ਰਮਜਾਨ

ਅ਼. [رمضان] ਰਮਜਾਨ. ਵਿ- ਜਲਾਉਣ ਵਾਲਾ. ਭਾਵ, ਪਾਪਾਂ ਦਾ ਨਾਸ਼ਕ। ੨. ਸੰਗ੍ਯਾ- ਹਿਜਰੀ ਸਾਲ ਦਾ ਨੌਵਾਂ ਮਹੀਨਾ. ਇਸ ਮਹੀਨੇ ਵਿੱਚ ਵ੍ਰਤ ਰੱਖਣਾ ਇਸਲਾਮ ਦਾ ਧਾਰਮਿਕ ਨਿਯਮ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਦਾ ਬਚਨ ਹੈ ਕਿ- "ਰਮਜਾਨ ਵਿੱਚ ਸ੍ਵਰਗ ਦੇ ਦਰਵਾਜ਼ੇ ਖੁਲੇ ਅਤੇ ਨਰਕ ਦੇ ਬੰਦ ਰਹਿਂਦੇ ਹਨ, ਅਰ ਇਸ ਮਹੀਨੇ ਸ਼ੈਤਾਨ ਦੇ ਪੈਰਾਂ ਵਿੱਚ ਬੰਧਨ ਪਾਕੇ ਕ਼ੈਦ ਰੱਖਿਆ ਜਾਂਦਾ ਹੈ. ਰਮਜਾਨ ਵਿੱਚ ਰੋਜ਼ਾ ਰੱਖਣ ਵਾਲੇ ਦੇ ਪਾਪ ਬਖ਼ਸ਼ੇ ਜਾਂਦੇ ਹਨ." ਕ਼ੁਰਾਨ ਦੀ ਸੂਰਤ ਬਕਰਹ ਦੀ ੧੮੩ ਆਯਤ ਤੋਂ ੧੮੭ ਆਯਤ ਤੀਕ ਰੋਜ਼ੇ ਦਾ ਖ਼ਾਸ ਹੁਕਮ ਹੈ. ਇਸ ਵਿੱਚ ਇਹ ਭੀ ਦੱਸਿਆ ਹੈ ਕਿ ਜੋ ਰੋਗੀ ਹੋਵੇ ਜਾਂ ਸਫਰ ਕਰਦਾ ਹੋਵੇ, ਓਹ ਜਿਤਨੇ ਦਿਨ ਰਮਜਾਨ ਵਿੱਚ ਵ੍ਰਤ ਨਾ ਰਖ ਸਕੇ, ਉਤਨੇ ਦਿਨ ਹੋਰ ਮਹੀਨੇ ਵਿੱਚ ਵ੍ਰਤ ਰੱਖਕੇ ਗਿਣਤੀ ਪੂਰੀ ਕਰ ਦੇਵੇ. ਪਹਿ ਫਟਣ ਦੇ ਸਮੇਂ ਤੋਂ ਲੈਕੇ ਸੂਰਜ ਛਿਪਣ ਤੀਕ ਰਮਜਾਨ ਦੇ ਦਿਨਾਂ ਵਿੱਚ ਅੰਨ ਜਲ ਦਾ ਤਿਆਗ ਕੀਤਾ ਜਾਂਦਾ ਹੈ. ਦਸਵੇਂ ਮਹੀਨੇ ਦਾ ਚੰਦ ਦੇਖਕੇ ਵ੍ਰਤ ਦੀ ਸਮਾਪਤੀ ਹੁੰਦੀ ਹੈ. ਰਮਜਾਨ ਵਿੱਚ ਹਰ ਰੋਜ਼ ਰਾਤ ਦੀ ਨਮਾਜ ਪਿੱਛੋਂ ਵੀਹ ਰਕਾਤਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦੀ ਸੰਗ੍ਯਾ "ਤਰਾਵੀਹ਼" [تراویح] ਹੈ. ਗਰਭਵਤੀ ਇਸਤ੍ਰੀ, ਬੱਚੇ ਨੂੰ ਚੁੰਘਾਉਂਣ ਵਾਲੀ ਅਰ ਛੋਟੀ ਉਮਰ ਦੇ ਬਾਲ ਨੂੰ ਇਸ ਵ੍ਰਤ ਤੋਂ ਮੁਆ਼ਫ਼ੀ ਹੈ. ਰਮਜਾਨ ਦੀ ਸਤਾਈਵੀਂ ਰਾਤ "ਲੈਲਤੁਲ ਮੁਬਾਰਕ" [لیلتہاُلمُبارک] ਅਥਵਾ "ਲੈਲਤੁਲਕ਼ਦਰ" [لیلتہاُلقڈر] ਆਖੀ ਜਾਂਦੀ ਹੈ. ਇਸ ਰਾਤ ਨੂੰ ਕ਼ੁਰਾਨ "ਲੌਹ਼ਮਹ਼ਿਫ਼ੂਜ"¹ ਤੋਂ ਹੇਠਲੇ ਆਸਮਾਨ ਪੁਰ ਉਤਾਰਿਆ ਗਿਆ ਸੀ. ਇਸ ਰਾਤ ਵਿੱਚ ਜਾਗ ਕੇ. ਕ਼ੁਰਾਨ ਪੜ੍ਹਨਾ ਵਿਧਾਨ ਹੈ. ਕਈ ਆਖਦੇ ਹਨ ਕਿ ਇਹ ਰਾਤ ਰਮਜਾਨ ਵਿੱਚ ਤਾਂ ਜਰੂਰ ਆਉਂਦੀ ਹੈ, ਪਰ ਪਤਾ ਨਹੀਂ ਕਿ ਰਾਤ ਕੇਹੜੀ ਹੈ. ਕਿਉਂਕਿ ਕ਼ੁਰਾਨ ਵਿੱਚ ਖ਼ਾਸ ਗਿਣਤੀ ਦੀ ਰਾਤ ਨਹੀਂ ਦੱਸੀ. "ਕਾਜੀ ਮਹ ਰਮਜਾਨਾ." (ਪ੍ਰਭਾ ਕਬੀਰ) ਕਾਜੀ ਰਮਜਾਨ ਦਾ ਮਹੀਨਾ ਵ੍ਰਤ ਰਖਦੇ ਹਨ। ੩. ਔਰੰਗਜ਼ੇਬ ਦੀ ਫ਼ੌਜ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦੇ ਤੀਰ ਨਾਲ ਆਨੰਦਪੁਰ ਦੇ ਤੀਜੇ ਜੰਗ ਵਿੱਚ ਮੋਇਆ.

ਮਹਾਨ ਕੋਸ਼ — ਭਾਗ ੪, ਪੰਨਾ ੫੩੯

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.