ਗੁਰੂ ਅੰਗਦ ਦੇਵ ਜੀ ਦੇ ਜੋਤੀ-ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਜੀ ਦੇ ਸਪੁੱਤਰ ਭਾਈ ਦਾਤੂ ਜੀ ਨੇ ਆਪਣੇ ਆਪ ਨੂੰ ਗੁਰਗੱਦੀ ਦਾ ਦਾਅਵੇਦਾਰ ਦੱਸਣਾ ਸ਼ੁਰੂ ਕੀਤਾ ਅਤੇ ਗੱਦੀ ਲਗਾ ਬੈਠ ਗਿਆ।
ਜਦੋਂ ਉਸ ਨੂੰ ਕੋਈ ਮੱਥਾ ਨਾ ਟੇਕਦਾ, ਕੋਈ ਧਨ-ਪਦਾਰਥ ਆਦਿ ਭੇਟ ਨਾ ਕਰਦਾ ਤਾਂ ਉਹ ਬਹੁਤ ਦੁਖੀ ਹੁੰਦਾ ਅਤੇ ਗੁਰੂ ਅਮਰਦਾਸ ਜੀ ਵਿਰੁੱਧ ‘ਕੁਫ਼ਰ' ਤੋਲਦਾ।
ਇਕ ਦਿਨ ਈਰਖਾ-ਕ੍ਰੋਧ ਦਾ ਗ੍ਰਸਿਆ ਭਾਈ ਦਾਤੂ ਜੀ ਗੁਰੂ-ਦਰਬਾਰੇ ਆਇ ਵੜਿਆ ਤੇ ਆਉਂਦਿਆਂ ਗੁਰੂ ਜੀ ਦੇ ‘ਠੁੱਡ' ਮਾਰਿਆ, ਪਰ ਸ਼ਾਂਤੀ ਦੇ ਸਾਗਰ ਗੁਰੂ ਸਾਹਿਬ ਨੇ ਉਸ ਦੇ ਪੈਰ ਨੂੰ ਹੱਥਾਂ ਵਿਚ ਘੁੱਟਦਿਆਂ ਬਚਨ ਕੀਤਾ, 'ਮਾਫ਼ ਕਰਨਾ! ਬਜ਼ੁਰਗ ਹੋਣ ਕਰਕੇ ਮੇਰੇ ਸਖ਼ਤ ਹੱਡਾਂ ਨਾਲ ਵੱਜ ਕੇ ਤੁਹਾਡੇ ਕੋਮਲ ਪੈਰ ਨੂੰ ਬਹੁਤ ਪੀੜ ਹੋਈ ਹੋਵੇਗੀ, ਸੋ...'।
ਭਾਈ ਦਾਤੂ ਜੀ ਉੱਚਾ-ਨੀਵਾਂ ਬੋਲਦਾ, ਗੁਰੂ-ਦਰੋਂ ਧੰਨ-ਪਦਾਰਥ ਆਦਿ ਭੇਟਾਵਾ ਜਬਰੀ ਚੁੱਕ ਕੇ ਲੈ ਗਿਆ।
ਸਭ ਸੰਗਤ ਗ਼ੁੱਸੇ ਵਿਚ ਲਾਲ-ਪੀਲੀ ਹੋਈ ਦਾਤੂ ਜੀ ਵੱਲ ਵੇਖਣ ਲੱਗੀ, ਪਰ ਗੁਰੂ ਜੀ ਦੇ ਇਸ਼ਾਰੇ ਨੂੰ ਸਮਝਦਿਆਂ ਸ਼ਾਂਤ ਹੋ ਗਈ। ਉਸ ਹੀ ਰਾਤ ਗੁਰੂ ਸਾਹਿਬ ਚੁੱਪ-ਚਾਪ ਇਕਾਂਤ ਵਿਚ ਚਲੇ ਗਏ।
ਜਦੋਂ ਅੰਮ੍ਰਿਤ ਵੇਲੇ ਗੁਰੂ ਜੀ ਦੇ ਦਰਸ਼ਨ ਨਾ ਹੋਏ ਤਾਂ ਵੈਰਾਗੀ ਹੋਈ ਸੰਗਤ ਸੋਚੇ ਕਿ, 'ਗੁਰੂ ਜੀ ਕਿੱਥੇ ਹੋਣਗੇ? ਕੌਣ ਸਾਨੂੰ ਉਨ੍ਹਾਂ ਦੇ ਦਰਸ਼ਨ ਕਰਾਵੇ?'
ਫਿਰ ਵਿੱਚੋ ਸਿੱਖਾਂ ਨੇ ਵਿਚਾਰ ਕੀਤੀ ਕਿ, 'ਗੁਰੂ ਜੀ ਨਾਲ ਮਿਲਾਪ ਭਾਈ ਬੁੱਢਾ ਜੀ ਕਰਵਾ ਸਕਦੇ ਹਨ। ਆਓ ‘ਭਾਨਾ ਤਲਵੰਡੀ' ਜਾ ਉਨ੍ਹਾਂ ਅੱਗੇ ਅਰਜ਼ ਕਰੀਏ!'
