ਭਾਗਭਰੀ

ਸੇਵਾਦਾਸ ਦੀ ਮਾਈ ਇੱਕ ਬ੍ਰਾਹਮਣੀ, ਜੋ ਕਸ਼ਮੀਰ ਦੇ ਪ੍ਰਧਾਨ ਨਗਰ ਸ਼੍ਰੀਨਗਰ ਵਿੱਚ ਰਹਿਂਦੀ ਸੀ. ਇਸ ਨੇ ਪ੍ਰੇਮ ਨਾਲ ਹੱਥੀਂ ਵਸਤ੍ਰ ਤਿਆਰ ਕਰਕੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਰਾਧਨ ਕੀਤਾ. ਸਤਿਗੁਰੂ ਜੀ ਪ੍ਰੇਮਡੋਰ ਦੇ ਖਿੱਚੇ ਹੋਏ ਪੰਜਾਬ ਤੋਂ ਸੰਮਤ ੧੬੭੨ ਵਿੱਚ ਮਾਈ ਦੇ ਘਰ ਪਹੁਚੇ ਅਤੇ ਪਹਿਰਨ ਲਈ ਵਸਤ੍ਰ ਮੰਗਿਆ, ਭਾਗਭਰੀ ਦੇ ਘਰ ਦੇ ਅਸਥਾਨ ਹੁਣ ਗੁਰਦ੍ਵਾਰਾ ਵਿਦ੍ਯਮਾਨ ਹੈ, ਅਰ ਇਸ ਮਾਈ ਦੀ ਸੰਤਾਨ ਗੁਰਦ੍ਵਾਰੇ ਦੀ ਸੇਵਾ ਕਰਦੀ ਹੈ। ੨. ਵਿ- ਭਾਗਵਾਲੀ. ਭਾਗ੍ਯ ਕਰਕੇ ਪੂਰਿਤ. "ਆਖਯ ਭਾਗਭਰੀ ਸੁਭ ਤੇਰਾ। ਸਾਰਥ ਭਾਗਭਰੀ ਅਬ ਹੇਰ॥" (ਗੁਪ੍ਰਸੂ) ਤੇਰਾ ਆਖ੍ਯਾ (ਨਾਮ) ਭਾਗਭਰੀ ਹੁਣ ਅਰਥ ਸਹਿਤ ਹੋਗਿਆ। ੩. ਸਰਦਾਰ ਸ਼ੇਰਸਿੰਘ ਰਈਸ ਸ਼ਾਹਬਾਦ ਦੀ ਸੁਪੁਤ੍ਰੀ, ਜਿਸ ਦੀ ਸ਼ਾਦੀ ਰਾਜਾ ਜਸਵੰਤਸਿੰਘ ਨਾਭਾਪਤਿ ਦੇ ਪੋਤੇ ਕੌਰ ਸੰਤੋਖਸਿੰਘ ਨਾਲ ਹੋਈ, ਸਨ ੧੮੩੦ ਵਿੱਚ ਕੌਰ ਦਾ ਦੇਹਾਂਤ ਹੋਣ ਪੁਰ ਇਸ ਨੇ ਆਪਣੀ ਅਵਸਥਾ ਗੁਰਬਾਣੀ ਦਾ ਪਾਠ ਅਤੇ ਪੁੰਨ ਦਾਨ ਕਰਦੇ ਵਿਤਾਈ.

ਮਹਾਨ ਕੋਸ਼ — ਭਾਗ ੪, ਪੰਨਾ ੨੫੫

ਇਹ ਸ਼ਬਦ ਗੁਰਬਾਣੀ ਵਿਚ ਖੋਜੋ →

ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼ (੧੯੩੦), ਹੂ-ਬ-ਹੂ · ਛਪੀ ਕਿਤਾਬ ਨਾਲ ਅਜੇ ਨਹੀਂ ਮਿਲਾਇਆ। ਗ਼ਲਤੀ ਦੱਸੋ

Bhai Kahan Singh Nabha, Gurushabad Ratnakar Mahan Kosh (1930), public domain. Gurmukhi text from the Mahan Kosh multilingual dataset, packaged by Sikhi.io, CC BY 4.0. Only the original Gurmukhi is used.