾਕੀ ਦੇ ਸਿੱਖਾਂ ਸੇਵਕਾਂ ਨੂੰ ਅਨੰਦਪੁਰ ਦੇ ਰਖਵਾਲੇ ਛੱਡ ਕੇ ਰਣਜੀਤ ਨਗਾਰਾ ਵਜਾਉਂਦੇ ਹੋਏ, ਮਾਤਾ ਜੀ ਅਰ ਮਹਿਲਾਂ ਸਮੇਤ ਕੀਰਤਪੁਰ ਜਾ ਉੱਤਰੇ। ਦੂਜੇ ਦਿਨ ਆਪਣੇ ਵੱਡਿਆਂ ਦੇ ਅਸਥਾਨ ਤੇ ਕੜਾਹ ਪ੍ਰਸ਼ਾਦ ਕਰਾਏ। ਓਥੋਂ ਚੜ੍ਹ ਕੇ ਰੋਪੜ ਆਦਿਕ ਨਗਰਾਂ ਵਿੱਚ ਉੱਤਰਦੇ ਹੋਏ ਜੇਠ ਵਿੱਚ ਨਾਹਣ ਜਾ ਪੁੱਜੇ। ਰਾਜਾ ਮੇਦਨੀ ਪ੍ਰਕਾਸ਼ ਅੱਗੋਂ ਆ ਕੇ ਵੱਡੇ ਅਦਬ ਤੇ ਆਦਰ ਨਾਲ ਇੱਕ ਘੋੜਾ, ਸਵਾ ਸੌ ਰੁਪਯਾ ਨਕਦ ਨਜ਼ਰ ਦੇ, ਗੁਰੂ ਜੀ ਨੂੰ ਆਪਣੇ ਨਗਰ ਵਿੱਚ ਲੈ ਗਿਆ। ਜਿੱਥੇ ਹੁਣ ਗੁਰਦਵਾਰਾ ਹੈ ਓਥੇ ਤੰਬੂ ਵਿੱਚ ਉਤਾਰਾ ਦੇ ਕੇ ਮਾਈਆਂ ਨੂੰ ਹਵੇਲੀ ਵਿੱਚ ਰੱਖਯਾ। ਸਰਬ ਭਾਂਤ ਸੇਵਾ ਕਰਨ ਲੱਗਾ। ਰਾਮਰਾਇ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦੀ ਕੁਮਕ ਉੱਤੇ ਆਏ ਗੁਰੂ ਜੀ ਨੂੰ ਸੁਣ ਕੇ ਰਾਜੇ ਗੜਵਾਲੀਏ ਨੂੰ ਏਹ ਕਹਿ ਦਿੱਤਾ ਕਿ ਹੁਣ ਤੂੰ ਰਾਜੇ ਮੇਦਨੀ ਪ੍ਰਕਾਸ਼ ਨਾਲ ਮੇਲ ਕਰ ਲੈ, ਕਿਉਂਕਿ ਮੇਰੇ ਪੂਜਨੀਕ ਗੁਰੂ ਅਜ਼ਮਤ ਦੇ ਸਮੰੁਦ੍ਰ ਨਾਹਣ ਆ ਪਹੁੰਚੇ ਹਨ। ਓਨ੍ਹਾਂ ਦੇ ਸਾਹਮਣੇ ਮੇਰੀ ਤੇਰੀ ਕੋਈ ਪੇਸ਼ ਨਾ ਜਾਵੇਗੀ।