ਕੋਮਲ ਚਿਤ ਬਾਲਕ

ਸ੍ਰੀ ਗੁਰੂ ਹਰਿਰਾਇ ਜੀ · ਸਾਖੀ ੨ / ੨੧

ਬਹਾਰ ਦੀ ਇਕ ਸੁਹਾਉਣੀ ਸਾਂਝ.....

ਇਕ ਸੁੰਦਰ ਬਗ਼ੀਚੀ .... ਚਾਰੇ ਪਾਸੇ ਰੰਗ ਬਰੰਗੇ ਫੁੱਲ ਖਿੜੇ ਹੋਏ... ਮੰਦ ਮੰਦ ਹਵਾ ਵਿੱਚ ਝੂਮਦੇ... ਇਕ ਭਰਵੇਂ ਤੇ ਸੁਡੌਲ ਬਦਨ ਵਾਲਾ ਬਾਲਕ ਬਗ਼ੀਚੀ ਵਿੱਚ ਟਹਿਲ ਰਿਹਾ ਹੈ।

ਉਸ ਦੇ ਨੈਣ ਨਕਸ਼ ਸੁਹਣੇ, ਸਰੀਰ ਛੁਹਲਾ ਪਰ ਚਿਹਰੇ ਤੇ ਅਨੋਖੀ ਜਿਹੀ ਸ਼ਾਂਤੀ ਤੇ ਅੱਖਾਂ ਦੀ ਤੱਕਣੀ ਤੋਂ ਕੋਮਲਤਾ ਦਾ ਪ੍ਰਭਾਵ ਮਿਲਦਾ ਹੈ।

ਇਕ ਵੱਡਾ ਸਾਰਾ, ਖੁਲ੍ਹਾ ਖੁਲ੍ਹਾ ਜਾਮਾ ਬਦਨ ਤੇ ਪਾਇਆ ਹੈ। ਨਿੱਕੇ ਨਿੱਕੇ ਕਦਮਾਂ ਨਾਲ ਫੁੱਲਾਂ ਦੀਆ ਕਿਆਰੀਆਂ ਕੋਲ ਟਹਿਲਦਿਆਂ ਉਹ ਮੂੰਹ ਵਿਚ ਗੁਰਬਾਣੀ ਦਾ ਪਾਠ ਕਰ ਰਿਹਾ ਹੈ।

ਇਹ ਸੁੰਦਰ ਬਾਲਕ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪੋਤਰਾ ਸ੍ਰੀ ਹਰਿਰਾਇ ਜੀ ਹੈ।

ਬਗ਼ੀਚੀ ਵਿਚ ਟਹਿਲਦਿਆਂ ਏਕਾ ਏਕ ਹਵਾ ਤੇਜ਼ ਚਲਣ ਲੱਗਦੀ ਹੈ। ਸ਼ਾਇਦ ਨਹੇਰੀ ਦੀ ਆਵੰਦਾ ਹੈ।

ਹਵਾ ਸਾਹਿਬਜ਼ਾਦਾ ਜੀ ਦੇ ਜਾਮੇ ਵਿਚ ਭਰ ਜਾਂਦੀ ਹੈ ਜਿਸ ਨਾਲ ਉਹ ਵੱਡੇ ਸਾਰੇ ਗੁਬਾਰੇ ਵਾਂਗ ਫੁਲ ਜਾਂਦਾ ਹੈ।

ਫੁਲੇ ਹੋਏ ਜਾਮੇ ਦੇ ਪੱਲੇ ਹਵਾ ਦੇ ਜ਼ੋਰ ਨਾਲ ਉੱਡਦੇ ਹੋਏ ਫੁੱਲਾਂ ਨਾਲ ਖਹਿਸਰ ਜਾਂਦੇ ਹਨ। ਇਸ ਨਾਲ ਫੁੱਲਾਂ ਦੀਆ ਕੁਝ ਕੋਮਲ ਪੱਤੀਆਂ ਝੜ ਕੇ ਹੇਠਾਂ ਡਿੱਗ ਪੈਂਦੀਆਂ ਹਨ।

ਜਦੋਂ ਸਾਹਿਬਜ਼ਾਦਾ ਜੀ ਦੀ ਨਜ਼ਰ ਉਨਹਾਂ ਤੇ ਪੈਂਦੀ ਹੈ ਤਾਂ ਉਹ ਸਹਿਮ ਕੇ ਖਲੋ ਜਾਂਦੇ ਹਨ। ਚੇਹਰੇ ਉਪਰ ਦੁੱਖ ਤੇ ਦਇਆ ਦੇ ਭਾਵ ਉਤਪੰਨ ਹੋ ਜਾਂਦੇ ਹਨ। ਨੈਣਾਂ ਵਿਚ ਹੰਝੂ ਛਲਕ ਆਉਂਦੇ ਹਨ।

ਹਾਂ! ਇਹਨਾਂ ਨਾਜ਼ਕ ਪੰਖੜੀਆਂ ਨੂੰ ਕਿੰਨੀ ਪੀੜ ਹੋਈ ਹੋਵੇਗੀ ਫੁੱਲਾਂ ਨਾਲੋਂ ਟੁੱਟਣ ਲੱਗਿਆਂ। ਇਹਨਾਂ ਵਿਚ ਸੂਖਮ ਜਿਹੀ ਜਿੰਦ ਹੈ। ਦੁੱਖ ਸੁਖ ਮਸੂਸਣ ਦੀ ਹਿੱਸ ਹੈ। ਸਾਥੋਂ ਇਹ ਕੀ ਪਾਪ ਹੋ ਗਿਆ....।

