ਬਾਬਾ ਬੰਦਾ ਸਿੰਘ ਦਾ ਜਨਮ ੧੬ ਅਕਤੂਬਰ ਸੰਨ ੧੬੭੦ ਈ: ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਚ ਹੋਇਆ।
ਆਪ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਆਪ ਦੇ ਪਿਤਾ ਰਾਮ ਦੇਵ ਖੇਤੀਬਾੜੀ ਦਾ ਕੰਮ ਕਰਦੇ ਸਨ।
ਉਨ੍ਹਾਂ ਸਮਿਆਂ ਵਿਚ ਪੜ੍ਹਾਈ ਦਾ ਪ੍ਰਬੰਧ ਨਾ ਹੋਣ ਕਰਕੇ ਆਪ ਵਿੱਦਿਆ ਪ੍ਰਾਪਤ ਕਰਨ ਤੋਂ ਵਾਂਝੇ ਰਹੇ। ਪਰ ਆਪ ਦਾ ਸਰੀਰ ਬੜਾ ਫੁਰਤੀਲਾ ਅਤੇ ਮਜ਼ਬੂਤ ਸੀ ਤੇ ਆਪ ਨੂੰ ਘੋੜ ਸਵਾਰੀ ਤੇ ਸ਼ਿਕਾਰ ਦਾ ਬਹੁਤ ਸ਼ੌਕ ਸੀ।
ਇਕ ਦਿਨ ਉਨ੍ਹਾਂ ਨਾਲ ਇਕ ਵਚਿੱਤਰ ਘਟਨਾ ਵਾਪਰ ਗਈ। ਜਦ ਆਪ ਸ਼ਿਕਾਰ ਖੇਡਣ ਗਏ ਤਾਂ ਆਪ ਨੇ ਇਕ ਹਿਰਨੀ ਨੂੰ ਤੀਰ ਮਾਰਿਆ ਜਿਸ ਕਾਰਨ ਉਹ ਖਤਮ ਹੋ ਗਈ।
ਜਦ ਉਹ ਉਸ ਨੂੰ ਚੁੱਕ ਕੇ ਘਰ ਲਿਆਏ ਤੇ ਉਸ ਦੀ ਚੀਰ-ਫਾੜ ਕੀਤੀ ਤਾਂ ਹਿਰਨੀ ਦੇ ਪੇਟ ਵਿਚੋਂ ਦੋ ਜ਼ਿੰਦਾ ਬੱਚੇ ਨਿਕਲੇ ਜਿਹੜੇ ਉਸ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ।
ਲਛਮਣ ਦੇਵ ਦੇ ਕੋਮਲ ਦਿਲ 'ਤੇ ਇਸ ਦਾ ਬਹੁਤ ਪ੍ਰਭਾਵ ਪਿਆ। ਉਹ ਬਹੁਤ ਪਛਤਾਇਆ ਤੇ ਉਸ ਦਾ ਮਨ ਵੈਰਾਗਮਈ ਹੋ ਗਿਆ। ਉਹ ਸੰਸਾਰਿਕ ਜੀਵਨ ਨੂੰ ਛੱਡ ਕੇ ਬੈਰਾਗੀ ਹੋ ਗਿਆ ਤੇ ਜਾਨਕੀ ਦਾਸ ਨਾਮੀ ਇਕ ਸਾਧੂ ਦਾ ਚੇਲਾ ਬਣ ਗਿਆਂ।
ਜਾਨਕੀ ਦਾਸ ਨੇ ਉਸ ਦਾ ਨਾਂ ਮਾਧੋ ਦਾਸ ਰੱਖ ਦਿੱਤਾ। ਆਪਣੇ ਗੁਰੂ ਜਾਨਕੀ ਦਾਸ ਨਾਲ ਉਸ ਬਹੁਤ ਯਾਤਰਾ ਕੀਤੀ।