ਸੰਗਤ ਨੇ ਬਾਬਾ ਜੀ ਦੇ ਪਿੰਡ ਜਾ ਕੇ ਬਾਬਾ ਜੀ ਨੂੰ ਦਾਤੂ ਜੀ ਦੀ ਕਰਤੂਤ ਤੇ ਗੁਰੂ ਸਾਹਿਬ ਦੇ ਅਲੋਪ ਹੋਣ ਬਾਰੇ ਦੱਸਿਆ ਅਤੇ ਬੇਨਤੀ ਕੀਤੀ, 'ਭਾਈ ਜੀਓ! ਇਕ ਤੁਸੀਂ ਹੀ ਹੋ ਜੋ ਤੀਸਰੇ ਪਾਤਸ਼ਾਹ ਦੇ ਦਰਸ਼ਨ ਕਰਵਾਉਣ ਦੀ ਸਮਰੱਥਾ ਰੱਖਦੇ ਹੋ'।
‘ਗੁਰ ਬਿਲਾਸ ਪਾ: ਛੇਵੀ' ਵਿਚ ਲਿਖਿਆ ਹੈ-
'ਇਹ ਬਿਧ ਸੌਂ ਬੁੱੱਢਾ ਚਲਯੋ ਸੰਗਤ ਕੇ ਉਠ ਸਾਥ॥
ਗੋਂਦਵਾਲ ਪ੍ਰਾਪਤ ਭਏ ਕਛੂ ਇਕ ਧੀਰਜ ਸਾਥ॥੧੪੭॥
ਗੁਰੂ ਚੁਬਾਰੇ ਜਾਇ ਕੇ ਬੁੱਢੇ ਬਿਨਤ ਉਚਾਰ॥
ਹੇ ਸਤਿਗੁਰ! ਸੰਕਟ ਹਰ ਦੇਵੋ ਅਪਨ ਦਿਦਾਰ॥੧੪੮॥
(ਗਿਆਨੀ ਭਗਤ ਸਿੰਘ)
ਫਿਰ ਸਿੱਖਾਂ ਨੂੰ ਕਿਹਾ, 'ਭਾਈ! ਪਾਤਸ਼ਾਹ ਦੀ ਘੋੜੀ ਖੋਲ੍ਹ ਦੇਵੋ। ਮੇਰੇ ਮਾਲਕ ਨੇ ਸਵਾਰੀ ਕਰ ਆਉਣਾ ਹੈ'।
ਬਾਬਾ ਜੀ ਦੇ ਬਚਨ ਮੰਨ ਸੰਗਤ ਬਾਬਾ ਜੀ ਦੇ ਨਾਲ ਪਿੰਡ ਬਾਸਰਕੇ ਵਿਚ ਇਕ ਕੱਚੇ ਕੋਠੇ ਕੋਲ ਪਹੁੰਚ ਗਈ।
ਬਾਬਾ ਜੀ ਨੇ ਅੱਗੇ ਹੋ ਵੇਖਿਆ। ਦਰਵਾਜ਼ਾ ਅੰਦਰੋਂ ਬੰਦ ਸੀ ਤੇ ਦਰਵਾਜ਼ੇ ਦੇ ਬਾਹਰ ਲਿਖਿਆ ਹੋਇਆ ਸੀ-
'ਆਇ ਇਹਾਂ ਦਰ ਪਾਰਹਿ ਜੋਊ॥ ਹਮ ਨਹਿਂ ਗੁਰੂ ਸਿਖ ਨਹਿਂ ਸੋਊ॥'
ਸ੍ਰੇਸ਼ਟ ਬੁਧਿ ਦੇ ਮਾਲਕ ਬਾਬਾ ਬੁੱਢਾ ਜੀ ਨੇ ਗੁਰਸਿੱਖਾਂ ਪਾਸੋਂ ਕਹੀ, ਸੰਧੇਵਾ ਮੰਗਵਾ ਕੇ ਪੂਰਬ ਦੀ ਦਿਸ਼ਾ ਤੋਂ ਸੰਨ੍ਹ ਲਾਇ ਕੇ, ਨਮਸ਼ਕਾਰ ਕਰ, ਅੰਦਰ ਪ੍ਰਵੇਸ਼ ਹੋ, ਸੀਸ ਗੁਰ ਚਰਨੀ ਜਾਇ ਧਰਿਆ।
ਗੁਰੂ ਜੀ ਨੇ ਸਮਾਧੀ ਖੁਲ੍ਹਣ 'ਤੇ ਚਰਨਾਂ ਵਿਚ ਬੈਠੇ ਬਾਬਾ ਜੀ ਵੱਲ ਤਕ ਬਚਨ ਕੀਤਾ-
'ਕਿਮ ਤੈ ਟਾਰਯੋ ਹੁਕਮ ਹਮਾਰਾ॥'
ਬਾਬਾ ਜੀ ਨੇ ਝੱਟ ਹੱਥ ਜੋੜ ਅਰਜ਼ ਕੀਤੀ-
'ਸ੍ਰੀ ਗੁਰ! ਹਮ ਨਹਿਂ ਆਇਸੁ ਟਾਰੀ॥ ਤਜਿ ਦਰ ਫੋਰਯੋ ਦਵਾਰ ਪਿਛਾਰੀ॥
ਸਭਿ ਸਿੱਖਯਨ ਮਨ ਬਯਾਕੁਲ ਹੇਰਾ॥ ਦੁਰੇ ਆਪ ਕਰਿ ਜਗਤ ਅੰਧੇਰਾ॥੨੬॥