ਸਾਹਿਬਜ਼ਾਦਾ ਜੀ ਇਸੇ ਸੋਚ ਵਿਚ ਗੁਆਚੇ ਖੜੇ ਹੁੰਦੇ ਹਨ ਕਿ ਇਸੇ ਸਮੇਂ ਉਹਨਾਂ ਦੇ ਦਾਦਾ ਜੀ, ਗੁਰੂ ਹਰਿਗੋਬਿੰਦ ਜੀ ਉਥੇ ਆ ਜਾਂਦੇ ਹਨ।

ਪੋਤਰੇ ਨੂੰ ਇੰਝ ਸਹਿਮੇ, ਅਫ਼ਸੋਸੇ ਖੜੇ ਤੱਕ ਕੇ ਆਪ ਜੀ ਪੁਛਣ ਲੱਗਦੇ ਹਨ :-

'ਕੀ ਗੱਲ ਏ ਪੁਤੱਰ ਜੀ! ਇਵੇਂ ਸਹਿਮੇ ਹੋਏ ਕਿਉਂ ਖੜੇ ਹੋ? ਕੋਈ ਹਾਨੀ ਹੋ ਗਈ'।

'ਹਾਂ ਦਾਦਾ ਜੀ!' ਸਾਹਿਬਜ਼ਾਦਾ ਜੀ ਕਹਿੰਦੇ ਹਨ, 'ਵੇਖੋ ਨਾ, ਹਵਾ ਨਾਲ ਸਾਡਾ ਜਾਮਾ ਫੁੱਲ ਗਿਆ ਤੇ ਉਸ ਦੇ ਖਹਿਸਰਨ ਕਰਕੇ ਇਹ ਕੋਮਲ ਪੰਖੜੀਆਂ ਝੜ ਗਈਆਂ ਨੇ। ਕਿੰਨੀ ਪੀੜ, ਕਿੰਨਾ ਦੁੱਖ ਹੋ ਰਿਹਾ ਹੋਵੇਗਾ ਇਹਨਾਂ ਨੂੰ ਕਲੀਆਂ ਨਾਲੋਂ ਨਿੱਖੜ ਕੇ! ਇਹ ਸੋਚ ਕੇ ਹਿਰਦਾ ਦਰੱਵ ਗਿਆ ਏ'।

'ਹਾਂ, ਤੁਹਾਡੀ ਸੋਚ ਠੀਕ ਹੈ'। ਦਾਦਾ ਜੀ ਆਖਦੇ ਹਨ, 'ਇਹਨਾਂ ਪੱਤੀਆਂ ਵਿਚ ਵੀ ਜਿੰਦ ਹੈ, ਕੂਲੀ ਜਿਹੀ, ਸੂਖਮ ਜਿਹੀ। ਇਹ ਵੀ ਦੁਖ, ਦਰਦ ਮਸੂਸਦੀਆ ਹਨ। ਸਾਨੂੰ ਚਾਹੀਦਾ ਹੈ ਕਿ ਜਦੋਂ ਖੁਲ੍ਹੇ ਖੁਲ੍ਹੇ ਵਸਤਰ ਪਹਿਨੀਏ ਤਾਂ ਕੋਮਲ ਵਸਤਾਂ ਕੋਲੋਂ ਸੰਬਲ ਕੇ ਲੰਗੀਏ!'

ਦਾਦਾ ਜੀ ਦੇ ਇਹ ਸ਼ਬਦ ਬੜੇ ਗੂੜੇ ਅਰਥ ਰਖਦੇ ਸਨ। ਇਨ੍ਹਾਂ ਦਾ ਭਾਵ ਇਹ ਸੀ ਕਿ ਬੰਦੇ ਨੂੰ ਆਪਣੀ ਸ਼ਕਤੀ ਅਤੇ ਅਧਿਕਾਰ ਵੀ ਸੰਬਲ ਕੇ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੁੱਲ ਕੇ ਵੀ ਕਿਸੇ ਨੂੰ ਅਜਾਈਂ ਕਸ਼ਟ ਨਹੀਂ ਪੁਚਾਉਣਾ ਚਾਹੀਦਾ।

ਸਾਹਿਬਜ਼ਾਦਾ ਜੀ ਆਪਣੇ ਪੂਜਨੀਕ ਦਾਦਾ ਜੀ ਅੱਗੇ ਸੀਸ ਨਿਵਾਉਂਦੇ ਹਨ ਜਿਵੇਂ ਮੂਕ ਜ਼ਬਾਨ ਨਾਲ ਕਹਿੰਦੇ ਹੋਣ, ਜੀ ਸਤਿ ਬਚਨ! ਆਪ ਦੀ ਸਿੱਖਿਆ ਹਿਰਦੇ ਵਿਚ ਧਾਰਨ ਕਰ ਲਈ ਹੈ।

ਲਿਖਤਾਂ ਜਿਵੇਂ ਮਿਲੀਆਂ, ਉਵੇਂ ਹੀ। ਗ਼ਲਤੀ ਦੱਸੋ