ਇਕ ਵਾਰ ਘੁੰਮਦੇ ਘੁਮਾਉਂਦੇ ਉਹ ਕਸੂਰ ਚਲੇ ਗਏ। ਓਥੇ ਜਾ ਕੇ ਉਹ ਰਾਮਦਾਸ ਬੈਰਾਗੀ ਦੀ ਮੰਡਲੀ ਵਿਚ ਰਲ ਗਿਆ ਅਤੇ ਉਸ ਨਾਲ ਵੀ ਪ੍ਰਸਿੱਧ ਤੀਰਥਾਂ ਦੀ ਯਾਤਰਾ ਕੀਤੀ।
ਯਾਤਰਾ ਕਰਦੇ ਉਹ ਪੰਚਵਟੀ ਪੁੱਜੇ। ਉਹ ਅਸਥਾਨ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਤੇ ਉਥੇ ਹੀ ਠਹਿਰ ਗਏ।
ਇਸ ਅਸਥਾਨ 'ਤੇ ਮਾਧੋ ਦਾਸ ਦਾ ਮੇਲ ਇਕ ਔਘੜ ਨਾਥ ਨਾਮੀ ਜੋਗੀ ਨਾਲ ਹੋਇਆ। ਔਘੜ ਨਾਥ ਤਾਂਤ੍ਰਿਕ ਵਿੱਦਿਆ ਵਿਚ ਬੜਾ ਮਾਹਰ ਸੀ।
ਤਾਂਤ੍ਰਿਕ ਵਿੱਦਿਆ ਅਤੇ ਰਿਧੀਆਂ ਸਿਧੀਆਂ ਸਿੱਖਣ ਲਈ ਮਾਧੋ ਦਾਸ ਉਸ ਦਾ ਚੇਲਾ ਬਣ ਗਿਆ। ਉਸ ਨੇ ਔਘੜ ਨਾਥ ਦੀ ਬਹੁਤ ਸੇਵਾ ਕੀਤੀ ਅਤੇ ਹਰ ਪ੍ਰਕਾਰ ਦੀ ਵਿੱਦਿਆ ਉਸ ਤੋਂ ਪ੍ਰਾਪਤ ਕਰ ਲਈ।
ਮਾਧੋ ਦਾਸ ਉਸ ਦੀ ਬਹੁਤ ਸੇਵਾ ਕਰਦਾ ਸੀ। ਇਸ ਗੱਲ ਨੂੰ ਮੁੱਖ ਰੱਖ ਕੇ ਮਰਨ ਸਮੇਂ ਔਘੜ ਨਾਥ ਆਪਣੇ ਡੇਰੇ ਦੀ ਮਾਲਕੀ ਤੇ ਜੰਤਰ ਮੰਤਰ ਦਾ ਕੀਮਤੀ ਗ੍ਰੰਥ ਵੀ ਉਸ ਨੂੰ ਸੌਂਪ ਗਿਆ।
ਤਾਂਤ੍ਰਿਕ ਵਿੱਦਿਆ ਵਿਚ ਨਿਪੁੰਨ ਹੋ ਕੇ ਮਾਧੋ ਦਾਸ ਨੇ ਆਪਣਾ ਡੇਰਾ ਨਾਸਿਕ ਦੇ ਨਜ਼ਦੀਕ ਗੋਦਾਵਰੀ ਕੰਢੇ ਵਸਾ ਲਿਆ। ਮੰਤਰਾਂ ਜੰਤਰਾਂ ਕਰਕੇ ਉਹ ਬਹੁਤ ਪ੍ਰਸਿੱਧ ਹੋ ਗਿਆ ਤੇ ਲੋੜਵੰਦ ਲੋਕਾਂ ਦੀ ਉਸ ਪਾਸ ਭੀੜ ਲੱਗੀ ਰਹਿੰਦੀ।
ਉਸ ਦੇ ਬੜੇ ਚੇਲੇ ਬਣ ਗਏ ਤੇ ਉਸ ਦੇ ਡੇਰੇ ਵਿਚ ਕਈ ਕਮਰੇ ਬਣ ਗਏ ਅਤੇ ਮਾਲ ਧਨ ਦੀ ਕੋਈ ਤੋਟ ਨਾ ਰਹੀ। ਸ਼ਰਧਾਲੂਆਂ ਦੀ ਗਿਣਤੀ ਦਿਨ ਬਦਿਨ ਵਧਦੀ ਗਈ।