ਇਹ ਬਿਧਿ ਕਯੋਂ ਕਰਿ ਬਨਹਿ ਗੁਸਾਈਂ॥ ਛਪਹੁ ਆਪ ਸੰਗਤਿ ਦੁਖ ਪਾਈ॥
ਸਬਰ ਸ਼ਕਤਿ ਜੁਤਿ ਸਮਰਥ ਪੂਰਨ॥ ਚਹਹੁ ਜਿ ਚਿੱਤ ਮਹਿਂ ਕਰਿ ਹੋ ਤੂਰਨ॥੨੭॥
ਤੀਨ ਲੋਕ ਪਰ ਹੁਕਮ ਤੁਮਾਰਾ॥ ਬੈਠਹੁ ਤੁਮ, ਕਿਸ ਤੇ ਡਰ ਧਾਰਾ॥
ਨਿਕਸਹੁ ਵਹਿਰ ਦਿਖਾਵਹੁ ਦਰਸ਼ਨ॥ ਕਰਿਹੈ ਸੰਗਤਿ ਪਾਇਨ ਪਰਸਨ॥੨੮॥
ਸ਼੍ਰੀ ਅੰਗਦ ਕੀ ਸਿਮਰਹੁ ਸਿੱਖਯਾ॥ ਨਾਮ ਜਪਾਇ ਕਰਹੁ ਸਿੱਖ ਰੱਖਯਾ॥'
(ਸ੍ਰੀ ਗੁਰ ਪ੍ਰਤਾਪ ਸੂਰਜ, ਰਾਸਿ ੧, ਅੰਸੂ ੩੬, ਪੰਨਾ ੧੪੬੯-੭੦)
ਮਹਾਰਾਜ! ਅਸੀਂ ਆਪ ਜੀ ਦੇ ਹੁਕਮ ਦੀ ਪਾਲਣਾ ਕੀਤੀ ਹੈ... ਦਰ ਨਹੀਂ ਖੋਲ੍ਹਿਆ.. ਆਪ ਜੀ ਦੇ ਛਿਪ ਜਾਣ ਨਾਲ ਤਾਂ ਹਰ ਪਾਸੇ ਹਨੇਰਾ ਹੀ ਹਨੇਰਾ ਭਾਸਦਾ ਹੈ... ਜਾਨਣਹਾਰ ਸਤਿਗੁਰੂ! ਦੇਖੋ ਸੰਗਤ ਕਿਵੇਂ ਵੈਰਾਗ ਕਰ ਰਹੀ ਹੈ... ਦੇਵੋ ਦਰਸ਼ਨ-ਉਪਦੇਸ਼ ਤੇ ਪਾਵੋ ਵਿਛੋੜੇ ਵਿਚ ਤੜਪਦੇ ਮਨਾਂ ਨੂੰ ਠੰਡ...'।
'ਸੁਨਤਿ ਭਏ ਸ਼੍ਰੀ ਅਮਰ ਪ੍ਰਸੰਨ॥ ਕਹਯੋ ਬ੍ਰਿਧ ਤੁਮ ਬਹੁ ਧੰਨ॥੩੯॥'
ਪਿਆਰੇ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਦੀ ਸਿਆਣਪ ਤੇ ਪ੍ਰੇਮ-ਪਿਆਰ ਤੋਂ ਪ੍ਰਸੰਨ ਹੋ, ਸੰਗਤ ਨੂੰ ਕਮਰੇ 'ਚੋ ਬਾਹਰ ਆ ਦਰਸ਼ਨ ਦਿੱਤੇ। ਸੰਗਤ-
'ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
ਓੇਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ॥੨॥'
(ਮ:੨, ਅੰਗ ੪੬੩)
ਦਾ ਜਾਪ ਕਰਦੀ ਗੁਰ ਚਰਨੀਂ ਲੱਗੀ ਅਤੇ ਬਾਬਾ ਜੀ ਦੇ ਵੀ ਧੰਨਵਾਦ ਵਜੋਂ ਸੰਗਤ ਨੇ ਚਰਨੀਂ ਨਮਸਕਾਰ ਕੀਤੀ।
ਇਥੇ ਅੱਜ ਗੁ: ਸੰਨ੍ਹ ਸਾਹਿਬ ਸੁਸ਼ੋਭਿਤ ਹੈ। ਗੁਰੂ ਸਾਹਿਬ ਸਿੱਖ ਸੰਗਤ ਦੀ ਅਰਜ਼ ਮੰਨ ਮੁੜ ਗੋਇੰਦਵਾਲ ਆ ਗਏ।